ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਦਾ 89 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਕਰੀਬ 5 ਵਜੇ ਆਖ਼ਰੀ ਸਾਹ ਲਏ ਹਨ।ਢੀਂਡਸਾ ਪਿਛਲੇ ਕਾਫੀ ਦਿਨਾਂ ਤੋਂ ਬੀਮਾਰ ਚੱਲ ਰਹੇ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਸੰਗਰੂਰ ਜ਼ਿਲ੍ਹੇ ਵਿੱਚ ਪੈਂਦੇ ਉਨ੍ਹਾਂ ਦੇ ਜੱਦੀ ਪਿੰਡ ਉਭਾਵਾਲ ਵਿਖੇ ਹੋਵੇਗਾ।
ਸੁਖਦੇਵ ਸਿੰਘ ਢੀਂਡਸਾ ਦਾ ਜਨਮ 9 ਅਪ੍ਰੈਲ 1936 ਨੂੰ ਹੋਇਆ ਸੀ। ਢੀਂਡਸਾ ਪੰਜਾਬ ਤੋਂ ਰਾਜ ਸਭਾ ਮੈਂਬਰ ਵੀ ਰਹੇ ਅਤੇ 2019 ਵਿੱਚ ਜਨਤਕ ਮਾਮਲਿਆਂ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵੀ ਕੀਤੀ ਅਤੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਹਾਰ ਤੋਂ ਬਾਅਦ ਪਾਰਟੀ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਦਿੱਤਾ ਸੀ।
ਸਾਲ 1972 ਵਿੱਚ ਵਿਧਾਨ ਸਭਾ ਹਲਕਾ ਧਨੌਲਾ ਤੋਂ ਅਜ਼ਾਦ ਉਮੀਦਵਾਰ ਵਜੋਂ ਜਿੱਤ ਕੇ ਪਹਿਲੀ ਵਾਰ ਪੰਜਾਬ ਵਿਧਾਨ ਸਭਾ ਵਿੱਚ ਦਾਖਲ ਹੋਏ।ਹਲਕਾ ਸੁਨਾਮ ਤੋਂ 1977 ਵਿੱਚ ਵਿਧਾਇਕ ਬਣਕੇ ਉਹ ਪੰਜਾਬ ਦੇ ਖੇਡ ਤੇ ਵਿੱਦਿਆ ਮੰਤਰੀ ਬਣੇ। ਫਿਰ ਤਿੰਨ ਸਾਲ ਬਾਅਦ ਢੀਂਡਸਾ ਸੰਗਰੂਰ ਹਲਕੇ ਤੋਂ ਅਤੇ 1985 ਵਿੱਚ ਸੁਨਾਮ ਹਲਕੇ ਤੋਂ ਵਿਧਾਇਕ ਚੁਣੇ ਗਏ।1999 ਵਿੱਚ ਉਹ ਪਹਿਲੀ ਵਾਰ ਰਾਜ ਸਭਾ ਦਾ ਮੈਂਬਰ ਬਣ ਕੇ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ‘ਚ ਖੇਡਾਂ ਤੇ ਖਾਦਾਂ ਦੇ ਕੈਬਨਿਟ ਮੰਤਰੀ ਬਣੇ ਅਤੇ 2004 ਦੀ ਲੋਕ ਸਭਾ ਚੋਣ ਜਿੱਤ ਕੇ ਸੰਗਰੂਰ ਹਲਕੇ ਦੀ ਰਹਿਨੁਮਾਈ ਕੀਤੀ।
ਕੁਝ ਸਮਾਂ ਪਹਿਲਾਂ ਹੀ ਅਕਾਲੀ ਦਲ ਵਿੱਚ ਰਹਿੰਦਿਆਂ ਹੋਈਆਂ ਭੁੱਲਾਂ ਲਈ ਸੁਖਦੇਵ ਸਿੰਘ ਢੀਂਡਸਾ ਨੂੰ ਧਾਰਮਿਕ ਸਜ਼ਾ ਵੀ ਸੁਣਾਈ ਗਈ ਸੀ। ਜਿਸ ਦੇ ਤਹਿਤ ਉਨ੍ਹਾਂ ਨੂੰ ਬਜ਼ੁਰਗ ਹੋਣ ਕਰ ਕੇ ਦੋ ਦਿਨ ਇੱਕ ਘੰਟੇ ਲਈ ਗੁਰੂ ਘਰ ਦੀ ਦਿਓਡੀ ਦੇ ਬਾਹਰਵਾਰ ਸੇਵਾਦਾਰ ਵਾਲਾ ਚੋਲਾ ਪਾ ਕੇ ਹੱਥ ਵਿੱਚ ਬਰਛਾਂ ਫੜ੍ਹ ਕੇ ਸੇਵਾ ਨਿਭਾਉਣ ਲਈ ਕਿਹਾ ਗਿਆ ਅਤੇ ਇਸ ਦੇ ਨਾਲ ਹੀ ਤਖ਼ਤ ਕੇਸਗੜ੍ਹ ਸਾਹਿਬ, ਦਮਦਮਾ ਸਾਹਿਬ, ਫਤਹਿਗੜ੍ਹ ਸਾਹਿਬ ਅਤੇ ਮੁਕਤਸਾਰ ਸਾਹਿਬ ਵਿਖੇ ਸੇਵਾ ਕਰਨ ਲਈ ਵੀ ਆਖਿਆ ਗਿਆ।ਇਸ ਤੋਂ ਇਲਾਵਾ ਇੱਕ ਘੰਟਾ ਲੰਗਰ ਵਿੱਚ ਭਾਂਡੇ ਮਾਂਜਣ ਅਤੇ ਜੋ ਵੀ ਸੇਵਾ ਸਿਹਤ ਮੁਤਾਬਕ ਕਰ ਸਕਦੇ ਹੋਣ ਕਰਨ ਲਈ ਆਖਿਆ ਗਿਆ ਸੀ। ਸੁਖਦੇਵ ਸਿੰਘ ਢੀਂਡਸਾ ਨੇ ਇਹ ਸਜ਼ਾ ਨਿਭਾਈ ਵੀ ਸੀ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ. ਸੁਖਦੇਵ ਸਿੰਘ ਢੀਂਡਸਾ ਦੇ ਅਕਾਲ ਚਲਾਣੇ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਸ. ਸੁਖਦੇਵ ਸਿੰਘ ਢੀਂਡਸਾ ਸ਼੍ਰੋਮਣੀ ਅਕਾਲੀ ਦਲ ਦੇ ਮੋਹਰੀ ਆਗੂਆਂ ਵਿੱਚੋਂ ਸਨ, ਜਿਨ੍ਹਾਂ ਨੇ ਪੰਥ ਅਤੇ ਪੰਜਾਬ ਪ੍ਰਤੀ ਸਮਰਪਣ ਭਾਵਨਾ ਨਾਲ ਕੌਮੀ ਰਾਜਨੀਤੀ ਵਿਚ ਉੱਚੇ ਮੁਕਾਮ ਹਾਸਲ ਕੀਤੇ। ਉਨ੍ਹਾਂ ਕਿਹਾ ਕਿ ਸ. ਢੀਂਡਸਾ ਦਾ ਅਕਾਲ ਚਲਾਣਾ ਪਰਿਵਾਰ ਦੇ ਨਾਲ ਨਾਲ ਦੇਸ਼ ਅਤੇ ਪੰਜਾਬ ਲਈ ਵੀ ਵੱਡਾ ਘਾਟਾ ਹੈ।
ਉਨ੍ਹਾਂ ਸ. ਢੀਂਡਸਾ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਕਸ ਉੱਤੇ ਦੁੱਖ ਜ਼ਾਹਿਰ ਕਰਦਿਆਂ ਲਿਖਿਆ, “ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਜੀ ਦੇ ਅਕਾਲ ਚਲਾਣੇ ਦੀ ਖ਼ਬਰ ਮਿਲੀ, ਬੇਸ਼ੱਕ ਸਾਡੇ ਰਾਜਨੀਤਕ ਮਤਭੇਦ ਰਹੇ ਹੋਣ ਪਰ ਇਨਸਾਨੀਅਤ ਦੇ ਨਾਤੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦੇ ਹਾਂ। ਪਰਮਾਤਮਾ ਉਨ੍ਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ਼ ਬਖ਼ਸ਼ੇ। ਵਾਹਿਗੁਰੂ ਵਾਹਿਗੁਰੂ।”
ਢੀਂਡਸਾ ਦੇ ਦੇਹਾਂਤ ʼਤੇ ਦੁੱਖ ਜ਼ਾਹਿਰ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, “ਸਰਦਾਰ ਸੁਖਦੇਵ ਸਿੰਘ ਜੀ ਢੀਂਡਸਾ ਸਾਬ੍ਹ ਦੇ ਅਕਾਲ ਚਲਾਣਾ ਕਰ ਜਾਣ ‘ਤੇ ਦਿਲ ਨੂੰ ਗਹਿਰਾ ਦੁੱਖ ਹੋਇਆ। ਢੀਂਡਸਾ ਸਾਬ੍ਹ ਨੇ ਇੱਕ ਲੰਬਾ ਅਰਸਾ ਸ਼੍ਰੋਮਣੀ ਅਕਾਲੀ ਦਲ ਵਿਚ ਰਹਿ ਕੇ ਪੰਜਾਬ ਅਤੇ ਕੌਮ ਦੀ ਸੇਵਾ ਕੀਤੀ ਜਿਸ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।”
“ਮੈਂ ਨਿੱਜੀ ਤੌਰ ਉੱਤੇ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਨ੍ਹਾਂ ਨੂੰ ਸਤਿਕਾਰ ਅਤੇ ਸ਼ਰਧਾ ਦੇ ਫੁੱਲ ਭੇਂਟ ਕਰਦਾ ਹਾਂ ਅਤੇ ਅਕਾਲ ਪੁਰਖ ਅੱਗੇ ਅਰਦਾਸ ਕਰਦਾ ਹਾਂ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ।”
