187 views 1 sec 0 comments

ਸਿੱਖ ਮਿਸਲਾਂ – ਮਿਸਲ ਰਾਮਗੜ੍ਹੀਆ

ਲੇਖ
January 20, 2025

– ਡਾ. ਗੁਰਪ੍ਰੀਤ ਸਿੰਘ

ਇਸ ਜਥੇ ਦਾ ਮੋਢੀ ਸ. ਖੁਸ਼ਹਾਲ ਸਿੰਘ ਜੱਟ ਪਿੰਡ ਗੱਗੋ ਬੂਹਾ ਜ਼ਿਲ੍ਹਾ ਅੰਮ੍ਰਿਤਸਰ ਦਾ ਸੀ। ਇਸ ਨੇ ਬੰਦਾ ਸਿੰਘ ਬਹਾਦਰ ਤੋਂ ਅੰਮ੍ਰਿਤ ਛਕ ਕੇ ਉਸ ਦੀਆਂ ਜੰਗਾਂ ਵਿਚ ਹਿੱਸਾ ਲਿਆ। ਖੁਸ਼ਹਾਲ ਸਿੰਘ ਦੇ ਸ਼ਹੀਦ ਹੋਣ ‘ਤੇ ਨੰਦ ਸਿੰਘ ਪਿੰਡ ਸਾਂਘਣਾ ਦਾ ਵਸਨੀਕ ਇਸ ਜਥੇ ਦਾ ਲੀਡਰ ਬਣਿਆ। 29 ਮਾਰਚ 1748 ਈ. ਨੂੰ ਵਿਸਾਖੀ ਵਾਲੇ ਦਿਨ ਜਦ ਮਿਸਲਾਂ ਬਣੀਆਂ ਤਾਂ ਇਸ ਮਿਸਲ ਦਾ ਨਾਂ ਸਾਂਘਣਾ ਵਾਲੀ ਮਿਸਲ ਪਿਆ। ਨੰਦ ਸਿੰਘ ਨੇ ਜੱਸਾ ਸਿੰਘ ਰਾਮਗੜੀਏ ਨੂੰ ਇਸ ਮਿਸਲ ਦਾ ਸੈਨਾਪਤੀ ਬਣਾਇਆ। ਅਕਤੂਬਰ 1748 ਈ. ਵਿਚ ਜਦ ਰਾਮ ਰਾਉਣੀ ਦੇ ਕਿਲ੍ਹੇ ਵਿਚ ਸਿੰਘਾਂ ਨੂੰ ਘੇਰਾ ਪੈ ਗਿਆ ਸੀ ਤਾਂ ਜੱਸਾ ਸਿੰਘ ਰਾਮਗੜ੍ਹੀਏ ਨੇ ਸਿੰਘਾਂ ਦੀ ਮਦਦ ਕੀਤੀ ਸੀ। ਮੀਰ ਮੰਨੂ ਦੀ ਮੌਤ ਤੋਂ ਬਾਅਦ ਜੱਸਾ ਸਿੰਘ ਰਾਮਗੜ੍ਹੀਏ ਨੇ ਕਲਾਨੌਰ, ਬਟਾਲਾ, ਸ੍ਰੀ ਹਰਿਗੋਬਿੰਦਪੁਰ ਅਤੇ ਕਾਦੀਆਂ ‘ਤੇ ਕਬਜ਼ਾ ਕਰ ਲਿਆ ਸੀ । ਜੱਸਾ ਸਿੰਘ ਨੇ ਸ੍ਰੀ ਹਰਿਗੋਬਿੰਦਪੁਰ ਨੂੰ ਆਪਣੀ ਰਾਜਧਾਨੀ ਬਣਾ ਲਿਆ ਸੀ। ਵੱਡੇ ਘੱਲੂਘਾਰੇ ਵਿਚ ਜੱਸਾ ਸਿੰਘ ਰਾਮਗੜੀਆ ਬਹੁਤ ਬਹਾਦਰੀ ਨਾਲ ਲੜਿਆ ਸੀ। ਇਸ ਦੀ ਮਿਸਲ ਨੇ ਬਟਾਲਾ ਤੋਂ ਸ੍ਰੀ ਹਰਿਗੋਬਿੰਦਪੁਰ ਤੱਕ ਦੇ ਇਲਾਕੇ ‘ਤੇ ਰਾਜ ਕੀਤਾ ਸੀ। 1803 ਈ. ਵਿਚ ਜੱਸਾ ਸਿੰਘ ਰਾਮਗੜ੍ਹੀਏ ਦੀ ਮੌਤ ਹੋ ਗਈ।

ਜੱਸਾ ਸਿੰਘ ਦੀ ਮੌਤ ਤੋਂ ਬਾਅਦ ਉਸਦਾ ਪੁਤਰ ਜੋਧ ਸਿੰਘ ਉਤਰਾਧਿਕਾਰੀ ਬਣਿਆ। ਇਹ ਇਕ ਬਹਾਦਰ ਤੇ ਯੋਗ ਪ੍ਰਬੰਧਕ ਸੀ। 1814 ਈ. ਵਿਚ ਜੋਧ ਸਿੰਘ ਦੀ ਮੌਤ ਤੋਂ ਪਿਛੋਂ ਉਸ ਦੇ ਇਲਾਕੇ ਨੂੰ ਲਾਹੌਰ ਰਾਜ ਵਿਚ ਸ਼ਾਮਿਲ ਕਰ ਲਿਆ ਅਤੇ ਜੋਧ ਸਿੰਘ ਦੇ ਉਤਰਾਧਿਕਾਰੀਆਂ ਨੂੰ ਜਾਗੀਰ ਦੇ ਦਿੱਤੀ। ਇਸ ਤਰ੍ਹਾਂ ਇਹ ਮਿਸਲ ਖਤਮ ਹੋ ਗਈ।