16 views 14 secs 0 comments

ਸੁਣਨ ਸ਼ਕਤੀ ਦਾ ਮਹੱਤਵ

ਲੇਖ
September 13, 2025

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ‘ਜਪੁਜੀ’ ਸਾਹਿਬ ਇਕ ਅਦੁੱਤੀ ਸ਼ਾਹਕਾਰ, ਰੱਬੀ-ਰਹਿਮਤ ਦਾ ਰੂਹਾਨੀ ਚਸ਼ਮਾ, ਭਗਤੀ ਰਸ ਦਾ ਸੋਮਾ, ਜੀਵਨ-ਜਾਚ ਦੇ ਅਨਮੋਲ ਸਿਧਾਂਤਾਂ ਦਾ ਇਕ ਮਹਿਕਦਾ ਗੁਲਦਸਤਾ, ਈਸ਼ਵਰ ਪ੍ਰਾਪਤੀ ਦਾ ਇਕ ਸਰਲ ਸਰੋਤ ਏ। ਪਰਮਾਤਮਾ ’ਚ ਵਿਸ਼ਵਾਸ ਕਰਨਾ, ਉਸ ਨੂੰ ਮੰਨਣਾ, ਸਗੋਂ ਉਸ ਦੀ ਹੋਂਦ ’ਚ ਅਟੱਲ ਨਿਸਚਾ ਰੱਖਣਾ, ਉਸ ਦਾ ਨਾਮ ਸੁਣਨਾ ਅਤੇ ਉਸ ਦੇ ਸਿਮਰਨ ’ਚ ਲੀਨ ਹੋਣਾ ਹੀ ‘ਜਪੁਜੀ’ ਸਾਹਿਬ ਦਾ ਉਪਦੇਸ਼ ਏ ਅਤੇ ਆਦੇਸ਼ ਏ। ‘ਜਪੁਜੀ’ ਸਾਹਿਬ ਦੀਆਂ ਚਾਰ ਪਉੜੀਆਂ ਤਾਂ ਪਰਮਾਤਮਾ ਦਾ ਨਾਮ ਸੁਣਨ ਦੇ ਹੀ ਮਹੱਤਵ ਨੂੰ ਸਮਰਪਿਤ ਹਨ। ਪਰਮਾਤਮਾ ਦਾ ਨਾਮ ਸੁਣਨ ਨਾਲ ਸਬਰ, ਸੰਤੋਖ ਅਤੇ ਗਿਆਨ ਪ੍ਰਾਪਤ ਹੁੰਦਾ ਹੈ ਅਤੇ ਨਾ-ਕੇਵਲ ਕਲੇਸ਼ ਅਤੇ ਸੰਤਾਪ ਮਿਟ ਜਾਂਦੇ ਹਨ, ਸਗੋਂ ਜਨਮ ਮਰਨ ਦੀ ਫਾਹੀ ਵੀ ਕੱਟੀ ਜਾਂਦੀ ਹੈ।
ਸੁਣਨ ਸ਼ਕਤੀ, ਦਾਤਾਰ ਵੱਲੋਂ ਮਨੁੱਖ ਨੂੰ ਇਕ ਵਡਮੁੱਲੀ ਦੇਣ ਹੈ। ਦਾਤਾਰ ਨੇ ਜੀਭ ਇਕ ਬਖਸ਼ੀ ਏ, ਪਰ ਕੰਨ ਦੋ। ਸ਼ਾਇਦ ਸੁਣਨ ਦੇ ਮਹੱਤਵ ’ਤੇ ਜ਼ਿਆਦਾ ਬਲ ਦਿੱਤਾ ਏ ਤਾਂ ਜੋ ਮਨੁੱਖ ਚੁਫੇਰਿਓਂ, ਉਸ ਕਾਦਰ ਦਾ ਸੁਨੇਹਾ, ਕੁਦਰਤ ਦੇ ਜਲਵਿਆਂ ਦੇ ਪੈਗ਼ਾਮ ’ਚੋਂ ਸੁਣ ਸਕੇ। ਮਨੁੱਖ ਕਾਦਰ ਦੀ ਕੁਦਰਤ ਦਾ ਕਾਇਲ ਹੋ ਕੇ, ਇਸੇ ਸੁਣਨ ਸ਼ਕਤੀ ਦੁਆਰਾ ਵਰਖਾ ਦੀ ਰੁਣ-ਝੁਣ, ਹਨੇਰੀ ਦੀ ਸ਼ਾਂ-ਸ਼ਾਂ, ਹਵਾਵਾਂ ਦੀ ਥਰਕਣ, ਬੱਦਲਾਂ ਦੀ ਗੜਗੜਾਹਟ ਪੰਛੀਆਂ ਦੀ ਚਹਿਕ ਅਤੇ ਝਰਨਿਆਂ ਦੀਆਂ ਕਲ-ਕਲ ਕਰਨ ਜਿਹੀਆਂ ਅਵਾਜ਼ਾਂ ਨੂੰ ਜਾਣ ਸਕੇ। ਭਿੰਨ-ਭਿੰਨ ਜੀਵ-ਜੰਤੂਆਂ ਅਤੇ ਜਾਨਵਰਾਂ ਦੀਆਂ ਅਵਾਜ਼ਾਂ ਪਹਿਚਾਣ ਸਕੇ ਅਤੇ ਵਿਸ਼ੇਸ਼ ਰੂਪ ’ਚ ਮਨੁੱਖ ਦੇ ਭਾਂਤ-ਭਾਂਤ ਦੇ ਬੋਲਾਂ ਨੂੰ ਸਮਝ ਸਕੇ, ਜਾਂਚ ਸਕੇ ਅਤੇ ਪਰਖ ਸਕੇ। ਸਮੇਂ ਸਿਰ ਕੁਦਰਤੀ ਵਾਤਾਵਰਨ ਕਿਹੋ ਜਿਹਾ ਰਾਗ ਅਲਾਪ ਰਿਹਾ ਹੈ? ਇਸ ਵੱਲ ਕੰਨ ਧਰਨਾ ਵੀ ਜ਼ਰੂਰੀ ਏ, ਜੋਕਿ ਸੁਣਨ ਸ਼ਕਤੀ ਕਰਕੇ ਹੀ ਸੰਭਵ ਹੈ।
ਗਿਆਨ ਦੇ ਨੇਤਰ ਹਰ ਵਿਅਕਤੀ ਲਈ ਅਨਮੋਲ ਹਨ। ਇਨ੍ਹਾਂ ਨੇਤਰਾਂ ’ਚ ਵਾਸਤਵਿਕ ਚਮਕ ਸਿਆਣਪ ਅਤੇ ਸੂਝ-ਬੂਝ ਦੀ ਹੁੰਦੀ ਏ। ਉਸ ਸੁਣਨ ਸ਼ਕਤੀ ਦਾ ਗਿਆਨ ਕਿਸ ਲੇਖੇ, ਜੇ ਵਿਅਕਤੀ ਨੂੰ ਏਨੀ ਵੀ ਅਕਲ ਨਾ ਹੋਵੇ ਕਿ ‘ਕੀ ਸੁਣਨਾ ਏ, ਕਿਸ ਤਰ੍ਹਾਂ ਸੁਣਨਾ ਏ ਅਤੇ ਕਾਹਦੇ ਲਈ ਸੁਣਨਾ ਏ? ਜੇ ਸੱਚ-ਮੁੱਚ ਮਨੁੱਖ ਇਨ੍ਹਾਂ ਪ੍ਰਸ਼ਨਾਂ ਦੇ ਉੱਚਿਤ ਉੱਤਰਾਂ ਬਾਰੇ ਗੰਭੀਰ ਏ ਅਤੇ ਸੁਚੇਤ ਏ, ਫਿਰ ਉਹ ਜੀਵਨ-ਜਾਚ ਦਾ ਰਸ ਘੋਲਣਾ ਵੀ ਜਾਣਦਾ ਏ ਅਤੇ ਜੀਵਨ ਦਾ ਰਸ ਮਾਣਨਾ ਵੀ ਜਾਣਦਾ ਏ।
ਬਹੁਤੀ ਵਾਰੀ ਅਜਿਹੀ ਸਥਿਤੀ ਪੱਖੋਂ, ਮਨੁੱਖ ਬੇਵੱਸ ਅਤੇ ਲਾਚਾਰ ਹੋ ਜਾਂਦਾ ਏ। ਇੱਛਾ ਵਿਰੁੱਧ ਧੱਕੇ ਨਾਲ ਚੰਗੇ-ਮੰਦੇ ਬੋਲ, ਸੁਣਨ ਸ਼ਕਤੀ ਨੂੰ ਪ੍ਰਭਾਵਿਤ ਕਰਦੇ ਹਨ। ਭਾਵੇਂ ਇਨ੍ਹਾਂ ਬੋਲਾਂ ਪ੍ਰਤੀ ਵਿਅਕਤੀ ਰੁਚਿਤ ਹੋਵੇ ਜਾਂ ਨਾ ਹੋਵੇ। ਹਰ ਤਰ੍ਹਾਂ ਦੇ ਵਾਤਾਵਰਨ ’ਚੋਂ ਵਿਚਰਨਾ ਸੁਭਾਵਿਕ ਏ। ਨਾ ਹਰ ਵੇਲੇ ਬੰਦ ਕਮਰੇ ’ਚ ਬੈਠਾ ਜਾ ਸਕਦਾ ਏ ਤੇ ਨਾ ਹੀ ਹਰ ਵੇਲੇ ਕੰਨਾਂ ’ਚ ਰੂੰਅ ਦਿੱਤਾ ਜਾ ਸਕਦਾ ਏ। ਪ੍ਰਭਾਵ ਨੂੰ ਕਬੂਲਣਾ ਜਾਂ ਨਾ ਕਬੂਲਣਾ ਵਿਅਕਤੀ ’ਤੇ, ਨਿਰਭਰ ਕਰਦਾ ਏ। ਜੇ ਕੋਈ ਸੁਰੀਲੀ ਅਵਾਜ਼ ਕੰਨਾਂ ’ਚ ਰਸ ਘੋਲੇਗੀ ਤਾਂ ਕਾਟਵੇਂ ਬੋਲ ਵਿਅਕਤੀ ਨੂੰ ਬਿੱਛੂ ਦੀ ਤਰ੍ਹਾਂ ਡੰਗ ਵੀ ਮਾਰਣਗੇ।
ਵੈਸੇ ਆਮ ਜੀਵਨ ’ਚ ਵਾਰਤਾਲਾਪ ਸਮੇਂ ਮਿੱਠੇ, ਮਧੁਰ, ਸੰਗੀਤਕ ਅਤੇ ਪਿਆਰ-ਭਿੱਜੇ ਬੋਲ ਸਾਧਾਰਨ ਵਿਅਕਤੀ ਨੂੰ ਕੀਲ ਲੈਂਦੇ ਹਨ। ਅਜਿਹੇ ਬੋਲ ਕੰਨਾਂ ਨੂੰ ਰਾਸ ਹੁੰਦੇ ਹਨ, ਦਿਲ ਨੂੰ ਲੁਭਾਉਂਦੇ ਹਨ, ਦਿਮਾਗ ਨੂੰ ਤ੍ਰਿਪਤ ਕਰਦੇ ਹਨ, ਅੰਗ ਅੰਗ ਨੂੰ ਹਰਸ਼ਾਉਂਦੇ ਹਨ ਅਤੇ ਵਿਅਕਤੀ ਨੂੰ ਸਹਿਜ ਅਵਸਥਾ ’ਚ ਲਿਆਉਂਦੇ ਹਨ। ਅਜਿਹਾ ਵਿਅਕਤੀ ਸੁਖਦ, ਅਨੰਦਿਤ ਅਤੇ ਸ਼ਾਂਤ ਅਵਸਥਾ ’ਚ ਮਹਿਸੂਸਦਾ ਹੈ। ਪਰ ਕਾਟਵੇਂ, ਸਾੜਵੇਂ, ਚੁਭਵੇਂ, ਖਰ੍ਹਵੇ, ਭੜਕੀਲੇ ਅਤੇ ਉਤੇਜਨਾ ਭਰੇ ਬੋਲ, ਨਾ ਕੇਵਲ ਕੰਨਾਂ ਨੂੰ ਅੱਖਰਦੇ ਸਗੋਂ ਦਿਲਾਂ ’ਚ ਭੜਥੂ ਪਾਉਂਦੇ ਅਤੇ ਦਿਮਾਗ ’ਤੇ ਗਹਿਰਾ ਅਸਰ ਕਰਦੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਫੁਰਮਾਨ ਹੈ:
ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ॥
ਫਿਕੋ ਫਿਕਾ ਸਦੀਐ ਫਿਕੇ ਫਿਕੀ ਸੋਇ॥ (ਪੰਨਾ ੪੭੩)
ਚੰਗੇ ਬੂਟਿਆਂ ਦੀ ਛਾਂ ਸੁਹਾਵਣੀ ਅਤੇ ਰਹਿਮਤ ਭਰੀ ਹੁੰਦੀ ਏ। ਚੰਗੀ ਸੰਗਤ ਹੀ ਜੀਵਨ ਦਾ ਨੈਤਿਕ ਪੱਖ ਸਜਾਉਂਦੀ ਏ। ਚੰਗੀ ਸੰਗਤ ’ਚ ਵਿਚਾਰ-ਵਟਾਂਦਰੇ ਦੌਰਾਨ ਉਪਜੇ ਉੱਚੇ ਕਥਨ, ਸੁੱਚੇ ਪ੍ਰਵਚਨ ਅਤੇ ਅਨਮੋਲ ਦ੍ਰਿਸ਼ਟਾਂਤ, ਸੁਣਨ ਸ਼ਕਤੀ ਲਈ ਵਰਦਾਨ ਸਿੱਧ ਹੁੰਦੇ ਹਨ। ਅਜਿਹੀ ਅਵਸਥਾ ਸਮੇਂ ਸੁਣਨ ਸ਼ਕਤੀ ਵਿਅਕਤੀ ਦੇ ਵਿਚਾਰਾਂ ਅਤੇ ਵਲਵਲਿਆਂ ਨੂੰ ਟੁੰਬਦੀ ਏ, ਦਿਲਾਂ ਨੂੰ ਹਲੂਣਦੀ ਏ ਅਤੇ ਅੰਮ੍ਰਿਤ-ਮਈ ਮੇਵਿਆਂ ਨੂੰ ਝੂਣਦੀ ਏ। ਹਕੀਕਤ ਇਹ ਹੈ ਕਿ ਸੁਣਨ ਸ਼ਕਤੀ ਤਾਂ ਆਪਣੇ ਵੱਲੋਂ ਚੰਗੇ ਜਾਂ ਮੰਦੇ ਸੁਣੇਂਦੇ ਬੋਲਾਂ ਨਾਲ ਇਨਸਾਫ ਕਰਕੇ ਰਾਜ਼ੀ ਹੁੰਦੀ ਏ। ਸੁਣਨ ਸ਼ਕਤੀ ਤੋਂ ਪ੍ਰਭਾਵਿਤ ਹੋ ਕੇ, ਮਨੁੱਖ ਦਾ ਮਨ ਅਜਿਹੇ ਕਾਰਜ ’ਚ ਅੜਿੱਕਾ ਡਾਹੁੰਦਾ ਏ ਜਾਂ ਸਹਾਇਕ ਹੁੰਦਾ ਏ, ਇਹ ਤਾਂ ਮਨ ਦੀ ਚੰਗੀ ਜਾਂ ਮੰਦੀ ਕਾਰਕਰਦਗੀ ’ਤੇ ਨਿਰਭਰ ਕਰਦਾ ਏ। ਸੁਣਨ ਸ਼ਕਤੀ ਦਾ ਵਾਸਤਵਿਕ ਆਸ਼ਾ ਤਾਂ ਆਪਣੇ ਪ੍ਰਵੇਸ਼ ਦੁਆਰ ਨੂੰ ਖੁੱਲ੍ਹਾ ਰੱਖ ਕੇ ਦਿਲ-ਦਿਮਾਗ ਤਕ ਸੰਦੇਸ਼ ਨੂੰ ਪਹੁੰਚਾਉਣਾ ਏ। ਸੋਚ ਸ਼ਕਤੀ ਦਾ ਕੰਮ ਏ ਵਿਚਾਰਾਂ ਨੂੰ ਨਾਕਾਰਨਾ ਜਾਂ ਸਵੀਕਾਰਨਾ। ਸੁਣਨ ਸ਼ਕਤੀ ਤਾਂ ਇਕ ਸੰਦੇਸ਼-ਵਾਹਕ ਏ। ਇਹ ਨਿਰਣਾਇਕ ਸ਼ਕਤੀ ਤੋਂ ਵੰਚਿਤ ਏ। ਚੰਗੀ ਸੰਗਤ ਇਸ ਪੱਖੋਂ ਹੋਰ ਮਹੱਤਵਪੂਰਨ ਬਣ ਜਾਂਦੀ ਏ, ਕਿ ਸਾਧਾਰਨ ਮਨੁੱਖ ਲਾਹਾ ਲੈਣ ਪੱਖੋਂ ਜੇ ਰੋਸ਼ਨ ਜ਼ਮੀਰ ਨਹੀਂ ਬਣ ਸਕਿਆ ਤੇ ਨਾ ਸਹੀਂ, ਘੱਟੋ-ਘੱਟ ਉਹ ਕੁਕਰਮ ਜਿਹੇ ਕਾਲੇ ਦਾਗ ਤੋਂ ਤਾਂ ਬਚਿਆ ਰਿਹਾ ਏ। ਇਸ ਲਈ ਸਿਆਣਾ ਮਨੁੱਖ ਕੁਸੰਗਤੀ ਦੇ ਹਾਸੋ-ਹੀਣੇ, ਵਿਅਰਥ ਅਤੇ ਭਾਵ-ਰਹਿਤ ਬੋਲਾਂ ਤੋਂ ਦੂਰ ਰਹਿਣ ਲਈ ਹੀ ਯਤਨਸ਼ੀਲ ਹੁੰਦਾ ਹੈ। ਉਹ ਇਹੋ ਜਿਹੀ ਸੰਗਤ ਦਾ ਸ਼ੈਦਾਈ ਹੁੰਦਾ ਹੈ ਜਿਸ ਵਿਚ ਹਰੀ ਦਾ ਨਾਮ ਹੋਵੇ। ਸ੍ਰੀ ਗੁਰੂ ਅਰਜਨ ਦੇਵ ਜੀ ਫੁਰਮਾਉਂਦੇ ਹਨ:
ਸਾਧ ਕੈ ਸੰਗਿ ਸੁਨਉ ਹਰਿ ਨਾਊ॥ ਸਾਧਸੰਗਿ ਹਰਿ ਕੇ ਗੁਨ ਗਾਉ॥ (ਪੰਨਾ ੨੭੧)
ਵਾਸਤਵ ’ਚ ਸਰੋਤੇ ਦੀ ਜਗਿਆਸੂ ਬਿਰਤੀ, ਵਿਚਾਰਾਂ ਦੀ ਰੌਚਿਕਤਾ, ਬੁਲਾਰੇ ਦਾ ਵਿਅਕਤਿਤਵ ਅਤੇ ਉਸ ਦਾ ਅੰਦਾਜ਼-ਏ-ਬਿਆਨ, ਸਰੋਤੇ ਦੀ ਸੁਣਨ ਸ਼ਕਤੀ ਲਈ ਬੜੇ ਸਹਾਇਕ ਅਤੇ ਬੜੇ ਪ੍ਰਭਾਵੀ ਹੁੰਦੇ ਹਨ। ਜੇ ਸੁਣਨ ਸਮੇਂ ਸਰੋਤਾ ਸੁਣਨ ਪੱਖੋਂ ਸਾਵਧਾਨ ਹੋਵੇ, ਸੁਚੇਤ ਅਤੇ ਚੌਕਸ ਹੋਵੇ, ਸੁਰਤੀ ਅਤੇ ਬਿਰਤੀ ਪੱਖੋਂ ਮਗਨ ਚਿੱਤ ਹੋਵੇ ਅਤੇ ਵਿਸ਼ੇਸ਼ ਰੂਪ ’ਚ ਸੁਣਨ ਦੀ ਉਤਸ਼ਾਹਿਤ ਪ੍ਰਵਿਰਤੀ ਪੱਖੋਂ ਪ੍ਰੇਰਿਤ ਹੋਵੇ। ਅਜਿਹੇ ਸਮੇਂ ਬੋਲੇ ਹੋਏ ਬੋਲ, ਸਰੋਤੇ ਦੇ ਦਿਲ ਅਤੇ ਦਿਮਾਗ ’ਚ ਆਪ ਮੁਹਾਰੇ ਉਤਰ ਜਾਂਦੇ ਹਨ। ਅਜਿਹੇ ਚੰਗੇ ਵਿਚਾਰ ਬਹੁਤੀ ਵਾਰੀ ਪੱਕਾ ਡੇਰਾ ਵੀ ਲਾ ਲੈਂਦੇ ਹਨ। ਕਈ ਵਾਰੀ ਤਾਂ ਵਕਤ ਦੇ ਅਨਮੋਲ ਵਿਚਾਰ ਸਰੋਤੇ ਦੀ ਬੇਰੁਖ਼ੀ ਅਤੇ ਅਣਗਹਿਲੀ ਕਾਰਨ ਘੱਟੇ ਕੌਡੀਆਂ ’ਚ ਰੁਲ ਜਾਂਦੇ ਹਨ।
ਸੰਵੇਦਨਸ਼ੀਲਤਾ, ਇਕਸੁਰਤਾ ਅਤੇ ਇਕਾਗਰਤਾ ਸੁਣਨ ਸ਼ਕਤੀ ਦੇ ਮਹੱਤਵਪੂਰਨ ਲੱਛਣ ਹਨ। ਵਿਚਾਰਾਂ ਨੂੰ ਤ੍ਰਿਸਕਾਰਨਾ ਜਾਂ ਸਤਿਕਾਰਨਾ ਬਾਅਦ ਦਾ ਪੜਾਅ ਹੈ। ਕੋਈ ਪੁਕਾਰ ਹੋਵੇ ਜਾਂ ਫਿਰ ਕਿਸੇ ਦੁਖੀ ਮਾਨਵਤਾ ਦੀ ਹੂਕ ਹੋਵੇ। ਠੀਕ ਹੀ ਕਿਹਾ ਗਿਆ ਹੈ ਕਿ “ਨਗਾਰਖਾਨੇ ’ਚ ਤੂਤੀ ਦੀ ਆਵਾਜ਼ ਕੌਣ ਸੁਣਦਾ ਏ?”
ਬੇਵੱਸ ਅਤੇ ਲਾਚਾਰ ਮਨੁੱਖ ਭਾਵੇਂ ਰੋਏ, ਪਿੱਟੇ, ਚੀਕੇ, ਪਰ ਸਮਾਜ ਦੇ ਕੰਨਾਂ ’ਤੇ ਜੂੰ ਤਕ ਨਹੀਂ ਸਰਕਦੀ। ਕਿਸੇ ਦੀ ਮੁਸੀਬਤ ’ਚ ਬਹੁੜਨ ਦੀ ਤਾਂ ਗੱਲ ਹੀ ਛੱਡੋ, ਕੋਈ ਕਿਸੇ ਦੁਖਿਆਰੇ ਦੀ ਦਰਦ ਭਰੀ ਦਾਸਤਾਂ ਵੀ ਸੁਣ ਕੇ ਰਾਜ਼ੀ ਨਹੀਂ।
ਕੰਨਾਂ ਤੋਂ ਕੱਚੇ ਵਿਅਕਤੀ ਤਾਂ ਇਕ ਕੰਨੋਂ ਗੱਲ ਸੁਣ ਕੇ, ਝੱਟ ਦੂਜੇ ਕੰਨੋਂ ਕੱਢ ਦਿੰਦੇ ਹਨ। ਅਜਿਹੇ ਵਿਅਕਤੀ ਹੋਛੇ, ਥੁੜ੍ਹ-ਦਿਲੇ ਅਤੇ ਗੰਭੀਰਤਾ ਤੋਂ ਸੱਖਣੇ ਹੁੰਦੇ ਹਨ। ਵਾਸਤਵਿਕਤਾ ਇਹ ਹੈ ਕਿ ਗੱਲਾਂ ਸੁਣਨ ਦਾ ਚਸਕਾ ਰੱਖਣ ਵਾਲੇ ਤਾਂ ਨਿਰੋਲ ਹੁੰਦੇ ਚੁਗਲਖੋਰ ਹਨ। ਉਹ ਚੁਗਲੀ ਤੇ ਨਿੰਦਿਆ ਕਰਦੇ ਹਨ ਤੇ ਆਪਣੇ ਵਰਗੇ ਦੂਜੇ ਨਿੰਦਕਾਂ ਨੂੰ ਸੁਣਾਉਂਦੇ ਹਨ ਪਰੰਤੂ ਗੁਰਬਾਣੀ ਵਿਚ ਨਿੰਦਿਆ/ਚੁਗਲੀ ਕਰਨ ਤੇ ਸੁਣਨ (ਜੋਕਿ ਸੁਣਨ ਦੇ ਨਕਾਰਾਤਮਕ ਪੱਖ ਹਨ) ਅਜਿਹੇ ਲੋਕਾਂ ਤੋਂ ਬਚਣ ਲਈ ਹੀ ਤਾਂ ਕਿਹਾ ਜਾਂਦਾ ਕਿ ਭੇਦਭਰੀ ਗੱਲ ਪਰਦੇ ’ਚ ਕਰੋ। ਕੇਵਲ ਤੇ ਕੇਵਲ ਆਪਣੀ ਦੁਖ-ਪੀੜਾ ਅਕਾਲ ਪੁਰਖ ਨੂੰ ਸੁਣਾਓ। ਕੇਵਲ ਸੁਚੱਜੇ ਵਿਚਾਰਾਂ ਵੱਲ ਅਤੇ ਪ੍ਰਭੂ ਦਾ ਨਾਮ ਸੁਣਨ ਵੱਲ, ਕੰਨ ਦੇਣਾ ਸਾਡਾ ਫਰਜ਼ ਵੀ ਏ, ਕਰਮ ਵੀ ਏ ਅਤੇ ਧਰਮ ਵੀ ਏ। ਅਜਿਹਾ ਮਹੱਤਵ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਇਸ ਤਰ੍ਹਾਂ ਫੁਰਮਾਉਂਦੇ ਹਨ ਸੁਨਤ ਜਪਤ ਹਰਿ ਨਾਮ ਜਸੁ ਤਾ ਕੀ ਦੂਰਿ ਬਲਾਈ ਅਤੇ ਫਿਰ ਇਹ ਵੀ ਫੁਰਮਾਉਂਦੇ ਹਨ ਕਿ ਭਗਤ ਜਨਾ ਕੀ ਬੇਨਤੀ ਸੁਣੀ ਪ੍ਰਭਿ ਆਪਿ ਆਪਣੀਆਂ ਆਦਤਾਂ ਕਾਰਨ ਅਸੀਂ ਸੁਣ ਸੁਣ ਰੀਣੇ ਕੰਨ ਦੀ ਅਵਸਥਾ ਤਕ ਪੁੱਜ ਜਾਂਦੇ ਹਾਂ ਪਰ ਅਸੀਂ ਬੇਮਤਲਬ, ਵਿਅਰਥ ਅਤੇ ਨਿੰਦਣਯੋਗ ਸ਼ਬਦ ਸੁਣੀਂ ਜਾਣ ਤੋਂ ਬਾਜ਼ ਨਹੀਂ ਆਉਂਦੇ।
ਹਕੀਕਤ ਤਾਂ ਇਹ ਹੈ ਕਿ ਅਜੋਕਾ ਦੌਰ, ਸ਼ੋਰ-ਸ਼ਰਾਬੇ ਜਾਂ ਫਿਰ ਰੌਲੇ-ਗੌਲੇ ਦੇ ਪ੍ਰਦੂਸ਼ਣ ਦਾ ਹੀ ਹੈ। ਇਸ ਦੁਨਿਆਵੀ ਸ਼ੋਰ ਕਾਰਨ ਕੰਨਾਂ ਅਤੇ ਮਨ ਨੂੰ ਭੋਰਾ ਜਿੰਨਾ ਵੀ ਚੈਨ ਨਹੀਂ ਕਿ ਉਹ ਆਪਣੇ ਅੰਦਰਲੀ ਅਵਾਜ਼ ਨੂੰ ਸੁਣ ਸਕੇ। ਸੱਚ ਨੂੰ ਪਛਾਣ ਸਕੇ ਤੇ ਅਕਾਲ ਪੁਰਖ ਦੀ ਅਰਾਧਨਾ ਕਰ ਸਕੇ। ਚੰਗੀ ਸ੍ਰਵਣ ਸ਼ਕਤੀ ਤਾਂ ਉਹ ਹੈ ਜੋ ਸੇ੍ਰਸ਼ਠ ਵਿਚਾਰਾਂ ਨੂੰ ਗਹੁ ਨਾਲ, ਧੀਰਜ ਨਾਲ ਅਤੇ ਸਹਿਜ ਨਾਲ ਸੁਣੇ ਅਤੇ ਇਕ ਸੁਚੱਜਾ ਸੰਦੇਸ਼-ਵਾਹਕ ਬਣ ਕੇ ਉਨ੍ਹਾਂ ਵਿਚਾਰਾਂ ਨੂੰ ਮਨ ਤਕ ਪਹੁੰਚਾਉਣ ਦਾ ਪ੍ਰਭਾਵੀ ਅੰਦਾਜ਼ ਵਿਖਾਏ।

-ਪ੍ਰਿੰ. ਜੋਗਿੰਦਰ ਸਿੰਘ