
-ਬੀਬੀ ਪ੍ਰਕਾਸ਼ ਕੌਰਾਂ
ਸੰਸਾਰ ਵਿਚ ਸਿੱਖ ਧਰਮ ਇਕ ਵਿਲੱਖਣ ਅਤੇ ਵੱਖਰੀ ਪਹਿਚਾਣ ਰੱਖਣ ਵਾਲਾ ਧਰਮ ਹੈ। ਸਿੱਖ ਦੇ ਪਹਿਰਾਵੇ ਵਿਚ ਦਸਤਾਰ ਦਾ ਵਿਸ਼ੇਸ਼ ਸਥਾਨ ਹੈ। ਦਸਤਾਰ ਸਿੱਖੀ ਦੀ ਸ਼ਾਨ ਅਤੇ ਸਿੱਖ ਸਤਿਗੁਰਾਂ ਵੱਲੋਂ ਬਖ਼ਸ਼ੀ ਉਹ ਮਹਾਨ ਦਾਤ ਹੈ, ਜਿਸ ਨਾਲ ਸਿੱਖ ਦੇ ਨਿਆਰੇਪਨ ਦੀ ਹੋਂਦ ਦਾ ਪ੍ਰਗਟਾਵਾ ਹੁੰਦਾ ਹੈ। ਇਸ ਨੂੰ ਧਾਰਨ ਕਰ ਕੇ ਹਰ ਸਿੱਖ ਦਾ ਸਿਰ ਫ਼ਖ਼ਰ ਨਾਲ ਉੱਚਾ ਹੋ ਜਾਂਦਾ ਹੈ। ਇਹ ਸਿੱਖ ਦੇ ਸਿਰ ਦਾ ਤਾਜ ਹੈ। ਇਸ ਦਸਤਾਰ ਰੂਪੀ ਤਾਜ ਨੂੰ ਕਾਇਮ ਰੱਖਣ ਲਈ ਅਨੇਕਾਂ ਕੁਰਬਾਨੀਆਂ ਹੋਈਆਂ ਹਨ। ਗੁਰੂ ‘ ਸਾਹਿਬ ਜੀ ਨੇ ਇਸ ਦਸਤਾਰ ਦੀ ਪੂਰੀ ਕੀਮਤ ਆਪਣੇ ਚਾਰ ਸਾਹਿਬਜ਼ਾਦਿਆਂ, ਮਾਤਾ-ਪਿਤਾ ਅਤੇ ਬੇਅੰਤ ਸਿੰਘਾਂ ਅਤੇ ਆਪਾ ਵਾਰ ਕੇ ਤਾਰੀ ਹੈ। ਜਿਸ ਸਦਕਾ ਅੱਜ ਸਾਰੇ ਸੰਸਾਰ ਵਿਚ ਇਕ ਸਾਬਤ-ਸੂਰਤ ਦਸਤਾਰਧਾਰੀ ਨੂੰ ‘ਸਰਦਾਰ ਜੀ’ ਕਹਿ ਕੇ ਬੁਲਾਇਆ ਜਾਂਦਾ ਹੈ। ਦਸਤਾਰ ਸਿੱਖਾਂ ਦੀ ਅਣਖ ਤੇ ਇੱਜ਼ਤ ਦੀ ਪ੍ਰਤੀਕ ਹੈ।
ਦਸਤਾਰ ਫ਼ਾਰਸੀ ਭਾਸ਼ਾ ਦਾ ਸ਼ਬਦ ਹੈ। ਜਿਸ ਦਾ ਅਰਥ ਹੈ, ਹੱਥਾਂ ਨਾਲ ਬਣਾ ਸਵਾਰ ਕੇ ਬੰਨਿਆ ਬਸਤਰ। ਦਸਤਾਰ ਕਈ ਨਾਵਾਂ ਨਾਲ ਪ੍ਰਚਲਿਤ ਹੈ, ਜਿਵੇਂ: ਦਸਤਾਰ ਨੂੰ ਅੰਗਰੇਜ਼ੀ ਭਾਸ਼ਾ ਵਿਚ ਟਰਬਨ, ਫਰੈਂਚ ਵਿਚ ਟਲਬੈਂਡ, ਰੋਮਾਨੀ ਵਿਚ ਟੂਲੀਪਨ, ਲਾਤੀਨੀ ਭਾਸ਼ਾ ਵਿਚ ਮਾਈਟਰ ਤੇ ਤੁਰਕੀ ਵਿਚ ਸਾਰੀਕ ਕਿਹਾ ਜਾਂਦਾ ਹੈ। ਹੋਰ ਵੀ ਵੱਖ-ਵੱਖ ਧਰਮ ਅਤੇ ਵੱਖ-ਵੱਖ ਭਾਸ਼ਾਵਾਂ ਵਿਚ ਦਸਤਾਰ ਦੇ ਹੋਰ ਵੀ ਨਾਮ ਹਨ ਜਿਵੇਂ: ਸਾਫਾ, ਚੀਰਾ, ਪਰਨਾ, ਸ਼ਮਲਾ, ਤਾਰਬੁਸ਼ ਅਤੇ ਸੰਸਕ੍ਰਿਤ ਵਿਚ ਉਸ਼ਣੀਸ਼ ਆਦਿ। ਪੰਜਾਬੀ ਭਾਸ਼ਾ ਵਿਚ ਦਸਤਾਰ ਨੂੰ ਪੱਗ ਕਿਹਾ ਜਾਂਦਾ ਹੈ, ਪੱਗ ਦਾ ਅਰਥ ਹੈ- ਸਿਆਣਪ। ਭਾਵ ਕਿ ਪੱਗ ਸੂਝ-ਬੂਝ ਤੇ ਸਿਆਣਪ ਦਾ ਪ੍ਰਤੀਕ ਹੈ। ਪੱਗ ਪੰਜਾਬ ਤੋਂ ਇਲਾਵਾ ਹਰਿਆਣਾ, ਬੰਗਾਲ, ਬਿਹਾਰ, ਗੁਜਰਾਤ, ਮਹਾਰਾਸ਼ਟਰ ਤੇ ਰਾਜਸਥਾਨ ਆਦਿ ਰਾਜਾਂ ਵਿਚ ਆਪੋ-ਆਪਣੇ ਸੱਭਿਆਚਾਰ ਅਨੁਸਾਰ ਬੰਨ੍ਹੀ ਜਾਂਦੀ ਹੈ। ਦਸਤਾਰ ਨੂੰ ਸਜਾਉਣ ਦੇ ਰੂਪ ਵੀ ਵੱਖ-ਵੱਖ ਪ੍ਰਚਲਿਤ ਰਹੇ ਹਨ।
ਆਦਿ ਕਾਲ ਤੋਂ ਹੀ ਮਨੁੱਖ ਆਪਣੇ ਸਿਰ ’ਤੇ ਦਸਤਾਰ ਸਜਾਉਂਦਾ ਰਿਹਾ ਹੈ। ਮਨੁੱਖਾ ਜੂਨੀ ਸਭ ਜੂਨੀਆਂ ਤੋਂ ਉੱਪਰ ਮੰਨੀ ਗਈ ਹੈ। ਬਾਕੀ ਜੂਨੀਆਂ ਦਾ ਮਨੁੱਖ ਸਰਦਾਰ ਹੈ। ਅਵਰ ਜੋਨਿ ਤੇਰੀ ਪਨਿਹਾਰੀ॥ ਇਸੁ ਧਰਤੀ ਮਹਿ ਤੇਰੀ ਸਿਕਦਾਰੀ॥ ਸੰਸਾਰ ਦੇ ਲੱਗਭਗ ਸਾਰੇ ਪੀਰ ਪੈਗ਼ੰਬਰ, ਰਿਸ਼ੀ-ਮੁਨੀ, ਗੁਰੂ, ਭਗਤ ਕੇਸਾਧਾਰੀ ਹੋਏ ਹਨ, ਕੇਸਾਂ ਦੀ ਸੁਰੱਖਿਆ ਲਈ ਜਿਸ ਬਸਤਰ ਦੀ ਵਰਤੋਂ ਕੀਤੀ ਜਾਂਦੀ ਸੀ ਉਸ ਨੂੰ ਪੱਗ, ਪਗੜੀ ਜਾਂ ਦਸਤਾਰ ਦਾ ਨਾਮ ਦਿੱਤਾ ਗਿਆ ਹੈ। ਏਸ਼ੀਆ ਦੇ ਕਈ ਮੁਲਕਾਂ ਵਿਚ ਤਾਂ ਅੱਜ ਵੀ ਪੱਗ ਬੰਨ੍ਹਣ ਦਾ ਰਿਵਾਜ ਹੈ। ਵਿਸ਼ੇਸ਼ ਕਰਕੇ ਅਰਬ, ਈਰਾਨ, ਇਰਾਕ ਤੇ ਅਫ਼ਗ਼ਾਨਿਸਤਾਨ ਆਦਿ ਮੁਲਕ ਪਗੜੀ ਬੰਨ੍ਹਦੇ ਹਨ।
ਈਰਾਨੀ ਅਤੇ ਅਰਬੀ ਲਿਬਾਸ ਵਿਚ ਦਸਤਾਰ ਨੂੰ ਵਿਸ਼ੇਸ਼ ਆਦਰ ਪ੍ਰਾਪਤ ਹੈ। ਅਰਬ ਦੇਸ਼ਾਂ ਵਿਚ ਜਿਸ ਆਦਮੀ ਨੇ ਅਰਬੀ ਤਾਲੀਮ ਦੀ ਯੋਗਤਾ ਪੂਰੀ ਕਰ ਲਈ ਹੋਵੇ ਉਸ ਨੂੰ ਸਨਮਾਨ ਵਜੋਂ ਦਸਤਾਰ ਬੰਨ੍ਹੀ ਜਾਂਦੀ ਹੈ ਸਮਾਜਿਕ ਅਤੇ ਸੱਭਿਆਚਾਰਕ ਤੌਰ ‘ਤੇ ਦਸਤਾਰ ਇੱਜ਼ਤ, ਅਦਬ ਅਤੇ ਸਲੀਕੇ ਦਾ ਪ੍ਰਤੀਕ ਰਹੀ ਹੈ। ਪੁਰਾਤਨ ਸਮਿਆਂ ਵਿਚ ਦਸਤਾਰ ਨੂੰ ਬਹੁਤ ਸਤਿਕਾਰ ਹਾਸਲ ਸੀ ਕਿ ਕੋਈ ਵੀ ਧਾਰਮਿਕ ਜਾਂ ਸਮਾਜਿਕ ਕਾਰਜ ਨੰਗੇ ਸਿਰ ਨਹੀਂ ਕੀਤਾ ਜਾਂਦਾ ਸੀ। ਰਾਜਾ ਵੀ ਆਪਣੇ ਉੱਤਰਾਧਿਕਾਰੀ ਨੂੰ ਆਪਣੀ ਦਸਤਾਰ ਸੌਂਪ ਕੇ ਉਸ ਨੂੰ ਆਪਣਾ ਵਾਰਿਸ ਜਾਂ ਅਗਲਾ ਬਾਦਸ਼ਾਹ ਘੋਸ਼ਿਤ ਕਰਦਾ ਸੀ। ਇਸ ਰੀਤੀ ਨੂੰ ਤਾਜਪੋਸ਼ੀ ਕਿਹਾ ਜਾਂਦਾ ਸੀ। ਹਰ ਸਮਾਜ ਵਿਚ ਜਨਮ, ਵਿਆਹ ਅਤੇ ਮ੍ਰਿਤਕ ਸੰਸਕਾਰ ਮਹੱਤਵਪੂਰਨ ਸਮਝੇ ਜਾਂਦੇ ਸੀ। ਇਨ੍ਹਾਂ ਸੰਸਕਾਰਾਂ ਨੂੰ ਨਿਭਾਉਂਦਿਆਂ ਵੀ ਦਸਤਾਰ ਦਾ ਅਹਿਮ ਸਥਾਨ ਰਿਹਾ ਹੈ। ਆਦਮੀ ਦੀ ਪਹਿਚਾਣ ਉਸ ਦੀ ਬੋਲੀ, ਚਾਲ ਤੇ ਲਿਬਾਸ ਤੋਂ ਹੁੰਦੀ ਹੈ।
ਪੰਜਾਬੀ ਸੱਭਿਆਚਾਰ ਵਿਚ ਦਸਤਾਰ ਜਾਂ ਪੱਗ ਇੱਜ਼ਤ, ਆਬਰੂ ਅਤੇ ਅਣਖ ਦਾ ਪ੍ਰਤੀਕ ਮੰਨੀ ਗਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਸਤਾਰ ਲਈ ਪੱਗ, ਪਾਗ, ਪੱਗੜੀ ਤੇ ਦੁਮਾਲੜਾ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ। ਜਿਵੇਂ ਭਗਤ ਸ਼ੇਖ ਫਰੀਦ ਜੀ ਨੇ ਇਨ੍ਹਾਂ ਸ਼ਬਦਾਂ ਦੀ ਵਰਤੋਂ ਕੀਤੀ ਹੈ:
(ਪੰਨਾ ੧੩੭੯)
ਫਰੀਦਾ ਮੈ ਭੋਲਾਵਾ ਪਗ ਦਾ ਮਤੁ ਮੈਲੀ ਹੋਇ ਜਾਇ॥ (ਪੰਨਾ ੧੩੭੯)
ਭਗਤ ਨਾਮਦੇਵ ਜੀ ਨੇ ਅਕਾਲ ਪੁਰਖ ਨੂੰ ਚਿਤਰਦਿਆਂ ਲਿਖਿਆ ਹੈ:
ਖੂਬੁ ਤੇਰੀ ਪਗਰੀ ਮੀਠੇ ਤੇਰੇ ਬੋਲ॥ ਦ੍ਵਾਰਿਕਾ ਨਗਰੀ ਕਾਹੇ ਕੇ ਮਗੋਲ।
(ਪੰਨਾ ੭੨੭)
ਸਿੱਖ ਧਰਮ ਵਿਚ ਦਸਤਾਰ ਨੂੰ ਸਰਵਉੱਚਤਾ ਪ੍ਰਾਪਤ ਰਹੀ ਹੈ। ਦਸਤਾਰ ਦੀ ਦਾਸਤਾਨ ਸਿੱਖ ਧਰਮ ਦੇ ਆਗਮਨ ਨਾਲ ਹੀ ਸ਼ੁਰੂ ਹੁੰਦੀ ਹੈ। ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਕੁਰਲਾਉਂਦੀ ਹੋਈ ਲੋਕਾਈ ਨੂੰ ਵੇਖਿਆ ਤਾਂ ਉਨ੍ਹਾਂ ਨੇ ਧੁਰ ਕੀ ਬਾਣੀ ਦਾ ਉਪਦੇਸ਼ ਦੇ ਕੇ ਗ਼ੁਲਾਮੀ ਦੀਆਂ ਜ਼ੰਜੀਰਾਂ ਵਿਚ ਜਕੜੇ ਭਾਰਤੀਆਂ ਦੇ ਮਰ ਚੁੱਕੇ ਸਵੈਮਾਣ ਅਤੇ ਅਣਖ ਨੂੰ ਵੰਗਾਰਦੇ ਹੋਏ ਕਿਹਾ ਕਿ:
ਜੇ ਜੀਵੈ ਪਤਿ ਲਥੀ ਜਾਇ॥ ਸਭੁ ਹਰਾਮੁ ਜੇਤਾ ਕਿਛੁ ਖਾਇ॥
(ਪੰਨਾ ੧੪੨)
‘ਪੁਰਾਤਨ ਜਨਮ ਸਾਖੀ ਅਨੁਸਾਰ ਸ੍ਰੀ ਗੁਰੂ ਨਾਨਕ ਸਾਹਿਬ ਜੀ ਜਦੋਂ ਪੂਰਬ ਦੀ ਉਦਾਸੀ ਤੇ ਗਏ ਤਾਂ ਉਨ੍ਹਾਂ ਨੇ ਪਟਨਾ ਸ਼ਹਿਰ ਵਿਚ ਵੱਸਦੇ ਸਾਲਸ ਰਾਇ ਨੂੰ ਦਸਤਾਰ ਦੀ ਬਖਸ਼ਿਸ਼ ਕੀਤੀ ਸੀ। ਸ੍ਰੀ ਗੁਰੂ ਅੰਗਦ ਦੇਵ ਜੀ ਤੇ ਸ੍ਰੀ ਗੁਰੂ ਅਮਰਦਾਸ ਜੀ ਵੀ ਆਪਣੇ ਪ੍ਰਚਾਰਕਾਂ ਨੂੰ ‘ਦਸਤਾਰ’ ਬਖ਼ਸ਼ਦੇ ਰਹੇ ਹਨ। ਸ੍ਰੀ ਗੁਰੂ ਰਾਮਦਾਸ ਜੀ ਦੀ ਹਜ਼ੂਰੀ ਵਿਚ ਮਸੰਦ ਆਇਆ ਕਰਦੇ ਸਨ ਤਾਂ ਉਨ੍ਹਾਂ ਨੂੰ ਦਸਤਾਰਾਂ ਨਾਲ ਸਨਮਾਨਿਤ ਕੀਤਾ ਜਾਂਦਾ ਸੀ। ਸ੍ਰੀ ਗੁਰੂ ਰਾਮਦਾਸ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਵੱਡੇ ਪੁੱਤਰ ਬਾਬਾ ਪ੍ਰਿਥੀ ਚੰਦ ਨੂੰ ਪਰਵਾਰਿਕ ਜ਼ਿੰਮੇਵਾਰੀ ਦੀ ਦਸਤਾਰ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਗੁਰਿਆਈ ਦੀ ਦਸਤਾਰ ਸਜਾਈ ਗਈ। (ਭਾਈ ਕੇਸਰ ਸਿੰਘ (ਛਿੱਬਰ) ਬੰਸਾਵਲੀ ਨਾਮਾ)
ਸੀ ਗੁਰੂ ਅਰਜਨ ਦੇਵ ਜੀ ਗੁਰਬਾਣੀ ਵਿਚ ਦੁਮਾਲੇ ਦੀ ਉੱਤਮਤਾ ਦਰਸਾਉਂਦੇ ਹੋਏ ਫੁਰਮਾਉਂਦੇ ਹਨ ਕਿ ਜਦੋਂ ਅਖਾੜੇ ਵਿਚ ਕੋਈ ਪਹਿਲਵਾਨ ਜਿੱਤ ਪ੍ਰਾਪਤ ਕਰਦਾ ਸੀ ਤਾਂ ਉਸ ਜੇਤੂ ਪਹਿਲਵਾਨ ਨੂੰ ‘ਦੁਮਾਲੇ’ ਨਾਲ ਸਨਮਾਨਿਤ ਕੀਤਾ ਜਾਂਦਾ ਸੀ। ਗੁਰੂ ਸਾਹਿਬ ਆਪਣੇ ਆਪ ਨੂੰ ਵਾਹਿਗੁਰੂ ਦਾ ਜੇਤੂ ਪਹਿਲਵਾਨ ਘੋਸ਼ਿਤ ਕਰਦੇ ਹੋਏ ਫੁਰਮਾਨ ਕਰਦੇ ਹਨ:
ਹਉ ਗੋਸਾਈ ਦਾ ਪਹਿਲਵਾਨੜਾ॥ ਮੈ ਗੁਰ ਮਿਲਿ ਉਚ ਦੁਮਾਲੜਾ॥
ਮੈਂ ਸਭ ਹੋਈ ਛਿੰਝ ਇਕਠੀਆ ਦਯੁ ਬੈਠਾ ਵੇਖੈ ਆਪਿ ਜੀਉ॥
(ਪੰਨਾ ੭੪)
ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪੱਗ ਦੇ ਨਾਮ ‘ਸਾਬਤ ਸੂਰਤਿ’ ਰਹਿਣ ਦਾ ਆਦਰਸ਼ ਵੀ ਰੱਖਿਆ ਹੈ। ਉਨ੍ਹਾਂ ਨੇ ਮਨੁੱਖ ਨੂੰ ਦਸਤਾਰ ਸਮੇਤ ਸਾਬਤ-ਸੂਰਤ ਰਹਿਣ ਦਾ ਉਪਦੇਸ਼ ਕੀਤਾ ਹੈ। ਇਸ ਤਰ੍ਹਾਂ ਪੱਗ ਬੰਨ੍ਹਣ ਨੂੰ ਸਨਮਾਨ ਦਾ ਚਿੰਨ੍ਹ ਮੰਨਿਆ ਹੈ : ਨਾਪਾਕ ਪਾਕੁ ਕਰਿ ਹਦੂਰਿ ਹਦੀਸਾ ਸਾਬਤ ਸੂਰਤਿ ਦਸਤਾਰ ਸਿਰਾ॥
(ਪੰਨਾ ੧੦੮੪)
ਸਾਰੇ ਗੁਰੂ । ਸਾਹਿਬਾਨ ਨੇ ਆਪਣੇ ਸੀਸ ਉੱਤੇ ਦਸਤਾਰ ਸਜਾਈ ਅਤੇ ਮਨੁੱਖਾਂ ਨੂੰ ਕੀਤੇ ਉਪਦੇਸ਼ ਨੂੰ ਅਮਲੀ ਰੂਪ ਦਿੱਤਾ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀ ਸੋਹਣੀ ਦਸਤਾਰ ਅੱਗੇ ਜਹਾਂਗੀਰ ਬਾਦਸ਼ਾਹ ਦਾ ਤਾਜ ਵੀ ਨੀਵਾਂ ਪੈ ਜਾਂਦਾ ਸੀ। ਇਸ ਦਾ ਹਵਾਲਾ ‘ ਜੀ ਦੇ ਹਜ਼ੂਰੀ ਢਾਡੀ ਭਾਈ ਅਬਦੁੱਲਾ ਜੀ ਤੇ ਭਾਈ ਨੱਥਾ ਜੀ ਆਪਣੀ ਵਾਰ ਵਿਚ ਗੁਰੂ ਜੀ ਦੀ ਪੱਗ ਦੀ ਤਾਰੀਫ਼ ਕਰਦੇ ਹਨ:
ਕਟਕ ਸਿਪਾਹੀ ਨੀਲ ਨਲ, ਮਾਰ ਦੁਸ਼ਟਾਂ ਕਰੇ ਤਗੀਰ ਜੀ।
ਪੱਗ ਤੇਰੀ ਕੀ ਜਹਾਂਗੀਰ ਦੀ ?
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਖ਼ੁਦ ਸੁੰਦਰ ਦਸਤਾਰ ਸਜਾਉਂਦੇ ਸਨ ਅਤੇ ਪਾਉਂਟਾ ਸਾਹਿਬ ਵਿਖੇ ਦਸਤਾਰ ਮੁਕਾਬਲੇ ਵੀ ਕਰਵਾਇਆ ਕਰਦੇ ਸਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ੧੬੯੯ ਈ. ਦੀ ਵੈਸਾਖੀ ਨੂੰ ਖਾਲਸਾ ਪੰਥ ਦੀ ਸਾਜਣਾ ਕਰ ਕੇ ਖਾਲਸੇ ਦੀ ਰਹਿਤ ਮਰਯਾਦਾ ਦੱਸੀ। ਜਿਸ ਵਿਚ ਦਸਤਾਰ ਸਿੱਖ ਰਹਿਤ ਦਾ ਅਟੁੱਟ ਅੰਗ ਦਰਸਾਈ ਗਈ, ਜੋ ਵੱਖ-ਵੱਖ ਪੁਰਾਤਨ ਸਿੱਖ ਗ੍ਰੰਥਾਂ ਅਤੇ ਰਹਿਤਨਾਮਿਆਂ ਵਿਚ ਅੰਕਿਤ ਹੈ। ਭਾਈ ਨੰਦ ਲਾਲ ਜੀ ਆਪਣੀ ਰਚਨਾ ‘ਤਨਖਾਹਨਾਮਾ’ ਵਿਚ ਸਿੱਖ ਨੂੰ ਦਸਤਾਰ ਸਜਾਉਣ ਪ੍ਰਤੀ ਹਦਾਇਤ ਕਰਦੇ ਹਨ:
ਕੰਘਾ ਦੋਨਉ ਵਕਤ ਕਰ ਪਾਗ ਚੁਨਹਿ ਕਰ ਬਾਂਧਈ।
ਭਾਈ ਦੇਸਾ ਸਿੰਘ ਜੀ ਨੇ ‘ਰਹਿਤਨਾਮਾ’ ਵਿਚ ਲਿਖਿਆ ਹੈ ਕਿ ਗੁਰਸਿੱਖ ਸਵੇਰੇ ਉੱਠ ਕੇ ਇਸ਼ਨਾਨ ਕਰੇ, ਕੰਘਾ ਕਰ ਸਿਰ ਕੇ ਮੱਧ ਜੂੜਾ ਕਰ ਕੇ ਛੋਟੀ ਦਸਤਾਰ (ਕੇਸਕੀ) ਸਜਾਏ, ਫਿਰ ਵੱਡੀ ਦਸਤਾਰ ਚੁਣ ਕੇ ਬੰਨੇ:
-ਪ੍ਰਾਤ ਇਸ਼ਨਾਨ ਜਤਨਸੋ ਸਾਧੇ। ਕੰਘਾ ਕਰਦ ਦਸਤਾਰਹਿ ਬਾਂਧੇ।
ਭਾਈ ਦਯਾ ਸਿੰਘ ਜੀ ਦੇ ‘ਰਹਿਤਨਾਮੇ’ ਵਿਚ ਲਿਖਿਆ ਹੈ:
ਜੂੜਾ ਸੀਸ ਕੇ ਮੱਧ ਭਾਗ ਮੈ ਰਾਖੇ, ਔਰ ਪਾਗ ਬੜੀ ਬਾਂਧੇ।
ਭਾਈ ਪ੍ਰਹਿਲਾਦ ਸਿੰਘ ਜੀ ਨੇ ‘ਰਹਿਤਨਾਮੇ’ ਵਿਚ ਲਿਖਿਆ ਹੈ ਕਿ
ਪਾਗ ਉਤਾਰਿ ਪ੍ਰਸਾਦਿ ਜੋ ਖਾਵੇ, ਸੋ ਸਿੱਖ ਕੁੰਭੀ ਨਰਕ ਸਿਧਾਵੇ।
ਸਮਾਜਿਕ ਤੌਰ ‘ਤੇ ਵੀ ਦਸਤਾਰ ਸਿੱਖਾਂ ਦੀ ਪਹਿਚਾਣ ਅਤੇ ਸਿੱਖੀ ਸ਼ਾਨ ਦਾ ਚਿੰਨ੍ਹ ਬਣੀ ਰਹੀ। ਮੁਗ਼ਲਾਂ ਦੇ ਰਾਜ ਵਿਚ ਸਿੱਖਾਂ ’ਤੇ ਕਈ ਤਰ੍ਹਾਂ ਦੇ ਤਸ਼ੱਦਦ ਕੀਤੇ ਜਾਂਦੇ ਸਨ, ਪਰ ਉਹ ਬੜੀ ਸ਼ਾਨ ਨਾਲ ਪੱਗਾਂ ਬੰਨ੍ਹਦੇ ਰਹੇ ਸਨ। ਅੰਗਰੇਜ਼ ਸਰਕਾਰ ਨੂੰ ਵੀ ਸਿੱਖਾਂ ਦੀ ਪੱਗ ਪ੍ਰਤੀ ਸ਼ਰਧਾ ਦਾ ਸਤਿਕਾਰ ਕਰਨਾ ਪਿਆ। ਅਜ਼ਾਦੀ ਦੀ ਜੰਗ ਵਿਚ ਪੱਗ ਨੂੰ ਭਾਰਤੀਆਂ ਦਾ ਰਾਜਨੀਤਿਕ ਸੁਤੰਤਰਤਾ, ਸਮਾਜਿਕ ਪ੍ਰਤਿਸ਼ਠਾ ਤੇ ਆਰਥਿਕ ਖੁਸ਼ਹਾਲੀ ਦਾ ਪ੍ਰਤੀਕ ਸਮਝਿਆ ਗਿਆ ਸੀ।
ਸਿੱਖ ਆਪਣੀ ਦਸਤਾਰ ਦਾ ਹੀ ਸਤਿਕਾਰ ਨਹੀਂ ਕਰਦੇ, ਸਗੋਂ ਹਰੇਕ ਦੀ ਦਸਤਾਰ ਦਾ ਸਤਿਕਾਰ ਕਰਦੇ ਹਨ। ਲੜਾਈ ਦੇ ਮੈਦਾਨ ਵਿਚ ਵੀ ਸਿੱਖ ਦੁਸ਼ਮਣ ਦੀ ਪੱਗ ਨਹੀਂ ਉਤਾਰਦੇ। ਦਸਤਾਰ ਕਾਰਨ ਪੁਰਾਤਨ ਅਤੇ ਅਜੋਕੇ ਸਮੇਂ ਵੀ ਸਿੱਖਾਂ ਨੂੰ ਕਈ ਕਸ਼ਟ ਅਤੇ ਤਸੀਹੇ ਝੱਲਣੇ ਪਏ। ਨਵੰਬਰ ੧੯੮੪ ਦੇ ਕਤਲ-ਏ-ਆਮ ਵਿਚ ਵੀ ਦਸਤਾਰਧਾਰੀਆਂ ਨੂੰ ਨਿਸ਼ਾਨਾ ਬਣਾ ਕੇ ਚੁਣ-ਚੁਣ ਕੇ ਮਾਰਿਆ ਗਿਆ। ਦੇਸ਼ ਤੋਂ ਇਲਾਵਾ ਵਿਦੇਸ਼ਾਂ ਵਿਚ ਵੀ ਦਸਤਾਰ ਦੀ ਬਹਾਲੀ ਲਈ ਸਿੱਖਾਂ ਨੂੰ ਸਮੇਂ-ਸਮੇਂ ਸੰਘਰਸ਼ ਕਰਨਾ ਪੈਂਦਾ ਰਿਹਾ ਹੈ ਤੇ ਪੈ ਰਿਹਾ ਹੈ। ਅੰਤਰਰਾਸ਼ਟਰੀ ਪੱਧਰ ‘ਤੇ ਦਸਤਾਰ ਲਈ ਕਈ ਮੁਸ਼ਕਲਾਂ ਆ ਰਹੀਆਂ ਹਨ। ਸਿੱਖਾਂ ਦੀ ਵੱਖਰੀ ਪਹਿਚਾਣ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਇੱਥੋਂ ਤਕ ਕਿ ਹਵਾਈ ਅੱਡਿਆਂ ’ਤੇ ਵੀ ਸਿੱਖਾਂ ਦੀਆਂ ਦਸਤਾਰਾਂ ਦੀ ਤਲਾਸ਼ੀ ਕੀਤੀ ਜਾਂਦੀ ਹੈ।
ਸੰਸਾਰ ਵਿਚ ਪੱਛਮੀ ਸੱਭਿਆਚਾਰ ਦਾ ਬੋਲਬਾਲਾ ਹੋਣ ਕਾਰਨ ਦਸਤਾਰ ਜਾਂ ਪਗੜੀ ਸੱਭਿਆਚਾਰ ਨੂੰ ਭਾਰੀ ਠੇਸ ਪਹੁੰਚੀ ਹੈ। ਅਜੋਕੇ ਸਿੱਖ ਨੌਜਵਾਨ ਬਾਹਰ ਜਾਣ ਦੀ ਹੋੜ ਵਿਚ ਕੇਸਾਂ ਨੂੰ ਤਿਲਾਂਜਲੀ ਦੇ ਰਹੇ ਹਨ ਤੇ ਦਸਤਾਰ ਸਜਾਉਣ ਤੋਂ ਵੀ ਕਿਨਾਰਾ ਕਰ ਰਹੇ ਹਨ। ਉਹ ਨਸ਼ਿਆਂ ਵਿਚ ਗਲਤਾਨ ਹੋ ਰਹੇ ਹਨ। ਦਸਤਾਰ ਦਾ ਸਤਿਕਾਰ ਕਾਇਮ ਰੱਖਣਾ ਪੰਥ ਲਈ ਇਕ ਵੱਡੀ ਚੁਣੌਤੀ ਹੈ। ਅਜੋਕੇ ਸਮੇਂ ਸਿੱਖ ਧਰਮ ਦੀ ਹੋਂਦ ਨੂੰ ਬਚਾਉਣ ਲਈ ਇਸ ਪਾਸੇ ਬਹੁਤ ਉਪਰਾਲੇ ਵੀ ਹੋ ਰਹੇ ਹਨ। ਬਹੁਤ ਸਾਰੀਆਂ ਸਿੱਖ ਸੰਸਥਾਵਾਂ, ਸਭਾ-ਸੁਸਾਇਟੀਆਂ, ਸਿੱਖ ਬੁੱਧੀਜੀਵੀਆਂ ਨੇ ਦਸਤਾਰ ਦੀ ਮਹੱਤਤਾ ਅਤੇ ਡਿੱਗਦੀ ਸ਼ਾਨ ਨੂੰ ਸੰਭਾਲਣ ਲਈ ਦਸਤਾਰ-ਬੰਦੀ ਮੁਕਾਬਲੇ ਕਰਵਾ ਰਹੀਆਂ ਹਨ। ਦਸਤਾਰ ਸਜਾਉਣ ਦੇ ਟਰੇਨਿੰਗ ਸੈਂਟਰ ਖੋਲ੍ਹ ਰਹੀਆਂ ਹਨ। ਇਸ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਵੀ ਵੱਡੇ ਪੱਧਰ ‘ਤੇ ਦਸਤਾਰ ਮੁਕਾਬਲੇ ਕਰਵਾ ਰਹੀ ਹੈ। ਬੱਚਿਆਂ ਵਿਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਹ ਬਹੁਤ ਸ਼ਲਾਘਾਯੋਗ ਕਦਮ ਹੈ। ਬੱਚੇ ਵਧੀਆ ਤੋਂ ਵਧੀਆ ਦਸਤਾਰਾਂ ਸਜਾ ਕੇ ਇਨਾਮ ਪ੍ਰਾਪਤ ਕਰ ਕਰ ਰਹੇ ਹਨ। ਇਸ ਉੱਦਮ ਵਿਚ ਬਹੁਤ ਵੱਡਾ ਮੋੜਾ ਪੈ ਰਿਹਾ ਹੈ, ਜੋ ਕਿ ਸ਼ਲਾਘਾਯੋਗ ਹੈ।