11 views 24 secs 0 comments

ਸੁਖਮਨੀ ਸਾਹਿਬ

ਲੇਖ
November 12, 2025

(1) ‘ਮਹਿੰਜੋ-ਦਾਰੋ’ ਦੇ ਸੱਤ ਹਜ਼ਾਰ ਸਾਲ ਪੁਰਾਣੇ ਖੰਡਰਾਂ ਦੀ ਦੇਖ ਭਾਲ ਤੋਂ ਸਮਾਜਿਕ ਸਭਿਅਤਾ ਦੇ ਵਿਦਿਆਰਥੀ ਨੂੰ ਸਭ ਤੋਂ ਵੱਧ ਅਚੰਭਾ ਇਸ ਗੱਲ ‘ਤੇ ਹੁੰਦਾ ਹੈ ਕਿ ਉੱਥੇ ਜੰਗੀ ਸ਼ਾਸਤਰਾਂ ਦੇ ਬਸਤੀਆਂ ਦੀ ਰੱਖਿਆ ਲਈ ਫ਼ਸੀਲਾਂ ਆਦਿਕ ਦਾ ਕੋਈ ਨਾਮ-ਨਿਸ਼ਾਨ ਨਹੀਂ ਮਿਲਦਾ। ਉਸ, ਤਵਾਰੀਖ਼ ਤੋਂ ਵੀ ਪਹਿਲੇ, ਦੂਰ-ਦੁਰਾਡੇ ਸਮੇਂ ਵਿੱਚ ਕੀ ਕਾਰਨ ਹੋ ਸਕਦੇ ਹਨ ਕਿ ਮਨੁੱਖੀ ਸਮਾਜ ਤੇ ਬਸਤੀਆਂ ਸ਼ਾਸਤਰ-ਵਿੱਦਿਆ ਤੇ ਯੁੱਧ-ਪ੍ਰਕ੍ਰਿਤੀ ਤੋਂ ਇਸ ਹੱਦ ਤੱਕ ਬੇਨਿਆਜ਼ ਹੋ ਗਏ ਕਿ ਉਨ੍ਹਾਂ ਨੂੰ ਯੁੱਧ-ਜੰਗ ਵੀ ਬੇਲੋੜੀ ਅਤੇ ਅਸੰਭਵ ਪ੍ਰਤੀਤ ਹੋਣ ਲੱਗ ਪਈ। ਮਨੁੱਖੀ ਸੱਭਿਅਤਾ ਦੀ ਤਾਰੀਖ਼ ਵਿੱਚ ਕੋਈ ਸ਼ਹਾਦਤ ਇਸ ਯਕੀਨ ਦੀ ਪੁਸ਼ਟੀ ਵਿੱਚ ਨਹੀਂ ਮਿਲਦੀ ਕਿ ਸਭਿਅਤਾ ਤੇ ਤਹਿਜ਼ੀਬ ਦੀ ਉੱਨਤੀ ਜਾਂ ਸਾਇੰਸ ਦੇ ਵਿਕਾਸ ਨਾਲ ਮਨੁੱਖੀ ਸਮਾਜ ਦੀਆਂ ਮਾਰਨ ਖੰਡੀਆਂ ਤੇ ਚੰਡਿਕਾ ਰੁਚੀਆਂ ਵਿੱਚ ਕੋਈ ਬੁਨਿਆਦੀ ਤਬਦੀਲੀ ਆ ਜਾਂਦੀ ਹੈ; ਸਗੋਂ ਸ਼ਹਾਦਤ ਇਸ ਦੇ ਬਿਲਕੁਲ ਉਲਟ ਹੈ ਕਿ ਜਿਉਂ ਜਿਉਂ ਕਿਸੇ ਸਮਾਜ ਜਾਂ ਕੌਮ ਦੀ ਮਾਲੀ ਤੇ ਮਾਨਸਿਕ ਹਾਲਤ ਉੱਨਤ ਤੇ ਪੇਚੀਦਾ ਹੁੰਦੀ ਜਾਂਦੀ, ਤਿਉਂ ਤਿਉਂ ਯੁੱਧ-ਜੰਗ ਦੀ ਲੋੜ ਤੇ ਉਸ ਨੂੰ ਸਿਰੇ ਚੜ੍ਹਾਣ ਦੇ ਢੰਗ ਵਧੇਰੇ ਡੂੰਘੇ ਤੇ ਹਾਨੀਕਾਰਕ ਹੁੰਦੇ ਜਾਂਦੇ ਹਨ।

(2) ‘ਨੀਤਸ਼ੇ’ ਕਹਿੰਦਾ ਹੈ ਕਿ ਸਮਾਜੀ ਜੀਵਨ ਤੇ ਇਨਫ਼ਰਾਦੀ ਜੀਵਨ ਆਪਣੀ ਉੱਨਤੀ ਲਈ ਜੰਗੀ ਰੁਚੀਆਂ ਤੇ ਉਨ੍ਹਾਂ ਨੂੰ ਵਰਤਣ ਦੇ ਮੌਕਿਆਂ ਦੀਆਂ ਰਿਣੀ ਹਨ। ‘ਮੁਸੋਲੀਨੀ’ ਹਾਮੀ ਭਰਦਾ ਹੈ ਕਿ ਕਿਸੇ ਕੰਮ ਦੇ ਜੀਵਨ ਜਾਂ ਮੌਤ ਦਾ ਨਿਰਭਰ ਅਜਿਹੀਆਂ ਜੰਗੀ-ਰੁਚੀਆਂ ਨੂੰ ਵੱਧ ਤੋਂ ਵੱਧ ਕੁੜੱਤਣ ਦੇਣ ਉੱਤੇ ਹੈ।

(3) ਅੱਜ ਜਦੋਂ ਕਿ ਦੁਨੀਆ ਇੱਕ ਦੂਸਰੇ ਦੇ ਲਹੂ ਦੀ ਤਿਹਾਈ ਇਸ ਭਿਆਨਕ ਤਰੀਕੇ ਨਾਲ ਹੋ ਰਹੀ ਹੈ ਤਾਂ ਇਹ ਨਹੀਂ ਕਿਹਾ ਜਾ ਸਕਦਾ ਕਿ ਆਉਣ ਵਾਲੀਆਂ ਇਨਸਾਨੀ ਨਸਲਾਂ ਦੀ ਕੀ ਦਸ਼ਾ ਹੋਵੇਗੀ? ਵਿਚਾਰਵਾਨ ਮਨਾਂ ਲਈ ਇਸ ਸਵਾਲ ਦੀ ਅਹਿਮੀਅਤ ਤੇ ਗੌਰਵਤਾ ਬਹੁਤ ਵੱਧ ਜਾਂਦੀ ਹੈ ਕਿ ਕੀ ਕੋਈ ਅਜਿਹਾ ਗੁਰ ਜਾਂ ਰਾਹ ਨਹੀਂ, ਜਿਸ ਨੂੰ ਵਰਤਿਆਂ ਅਜਿਹਾ ਜੰਗਲੀ ਖ਼ੂਨ-ਖ਼ਰਾਬਾ ਬੇਲੋੜਾ ਹੋ ਜਾਵੇ ਅਤੇ ਮਨੁੱਖ ਤੇ ਸਮਾਜ ਨੂੰ ਹਮੇਸ਼ਾ ਲਈ ਉਹ ਅਤੁੱਟ ਅਮਨ ਤੇ ਸੁਖ ਮਿਲ ਜਾਵੇ, ਜਿਸ ਤੋਂ ਬਿਨਾਂ ਮਨੁੱਖ ਦਾ ਉਨ੍ਹਾਂ ਆਤਮਿਕ ਮੰਡਲਾਂ ਵਿੱਚ ਵਿਚਰਨਾ ਅਸੰਭਵ ਹੈ, ਜੋ ਕਿ ਅਜੇ ਤਕ ਖੋਜੇ ਪੜਤਾਲੇ ਨਹੀਂ ਜਾ ਸਕੇ, ਪਰ ਜਿਨ੍ਹਾਂ ਦੀ ਹੋਂਦ ਤੋਂ ਕੋਈ ਵਿਚਾਰਵਾਨ ਆਦਮੀ ਮੁਨਕਰ ਨਹੀਂ।

(4) ਇੱਕ ਉੱਤਰ ਇਸ ਗੁੰਝਲ ਦਾ ‘ਸੋਸ਼ਲਿਜ਼ਮ’ ਸਾਂਝੀਵਾਲਤਾ ਹੈ। ਇਸ ਦੇ
ਹਾਮੀਆਂ ਦਾ ਵਿਸ਼ਵਾਸ ਹੈ ਕਿ ਕੌਮਾਂਤਰੀ ਖਿੱਚੋਤਾਣ ਦਾ ਮੁੱਢਲਾ ਕਾਰਨ ਮਾਦੀ ਪਦਾਰਥਾਂ ਦੀ ਬੇਸੁਰੀ ਵੰਡ ਹੈ। ਜੇ ਦੁਨਿਆਵੀ ਸਾਮਾਨ ਲੋਕਾਂ ਕੋਲ ਇਤਨੇ ਘੱਟ ਵੱਧ ਨਾ ਹੋਣ ਕਿ ਅਮੀਰੀ ਤੇ ਗ਼ਰੀਬੀ ਇੱਕੋ ਥਾਂ ‘ਤੇ ਮੋਢੇ ਨਾਲ ਮੋਢਾ ਰਗੜੇ ਤਾਂ ਮਾਰਨ ਖੰਡੀਆਂ ਰੁਚੀਆਂ ਤੇ ਪਰਸਪਰ ਈਰਖਾ ਆਪੇ ਨਾਬੂਦ ਹੋ ਜਾਣ ਤੇ ਦੁਨੀਆ ਉਸ ਸੁਖ ਤੇ ਸ਼ਾਂਤੀ ਨੂੰ ਪ੍ਰਾਪਤ ਹੋ ਜਾਵੇ। ਇਹ ਸਿਧਾਂਤ ਇੱਕ ਆਲਮਗੀਰ ਮਜ਼ਹਬ ਦੀ ਸ਼ਕਲ ਇਖ਼ਤਿਆਰ ਕਰ ਗਿਆ ਹੈ। ਗੁਰੂ ਅਰਜਨ ਸਾਹਿਬ ਜੀ ਨੇ ਵੀ ਇਸ ਲੋੜੀਂਦੇ ਸਵਾਲ ਦਾ ਉੱਤਰ ਦੇਣ ਦੀ ਕੋਸ਼ਿਸ਼ ਕੀਤੀ ਹੈ ਤੇ ਉਨ੍ਹਾਂ ਦੀ ਉਚਾਰਨ ਕੀਤੀ ‘ਸੁਖਮਨੀ ਸਾਹਿਬ’ ਇਸ ਨੁਕਤੇ ਤੋਂ ਇੱਕ ਬੜੀ ਜ਼ਰੂਰੀ ਤੇ ਅਹਿਮ ਬਾਣੀ ਕਹੀ ਜਾ ਸਕਦੀ ਹੈ।

(5) ਗੁਰੂ ਅਰਜਨ ਸਾਹਿਬ ਜੀ ਦਾ ਸਿਧਾਂਤ ਇਹ ਹੈ ਕਿ ਮਨੁੱਖ ਦੇ ਮਨ ਤੇ ਬੁੱਧੀ ਦੀਆਂ ਤਰੁੱਟੀਆਂ ਤੇ ਮਨੁੱਖੀ ਸਮਾਜ ਦੇ ਪਰਸਪਰ ਖਹਿ ਖਹਿ ਤੇ ਨਿਤ ਨਿਤ ਦੇ ਯੁੱਧਾਂ-ਜੰਗਾਂ ਦਾ ਕਾਰਨ ਇਨਸਾਨੀ ਮਨ ਤੇ ਰੂਹ ਦੇ ਸੰਸਕਾਰਾਂ ਵਿੱਚ ਪੋਸ਼ੀਦਾ ਹੈ। ਜਿਤਨਾ ਚਿਰ ਅਚੇਤ ਮਨ ਦੀਆਂ ਰੁਚੀਆਂ ‘ਤੇ ਕਾਬੂ ਪਾ ਕੇ ਰੂਹ ਦੀਆਂ ਸਭ ਤੋਂ ਹੇਠਲੀਆਂ ਗਹਿਰਾਈਆਂ ਵਿੱਚ ਇਨਕਲਾਬ ਨਹੀਂ ਲਿਆਇਆ ਜਾਂਦਾ, ਉਤਨਾ ਚਿਰ ਬਾਹਰਲੀਆਂ ਮਾਦੀ ਹਾਲਤਾਂ ਵਿੱਚ ਕੋਈ ਅਦਲਾ ਬਦਲੀ ਵੀ, ਮਨੁੱਖ ਲਈ ਉਸ ਅਮਨ ਤੇ ਸ਼ਾਂਤੀ ਦਾ ਸੂਚਕ ਨਹੀਂ ਹੋ ਸਕਦੀ, ਜਿਸ ਅਮਨ ਤੇ ਸ਼ਾਂਤੀ ਤੋਂ ਬਿਨਾਂ ਆਦਮੀ ਆਪਣੇ ਮੌਜੂਦਾ ਮੰਡਲ ਤੋਂ ਬਿਲਕੁਲ ਉੱਚਾ ਉਠ ਕੇ ਉੱਥੇ ਪਹੁੰਚ ਸਕੇ, ਜਿਸ ਨੂੰ ਕਿ ਦੇਵਤਿਆਂ ਦੀ ਪਦਵੀ, ਪਾਰਗ੍ਰਾਮੀ ਮਨੁੱਖੀ ਮੰਡਲ, ਕਿਹਾ ਜਾ ਸਕੇ । ਇਨਸਾਨ ਦੀਆਂ ਆਤਮਿਕ ਗਹਿਰਾਈਆਂ ਵਿੱਚ ਇਹ ਇਨਕਲਾਬ ਲਿਆਉਣ ਲਈ ਉਹ ਇੱਕ ਸਾਧਨ ਨੂੰ ਸਭਨਾਲੋਂ ਉੱਤਮ ਸਾਧਨ ਦੱਸਦੇ ਹਨ, ਜੋ ਸਾਧਨ ਕਿ ਸਿੱਖ ਧਰਮ ਦਾ ਮਰਕਜ਼ੀ ਸਤੂਪ ਹੈ, ਉਹ ਹੈ ਨਾਮ ਸਿਮਰਨ । ਨਾਮ ਸਿਮਰਨ ਸਾਧਨ ਭੀ ਹੈ ਤੇ ਨਿਸ਼ਾਨਾ ਵੀ। ਇਸ ਸਾਧਨ ਦੀ ਨੀਂਹ ਉਸ ਸੱਚਾਈ ਉੱਤੇ ਰੱਖੀ ਹੋਈ ਹੈ, ਜਿਸ ਨੂੰ ਭਗਵਾਨ ਪਤੰਜਲੀ ਤੋਂ ਲੈ ਕੇ ਰਿਸ਼ੀ ਅਰਵਿੰਦੋ ਘੋਸ਼ ਤਕ ਸਾਧਕਾਂ ਨੇ ਤਜਰਬੇ ਦੀ ਕਸਵੱਟੀ ਉੱਤੇ ਪਰਖ ਕੇ ਸਹੀ ਮੰਨਿਆ ਹੈ। ਥੋੜ੍ਹੇ ਅੱਖਰਾਂ ਵਿੱਚ ਇਸ ਸਾਧਨ ਦਾ ਤੱਤ ਇਹ ਹੈ ਕਿ ਮਨ ਦੀਆਂ ਤੈਹਾਂ ਨੂੰ ਰੋਜ਼ਮੱਰਾ ਦੇ ਖ਼ਿਆਲੀ ਵਿਤਕਰਿਆਂ ਤੋਂ ਸਾਧ ਲਿਆ ਜਾਵੇ ਤੇ ਮਨ ਦੀਆਂ ਬਿਰਤੀਆਂ ਨੂੰ ਨਿਤਾਪ੍ਰਤੀ ਸਾਧਨ ਦੁਆਰਾ ਆਤਮਾ ਦੇ ਉੱਚੇ ਤੋਂ ਉੱਚੇ ਮੰਡਲਾਂ ਦੇ ਕਿਸੇ ਇੱਕ ਮਰਕਜ਼ ‘ਤੇ ਲਾਇਆ ਜਾਵੇ। ਇਹ ਇਕਾਗਰਤਾ ਤੇ ਇਹ ਸਾਧਨ, ਸੱਚ ਤੇ ਇਨਸਾਫ਼ ਦੇ ਧੁਰੇ ‘ਤੇ ਖੜੋ ਕੇ, ਦਸਾਂ ਨਹੁੰਆਂ ਦੀ ਕਿਰਤ ਕਰਦਿਆਂ ਤੇ ਵੰਡ ਛਕਦਿਆਂ, ਪਰਉਪਕਾਰ ਦੇ ਵਾਯੂ ਮੰਡਲ ਵਿੱਚ ਨਿਰਭਉ ਹੋ ਕੇ ਕੀਤਾ ਜਾਵੇ। ਇਸ ਤਰ੍ਹਾਂ ਉਸ ਆਤਮਿਕ ਅਵਸਥਾ ਦੀ ਪ੍ਰਾਪਤੀ ਹੋ ਜਾਂਦੀ ਹੈ ਜੋ ਕਿ ਮਨੁੱਖੀ ਜੀਵਨ ਦਾ ਅੰਤਿਮ ਨਿਸ਼ਾਨਾ ਹੈ ਤੇ ਜਿਸ ਤਕ ਪਹੁੰਚਣ ਲਈ ਪ੍ਰਾਕਿਤੀ ਦੀਆਂ ਸਭ ਸ਼ਕਤੀਆਂ ਸੰਸਾਰ ਦੀ ਉਤਪਤੀ ਤੋਂ ਲੈ ਕੇ ਅੱਜ ਤੱਕ ਜਤਨ ਕਰ ਰਹੀਆਂ ਹਨ। ਇਸ ਨਿਸ਼ਾਨੇ ਦੀ ਹੋਂਦ ਦਾ ਇੱਕ ਧੁੰਦਲਾ ਜਿਹਾ ਅਕਸ ‘ਨੀਤਸ਼ੇ’ ਦੇ ਮਨ ‘ਤੇ ਪਿਆ ਹੈ ਤੇ ਉਹ ਕੂਕ ਉਠਿਆ ਹੈ : And lo ! I Preach to you the Superman, Superman is the meaning of the Earth.
(6) ਸੁਖਮਨੀ ਸਾਹਿਬ ਦਾ ਮੁਤਾਲਿਆ ਦੋ ਪਹਿਲੂਆਂ ਤੋਂ ਮਨੋਰੰਜਕ ਹੈ। ਇੱਕ ਤਾਂ ਇਸ ਵਿੱਚ ਇੱਕ ਮਹਾਨ ਆਤਮਿਕ ਸਾਧਨ ਦਾ ਵਰਣਨ ਹੈ, ਇਸ ਦੇ ਯਮ ਨਿਯਮਾਂ ਦਾ ਬਿਆਨ ਤੇ ਇਸ ਦੀਆਂ ਵੱਖੋ-ਵੱਖਰੀਆਂ ਮੰਜ਼ਿਲਾਂ ਦੀ ਵਿਆਖਿਆ। ਦੂਸਰਾ ਪਹਿਲੂ ਇਸ ਦੇ ਸਾਹਿੱਤਕ ਸੁਹੱਪਣ ਦਾ ਹੈ, ਇਸ ਦੇ ਛੰਦਾਂ ਦੀ ਅਨੂਪਮ ਰਵਾਨੀ ਤੇ ਇਸ ਦੀ ਕਵਿਤਾ ਦਾ ਜਾਦੂ ਭਰਿਆ ਸੰਗੀਤ।

ਸੰਕੇਤਕ ਮੰਗਲਾਚਰਨ ਤੋਂ ਪਿੱਛੋਂ ਸੁਖਮਨੀ ਸਾਹਿਬ ਦੇ ਪਹਿਲੇ ਛੰਦ ਵਿੱਚ ਹੀ ਨਾਮ ਸਿਮਰਨ ਦੇ ਸਾਧਨ ਨੂੰ ਗ੍ਰਹਿਣ ਕਰਨ ਦਾ ਉਪਦੇਸ਼ ਹੈ ਕਿ ਮਨ ਦੀਆਂ ਬਿਰਤੀਆਂ ਅਤੇ ਖਿੰਡਵੀਆਂ ਕਲਪਨਾਵਾਂ ਨੂੰ ਸੁੰਗੇੜ ਕੇ ਇਨ੍ਹਾਂ ਨੂੰ ਆਪਣੇ ਆਦਰਸ਼ ਦੇ ਉੱਚੇ ਤੋਂ ਉੱਚੇ ਨੁਕਤੇ ਉੱਤੇ ਇਕਾਗਰ ਕਰਨ ਦਾ ਅਤੁੱਟ ਜਤਨ ਕਰੋ:

ਸਿਮਰਉ ਸਿਮਰਿ ਸਿਮਰਿ ਸੁਖੁ ਪਾਵਉ ॥ ਕਲਿ ਕਲੇਸ ਤਨ ਮਾਹਿ ਮਿਟਾਵਉ॥ ਸਿਮਰਉ ਜਾਸੁ ਬਿਸੁੰਭਰ ਏਕੈ ॥ ਨਾਮੁ ਜਪਤ ਅਗਨਤ ਅਨੇਕੈ ॥ ਬੇਦ ਪੁਰਾਨ ਸਿੰਮ੍ਰਿਤਿ ਸੁਧਾਖਰ ॥ ਕੀਨੇ ਰਾਮ ਨਾਮ ਇਕ ਆਖਰ ॥ ਕਿਨਕਾ ਏਕ ਜਿਸੁ ਜੀਅ ਬਸਾਵੈ ॥ ਤਾ ਕੀ ਮਹਿਮਾ ਗਨੀ ਨ ਆਵੈ ॥

(पंठा 262)

ਜੇ ਇਹ ਆਦਰਸ਼ ਜਿਸ ਦਾ ਕਿ ਸਿਮਰਨ ਕੀਤਾ ਜਾ ਰਿਹਾ ਹੈ, ਆਸਤਕਤਾ ਦੇ ਮੰਡਲਾਂ ਵਿੱਚ ਪਰਮਾਤਮਾ ਨਾਲ ਅਭੇਦ ਹੋ ਜਾਵੇ ਤਾਂ ਮਨ ਨਿੱਤ ਦੇ ਭੈ ਭਰਮਾਂ ਵਿੱਚੋਂ ਨਿਕਲ ਕੇ ਤੰਦਰੁਸਤ ਤੇ ਅਰੋਗ ਹੋਣ ਲੱਗ ਜਾਂਦਾ ਹੈ :

ਪ੍ਰਭ ਕੈ ਸਿਮਰਨਿ ਗਰਭਿ ਨ ਬਸੈ ॥
ਪ੍ਰਭ ਕੈ ਸਿਮਰਨਿ ਦੂਖੁ ਜਮੁ ਨਸੈ ॥
ਪ੍ਰਭ ਕੈ ਸਿਮਰਨਿ ਕਾਲੁ ਪਰਹਰੈ ॥
ਪ੍ਰਭ ਕੈ ਸਿਮਰਨਿ ਦੁਸਮਨੁ ਟਰੈ ॥
ਪ੍ਰਭ ਸਿਮਰਤ ਕਛੁ ਬਿਘਨੁ ਨ ਲਾਗੈ ॥
ਪ੍ਰਭ ਕੈ ਸਿਮਰਨਿ ਅਨਦਿਨੁ ਜਾਗੈ ॥
ਪ੍ਰਭ ਕੈ ਸਿਮਰਨਿ ਭਉ ਨ ਬਿਆਪੈ ॥
ਪ੍ਰਭ ਕੈ ਸਿਮਰਨਿ ਦੁਖੁ ਨ ਸੰਤਾਪੈ॥…
(ਅੰਗ 262)

ਪ੍ਰਭ ਕੈ ਸਿਮਰਨਿ ਤ੍ਰਿਸਨਾ ਬੁਝੈ ॥
ਪ੍ਰਭ ਕੈ ਸਿਮਰਨਿ ਸਭੁ ਕਿਛੁ ਸੁਝੈ॥…
ਪ੍ਰਭ ਕੈ ਸਿਮਰਨਿ ਮਨ ਕੀ ਮਲੁ ਜਾਇ ॥
ਅੰਮ੍ਰਿਤ ਨਾਮੁ ਰਿਦ ਮਾਹਿ ਸਮਾਇ ॥ (ਅੰਗ 263)

ਆਤਮਾ ਦੇ ਵਿਕਾਸ ਦੀਆਂ ਅਣਦੇਖੀਆਂ ਤੇ ਔਖੀਆਂ ਮੰਜ਼ਿਲਾਂ ਵਿੱਚ ਅਤੇ ਜੀਵਨ-ਸੰਗਰਾਮ ਦੇ ਉਨ੍ਹਾਂ ਲਮਿਆਂ ਵਿੱਚ ਜਦੋਂ ਕਿ ਰੂਹ ਆਪਣੇ ਨੰਗੇਜ ਵਿੱਚ ਕਈ ਪ੍ਰਕਾਰ ਦੇ ਦੁੱਖਾਂ ਤੇ ਔਕੜਾਂ ਦਾ ਮੁਕਾਬਲਾ ਕਰਦੀ ਹੈ, ਉਸ ਵੇਲੇ ਇਸ ਸਾਧਨ ਦੁਆਰਾ ਪ੍ਰਾਪਤ ਕੀਤੀ ਸ਼ਕਤੀ ਮਦਦਗਾਰ ਹੋ ਸਕਦੀ ਹੈ :

ਜਹ ਮਾਤ ਪਿਤਾ ਸੁਤ ਮੀਤ ਨ ਭਾਈ॥
ਮਨ ਊਹਾ ਨਾਮੁ ਤੇਰੈ ਸੰਗਿ ਸਹਾਈ॥
ਜਹ ਮਹਾ ਭਇਆਨ ਦੂਤ ਜਮ ਦਲੈ ॥
ਤਹਿ ਕੇਵਲ ਨਾਮੁ ਸੰਗਿ ਤੇਰੈ ਚਲੈ ॥
ਜਹ ਮੁਸਕਲ ਹੋਵੈ ਅਤਿ ਭਾਰੀ॥
ਹਰਿ ਕੋ ਨਾਮੁ ਖਿਨ ਮਾਹਿ ਉਧਾਰੀ ॥…
ਸਗਲ ਸ੍ਰਿਸਟਿ ਕੋ ਰਾਜਾ ਦੁਖੀਆ॥
ਹਰਿ ਕਾ ਨਾਮੁ ਜਪਤ ਹੋਇ ਸੁਖੀਆ॥
ਲਾਖ ਕਰੋਰੀ ਬੰਧੁ ਨ ਪਰੈ ॥ ਹਰਿ ਕਾ ਨਾਮੁ ਜਪਤ ਨਿਸਤਰੈ ॥…
ਜਿਹ ਮਾਰਗਿ ਇਹੁ ਜਾਤ ਇਕੇਲਾ॥
ਤਹ ਹਰਿ ਨਾਮੁ ਸੰਗਿ ਹੋਤ ਸੁਹੇਲਾ॥…
ਜਿਹ ਮਾਰਗ ਕੇ ਗਨੇ ਜਾਹਿ ਨ ਕੋਸਾ॥
ਹਰਿ ਕਾ ਨਾਮੁ ਊਹਾ ਸੰਗਿ ਤੋਸਾ॥
ਜਿਹ ਪੈਡੈ ਮਹਾ ਅੰਧ ਗੁਬਾਰਾ॥
ਹਰਿ ਕਾ ਨਾਮੁ ਸੰਗਿ ਉਜੀਆਰਾ ॥
ਜਹਾ ਪੰਥਿ ਤੇਰਾ ਕੋ ਨ ਸਿਞਾਨੁ ॥
ਹਰਿ ਕਾ ਨਾਮੁ ਤਹ ਨਾਲਿ ਪਛਾਨੁ ॥ (ਅੰਗ 264)

ਕੀ ਲੱਛਣ ਹਨ ਉਨ੍ਹਾਂ ਦੇ ਜੋ ਨਿਸ਼ਾਨੇ ‘ਤੇ ਪੁੱਜ ਜਾਂਦੇ ਹਨ? ਕੀ ਪਛਾਣ ਹੈ ਉਨ੍ਹਾਂ ਮਹਾਂ-ਪੁਰਸ਼ਾਂ ਬ੍ਰਹਮ ਗਿਆਨੀਆਂ ਦੀ, ਜਿਨ੍ਹਾਂ ਦਾ ਸਾਧਨ ਸਫਲ ਹੋਇਆ ਹੈ:

ਮਨਿ ਸਾਚਾ ਮੁਖਿ ਸਾਚਾ ਸੋਇ॥
ਅਵਰੁ ਨ ਪੇਖੈ ਏਕਸੁ ਬਿਨੁ ਕੋਇ॥
ਨਾਨਕ ਇਹ ਲਛਣ ਬ੍ਰਹਮ ਗਿਆਨੀ ਹੋਇ॥
(ਅੰਗ 272)

ਬ੍ਰਹਮ ਗਿਆਨੀ ਸਦਾ ਨਿਰਲੇਪ॥
ਜੈਸੇ ਜਲ ਮਹਿ ਕਮਲ ਅਲੇਪ॥
ਜੈਸੇ ਸੂਰੁ ਸਰਬ ਕਉ ਸੋਖ॥ ਬ੍ਰਹਮ ਗਿਆਨੀ ਕੈ ਦ੍ਰਿਸਟਿ ਸਮਾਨਿ॥
ਬ੍ਰਹਮ ਗਿਆਨੀ ਸਦਾ ਨਿਰਦੋਖ॥
ਜੈਸੇ ਰਾਜ ਰੰਕ ਕਉ ਲਾਗੈ ਤੁਲਿ ਪਵਾਨ ॥…
(ਅੰਗ 272)

ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ॥
ਜੈਸੇ ਮੈਲੁ ਨ ਲਾਗੈ ਜਲਾ ॥…
ਬ੍ਰਹਮ ਗਿਆਨੀ ਕੈ ਮਿਤ੍ਰ ਸਤ੍ਰ ਸਮਾਨਿ॥
ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ ॥…
ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ॥
ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ ॥…
ਬ੍ਰਹਮ ਗਿਆਨੀ ਕੈ ਗਰੀਬੀ ਸਮਾਹਾ ॥
ਬ੍ਰਹਮ ਗਿਆਨੀ ਪਰਉਪਕਾਰ ਉਮਾਹਾ ॥ …
(ਅੰਗ 272-73)

ਇਹ ਹੈ ਸੁਖਮਨੀ ਸਾਹਿਬ ਦਾ ਉਪਦੇਸ਼ ਅਤੇ ਇਨਫ਼ਰਾਦੀ ਤੇ ਸਮਾਜਿਕ ਜੀਵਨ ਦੀ ਸਭ ਤੋਂ ਬੁਨਿਆਦੀ ਗੁੰਝਲ ਦਾ ਹੱਲ । ਇਹ ਹੈ ਆਸ਼ਾਵਾਦੀ ਫ਼ਲਸਫ਼ਾ ਜੋ ਇਨਸਾਨ ਨੂੰ ਆਪਣੀਆਂ ਹੱਦਾਂ ਤੋਂ ਉਚੇ ਟੱਪ ਕੇ ਇੱਕ ਨਵੀਂ ਦੁਨੀਆ ਤੇ ਨਵੀਆਂ ਕੀਮਤਾਂ ਪੈਦਾ ਕਰਨ ਦੀ ਪ੍ਰੇਰਨਾ ਕਰਦਾ ਹੈ। ਇਸ ਸਾਧਨ ਦੁਆਰਾ ਆਦਮੀ ਆਪਣੀ ਇਨਫ਼ਰਾਦੀ ਹੈਸੀਅਤ ਵਿੱਚ ਆਪਣੇ ਆਤਮਾ ਦੀਆਂ ਉੱਚੀਆਂ ਤੋਂ ਉੱਚੀਆਂ ਮੰਜ਼ਿਲਾਂ ‘ਤੇ ਪਹੁੰਚਦਾ ਹੈ ਤੇ ਆਪਣੀ ਸਮਾਜੀ ਹੈਸੀਅਤ ਵਿੱਚ ਉਸ ਸੋਸ਼ਲ ਨਿਜ਼ਾਮ ਦੀ ਨੀਂਹ ਰੱਖਦਾ ਹੈ ਜਿਸ ਵਿੱਚੋਂ ਸਰੀਰਕ ਭੁੱਖ ਤੇ ਮਾਨਸਿਕ ਦੁੱਖਾਂ ਦੇ ਤਾਪ ਉੱਡ ਚੁੱਕੇ ਹਨ।

(7) ਸਾਹਿੱਤ ਤੇ ਕਾਵਿ ਦੇ ਨੁਕਤੇ ਤੋਂ ਸੁਖਮਨੀ ਸਾਹਿਬ ਦੀ ਮਹੱਤਤਾ ਦਾ ਸਭਤੋਂ ਵੱਡਾ ਸਬੂਤ ਇਹ ਹੈ ਕਿ ਸਦੀਆਂ ਤੋਂ ਪੰਜਾਬ, ਸਿੰਧ ਅਤੇ ਹੋਰ ਦੇਸ਼ਾਂ ਪ੍ਰਦੇਸ਼ਾਂ ਵਿੱਚ ਮਰਦ ਤੇ ਇਸਤੀਆਂ ਇਸ ਦੇ ਆਤਮਿਕ ਪ੍ਰਭਾਵ ਤੇ ਸੰਗੀਤ ਦੀ ਸਵੱਛਤਾ ਤੋਂ ਠੰਢ ਪ੍ਰਾਪਤ ਕਰਦੇ ਤੇ ਕਰ ਰਹੇ ਹਨ। ਕਿਸੇ ਸਾਹਿੱਤਕ ਰਚਨਾ ਦੀ ਮਹੱਤਤਾ ਦੀ ਸਭ ਤੋਂ ਅੱਛੀ ਕਸਵੱਟੀ ਇਹ ਕਹੀ ਜਾ ਸਕਦੀ ਹੈ ਕਿ ਉਸ ਰਚਨਾ ਨੂੰ ਪੜ੍ਹ ਕੇ ਪੜ੍ਹਨ ਵਾਲਾ ਮੁੜ ਉਹ ਨਾ ਰਹੇ ਜੋ ਕਿ ਉਹ ਉਸ ਨੂੰ ਪੜ੍ਹਨ ਤੋਂ ਪਹਿਲਾਂ ਸੀ। ਸੁਖਮਨੀ ਸਾਹਿਬ ਦਾ ਸੰਗੀਤ ਪਹਾੜੀ ਚਸ਼ਮੇ ਵਾਂਗ ਨਿਰਮਲ ਤੇ ਸੀਤਲ ਹੈ ਤੇ ਇਸ ਨੂੰ ਇੱਕ ਵਾਰ ਸਵੇਰ ਵੇਲੇ, ਸਪਰਸ਼ ਕੀਤਿਆਂ ਮਨ ਦੀ ਦਸ਼ਾ ਦਾ ਹੁਲਾਸ ਉਹ ਹੋ ਜਾਂਦਾ ਹੈ, ਜੋ ਕਿ ਉਨ੍ਹਾਂ ਦੇ ਖ਼ਿਆਲ ਵਿੱਚ ਵੀ ਨਹੀਂ ਆ ਸਕਦਾ, ਜੋ ਆਪਣਾ ਦਿਨ ਧੁੱਪ ਚੜ੍ਹੇ ਉੱਠ ਕੇ ਤੇ ਬਿਸਤਰੇ ਵਿੱਚ ਹੀ ਚਾਹ ਪੀ ਕੇ ਸ਼ੁਰੂ ਕਰਦੇ ਹਨ। ਗੁਰੂ ਅਰਜਨ ਸਾਹਿਬ ਜੀ ਆਪ ਹੀ ਇਸ ਰਚਨਾ ਦੇ ਆਤਮ ਪ੍ਰਭਾਵ ਦੀ ਬਾਬਤ, ਆਖ਼ਰੀ ਅਸਟਪਦੀ ਵਿੱਚ ਲਿਖਦੇ ਹਨ:

ਜਿਸੁ ਮਨਿ ਬਸੈ ਸੁਨੈ ਲਾਇ ਪ੍ਰੀਤਿ॥
ਤਿਸੁ ਜਨ ਆਵੈ ਹਰਿ ਪ੍ਰਭੁ ਚੀਤਿ॥
ਜਨਮ ਮਰਨ ਤਾ ਕਾ ਦੂਖੁ ਨਿਵਾਰੈ ॥
ਦੁਲਭ ਦੇਹ ਤਤਕਾਲ ਉਧਾਰੈ॥
ਨਿਰਮਲ ਸੋਭਾ ਅੰਮ੍ਰਿਤ ਤਾ ਕੀ ਬਾਨੀ॥
ਏਕੁ ਨਾਮੁ ਮਨ ਮਾਹਿ ਸਮਾਨੀ ॥
ਦੂਖ ਰੋਗ ਬਿਨਸੇ ਭੈ ਭਰਮ ॥
ਸਾਧ ਨਾਮ ਨਿਰਮਲ ਤਾ ਕੇ ਕਰਮ॥
ਸਭ ਤੇ ਊਚ ਤਾ ਕੀ ਸੋਭਾ ਬਨੀ॥
ਨਾਨਕ ਇਹ ਗੁਣਿ ਨਾਮੁ ਸੁਖਮਨੀ ॥(ਅੰਗ 296)
(ਪੰਚਨਦ, ਸੰਪਾ: ਜੈਤੇਗ ਸਿੰਘ ਅਨੰਤ ਵਿਚੋਂ)

ਸਿਰਦਾਰ ਕਪੂਰ ਸਿੰਘ