
ਭਾਈ ਨਰਾਇਣ ਸਿੰਘ ਚੌੜਾ, ਜਿਨ੍ਹਾਂ ਨੇ 4 ਦਸੰਬਰ 2024 ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਨੂੰ ਅੱਜ ਅਦਾਲਤ ਵੱਲੋਂ ਜ਼ਮਾਨਤ ਮਿਲ ਗਈ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਉਹ ਜਲਦ ਹੀ ਜੇਲ੍ਹ ਤੋਂ ਬਾਹਰ ਆ ਜਾਣਗੇ।
ਇਹ ਪੂਰਾ ਮਾਮਲਾ ਉਸ ਸਮੇਂ ਸ਼ੁਰੂ ਹੋਇਆ, ਜਦੋਂ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਆਪਣੇ ਪੰਥ ਵਿਰੋਧੀ ਅਪਰਾਧਾਂ ਦੀ ਕਬੂਲੀਅਤ ਕੀਤੀ। ਇਸ ਤੋਂ ਬਾਅਦ, ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸੁਖਬੀਰ ਬਾਦਲ ਨੂੰ ਪੰਥਕ ਫ਼ਲਸਫ਼ੇ ਅਨੁਸਾਰ ਤਨਖਾਹ (ਸਜ਼ਾ) ਲਗਾਈ ਗਈ। ਪਰ ਬਾਦਲ ਪਰਿਵਾਰ ਵੱਲੋਂ ਕੀਤੇ ਅਪਰਾਧਾਂ ਬਾਰੇ ਸੰਗਤਾਂ ਵਿਚ ਬਹੁਤ ਰੋਸ ਸੀ।
ਇਸ ਰੋਸ ਦੇ ਤਹਿਤ ਭਾਈ ਚੌੜਾ ਨੇ ਸੁਖਬੀਰ ਬਾਦਲ ਦਾ ਸੋਧਾ ਲਾਉਣ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਹੀ। ਭਾਈ ਚੌੜਾ ਨੂੰ ਹਮਲੇ ਤੋਂ ਬਾਅਦ ਤੁਰੰਤ ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ’ਤੇ ਭਾਰਤੀ ਦੰਡ ਸੰਹਿਤਾ ਦੀ ਧਾਰਾ 109 (ਕਤਲ ਦੀ ਕੋਸ਼ਿਸ਼) ਅਤੇ ਹਥਿਆਰ ਐਕਟ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ। 5 ਦਸੰਬਰ 2024 ਨੂੰ, ਅੰਮ੍ਰਿਤਸਰ ਅਦਾਲਤ ਨੇ ਉਨ੍ਹਾਂ ਨੂੰ 3 ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜਿਆ, ਜੋ 11 ਦਸੰਬਰ ਤੱਕ ਵਧਾਇਆ ਗਿਆ। 15 ਫਰਵਰੀ 2025 ਨੂੰ ਪੰਜਾਬ ਪੁਲਿਸ ਨੇ ਉਨ੍ਹਾਂ ਵਿਰੁੱਧ ਚਲਾਨ ਪੇਸ਼ ਕੀਤਾ।
ਅੱਜ (25 ਮਾਰਚ 2025), ਅਦਾਲਤ ਨੇ ਉਨ੍ਹਾਂ ਦੀ ਜ਼ਮਾਨਤ ਮਨਜ਼ੂਰ ਕਰ ਲਈ। ਹਾਲਾਂਕਿ, ਅਧਿਕਾਰਤ ਤੌਰ ’ਤੇ ਅਦਾਲਤੀ ਦਸਤਾਵੇਜ਼ ਜਨਤਕ ਨਹੀਂ ਹੋਏ, ਪਰ ਸੂਤਰਾਂ ਮੁਤਾਬਕ ਇਹ ਫ਼ੈਸਲਾ ਜਾਂਚ ਦੀ ਕਮੀ ਜਾਂ ਕਾਨੂੰਨੀ ਤਕਨੀਕੀ ਅਧਾਰ ’ਤੇ ਲਿਆ ਗਿਆ ਹੋ ਸਕਦਾ ਹੈ।