
-ਡਾ. ਜਤਿੰਦਰਪਾਲ ਕੌਰ
ਸੰਸਾਰ ਦੇ ਵਿਭਿੰਨ ਸੱਭਿਆਚਾਰਾਂ ਦੇ ਪ੍ਰਸੰਗ ਵਿਚ ਸਿੱਖ ਸੱਭਿਆਚਾਰ ਆਪਣੇ ਆਪ ਵਿਚ ਇਕ ਵਿਲੱਖਣ ਗੌਰਵ ਦਾ ਧਾਰਨੀ ਹੈ। ਜਿੱਥੇ ਇਹ ਸੱਭਿਆਚਾਰ ਆਪਣੀਆਂ ਕੁਰਬਾਨੀਆਂ ਤੇ ਮਾਨਵਤਾ ਦੇ ਕਲਿਆਣ ਦੀ ਇਤਿਹਾਸਿਕ ਵਿਸ਼ੇਸ਼ਤਾ ਕਰਕੇ ਸਮੁੱਚੇ ਸੰਸਾਰ ਵਿਚ ਆਪਣੀ ਵੱਖਰੀ ਪਛਾਣ ਰੱਖਦਾ ਹੈ, ਉੱਥੇ ਧਰਮ, ਦਰਸ਼ਨ ਸਾਹਿਤ, ਸਦਾਚਾਰ ਤੇ ਸਮਾਜਿਕ ਖੇਤਰ ਵਿਚ ਇਸ ਦਾ ਨਿਆਰਾ ਇਤਿਹਾਸ ਹੈ। ਸੰਸਾਰ ਦੇ ਵਿਭਿੰਨ ਧਰਮਾਂ ਦੇ ਇਤਿਹਾਸਿਕ ਪਰਿਪੇਖ ਵਿਚ ਸਿੱਖ ਸੱਭਿਆਚਾਰ ਦੀ ਸਿਰਜਣਾ ਨੂੰ ਅਜੇ ਪੰਜ ਸਦੀਆਂ ਤੋਂ ਥੋੜ੍ਹਾ ਸਮਾਂ ਉੱਪਰ ਹੋਇਆ ਹੈ; ਪਰ ਐਨੇ ਥੋੜੇ ਸਮੇਂ ਵਿਚ ਇਸ ਦੀ ਧਾਰਮਿਕ ਕਾਰਜਸ਼ੀਲਤਾ ਸਮੁੱਚੀ ਦੁਨੀਆ ਵਿਚ ਮਿਸਾਲ ਬਣ ਗਈ। ਕਾਰਨ- ਇਸ ਦੇ ਸਿਰਜਿਤ ਸਰੂਪ ਸਿੱਖ ਧਰਮਾਂ ਦੇ ਦਰਸ਼ਨ, ਵਿਵਹਾਰਕਤਾ ਤੇ ਮਰਯਾਦਾ ਹੈ। ਮੂਲ ਰੂਪ ਵਿਚ, ਸਿੱਖ ਸਭਿਆਚਾਰ ਮੱਧਕਾਲੀਨ ਭਗਤੀ ਤੇ ਇਸ ਦੇ ਨਾਲ ਜੁੜੀਆਂ ਸਮਾਜਿਕ-ਰਾਜਨੀਤਕ ਪ੍ਰਸਥਿਤੀਆਂ ਦੀ ਉਥਲ-ਪੁਥਲ ਵਿੱਚੋਂ ਉਦੈ ਹੋਇਆ। ਇਨ੍ਹਾਂ ਪ੍ਰਸਥਿਤੀਆਂ ਦੇ ਪੈਦਾ ਹੋਣ ਤੇ ਟਕਰਾਓ ਦੇ ਆਪਣੇ ਆਂਤ੍ਰਿਕ ਕਾਰਨ ਸਨ, ਜੋ ਇਕ ਵੱਖਰੀ ਖੋਜ ਦਾ ਵਿਸ਼ਾ ਹੈ। ਇੱਥੇ ਸਿਰਫ ਇਤਨਾ ਕਹਿਣਾ ਹੀ ਯੋਗ ਹੋਵੇਗਾ ਕਿ ਸਿੱਖ ਸੱਭਿਆਚਾਰ ਦੇ ਜਨਮ ਤੋਂ ਪਹਿਲਾਂ ਦੇ ਸਮਾਜ ਦੀ ਸਥਿਤੀ ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ ਵਾਲੀ ਸੀ। ਸਮਾਜ ਦੀ ਇਸ ਸੰਕਟਗ੍ਰਸਤ ਬੇਚੈਨ ਅਵਸਥਾ ਵਿਚ ਸ੍ਰੀ ਗੁਰੂ ਨਾਨਕ ਸਾਹਿਬ ਜੀ ਸਿੱਖ ਧਰਮ ਦੇ ਬਾਨੀ ਬਣ ਕੇ ਸਮਾਜ ਵਿਚ ਆਏ। ਜਿਨ੍ਹਾਂ ਵਿਚ ਜਨਮ ਤੋਂ ਹੀ ਮਹਾਨ ਕ੍ਰਾਂਤੀਕਾਰੀ ਆਗੂ, ਉੱਚੇ-ਸੁੱਚੇ ਅਧਿਆਤਮਿਕ ਵਿਅਕਤੀਤਵ, ਸਮਾਜ-ਸੁਧਾਰਕ ਤੇ ਯੁੱਗ ਪੁਰਸ਼ ਵਾਲੇ ਮਹਾਨ ਗੁਣ ਸਨ। ਸੁਲਤਾਨਪੁਰ ਲੋਧੀ ਰਿਹਾਇਸ਼ ਦੌਰਾਨ ਪ੍ਰਭੂ-ਮਿਲਾਪ ਤੇ ਅਨੁਭਵ ਦੀ ਅਲੌਕਿਕ ਘਟਨਾ ਤੋਂ ਬਾਅਦ ਆਪ ਜੀ ਦਾ ਸਭ ਤੋਂ ਪਹਿਲਾਂ ਸੰਵਾਦ ਨਾ ਕੋ ਹਿੰਦੂ ਨਾ ਮੁਸਲਮਾਨ ਸੀ। ਇਹ ਸੰਵਾਦ ਹੀ ਉਸ ਸਮੇਂ ਰਾਜਨੀਤਕ ਜ਼ੁਲਮ ਤੇ ਅਨਿਆਂ ਦੇ ਦੌਰ ਵਿਚ ਇਕ ਕ੍ਰਾਂਤੀ ਸੀ, ਜਿਸ ਦਾ ਸਰੂਪ ਧਾਰਮਿਕ ਵੀ ਸੀ ਤੇ ਸਮਾਜਿਕ-ਰਾਜਨੀਤਕ ਵੀ। ਗੁਰੂ ਜੀ ਨੇ ਇਸ ਅਵਸਥਾ ਵਿਚ ਐਸੇ ਵਿਲੱਖਣ ‘ਸਿੱਖ ਧਰਮ’ ਨੂੰ ਜਨਮ ਦਿੱਤਾ, ਜਿਸ ਨੇ ਸਮੇਂ-ਸਮੇਂ ਮੁਗ਼ਲ ਰਾਜ ਦੀ ਪਾਪਾਂ, ਜ਼ੁਲਮਾਂ ਤੇ ਅਰਾਜਕਤਾ ਵਾਲੀ ਵਿਵਸਥਾ ਨੂੰ ਲੀਰੋ-ਲੀਰ ਕਰ ਦਿੱਤਾ। ਗੁਰੂ ਸਾਹਿਬ ਜੀ ਦਾ ਇਸ ਪ੍ਰਸੰਗ ਵਿਚ ਫੁਰਮਾਨ ਉਸ ਸਮੇਂ ਦੀ ਅਵਸਥਾ ਨੂੰ ਰੂਪਮਾਨ ਕਰਦਾ ਹੈ:
ਲਬੁ ਪਾਪੁ ਦੁਇ ਰਾਜਾ ਮਹਤਾ ਕੂੜੁ ਹੋਆ ਸਿਕਦਾਰੁ॥
ਕਾਮੁ ਨੇਬੁ ਸਦਿ ਪੁਛੀਐ ਬਹਿ ਬਹਿ ਕਰੇ ਬੀਚਾਰੁ॥ (ਪੰਨਾ 468)
ਗੁਰੂ ਜੀ ਜਿੱਥੇ ਆਪਣੇ ਸਮੇਂ ਦੀਆਂ ਕਰਮ-ਕਾਂਡੀ ਕੀਮਤਾਂ ਤੇ ਝੂਠ ਦੇ ਆਸਰੇ ਪਲ ਰਹੀਆਂ ਪ੍ਰਚਲਿਤ ਸੰਸਥਾਵਾਂ ਪ੍ਰਤੀ ਸੁਚੇਤ ਸਨ, ਉੱਥੇ ਉਨ੍ਹਾਂ ਨੇ ਆਮ ਲੋਕਾਈ ਨੂੰ ਨੈਤਿਕ ਤੌਰ ’ਤੇ ਡਿੱਗੇ ਲੋਕਾਂ ਨੂੰ ਗ਼ੁਲਾਮੀ ਤੋਂ ਦੂਰ ਰਹਿ ਕੇ ‘ਸਚਿਆਰ’ ਬਣਨ ਦੀ ਜੁਗਤ ਦੱਸੀ:
-ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ॥
ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥ (ਪੰਨਾ 1)
-ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥ (ਪੰਨਾ 15)
ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਸਿੱਖ ਸੱਭਿਆਚਾਰ ਦੀ ਉਸਾਰੀ ਲਈ ‘ਇਲਾਹੀ ਸ਼ਬਦਾਂ’ ਰਾਹੀਂ ਮਧੁਰ ਬਾਣੀ ਦਾ ਉਚਾਰਨ ਕੀਤਾ, ਜਿੱਥੇ ਆਪ ਜੀ ਨੇ ਸਮਕਾਲੀਨ ਸਮਾਜ ਵਿਚ ਮਹਾਨ ਸਮਾਜ-ਸੁਧਾਰਕ ਆਗੂ ਤੇ ਕ੍ਰਾਂਤੀਕਾਰੀ ਯੁੱਗ-ਪੁਰਸ਼ ਬਣ ਕੇ ਜ਼ੁਲਮ ਤੇ ਅਨਿਆ ਨਾਲ ਟੱਕਰ ਲਈ, ਉੱਥੇ ਆਪ ਜੀ ਨੇ ਅਧਿਆਤਮਕ ਵਿਅਕਤੀਤਵ ਰਾਹੀਂ ਸੰਸਾਰ ਦੀਆਂ ਚਾਰ ਉਦਾਸੀਆਂ ਨਾਲ ਦੂਰ-ਦੂਰ ਤਕ ਭੁੱਲੇ-ਭਟਕੇ ਲੋਕਾਂ ਨੂੰ ਆਪਣੇ ਉਪਦੇਸ਼ਾਂ ਰਾਹੀਂ ਪ੍ਰਚਾਰ-ਪ੍ਰਸਾਰ ਕਰ ਕੇ ਜੀਵਨ ਦਾ ਸਹੀ ਮਾਰਗ ਦਰਸਾਇਆ। ਚਾਰ ਉਦਾਸੀਆਂ ਦੌਰਾਨ ਉਨ੍ਹਾਂ ਨੇ ਮਹੱਤਰਪੂਰਨ ਇਤਿਹਾਸਿਕ ਕਾਰਜ ਇਹ ਵੀ ਕੀਤਾ ਕਿ ਸਮਕਾਲੀ ਭਗਤ ਸਾਹਿਬਾਨ ਦੀ ਬਾਣੀ ਇਕੱਤਰ ਕੀਤੀ, ਉਹ ਬਾਣੀ ਜੋ ਗੁਰੂ-ਆਸ਼ੇ ਅਨੁਸਾਰ ਪ੍ਰਭੂ-ਪ੍ਰੀਤੀ ਦੱਸਦੀ ਭਗਤੀ-ਅੰਦੋਲਨ ਦਾ ਅਨਮੋਲ ਖ਼ਜ਼ਾਨਾ ਸੀ। ਪ੍ਰਭੂ-ਪਿਆਰ ਤੇ ਇਕਮਿਕਤਾ ਲਈ ‘ਸਿੱਖ ਧਰਮ’ ਨੂੰ ਪਰਿਭਾਸ਼ਤ ਕਰਨ ਦੇ ਨਾਲ-ਨਾਲ ਲੋਕਾਂ ਨੂੰ ਰੱਬੀ ਸੰਦੇਸ਼ ਦੇ ਕੇ ਮਾਨਸਿਕ ਤੇ ਅਧਿਆਤਮਿਕ ਤੌਰ ’ਤੇ ਉੱਚਾ ਚੁੱਕਿਆ:
ਜਉ ਤਉ ਪ੍ਰੇਮ ਖੇਲਣ ਕਾ ਚਾਉ॥
ਸਿਰੁ ਧਰਿ ਤਲੀ ਗਲੀ ਮੇਰੀ ਆਉ॥ (ਪੰਨਾ 1412)
ਗੁਰੂ ਜੀ ਦੁਆਰਾ ਸਿਰਜਿਆ ਇਹ ਵਿਲੱਖਣ ਧਰਮ ਪਹਿਲੇ ਵਿਸ਼ਿਸ਼ਟ ਧਰਮਾਂ ਤੋਂ ਆਪਣੇ ਦਾਰਸ਼ਨਿਕ ਸਿਧਾਂਤਾਂ ਕਰਕੇ ਵਿਲੱਖਣ ਸੀ। ਇਸ ਦੀ ਨੀਂਹ ਊਚ-ਨੀਚ ਤੇ ਜਾਤਾਂ-ਪਾਤਾਂ ਤੋਂ ਪਰ੍ਹੇ ਮਨੁੱਖ ਦੇ ਸਚਿਆਰ ਹੋਣ ਵਿਚ ਸੀ, ਜਿਸ ਦਾ ਆਧਾਰ ‘ਨਾਮ ਜਪਣਾ, ਕਿਰਤ ਕਰਨੀ ਤੇ ਵੰਡ ਛਕਣਾ’ ਸੀ। ਗ੍ਰਹਿਸਥ ਵਿਚ ਰਹਿ ਕੇ ਉੱਚੇ-ਸੁੱਚੇ ਆਦਰਸ਼ਾਂ ਨੂੰ ਅਪਣਾਅ ਕੇ ਮਾਨਵ ਕਲਿਆਣ ਹੀ ਇਸ ਧਰਮ ਦਾ ਮੁੱਖ ਮਨੋਰਥ ਸੀ। ‘ਸ਼ਬਦ’ ਰਾਹੀਂ ਸਿਮਰਨ-ਸਾਧਨਾ ਦੇ ਮਾਧਿਅਮ ਰਾਹੀਂ ਉਸ ਅਕਾਲ ਪੁਰਖ ਨਾਲ ਜੁੜਨਾ ਤੇ ਜੀਵਨ ਵਿਚ ਸਦਾਚਾਰਕ ਕੀਮਤਾਂ ਦੇ ਹਮੇਸ਼ਾ ਧਾਰਨੀ ਬਣਨਾ ਸਿੱਖ ਧਰਮ ਦੀ ਵਿਲੱਖਣ ਵਿਸ਼ੇਸ਼ਤਾ ਸੀ। ਗੁਰੂ ਜੀ ਦੀ ਬਾਣੀ ਜਪੁਜੀ ਸਾਹਿਬ, ਬਾਰਹ ਮਾਹਾ, ਰਾਗ ਤੁਖਾਰੀ, ਸਿਧ ਗੋਸਟਿ, ਦਖਣੀ ਓਅੰਕਾਰ, ਪੱਟੀ, ਅਲਾਹੁਣੀਆਂ, ਤਿੰਨ ਵਾਰਾਂ (ਆਸਾ, ਮਾਝ ਤੇ ਮਲ੍ਹਾਰ), ਪਹਰੇ, ਸੋਹਿਲਾ, ਛੰਤ, ਥਿਤੀ, ਕੁਚਜੀ, ਸੁਚਜੀ, ਪਦੇ, ਸਲੋਕ ਸਿੱਖ ਧਰਮ ਦੇ ਮੂਲ ਸਿਧਾਂਤਾਂ ਨੂੰ ਰੂਪਮਾਨ ਕਰਦੀਆਂ ਹਨ। ਇਹ ਸਿਧਾਂਤ ਹੀ ਸਿੱਖ ਸੱਭਿਆਚਾਰ ਦੀ ਜੀਵਨ-ਜਾਚ, ਰਹਿਤ-ਮਰਯਾਦਾ ਤੇ ਸੱਚੇ-ਸੁੱਚੇ ਆਦਰਸ਼ਾਂ ਦਾ ਤੱਤ-ਸਾਰ ਹਨ।
ਗੁਰੂ ਜੀ ਵੱਲੋਂ ਸਿੱਖ ਧਰਮ ਦੇ ਲਾਏ ਇਸ ਪੌਦੇ ਨੂੰ ਬਾਕੀ ਨੌਂ ਗੁਰੂ ਸਾਹਿਬਾਨ ਨੇ ਜੋਤ ਰੂਪ ਵਿਚ ਆਪੋ-ਆਪਣੇ ਤਰੀਕਿਆਂ ਰਾਹੀਂ ਪ੍ਰਚਾਰਿਆ ਤੇ ਪ੍ਰਸਾਰਿਆ। ਦੂਸਰੇ ਗੁਰੂ, ਸ੍ਰੀ ਗੁਰੂ ਅੰਗਦ ਦੇਵ ਜੀ ਨੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਤੇ ਉਨ੍ਹਾਂ ਰਾਹੀਂ ਭਗਤ ਸਾਹਿਬਾਨ ਦੀ ਇਕੱਤਰ ਬਾਣੀ ਦੀ ਸੰਭਾਲ ਕੀਤੀ ਤੇ ਗੁਰਮੁਖੀ ਲਿਪੀ ਦਾ ਪ੍ਰਚਾਰ ਕੀਤਾ। ਇਸੇ ਤਰ੍ਹਾਂ ਤੀਸਰੇ ਗੁਰੂ, ਸ੍ਰੀ ਗੁਰੂ ਅਮਰਦਾਸ ਜੀ ਨੇ ਬਾਣੀ-ਪ੍ਰਚਾਰ ਲਈ ਮੰਜੀ ਪ੍ਰਥਾ ਕਾਇਮ ਕੀਤੀ। ਚੌਥੇ ਗੁਰੂ, ਸ੍ਰੀ ਗੁਰੂ ਰਾਮਦਾਸ ਜੀ ਤੇ ਪੰਜਵੇਂ ਗੁਰੂ, ਸ੍ਰੀ ਗੁਰੂ ਅਰਜਨ ਦੇਵ ਜੀ ਨੇ ਮਸੰਦ ਪ੍ਰਥਾ ਨਾਲ ਬਾਣੀ ਸੰਦੇਸ਼ ਰਾਹੀਂ ਸਿੱਖ ਧਰਮ ਦੇ ਵਿਕਾਸ ਵਿਚ ਵਡਮੁੱਲਾ ਯੋਗਦਾਨ ਪਾਇਆ। ਸ੍ਰੀ ਅੰਮ੍ਰਿਤਸਰ ਵਿਖੇ ਸ੍ਰੀ ਹਰਿਮੰਦਰ ਸਾਹਿਬ ਦੀ ਸਥਾਪਨਾ, ਅੰਮ੍ਰਿਤ-ਸਰੋਵਰ ਦੀ ਸੰਪੂਰਨਤਾ ਤੇ ਸਭ ਤੋਂ ਵੱਡੀ ਘਾਲਣਾ ਪੋਥੀ ਪਰਮੇਸਰ ਦਾ ਥਾਨੁ ਨੂੰ ‘ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ’ ਬਖਸ਼ਣਾ ਸ੍ਰੀ ਗੁਰੂ ਅਰਜਨ ਦੇਵ ਜੀ ਦੀਆਂ ਇਤਿਹਾਸਿਕ ਪ੍ਰਾਪਤੀਆਂ ਹਨ। ਇਸੇ ਸਮੇਂ ਦਿੱਲੀ ਤਖਤ ਤੇ ਬਾਦਸ਼ਾਹ ਜਹਾਂਗੀਰ ਰਾਹੀਂ ਪੰਜਵੇਂ ਗੁਰੂ ਜੀ ਦੀ ਲਾਸਾਨੀ ਸ਼ਹਾਦਤ ਸਿੱਖ ਧਰਮ ਤੇ ਇਤਿਹਾਸ ਦੇ ਪੰਨਿਆਂ ਉੱਪਰ ਇਕ ਐਸਾ ਦਰਦਨਾਕ ਸਾਕਾ ਸੀ, ਜਿਸ ਨੇ ਸਿੱਖ ਸੱਭਿਆਚਾਰ ਦੀ ਰੂਪ-ਰੇਖਾ ਨੂੰ ਨਵੇਂ ਅਰਥ ਦਿੱਤੇ। ਉਨ੍ਹਾਂ ਦਾ ਇਸ ਪ੍ਰਸੰਗ ਵਿਚ ਫੁਰਮਾਨ ਸੀ:
ਤੇਰਾ ਕੀਆ ਮੀਠਾ ਲਾਗੈ॥ ਹਰਿ ਨਾਮੁ ਪਦਾਰਥੁ ਨਾਨਕੁ ਮਾਂਗੈ॥ (ਪੰਨਾ 394)
ਡਾ. ਸੁਰਿੰਦਰ ਸਿੰਘ ਦਾ ਇਸ ਪ੍ਰਸੰਗ ਵਿਚ ਕਥਨ ਹੈ ਕਿ “ਸੰਸਾਰ ਭਰ ਦੇ ਇਤਿਹਾਸਾਂ ਵਿਚ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਇਕ ਅਦੁੱਤੀ ਕਾਰਨਾਮਾ ਹੈ। ਇਹ ਸ਼ਹੀਦੀ ਕਿਸੇ ਨਿੱਜੀ, ਵਿਸ਼ੇਸ਼ ਧਾਰਮਿਕ ਸਿਧਾਂਤ ਲਈ ਨਹੀਂ ਦਿੱਤੀ ਗਈ, ਸਗੋਂ ਇਹ ਸਰਬ ਧਰਮਾਂ ਦੀ ਸੁਤੰਤਰ ਪ੍ਰਫੁਲਤਾ ਲਈ ਦਿੱਤੀ ਗਈ ਕੁਰਬਾਨੀ ਹੈ।” ਜਿਸ ਦਾ ਮੂਲ ਮੰਤਵ ਮਾਨਸਿਕ ਤੌਰ ’ਤੇ ਮਰ ਰਹੀ, ਡਿਗ ਰਹੀ ਕੌਮ ਨੂੰ ਨਿਰਭੈ ਹੋਣਾ ਸਿਖਾਉਣਾ ਸੀ ਤੇ ਭੈਅ ਅਧੀਨ ਕਿਸੇ ਜ਼ਾਬਰ ਦੀ ਈਨ ਨਹੀਂ ਮੰਨਣਾ, ਇਸ ਦਾ ਮੂਲ ਆਸ਼ਾ ਸੀ। ਇਸ ਨਿਰਭੈਤਾ ਲਈ ਗੁਰੂ ਜੀ ਦਾ ਕਥਨ ਹੈ:
ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ॥
ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ॥ (ਪੰਨਾ 1427)
ਪ੍ਰਭੂ-ਭਾਣੇ ਦੇ ਇਸ ਮਹਾਂਵਾਕ ਨੇ ਛੇਵੇਂ ਗੁਰੂ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਰਾਹੀਂ ਮੀਰੀ-ਪੀਰੀ ਦੇ ਸੰਕਲਪ ਨੂੰ ਜਨਮ ਦਿੱਤਾ। ਇਸੇ ਸਮੇਂ ਅਕਾਲ ਤਖਤ ਦੀ ਸਥਾਪਨਾ ਵੀ ਸਿੱਖ ਸੱਭਿਆਚਾਰ ਨੂੰ ਇਕ ਨਵੇਂ ਅਧਿਆਇ ਨਾਲ ਜੋੜਦੀ ਨਜ਼ਰ ਆਉਂਦੀ ਹੈ। ਇਸੇ ਤਰ੍ਹਾਂ ਸਤਵੇਂ ਗੁਰੂ, ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਨੇ ਕੀਰਤਪੁਰ ਸਾਹਿਬ ਨੂੰ ਪ੍ਰਚਾਰਕ ਕੇਂਦਰ ਬਣਾ ਕੇ ਗੁਰਬਾਣੀ ਸੰਦੇਸ਼ ਰਾਹੀਂ ਸਿੱਖ ਧਰਮ ਦੇ ਵਿਕਾਸ ਵਿਚ ਅਹਿਮ ਯੋਗਦਾਨ ਪਾਇਆ। ਉਨ੍ਹਾਂ ਦੇ ਹੀ ਸਪੁੱਤਰ ਬਾਲਾ ਪ੍ਰੀਤਮ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਵੀ ਛੋਟੀ ਉਮਰ ਵਿਚ ਸਿੱਖ ਧਰਮ ਦੇ ਉਪਦੇਸ਼ਾਂ ਨੂੰ ਦਿੱਲੀ ਅਤੇ ਹੋਰ ਇਲਾਕਿਆਂ ਵਿਚ ਪ੍ਰਚਾਰਿਆ ਪ੍ਰਸਾਰਿਆ। ਸਮਕਾਲੀ ਪ੍ਰਸਥਿਤੀਆਂ ਸਿੱਖ ਧਰਮ ਦੀ ਵਿਕਾਸ ਪ੍ਰਤੀ ਵੱਡੀ ਰੁਕਾਵਟ ਬਣੀਆਂ ਹੋਈਆਂ ਸਨ। ਧਾਰਮਿਕ ਕੱਟੜਤਾ ਦੇ ਇਸ ਜ਼ਾਲਮਾਨਾ ਨਾਚ ਵਿਚ ਹਿੰਦ ਦੇ ਧਰਮ ਦੀ ਅਜ਼ਾਦੀ ਤੇ ਮਾਨਵਤਾ ਦੇ ਭਲੇ ਲਈ ਨੌਵੇਂ ਗੁਰੂ, ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਦਿੱਲੀ ਵਿਚ ਦਿੱਤੀ ਸ਼ਹਾਦਤ ਸਿੱਖ ਸੱਭਿਆਚਾਰ ਨੂੰ ਨਵਾਂ ਇਤਿਹਾਸ ਬਖਸ਼ਦੀ ਹੈ। ਦਸਵੇਂ ਪਾਤਸ਼ਾਹ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਮੁੱਚਾ ਜੀਵਨ ਔਰੰਗਜ਼ੇਬ ਦੇ ਜ਼ਬਰ-ਜ਼ੁਲਮ ਦਾ ਟਾਕਰਾ ਕਰਨ ਤੇ ਸਮੁੱਚੀ ਲੋਕਾਈ ਨੂੰ ਆਤਮਿਕ ਤੌਰ ’ਤੇ ਉੱਚਾ ਚੁੱਕਣ ਲਈ ਸੰਘਰਸ਼ ਭਰਿਆ ਸੀ। ਉਨ੍ਹਾਂ ਵੱਲੋਂ ਸੰਨ 1699 ਈ. ਵਿਚ ਵੈਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਥਾਪਨਾ ਉਸ ਗੁਰੂ-ਆਸ਼ੇ ਦੀ ਸੰਪੂਰਨਤਾ ਸੀ, ਜੋ ਪਹਿਲੇ ਗੁਰੂ, ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ‘ਸਚਿਆਰ’ ਦੀ ਪਰਿਭਾਸ਼ਾ ਦੇ ਕੇ ਸਿੱਖ ਜਗਤ ਨੂੰ ਬਖਸ਼ਿਆ ਸੀ। ਖਾਲਸੇ ਦੀ ਸਥਾਪਨਾ ਵਿਸ਼ਵ ਦੇ ਇਤਿਹਾਸ ਵਿਚ ਇਕ ਗੌਰਵਮਈ ਅਧਿਆਇ ਹੈ, ਜਿੱਥੇ ਭਗਤੀ ਤੇ ਸ਼ਕਤੀ ਦੇ ਸੁਮੇਲ ਨਾਲ ਮਾਨਵ-ਮੁਕਤੀ ਸੰਭਵ ਹੈ। ਜਿੱਥੇ ‘ਆਪੇ ਗੁਰੂ ਚੇਲਾ’ ਬਣ ਕੇ ਅੰਮ੍ਰਿਤ ਦੀ ਦਾਤ ਨਾਲ ਖਾਲਸਾ ਸਿੰਘ ਸੱਜਦਾ ਹੈ। ਗੁਰੂ ਜੀ ਨੇ ਅੰਮ੍ਰਿਤ ਦੀ ਦਾਤ ਰਾਹੀਂ ਮਰ ਰਹੀ ਕੌਮ ਵਿਚ ‘ਖਾਲਸੇ’ ਦਾ ਰੰਗ ਭਰਿਆ ਤੇ ਮੌਕੇ ਦੇ ਜ਼ਾਲਮ ਹਾਕਮਾਂ ਦਾ ਟਾਕਰਾ ਕਰਨ ਲਈ ‘ਨਿਰਭੈ ਸਿੰਘਾਂ’ ਦੀ ਅਜਿਹੀ ਫੌਜ ਤਿਆਰ ਕੀਤੀ, ਜੋ ਜੰਗ ਵਿਚ ਜੂਝ ਕੇ ਕੁਰਬਾਨ ਹੋਣਾ ਜਾਣਦੀ ਸੀ ਤੇ ਈਨ ਨਹੀਂ ਸੀ ਮੰਨ ਸਕਦੀ। ਇਸ ਖਾਲਸੇ ਦੀ ਨਿਆਰੀ ਪਹਿਚਾਣ ‘ਸੁਭ ਕਰਮਨ ਤੇ ਕਬਹੂੰ ਨ ਟਰੋਂ’ ਤੇ ਨਿਸਚੈ ਕਰ ਅਪਨੀ ਜੀਤ ਕਰੋਂ ਦੇ ਸੰਕਲਪ ਵਿਚ ਸੀ।
ਸਿੱਖ ਸੱਭਿਆਚਾਰ ਦੇ ਇਸ ਸੰਕਲਪ ਵਿਚ ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ, ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ, ਚਾਲੀ ਮੁਕਤਿਆਂ ਦੀ ਕੁਰਬਾਨੀ ਦੇ ਨਾਲ-ਨਾਲ ਬੇਅੰਤ ਸਿੰਘਾਂ-ਸਿੰਘਣੀਆਂ ਦੀਆਂ ਸ਼ਹੀਦੀਆਂ ਦੇ ਖ਼ੂਨ ਨਾਲ ਰਚਿਆ ਲਾਸਾਨੀ ਇਤਿਹਾਸ ਹੈ। ਇਨ੍ਹਾਂ ਕੁਰਬਾਨੀਆਂ ਨੇ ਭਾਰਤ ਦੇ ਇਤਿਹਾਸ ਨੂੰ ਨਵੇਂ ਤੱਥ ਬਖਸ਼ੇ, ਨਵੀਂ ਨੁਹਾਰ ਦਿੱਤੀ। ਭਾਈ ਮਨੀ ਸਿੰਘ ਤੇ ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ ਤੋਂ ਬਾਅਦ ਸਿੱਖ ਪੰਥ ਉੱਪਰ ਸੰਕਟਾਂ ਮੁਸੀਬਤਾਂ ਦਾ ਸਮਾਂ ਸੀ। ਬਾਬਾ ਬੰਦਾ ਸਿੰਘ ਬਹਾਦਰ ਦੇ ਪੰਜਾਬ ਆਗਮਨ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਕਾਲ ਤਕ ਦਾ ਸਮਾਂ ਮੁੱਖ ਰੂਪ ਵਿਚ ਸਿੱਖ ਕੌਮ ਦੀ ਹੋਂਦ ਨੂੰ ਬਚਾਉਣ ਦਾ ਸੀ, ਕਿਉਂਕਿ ਸਮੇਂ ਦੀ ਸਰਕਾਰ ਨੇ ਸਿੱਖਾਂ ਦਾ ਘਾਣ ਕਰਨ ਲਈ ਸਿੱਖਾਂ ਦੇ ਸਿਰਾਂ ਦੇ ਮੁੱਲ ਰੱਖੇ ਹੋਏ ਸਨ। ਇਸ ਕਠਿਨ ਸਮੇਂ ਵਿਚ ਵੀ ਗੁਰੂ ਜੀ ਦੀਆਂ ਲਾਡਲੀਆਂ ਫੌਜਾਂ ਨੇ ਜੰਗਲਾਂ ਵਿਚ ਭੁੱਖੇ-ਪਿਆਸੇ ਰਹਿ ਕੇ ਵੀ ਚੜ੍ਹਦੀ ਕਲਾ ਵਿਚ ਦੁਸ਼ਮਣਾਂ ਦਾ ਮੁਕਾਬਲਾ ਕੀਤਾ। ਜੰਗਲਾਂ ਵਿਚ ਗੁਰਬਾਣੀ ਦਾ ਆਸਰਾ ਲੈ ਕੇ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ। ਉਸ ਸਮੇਂ ਦੀਆਂ ਸ਼ਹੀਦੀਆਂ ਦੀ ਕਤਾਰ ਬਹੁਤ ਲੰਬੀ ਹੈ, ਪਰ ਇਨ੍ਹਾਂ ਸ਼ਹੀਦੀਆਂ ਨੇ ਸਿੱਖ ਸੱਭਿਆਚਾਰ ਦੇ ਵਿਭਿੰਨ ਪਸਾਰਾਂ ਵਿਚ ਦ੍ਰਿੜ੍ਹਤਾ ਲਿਆਂਦੀ, ਨਰੋਈ ਤੇ ਸ਼ੁਧ ਜੀਵਨ ਜਾਚ ਦੀ ਲੋੜ ਨੂੰ ਹੋਰ ਵੀ ਸ਼ਿੱਦਤ ਨਾਲ ਮਹਿਸੂਸ ਕੀਤਾ ਗਿਆ। ਜਾਂ ਇੰਝ ਕਹਿ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ ਕਿ ਸਿੱਖ ਸੱਭਿਆਚਾਰ ਸ਼ਹੀਦੀਆਂ ਦਾ ਸੱਭਿਆਚਾਰ ਹੈ, ਜਿਸ ਉੱਪਰ ਜਿਤਨਾ ਵੀ ਮਾਣ ਕਰੀਏ ਥੋੜਾ ਹੈ।
ਸਿੱਖ ਸੱਭਿਆਚਾਰ ਵਿਭਿੰਨ ਸੱਭਿਆਚਾਰ ਦੇ ਪ੍ਰਸੰਗ ਵਿਚ ਤਿੰਨ ਪ੍ਰਸੰਗਾਂ- ਅਧਿਆਤਮਿਕ-ਧਾਰਮਿਕ, ਸਦਾਚਾਰਕ ਤੇ ਸਮਾਜਿਕ-ਇਤਿਹਾਸਿਕ ਪ੍ਰਸੰਗ ਰਾਹੀਂ ਵਿਕਾਸ ਕਰਦਾ ਹੈ। ਇਹ ਪ੍ਰਸੰਗ ਸਾਡੇ ਅਨਮੋਲ ਵਿਰਸੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਸਿੱਖਾਂ ਦੀ ਬਾਹਰੀ ਤੇ ਅੰਦਰੂਨੀ ਰਹਿਤ-ਮਰਯਾਦਾ ਤੇ ਅਜੋਕੇ ਸਮੇਂ ਦੇ ਪ੍ਰਚਾਰ-ਪ੍ਰਸਾਰ ਢੰਗਾਂ ਨਾਲ ਅੰਤਰ ਸੰਬੰਧਿਤ ਹਨ। ਵਿਸ਼ਵੀਕਰਨ, ਬਜ਼ਾਰੀਕਰਨ ਤੇ ਪੱਛਮੀਕਰਨ ਦੇ ਇਸ ਦੌਰ ਵਿਚ ਗੁਰਬਾਣੀ ਦੀਆਂ ਸਿੱਖਿਆਵਾਂ ਸਾਡੀਆਂ ਧਾਰਮਿਕ ਪਰੰਪਰਾਵਾਂ, ਰਹਿਤ ਮਰਯਾਦਾ ਤੇ ਸਦਾਚਾਰਕ ਮੁੱਲਾਂ ਨੂੰ ਬਚਾ ਸਕਦੀਆਂ ਹਨ ਇਸ ਲਈ ਅਜੋਕੀ ਪੀੜ੍ਹੀ ਲਈ ਸਾਨੂੰ ਉਨ੍ਹਾਂ ਤਕਨੀਕਾਂ ਤੇ ਤਰੀਕਿਆਂ ਦਾ ਇਸਤੇਮਾਲ ਕਰਨਾ ਪਵੇਗਾ, ਜਿਸ ਨਾਲ ਸੌਖੇ ਸਰਲ ਢੰਗ ਨਾਲ ਸੰਚਾਰ ਹੋ ਸਕੇ। ਇਸ ਵਾਸਤੇ ਧਾਰਮਿਕ ਕਮੇਟੀਆਂ, ਸੰਸਥਾਵਾਂ ਤੇ ਵਿੱਦਿਅਕ ਅਦਾਰਿਆਂ ਨੂੰ ਨਵੀਆਂ ਤਕਨੀਕਾਂ ਦਾ ਸਹਾਰਾ ਲੈਣਾ ਹੋਵੇਗਾ। ਇਸ ਵਾਸਤੇ ਕੰਪਿਊਟਰ ਵਿਚ ਗੁਰਬਾਣੀ, ਸਿੱਖ ਧਰਮ ਤੇ ਇਤਿਹਾਸ ਨਾਲ ਸੰਬੰਧਿਤ ਵੈਬਸਾਈਟਸ, ਸਰਚ ਇੰਜਨ ਅਤੇ ਹੋਰ ਆਡਿਓ-ਵੀਡੀਓ-ਮੀਡੀਅਮ ਸਮੱਗਰੀ ਉਪਲੱਬਧ ਹੈ। ਦੂਸਰੇ ਪਾਸੇ ਗੁਰਬਾਣੀ ਦੇ ਅਰਥ-ਬੋਧ ਦੀ ਸਰਲ ਵਿਆਖਿਆ ਲਈ ਭਾਰਤ ਦੀਆਂ ਹੋਰ ਭਾਸ਼ਾਵਾਂ ਦੇ ਨਾਲ-ਨਾਲ ਬਦੇਸ਼ੀ ਭਾਸ਼ਾਵਾਂ ਵਿਚ ਵੀ ਯਤਨ ਹੋਣੇ ਜ਼ਰੂਰੀ ਹਨ। ਸਭ ਚੁਣੌਤੀਆਂ ਦੂਰ ਹੋ ਸਕਦੀਆਂ ਹਨ, ਬੱਸ ਇਸ ਪਾਸੇ ਗੰਭੀਰਤਾ ਨਾਲ ਕਾਰਜ ਕਰਨ ਦੀ ਜ਼ਰੂਰਤ ਹੈ ਤਾਂ ਹੀ ਸਾਡਾ ਅਮੀਰ ਵਿਰਸਾ ਸਿੱਖ, ਸੱਭਿਆਚਾਰ ਵਿਕਾਸ ਕਰ ਸਕਦਾ ਹੈ।
*ਮਕਾਨ ਨੰ: 1281/11, ਮਾਡਲ ਟਾਊਨ, ਅੰਬਾਲਾ ਰੋਡ,ਕੈਥਲ (ਹਰਿਆਣਾ) ਮੋ: +9194160-73122