-ਸ. ਰਘਬੀਰ ਸਿੰਘ ‘ਬੈਂਸ’*
ਸਿੱਖ ਜਗਤ ਪਾਸ ਭਾਗਾਂ ਭਰੀ ਨਿਆਮਤ ਤੇ ਮਨੁੱਖਤਾ ਦੇ ਭਲੇ, ਖੁਸ਼ਹਾਲੀ, ਸੁੱਖ, ਸ਼ਾਂਤੀ, ਸਹਿਣਸ਼ੀਲਤਾ ਅਤੇ ਚੜ੍ਹਦੀ ਕਲਾ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਾਖਿਓਂ ਮਿੱਠੀ ਬਾਣੀ ਤੇ ਸਦਾ ਸਲਾਮਤ ਰਹਿਣ ਵਾਲੀ ਅਨੰਤ ਦਾਤ ਬਿਰਾਜਮਾਨ ਹੈ। ਇਹ ਦਾਤ ਸਚਿਆਰੇ ਜੀਵਨ ਲਈ ਜਾਗਤ ਜੋਤ, ਸੋਝੀ ਤੇ ਵਿਸ਼ਵ ਭਰ ਲਈ ਪਰਮਾਤਮਾ ਦੀ ਪ੍ਰਾਪਤੀ ਵਾਸਤੇ ਅਨਮੋਲ ਖ਼ਜ਼ਾਨਾ ਵੀ ਹੈ। ਸਿੱਖ ਕੌਮ ਇਸ ਗੱਲੋਂ ਵੀ ਭਾਗਸ਼ਾਲੀ ਹੈ ਕਿ ਇਸ ਪਾਸ ਗੌਰਵ ਭਰਿਆ ਇਤਿਹਾਸ, ਮਾਣਮੱਤਾ ਸੱਭਿਆਚਾਰ, ਪੁਰਖਿਆਂ ਦੀ ਬੇਸ਼-ਕੀਮਤੀ ਵਿਰਾਸਤ, ਮਾਖਿਓਂ ਮਿੱਠੀ ਬੋਲੀ ਤੇ ਕਰਤਾ ਪੁਰਖ ਪਰਮਾਤਮਾ ਦੀ ਪ੍ਰਾਪਤੀ ਵਾਸਤੇ ਸਵਰਨਮਈ ਜੀਵਨ-ਜਾਚ ਦਾ ਸੁਨਹਿਰੀ ਜ਼ਖ਼ੀਰਾ ਵੀ ਹੈ।
ਸਿੱਖ ਧਰਮ ਮਨੁੱਖਤਾ ਨੂੰ ਆਪਸੀ ਪ੍ਰੇਮ, ਪਿਆਰ, ਤਿਆਗ, ਨਿਮਰਤਾ ਤੇ ਵਿਸ਼ਵ ਸ਼ਾਂਤੀ ਦਾ ਪੈਗਾਮ ਦਿੰਦਾ ਹੈ। ਧਰਮ ਹੀ ਮਨੁੱਖਤਾ ਨੂੰ ਸਬਰ, ਸੰਤੋਖ, ਹਮਦਰਦੀ ਤੇ ਸਰਬੱਤ ਦੇ ਭਲੇ ਦਾ ਉਪਦੇਸ਼ ਵੀ ਦਿੰਦਾ ਹੈ। ਇਹ ਪ੍ਰਤੱਖ ਸੱਚ ਹੈ ਕਿ ਸਦੀਆਂ ਤੋਂ ਹੀ ਗੁਰੂ ਸਾਹਿਬਾਨ, ਯੋਧਿਆਂ, ਸੂਰਬੀਰਾਂ ਤੇ ਯੁੱਗ-ਪਲਟਾਊ ਮਹਾਂਪੁਰਸ਼ਾਂ ਨੇ ਇਸ ਮਾਣਮੱਤੇ ਇਤਿਹਾਸ ਦੀ ਸਿਰਜਣਾ ਕਰ ਕੇ ਸਾਨੂੰ ਸੱਚੇ-ਸੱੁਚੇ ਜੀਵਨ ਲਈ ਸੰਦੇਸ਼, ਆਦੇਸ਼ ਤੇ ਉਪਦੇਸ਼ ਵੀ ਦਿੱਤੇ ਹਨ। ਮਾਣਮੱਤੇ ਕਿਰਤੀਆਂ ਤੇ ਸਚਿਆਰੇ ਮਹਾਂਪੁਰਖਾਂ ਨੇ ਮਨੁੱਖਤਾ ਨੂੰ ਇਸ ਧਰਮ ਪ੍ਰਤੀ ਸੋਝੀ ਤੇ ਗਿਆਨ ਦਾ ਵਡਮੁੱਲਾ ਖਜ਼ਾਨਾ ਵੀ ਦਿੱਤਾ ਹੈ। ਸਮੇਂ ਸਮੇਂ ਸਿਰ ਸਿੱਖ ਜਗਤ ਦੀਆਂ ਸਤਿਕਾਰਯੋਗ ਮਾਤਾਵਾਂ ਤੇ ਧੀਆਂ-ਭੈਣਾਂ ਨੇ ਆਪੋ-ਆਪਣੇ ਪਰਵਾਰਾਂ ਤੇ ਔਲਾਦ ਦੀਆਂ ਅਹੂਤੀਆਂ ਦੇ ਕੇ ਕੀਮਤੀ ਸੱਭਿਆਚਾਰ ਤੇ ਵਿਰਸੇ ਦੀ ਸੰਭਾਲ ਕਰਨ ਦਾ ਸਾਨੂੰ ਮਾਣ ਵੀ ਬਖ਼ਸ਼ਿਸ਼ ਕੀਤਾ ਹੈ।
ਐਸੇ ਕਰਮਯੋਗੀਆਂ ਵੱਲੋਂ ਖ਼ੂਨ-ਪਸੀਨੇ ਨਾਲ ਧਰਮ ਲਈ ਕੀਤੀਆਂ ਹੋਈਆਂ ਕਿਰਤ-ਕਮਾਈਆਂ ਸਾਡੇ ਪਾਸ ਗੌਰਵ ਭਰੀਆਂ ਕੌਮੀ ਅਮਾਨਤਾਂ ਹਨ ਜਿਸ ਵਿਚ ਸਾਨੂੰ ਕਦੇ-ਕਦਾਈਂ ਭੁੱਲ ਕੇ ਵੀ ਖਿਆਨਤ ਨਹੀਂ ਕਰਨੀ ਚਾਹੀਦੀ । ਇਨ੍ਹਾਂ ਦੇਣਦਾਰੀਆਂ ਵਜੋਂ ਕੌਮ ਦੇ ਪੈਰੋਕਾਰਾਂ ਤੇ ਆਗੂਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਲਹੂ ਭਿੱਜੇ ਖ਼ਜ਼ਾਨਿਆਂ ਨੂੰ ਪ੍ਰੇਮ, ਪਿਆਰ ਸਤਿਕਾਰ, ਗੌਰਵ ਤੇ ਆਪਣੀ ਆਤਮਾ ਨੂੰ ਅੰਤਰੀਵ ਛਾਤੀ ਨਾਲ ਲਗਾ ਕੇ ਉਨ੍ਹਾਂ ਖਜ਼ਾਨਿਆਂ ਦੀ ਸੇਵਾ-ਸੰਭਾਲ ਕਰਨ ਵਿਚ ਆਪਣਾ ਪੂਰਨ ਯੋਗਦਾਨ ਪਾਉਂਦੇ ਰਹਿਣ ਤਾਂਕਿ ਭਵਿੱਖੀ ਪਨੀਰੀਆਂ ਉਸ ਕਿਰਤ ਕਮਾਈ ਉੱਪਰ ਮਾਣ ਕਰਦਿਆਂ ਸਦਾ ਹੀ ਆਪਣੇ ਵੱਡੇ-ਵਡੇਰਿਆਂ ਦੇ ਜੀਵਨ ਨੂੰ ਰਾਹ-ਦਸੇਰਿਆਂ ਵਜੋਂ ਸਤਿਕਾਰ ਦਿੰਦੀਆਂ ਰਹਿਣ। ਇਹ ਵੀ ਆਸ ਕੀਤੀ ਜਾਂਦੀ ਹੈ ਕਿ ਆਗਾਮੀ ਸਿੱਖ ਪੀੜ੍ਹੀਆਂ ਵੀ ਆਪਣੀ ਔਲਾਦ ਨੂੰ ਐਸੀਆਂ ਕਥਾ-ਕਹਾਣੀਆਂ ਸੁਣਾਉਂਦੀਆਂ ਰਹਿਣਗੀਆਂ ਜਿਸ ਸਦਕਾ ਇਹ ਮਾਣਮੱਤਾ ਸਿੱਖ ਇਤਿਹਾਸ ਸੰਸਾਰ ਭਰ ਵਿਚ ਇਕ ਚਾਨਣ ਮੁਨਾਰੇ ਵਾਂਗ ਹਮੇਸ਼ਾਂ ਹੀ ਰੋਸ਼ਨੀ ਦੇਣ ਦਾ ਕੰਮ ਕਰਦਾ ਰਹੇਗਾ।
ਸਿੱਟੇ ਵਜੋਂ ਜਿਵੇਂ-ਜਿਵੇਂ ਅਸੀਂ ਉਨ੍ਹਾਂ ਰਾਹ-ਦਸੇਰਿਆਂ ਦੇ ਨੇੜੇ ਹੁੰਦੇ ਜਾਵਾਂਗੇ ਤਿਵੇਂ-ਤਿਵੇਂ ਹੀ ਸਾਨੂੰ ਜ਼ਿੰਦਗੀ ਦੇ ਅਸੂਲਾਂ ਦੀ ਸੋਝੀ ਤੇ ਸਮਝ ਆਉਂਦੀ ਜਾਵੇਗੀ। ਸਿੱਖ ਅਨੁਯਾਈਆਂ ਨੂੰ ਸੁਚੇਤ ਹੋਣਾ ਪਵੇਗਾ ਕਿ ਸਾਡੇ ਵੱਡੇ-ਵਡੇਰਿਆਂ ਵੱਲੋਂ ਆਪਣੇ ਮੁੜ੍ਹਕੇ ਤੇ ਲਹੂ ਨਾਲ ਸਦੀਆਂ ਤੋਂ ਕੀਤੀ ਹੋਈ ਵਡਮੁੱਲੀ ਕਮਾਈ ਕਿਤੇ ਸਾਡੀ ਬੇਮੁਖੀ ਕਾਰਨ ਐਵੇਂ ਹੀ ਭੰਗ ਦੇ ਭਾੜੇ ਨਾ ਬਰਬਾਦ ਹੋ ਜਾਵੇ। ਸਿਆਣੇ ਲੋਕੀਂ ਆਪਣੇ ਪੁਰਖਿਆਂ ਦੇ ਪਾਏ ਹੋਏ ਸਚਿਆਰੇ ਪੂਰਨਿਆਂ ’ਤੇ ਹੀ ਚੱਲਿਆ ਕਰਦੇ ਹਨ ਤੇ ਇਹ ਸਬਕ ਸਾਨੂੰ ਨਵੀਨ ਪੀੜ੍ਹੀਆਂ ਤੇ ਮਨੁੱਖਤਾ ਦੇ ਭਵਿੱਖੀ ਰਾਖਿਆਂ ਨੂੰ ਵੀ ਦ੍ਰਿੜ੍ਹ ਕਰਵਾਉਣਾ ਚਾਹੀਦਾ ਹੈ ।
ਆਪੋ ਆਪਣੀ ਜ਼ਿੰਮੇਵਾਰੀ ਅਨੁਸਾਰ ਜੇਕਰ ਮਨੋ-ਇੱਛਾ ਹੋਵੇ ਤਾਂ ਆਪਣੇ ਰਹਿਬਰਾਂ ਦੇ ਕੀਮਤੀ ਖਜ਼ਾਨੇ ਦੀ ਸਾਂਭ-ਸੰਭਾਲ ਕਰਨ ਵਾਸਤੇ ਧਾਰਮਿਕ, ਸਿਆਸੀ, ਰਾਜਨੀਤਕ, ਸਮਾਜਿਕ, ਸਦਾਚਾਰਿਕ ਤੇ ਸੱਭਿਆਚਾਰਕ ਅਨੁਯਾਈਆਂ, ਟੀਚਰਾਂ, ਪ੍ਰੀਚਰਾਂ ਤੇ ਆਗੂਆਂ ਨੂੰ ਇਸ ਪਰਮ ਸੱਚ ਨੂੰ ਸਦੀਵੀ ਕਾਲ ਵਾਸਤੇ ਉਜਾਗਰ ਤੇ ਸੁਰਜੀਤ ਰੱਖਣ ਲਈ ਪਹਿਰਾ ਦੇਣਾ ਜ਼ਰੂਰ ਚਾਹੀਦਾ ਹੈ। ਕਹਿੰਦੇ ਨੇ ਕਿ ਸਮਾਂ ਬੀਤਣ ਦੇ ਨਾਲ ਨਾਲ ਇਨਸਾਨ ਆਪਣੇ ਪਿਛੋਕੜ ਪ੍ਰਤੀ ਅਵੇਸਲਾ ਵੀ ਹੋ ਜਾਇਆ ਕਰਦਾ ਹੈ। ਅਫਸੋਸ ਵਾਲੀ ਗੱਲ ਹੈ ਕਿ ਸਾਡੀ ਪਦਾਰਥਵਾਦੀ ਸੋਚ ਨੇ ਹੁਣ ਨਮੋਸ਼ੀ ਭਰੀ ਕਰਵਟ ਲੈ ਲਈ ਹੈ ਜਿਸ ਦੇ ਫਲਸਰੂਪ ਬਹੁਤੇ ਅਨੁਯਾਈ ਸਿੱਖੀ ਸਰੂਪ ਤੇ ਧਾਰਮਿਕ ਅਸੂਲਾਂ ਨੂੰ ਤਿਲਾਂਜਲੀ ਦੇ ਕੇ ਇੱਕ ਦੂਸਰੇ ਨੂੰ ਜ਼ਲੀਲ ਕਰਨ ਲਈ ਸਰਗਰਮ ਹੋਏ-ਪਏ ਦਿਖਾਈ ਦੇ ਰਹੇ ਹਨ। ਇੱਕ ਦੂਸਰੇ ਨੂੰ ਥੱਲੇ ਲਗਾਉਣ ਲਈ ਭੰਡੀ ਪ੍ਰਚਾਰ ਕੀਤਾ ਜਾ ਰਿਹਾ ਹੈ। ਇੱਥੇ ਮੈਂ ਐਸਾ ਨਹੀਂ ਕਹਿਣਾ ਚਾਹੁੰਦਾ ਕਿ ਇਹ ਕੋਈ ਗਿਣੀ-ਮਿੱਥੀ ਸਾਜ਼ਿਸ਼ ਹੋਵੇਗੀ ਪਰ ਬੇਨਤੀ ਜ਼ਰੂਰ ਕਰਨੀ ਚਾਹਾਂਗਾ ਕਿ ਦਾਨਿਸ਼ਮੰਦ, ਸਿਆਣੇ ਤੇ ਕੌਮੀ ਹਿੱਤਾਂ ਲਈ ਜੂਝਣ ਵਾਲੇ ਆਲਮੀ ਵਿਦਵਾਨਾਂ ਤੇ ਸਹਿਜ ਵਾਲੇ ਸੁਚਾਰੂ ਉਪਦੇਸ਼ਕਾਂ ਨੂੰ ਐਸੀ ਸੋਚ ਤੋਂ ਖੁਦ ਦੂਰ ਰਹਿੰਦਿਆਂ ਬਾਕੀਆਂ ਨੂੰ ਸੁਚੇਤ ਕਰਨਾ ਹੋਵੇਗਾ। ਇਸ ਫਾਨੀ ਦੁਨੀਆ ’ਚ ਜੀਵਨ ਪੰਧ ਦੀ ਸਫਲਤਾ ਲਈ ਗੁਰ-ਮਰਯਾਦਾ ਅਨੁਸਾਰ ਚੰਗਾ ਕਰਮ ਕਰਨਾ ਸਾਡਾ ਸਭ ਦਾ ਫਰਜ਼ ਹੋਵੇਗਾ।
ਇਹ ਯਾਦ ਰੱਖਣਾ ਵੀ ਸਾਡਾ ਫਰਜ਼ ਹੋਵੇਗਾ ਕਿ ਸਾਡੇ ਵੱਡੇ-ਵਡੇਰਿਆਂ ਤੇ ਪੁਰਖਿਆਂ ਨੇ ਮਨੁੱਖਤਾ ਦੇ ਭਲੇ ਲਈ ਜੋ ਵੀ ਕੁਰਬਾਨੀਆਂ ਕੀਤੀਆਂ ਸਨ ਉਹ ਉਨ੍ਹਾਂ ਨੇ ਧਰਮ, ਸਮਾਜ ਤੇ ਮਨੁੱਖਤਾ ਦੇ ਭਲੇ ਲਈ ਆਪਣਾ ਫਰਜ਼ ਹੀ ਨਿਭਾਇਆ ਸੀ। ਉਸ ਵਿਚ ਮਨੁੱਖਤਾ ਦੇ ਭਲੇ ਦਾ ਹਿੱਤ ਸੀ। ਐਸੀ ਜ਼ਿੰਮੇਵਾਰੀ ਨਿਭਾਉਣ ਵਿਚ ਉਨ੍ਹਾਂ ਦੇ ਨਿੱਜ ਦੀ ਕੋਈ ਵੀ ਵਾਸਨਾ ਜਾਂ ਹਿੱਤ ਨਜ਼ਰ ਨਹੀਂ ਸੀ ਆਉਂਦਾ।
ਕਿਸੇ ਕੌਮ ਦੀ ਸਫਲਤਾ ਜਾਂ ਅਸਫਲਤਾ ਸਬੰਧੀ ਪਰਖ ਕਰਨੀ ਹੋਵੇ ਤਾਂ ਸਿਆਣੇ ਕਿਹਾ ਕਰਦੇ ਹਨ ਕਿ ਉਸ ਕੌਮ ਦੇ ਅਨੁਆਈਆਂ ਦੀ ਧਰਮ ਪ੍ਰਤੀ ਸ਼ਰਧਾ, ਇਤਿਹਾਸ ਉੱਪਰ ਟੇਕ, ਸੱਭਿਆਚਾਰਕ ਜੀਵਨ, ਉਨ੍ਹਾਂ ਦੀ ਮਰਯਾਦਾ, ਪ੍ਰੰਪਰਾਵਾਂ ਤੇ ਉਸ ਕੌਮ ਦੀ ਮਾਂ ਬੋਲੀ ਦੀ ਅਮੀਰ ਮਿਠਾਸ ਆਦਿ ਦੀ ਕਸਵੱਟੀ ਰਾਹੀਂ ਕੀਤੀ ਜਾ ਸਕਦੀ ਹੈ।
ਸਿਆਣੇ ਇਹ ਵੀ ਕਹਿੰਦੇ ਹਨ ਕਿ ਜੇਕਰ ਕਿਸੇ ਕੌਮ, ਸਮਾਜ ਜਾਂ ਧਰਮ ਨੂੰ ਖੋਰਾ ਲਗਾਉਣਾ ਹੋਵੇ ਤਾਂ ਉਸ ਕੌਮ ਦੇ ਅਸੂਲਾਂ ਤੇ ਸਿਧਾਂਤਾਂ ਨੂੰ ਗੰਧਲਾ ਕਰ ਕੇ ਉਸ ਕੌਮ ਨੂੰ ਤਰਕਸ਼ੀਲਤਾ ਦੀ ਧੂੰਆਂਰਾਲੀ ਦੇ ਨਾਲ ਨਾਲ ਭੁਲੇਖੇ ਪਾਊ ਦਲੀਲਾਂ ਦੇ ਆਲਮ ਵਿਚ ਝੋਕ ਦਿਓ ਤਾਂਕਿ ਉਹ ਕੌਮ ਦੁਚਿੱਤੀ ਦੀ ਅੱਗ ਵਿਚ ਖੁਦ-ਬਾਖੁਦ ਹੀ ਸੜ ਕੇ ਸੁਆਹ ਹੋ ਜਾਵੇ।
ਉਪਰੋਕਤ ਅਖਾਣਾਂ ਅਨੁਸਾਰ ਜੇਕਰ ਅਜੋਕੇ ਸਿੱਖ ਕਹਾਵਣ ਵਾਲੇ ਕਈ ਸ਼ਰਧਾਲੂਆਂ ਦੀ ਅਜ਼ਮਾਇਸ਼ ਕੀਤੀ ਜਾਵੇ ਤਾਂ ਜਾਪਦਾ ਹੈ ਕਿ ਸਰਬੱਤ ਦਾ ਭਲਾ ਮੰਗਣ ਵਾਲਿਆਂ ਦੇ ਧੀਆਂ-ਪੁੱਤਰਾਂ ਨੂੰ ਥੋੜ੍ਹਾ-ਬਹੁਤਾ ਖੋਰਾ ਤਾਂ ਜ਼ਰੂਰ ਹੀ ਲੱਗ ਗਿਆ ਹੋਵੇਗਾ। ਪਦਾਰਥਵਾਦ ਦੀ ਦੁਨੀਆਂ ਵਿਚ ਮਨਮੱਤ, ਝੂਠ, ਕੁਫਰ, ਨਿੱਜੀ ਸ਼ੁਹਰਤ, ਐਸ਼ਪ੍ਰਸਤੀ, ਸਿਆਸਤਾਂ ਤੇ ਧੜੇਬੰਦੀਆਂ ਨੇ ਮਨੁੱਖੀ ਕਦਰਾਂ-ਕੀਮਤਾਂ ਦੇ ਕਦੇ ਤੋਂ ਹੀ ਤੂੰਬੇ ਉਡਾਉਣੇ ਸ਼ੁਰੂ ਕਰ ਦਿੱਤੇ ਹਨ। ਸੰਸਾਰਕ ਚਮਕ-ਦਮਕ ਦੀ ਮ੍ਰਿਗ-ਤ੍ਰਿਸ਼ਨਾ ਦੇ ਭੁਲੇਖਿਆਂ ਤੇ ਨਵੀਨ ਕਿਸਮ ਦੀਆਂ ਮਨ ਭੜਕਾਊ ਤਕਨੀਕਾਂ ਤੇ ਫਿਲਮਾਂ ਦੇ ਫਲਸਰੂਪ ਨੌਜਵਾਨ ਪੀੜ੍ਹੀ ਚੁੰਧਿਆ ਗਈ ਜਾਪਦੀ ਹੈ ਤੇ ਕੁਰਾਹੇ ਪੈਣ ਲਈ ਕਾਹਲੀ-ਕਾਹਲੀ ਕਦਮ ਪੁੱਟ ਰਹੀ ਹੈ। ਕਾਮ, ਕਰੋਧ, ਲੋਭ, ਮੋਹ, ਅਹੰਕਾਰ ਉਨ੍ਹਾਂ ਉੱਪਰ ਹਾਵੀ ਹੋ ਗਿਆ ਜਾਪਦਾ ਹੈ। ਇਵੇਂ ਲੱਗਦਾ ਹੈ ਕਿ ਨਸ਼ਿਆਂ ਤੋਂ ਉਤਪਨ ਹੋਣ ਵਾਲੇ ਨਹਿਸ਼ ਵਿਕਾਰਾਂ ਨੇ ਉਨ੍ਹਾਂ ਨੂੰ ਖੂਭ ਝੰਬ ਸੁੱਟਿਆ ਹੈ। ਕਾਮ ਵਾਸਨਾ ਦੇ ਪਿੱਟ ਸਿਆਪਿਆਂ ਨੇ ਮਨੁੱਖੀ ਜੀਵਨ ਦੇ ਮੱਥੇ ਉੱਪਰ ਕਾਲੇ ਕਲੰਕਾਂ ਦੇ ਦਾਗ ਮੜ੍ਹ ਦਿੱਤੇ ਹੋਏ ਹਨ। ਐਸੇ ਕੁਕਰਮੀਂ ਲੋਕ ਧਰਮ ਦੀ ਆਸਥਾ ਤੋਂ ਮੀਲਾਂ ਬੱਧੀ ਦੂਰ ਹੁੰਦੇ ਜਾ ਰਹੇ ਹਨ। ਆਮ ਤੌਰ ’ਤੇ ਕਈ ਅਨੁਯਾਈ ਸੱਚੀ-ਸੁੱਚੀ ਕਿਰਤ ਕਰਨ, ਵੰਡ ਛਕਣ, ਨਾਮ ਜਪਣ, ਸਰਬੱਤ ਦੇ ਭਲੇ, ਵਿਸ਼ਵ ਸ਼ਾਂਤੀ, ਆਪਸੀ ਪ੍ਰੇਮ-ਪਿਆਰ, ਮਿੱਤ੍ਰਤਾ ਅਤੇ ਸ਼ਰਧਾ ਭਾਵ ਨੂੰ ਤਿਲਾਂਜਲੀ ਦੇ ਕੇ ਝੂਠ ਦੀ ਦੁਨੀਆ ਦੇ ਪਾਂਧੀ ਬਣਦੇ ਜਾ ਰਹੇ ਹਨ। ਸੰਸਾਰਕ ਬੁਰਾਈਆਂ ਨੇ ਬਹੁਗਿਣਤੀ ਲੋਕਾਂ ਨੂੰ ਆਪਣੀ ਜਕੜ ਵਿਚ ਲੈ ਲਿਆ ਜਾਪਦਾ ਹੈ। ਨਿੱਜੀ ਅਤੇ ਰਾਤੋ-ਰਾਤ ਅਮੀਰ ਬਣਨ ਦੀ ਦੌੜ ਨੇ ਆਮ ਤੌਰ ’ਤੇ ਅਜੋਕੀ ਨੌਜਵਾਨ ਪੀੜ੍ਹੀ ਨੂੰ ਕੌਮੀ ਨਿਸ਼ਾਨਿਆਂ ਤੋਂ ਦੂਰ ਕਰ ਦਿੱਤਾ ਜਾਪਦਾ ਹੈ। ਦੁਨਿਆਵੀ ਮਾਇਆ ਦੇ ਗੰਜ ਇਕੱਠੇ ਕਰਨ ਲਈ ਬਹੁਤਾ ਕਰਕੇ ਅਸੀਂ ਅਧਿਆਤਮਵਾਦ ਤੇ ਸੁਚਾਰੂ ਕਦਰਾਂ-ਕੀਮਤਾਂ ਤੋਂ ਕੋਹਾਂ ਦੂਰ ਭੱਜਦੇ ਜਾ ਰਹੇ ਹਾਂ।
ਜ਼ਰਾ ਗਹੁ ਨਾਲ ਸੋਚੀਏ ਤਾਂ ਇਹ ਮੋਮੋਠਗਣੀ ਮਾਇਆ ਤਾਂ ਝੂਠੀ ਸ਼ੁਹਰਤ ਵਾਂਗ ਹੀ ਹੁੰਦੀ ਹੈ। ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਨ ਜਾਈ ਇਸ ਜੰਜਾਲ ਤੋਂ ਬਚਣ ਲਈ ਸਾਨੂੰ ਇੱਕ ਮਨ ਚਿੱਤ ਹੋ ਕੇ ਗੁਰਬਾਣੀ ਸਬੰਧੀ ਸੁਚੇਤ ਹੋਣ ਦੀ ਲੋੜ ਹੋਵੇਗੀ। ਸਮਝਿਆ ਜਾਂਦਾ ਹੈ ਕਿ ਦੁਨਿਆਵੀ ਚਕਾਚੌਂਧ ਦੀ ਖਿੱਚ ਕਰਕੇ ਹੀ ਨੌਜਵਾਨ ਪੀੜ੍ਹੀ ਆਪਣੇ ਧਰਮ ਨਾਲੋਂ ਤੋੜ ਵਿਛੋੜਾ ਕਰਨ ਲਈ ਉਤਾਵਲੀ ਜਿਹੀ ਦਿਖਾਈ ਦੇ ਰਹੀ ਹੈ। ਅਸੀ ਭੁੱਲ ਗਏ ਹਾਂ ਤੇ ਅਵੇਸਲੇ ਵੀ ਹੋ ਗਏ ਹਾਂ ਕਿ ਸਾਡੇ ਅੱਜ ਦੀ ਖਾਤਰ ਕਿਸੇ ਨੇ ਬੀਤੇ ਕੱਲ੍ਹ ਆਪਣੇ ਧੀ-ਪੁੱਤਰ ਕੁਰਬਾਨ ਕੀਤੇ ਸਨ, ਖੁਦ ਤੱਤੀਆਂ ਤਵੀਆਂ ’ਤੇ ਜੀਵਨ ਦੀਆਂ ਆਹੂਤੀਆਂ ਦਿੱਤੀਆਂ ਸਨ, ਸੀਸ ਚਿਰਾਏ ਸਨ, ਬੰਦ-ਬੰਦ ਕਟਵਾਏ ਸਨ, ਚਰਖੜੀਆਂ ਦੇ ਝੂਟੇ ਲਏ ਸਨ ਤੇ ਆਪੋ-ਆਪਣੇ ਜੀਵਨ ਦੀਆਂ ਕੀਮਤੀ ਕੁਰਬਾਨੀਆਂ ਵੀ ਦਿੱਤੀਆਂ ਸਨ।
ਨਿਰਸੰਦੇਹ ਇਹ ਮੰਨਣਾ ਪਵੇਗਾ ਕਿ ਸਿੱਖੀ ਦੇ ਧੁਰੇ ਨੂੰ ਅਸੀਂ ਨਿਵਾਣ ਵੱਲ ਧਕੇਲ ਜ਼ਰੂਰ ਰਹੇ ਹਾਂ ਪਰ ਇੱਥੇ ਇਹ ਲਿਖਣਾ ਵੀ ਵਾਜਬ ਹੋਵੇਗਾ ਕਿ ਐਸੀ ਹਾਲਤ ਕੋਈ ਨਿਰਾਸ਼ਤਾ ਵਾਲੀ ਗੱਲ ਵੀ ਨਹੀਂ ਹੈ । ਬਹੁਤਾ ਕਰਕੇ ਹੁਣ ਬਾਹਰਲੇ ਮੁਲਕਾਂ ਵਿਚ ਸਿੱਖੀ ਵਾਲੀ ਅਜੋਕੀ ਪੀੜ੍ਹੀ ਤੇ ਨਵੀਨ ਪਨੀਰੀ ਨਵੇਂ ਸਿਿਰਉਂ ਧਰਮ ਵੱਲ ਉਮਡ ਰਹੀ ਹੈ। ਹੁਣ ਸਿੱਖ ਦੁਨੀਆ ਦੇ ਤਕਰੀਬਨ 15 ਕੁ ਦਰਜਨ ਮੁਲਕਾਂ ਵਿਚ ਪੂਰੀ ਆਨ ਤੇ ਸ਼ਾਨ ਨਾਲ ਰਹਿ ਰਹੇ ਹਨ। ਮਿਹਨਤ ਕਰ ਕੇ ਉਨ੍ਹਾਂ ਨੇ ਨਾਮਣਾ ਖੱਟਿਆ ਹੈ ਤੇ ਸਿੱਖੀ ਦੇ ਬੋਲ-ਬਾਲੇ ਵੱਲ ਝੁਕਾਓ ਵੀ ਵਧਾਇਆ ਹੈ। ਸਿੱਖ ਅਨੁਯਾਈ ਬੁਲੰਦ ਅਹੁਦਿਆਂ ’ਤੇ ਬਿਰਾਜਮਾਨ ਹਨ। ਉਹ ਉੱਚਪਾਏ ਦੇ ਸਿਆਸਤਦਾਨ ਹਨ। ਉਨ੍ਹਾਂ ਪਾਸ ਵਜ਼ੀਰੀਆਂ ਹਨ ਤੇ ਉਹ ਅਜ਼ੀਮ ਰੁਤਬਿਆਂ ਦੇ ਮਾਲਕ ਵੀ ਬਣ ਚੁੱਕੇ ਹਨ। ਹੁਣ ਸਿੱਖੀ ਦੇ ਧੁਰੇ ਨੂੰ ਸੰਸਾਰ ਭਰ ਵਿਚ ਸੰਭਾਲਣ ਦੀ ਲੋੜ ਹੈ। ਸਭ ਕੁਝ ਠੀਕ ਹੋ ਜਾਵੇਗਾ ਜਿਸ ਲਈ ਵਿਸ਼ਵਾਸ ਨਾਲ ਮੁੜ ਮਿਹਨਤ ਕਰਨੀ ਪਵੇਗੀ।
ਇਸ ਚੈਲੰਜ ਦੀ ਘੜੀ ਵਿਚ ਕੌਮ ਦੇ ਸੂਝਵਾਨ ਆਗੂਆਂ ਤੇ ਆਮ ਸਿੱਖ ਜਗਤ ਨੂੰ ਚਾਹੀਦਾ ਹੈ ਕਿ ਸੰਸਾਰਕ ਸਫਲਤਾਵਾਂ ਦੇ ਨਾਲ ਨਾਲ ਅਸੀਂ ਆਪਣੇ ਬੱਚਿਆਂ ਨੂੰ ਸੱਚੇ-ਸੁਚੇ ਇਨਸਾਨ ਬਣਾਉਣ ਵਿਚ ਆਪਣਾ ਬਣਦਾ ਯੋਗਦਾਨ ਵੀ ਜ਼ਰੂਰ ਪਾਉਣਾ ਹੈ। ਧਰਮ ਦੇ ਨਾਲ ਨਾਲ ਅਸੀ ਦੁਨਿਆਵੀ ਲੋਕ ਵੀ ਹਾਂ। ਜ਼ਿੰਮੇਵਾਰੀ ਨਾਲ ਅਸੀਂ ਭਵਿੱਖੀ ਪੀੜ੍ਹੀਆਂ ਦੀ ਦਾਤ ਨੂੰ ਸੱਚੀਆਂ ਸੁੱਚੀਆਂ ਕਦਰਾਂ-ਕੀਮਤਾਂ ਵਾਲੇ ਸਿਦਕਵਾਨ ਸਿੱਖ, ਪਾਏਦਾਰ ਅਧਿਆਪਕ, ਸੁਚਾਰੂ ਪ੍ਰਚਾਰਕ, ਮਿਹਨਤੀ ਸਾਇੰਸਦਾਨ, ਦਯਾਵਾਨ ਡਾਕਟਰ, ਨਿਪੁੰਨ ਇੰਜੀਨੀਅਰ, ਉੱਚ ਪਾਏ ਦੇ ਐਸਟਰੋਨਾਟ ਤੇ ਵਧੀਆ ਮਾਪੇ ਵੀ ਬਣਾਉਣਾ ਹੈ। ਰੂਹਾਨੀਅਤ ਦੇ ਨਾਲ ਨਾਲ ਉਨ੍ਹਾਂ ਨੂੰ ਗੁਰੂ ਆਸ਼ੇ ਅਨੁਸਾਰ ਨਸ਼ਿਆਂ ਤੇ ਪਤਿਤਪੁਣੇ ਵਰਗੀਆਂ ਬੁਰਾਈਆਂ ਤੋਂ ਦੂਰ ਰੱਖਣਾ ਵੀ ਸਾਡਾ ਫਰਜ਼ ਹੈ ਤਾਂਕਿ ਉਹ ਮਨੁੱਖਤਾ ਦੇ ਭਲੇ ਲਈ ਆਪਣਾ ਬਣਦਾ ਯੋਗਦਾਨ ਹਮੇਸ਼ਾ ਹੀ ਪਾਉਂਦੇ ਰਹਿਣ। ਕ੍ਰੋਧ ਦੀ ਅਗਨੀ ਵਿਚ ਸੜ ਰਹੀ ਮਨੁੱਖਤਾ ਦੇ ਭਲੇ ਲਈ ਧੀਰਜ, ਦਯਾ, ਅਮਨ ਤੇ ਸ਼ਾਂਤੀ ਦੇ ਸਬਕ ਅਨੁਸਾਰ ਉਨ੍ਹਾਂ ਨੂੰ ਚੰਗੇ ਅਕਸ ਤੇ ਗੁਰੂ ਵਾਲੇ ਵਧੀਆ ਇਨਸਾਨ ਵੀ ਸਜਾਉਣਾ ਹੈ ਤਾਂਕਿ ਉਹ ਵਿਸ਼ਵ ਭਰ ਵਿਚ ਸੱਚ, ਹੱਕ, ਸਚਿਆਰੇ ਜੀਵਨ, ਦੁੱਧ ਧੋਤੇ ਆਚਰਣ, ਸ਼ਾਂਤੀ, ਪ੍ਰੇਮ, ਪਿਆਰ ਤੇ ਸਰਬੱਤ ਦੇ ਭਲੇ ਦਾ ਹੋਕਾ ਤੇ ਭਲੀ ਭਾਂਤੀ ਪੈਗਾਮ ਵੀ ਦਿੰਦੇ ਰਹਿਣ।
ਉਪਰੋਕਤ ਟੀਚੇ ਦੀ ਪ੍ਰਾਪਤੀ ਲਈ ਮਾਪਿਆਂ, ਸਮਾਜ, ਖਾਸ ਤੌਰ ’ਤੇ ਧਾਰਮਿਕ ਅਦਾਰਿਆਂ, ਰੋਲ-ਮਾਡਲਾਂ ਤੇ ਕੌਮ ਦਾ ਦਰਦ ਰੱਖਣ ਵਾਲੇ ਆਗੂਆਂ ਦੇ ਨਾਲ ਨਾਲ ਨੌਜਵਾਨ ਪੀੜ੍ਹੀ ਨੂੰ ਆਪੋ-ਆਪਣੇ ਅਭਿਮਾਨ, ਧੜੇ ਬੰਦੀਆਂ, ਨਿੱਜੀ ਹਉਮੈਂ ਤੇ ਭਰਮ-ਭੁਲੇਖਿਆਂ ਦਾ ਤਿਆਗ ਕਰ ਕੇ ਈਮਾਨਦਾਰੀ ਨਾਲ ਕੌਮੀ ਸੇਵਾ-ਸੰਭਾਲ ਵਾਸਤੇ ਅੱਗੇ ਆਉਣਾ ਪਵੇਗਾ । ਮਨੁੱਖਤਾ ਦੀ ਸੇਵਾ ਕਰਨਾ ਹਰ ਬਸ਼ਰ ਦਾ ਪਰਮ-ਧਰਮ ਹੈ। ਪੱਲੇ ਬੰਨ੍ਹਣ ਵਾਲੀ ਗੱਲ ਇਹ ਹੈ ਕਿ ਨਿੱਜੀ ਤੇ ਸੰਸਾਰਕ ਚਤੁਰਾਈਆਂ ਨਾਲ ਕੌਮਾਂ ਦੇ ਲੇਖ ਨਹੀਂ ਘੜ੍ਹੇ ਜਾ ਸਕਦੇ। ਅਸੀਂ ਸਿੱਖੀ ਸਿਧਾਂਤ ਨਹੀਂ ਬਦਲ ਸਕਦੇ ਸਗੋਂ ਸਿਧਾਂਤਾਂ ਅਨੁਸਾਰ ਸਾਨੂੰ ਖ਼ੁਦ ਨੂੰ ਬਦਲਣਾ ਹੋਵੇਗਾ। ਆਓ! ਗੁਰੂ ਵਾਲੇ ਬਣ ਕੇ ਖ਼ੁਦ ਬਦਲੀਏ, ਸੰਸਾਰ ਬਦਲ ਜਾਵੇਗਾ। ਖੜੋਤ ਨਾਲ ਨਹੀਂ ਸਗੋਂ ਸਿੱਖ ਸਿਧਾਂਤਾਂ ਵੱਲ ਇੱਕ ਕਦਮ ਪੁੱਟਣ ਨਾਲ ਹਜ਼ਾਰਾਂ ਕੋਹਾਂ ਦਾ ਸਫਰ ਤੈਅ ਹੋ ਜਾਵੇਗਾ। ਪਰਮ-ਪਿਤਾ ਵਾਹਿਗੁਰੂ ਸਾਡੇ ਉੱਪਰ ਮਿਹਰ ਕਰਨਗੇ।