-ਡਾ. ਸਤਿੰਦਰ ਪਾਲ ਸਿੰਘ
ਜੀਵਨ ਸਦਾ ਤੋਂ ਹੀ ਇਕ ਗੁੰਝਲਦਾਰ ਸਵਾਲ ਰਿਹਾ ਹੈ। ਪਰਮਾਤਮਾ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ, ਜਲ, ਥਲ, ਪਰਬਤ ਬਣਾਏ, ਅਕਾਸ਼ ਤੇ ਪਾਤਾਲ ਬਣਾਏ। ਅਣਗਿਣਤ ਜੀਵ ਬਣਾਏ, ਮਨੁੱਖ ਉਸ ਦੀ ਸਰਵ ਸ੍ਰੇਸ਼ਟ ਰਚਨਾ ਮੰਨੀ ਜਾਂਦੀ ਹੈ। ਸੁੰਨ ਨੂੰ ਬ੍ਰਹਿਮੰਡ ਦੀ ਵਿਸ਼ਾਲ ਰਚਨਾ ’ਚ ਬਦਲਣ ਪਿੱਛੇ ਪਰਮਾਤਮਾ ਦਾ ਕੀ ਮਨੋਰਥ ਸੀ ਉਹ ਆਪ ਹੀ ਜਾਣ ਸਕਦਾ ਹੈ ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ ਪਰ ਮਨੁੱਖ ਲਈ ਜ਼ਰੂਰੀ ਸੀ ਕਿ ਉਹ ਪਰਮਾਤਮਾ ਦੁਆਰਾ ਬਖਸ਼ੇ ਆਪਣੇ ਜੀਵਨ ਦਾ ਰਹੱਸ ਸਮਝੇ। ਪਤਾ ਹੋਵੇ ਕਿ ਕਿੱਥੇ ਪੁੱਜਣਾ ਹੈ? ਤਾਂ ਚੱਲਣ ਦਾ ਉਤਸ਼ਾਹ ਬਣਿਆ ਰਹਿੰਦਾ ਹੈ। ਇਹ ਸਭ ਤੋਂ ਕਠਿਨ ਸੀ। ਲੋਕਾਂ ਨੇ ਆਪਣੀ ਮੱਤ ਨਾਲ ਆਪੋ-ਆਪਣੇ ਟੀਚੇ ਤੈਅ ਕਰ ਲਏ। ਮਾਇਆ ਦੇ ਭਰਮ ’ਚ ਕਿਸੇ ਨੂੰ ਧਨ – ਦੌਲਤ, ਕਿਸੇ ਨੂੰ ਸਮਾਜਿਕ ਜਾਂ ਰਾਜਸੀ ਤਾਕਤ, ਕਿਸੇ ਨੂੰ ਮਾਣ-ਪ੍ਰਤਿਸ਼ਠਾ ਤੇ ਕਿਸੇ ਨੂੰ ਇੰਦ੍ਰਿਆਂ ਦੇ ਰਸ ਭਾਵਨ ਲੱਗ ਪਏ। ਲੋਕਾਂ ਨੇ ਇਨ੍ਹਾਂ ਨੂੰ ਹੀ ਜੀਵਨ ਦਾ ਮਨੋਰਥ ਬਣਾ ਲਿਆ। ਸਾਰਿਆਂ ਦੇ ਮਾਰਗ ਵੱਖ-ਵੱਖ ਸਨ, ਉਨ੍ਹਾਂ ਦੀ ਤਾਕਤ ਦੇ ਸ੍ਰੋਤ ਵੀ ਵੱਖ-ਵੱਖ ਹੋ ਗਏ ਕਿਸੇ ਨੇ ਪਰਵਾਰ, ਮਿੱਤਰਾਂ ’ਤੇ ਭਰੋਸਾ ਕਰ ਲਿਆ, ਕਿਸੇ ਨੇ ਸਮਾਜ ਦੇ ਸ਼ਕਤੀਸ਼ਾਲੀ, ਅਸਰਦਾਰ ਲੋਕਾਂ ’ਤੇ। ਸਦੀਆਂ ਬੀਤ ਗਈਆਂ, ਲੋਕ ਭਰਮਾਂ ਅੰਦਰ ਜੀਵਨ ਖੁਆਰ ਕਰਦੇ ਰਹੇ। ਫਿਰ ਕੁਦਰਤ ਮਿਹਰਬਾਨ ਹੋਈ। ਇਲਾਹੀ ਦ੍ਰਿਸ਼ਟੀ ਦੇ ਸੁਆਮੀ ਗੁਰੂ ਨਾਨਕ ਸਾਹਿਬ ਦਾ ਸੰਸਾਰ ਅੰਦਰ ਆਗਮਨ ਹੋਇਆ ਤੇ ਆਪ ਨੇ ਭਰਮਾਂ ਦੇ ਇਸ ਸੰਘਣੇ ਜਾਲ ਤੋਂ ਲੋਕਾਈ ਨੂੰ ਬਾਹਰ ਕੱਢਣ ਦਾ ਉਪਕਾਰ ਕੀਤਾ। ਗੁਰੂ ਸਾਹਿਬ ਨੇ ਕਿਹਾ ਕਿ ਮਾਇਆ ਤੇ ਵਿਕਾਰਾਂ ਦੇ ਭਰਮ ਆਵਾਗਮਨ ਦੇ ਫੇਰ ’ਚ ਪਾਈ ਰੱਖਦੇ ਹਨ:
ਭਰਮਾਤਿ ਭਰਮੁ ਨ ਚੂਕਈ ਜਗੁ ਜਨਮਿ ਬਿਆਧਿ ਖਪੰ॥
ਅਸਥਾਨੁ ਹਰਿ ਨਿਹਕੇਵਲ ਸਤਿ ਮਤੀ ਨਾਮ ਤਪੰ॥ (ਪੰਨਾ 505)
ਉਪਰੋਕਤ ਬਚਨ ਰਾਹੀਂ ਗੁਰੂ ਸਾਹਿਬ ਨੇ ਜੀਵਨ ਦੇ ਤਿੰਨ ਮੁੱਢਲੇ ਸਿਧਾਂਤ ਅਸਥਾਪਤ ਕੀਤੇ। ਪਹਿਲਾ ਸੀ— ਪਰਮਾਤਮਾ ਦੀ ਸੱਤਾ ਦਾ, ਦੂਜਾ— ਬ੍ਰਹਮ ਗਿਆਨ ਦਾ ਅਤੇ ਤੀਜਾ— ਨਾਮ ਸਿਮਰਨ ਦਾ। ਗੁਰੂ ਸਾਹਿਬ ਨੇ ਇਨ੍ਹਾਂ ਸਿਧਾਂਤਾਂ ’ਤੇ ਚੱਲਣ ਨੂੰ ਸੱਚਾ ਤਪ ਮੰਨਿਆ। ਪਰਮਾਤਮਾ ਦੇ ਰਾਜ ਸੋ ਪੁਰਖੁ ਨਿਰੰਜਨੁ ਹਰਿ ਪੁਰਖੁ ਨਿਰੰਜਨੁ ਹਰਿ ਅਗਮਾ ਅਗਮ ਅਪਾਰਾ ਨੂੰ ਸਵੀਕਾਰ ਕਰਨ ਦਾ ਅਰਥ ਸੀ— ਆਪਣੇ ਆਪ ਨੂੰ ਮਿਟਾ ਦੇਣਾ, ਸੰਸਾਰਕ ਭਰੋਸੇ ਤੋੜ ਦੇਣਾ ਤੇ ਦਾਸ ਭਾਵਨਾ ਅੰਦਰ ਪ੍ਰਵੇਸ਼ ਕਰਨਾ ਤੂੰਹੀ ਮਾਨ ਤੂਹੀ ਧਾਨ ਤੂਹੀ ਪਤਿ ਤੂਹੀ ਪ੍ਰਾਨ ਸੱਚੇ ਗਿਆਨ ਨੂੰ ਧਾਰਨ ਕਰਨ ਤੋਂ ਭਾਵ ਸੀ— ਨਿਰਲੇਪੀ, ਸਹਿਜ, ਨਿਰਦੋਖੀ, ਸੰਜਮੀ, ਸਮਦਰਸ਼ੀ ਤੇ ਪਰਉਪਕਾਰੀ ਦ੍ਰਿਸ਼ਟੀ ਵਾਲਾ ਹੋ ਜਾਣਾ। ਨਾਮ ਸਿਮਰਨ ਇੱਕ ਪਰਮਾਤਮਾ ’ਤੇ ਭਰੋਸਾ ਭਜੁ ਮਨ ਮੇਰੇ ਏਕੋ ਨਾਮ ਵਿਕਾਰਾਂ, ਮਾਇਆ ਦੇ ਬੰਧਨਾਂ ਤੋ ਮੁਕਤੀ ਬੰਧਨ ਤੋੜਿ ਬੋਲਾਵੈ ਰਾਮੁ ਗੁਣਾਂ ਦੀ ਪ੍ਰਾਪਤੀ ਹਰਿ ਨਾਮੁ ਵਡਾਈ ਹਰਿ ਨਾਮੁ ਸਖਾਈ ਤੇ ਸਾਰੇ ਕਲੇਸ਼ ਸੰਤਾਪ ਹਰ ਲੈਣ ਵਾਲਾ ਹਰਿ ਹਰਿ ਨਾਮੁ ਦੀਓ ਗੁਰਿ ਅਵਖਧੁ ਉਤਰਿ ਗਇਓ ਸਭੁ ਤਾਪ ਸੀ। ਗੁਰੂ ਸਾਹਿਬਾਨ ਨੇ ਫੁਰਮਾਇਆ ਕਿ ਮਨੁੱਖ ਦੇ ਅੱਗੇ ਦੋ ਹੀ ਰਾਹ ਹਨ, ਪਹਿਲਾ— ਪਰਮਾਤਮਾ ਦਾ ਹੁਕਮ ਮੰਨੇ ਜਾਂ ਆਪਣੀ ਮਤਿ ਨਾਲ ਜੀਵਨ ਜੀਵੇ। ਮਨੁੱਖ ਦੀ ਦੁਬਿਧਾ ਦੂਰ ਕਰਦਿਆਂ ਵਾਰ-ਵਾਰ ਪਰਮਾਤਮਾ ਦੇ ਹੁਕਮ ਅਨੁਸਾਰ ਜੀਵਨ ਦੀ ਪ੍ਰੇਰਨਾ ਕੀਤੀ ਗਈ:
ਛਾਡਿ ਸਗਲ ਸਿਆਣਪਾ ਸਾਧ ਸਰਣੀ ਆਉ॥
ਪਾਰਬ੍ਰਹਮ ਪਰਮੇਸਰੋ ਪ੍ਰਭੂ ਕੇ ਗੁਣ ਗਾਉ॥ (ਪੰਨਾ 501)
ਪਰ ਮਾਇਆ ਦੇ ਅਸਰ ਹੇਠ ਜੀਵਨ ਜੀਉਣ ਵਾਲੇ ਲੋਕਾਂ ਦੀ ਥੁੜ ਨਹੀਂ। ਗੁਰਬਾਣੀ ਅੰਦਰ ਅਜਿਹੇ ਲੋਕਾਂ ਨੂੰ ਮਨਮੁਖ ਕਿਹਾ ਗਿਆ ਹੈ। ਅਜਿਹੇ ਲੋਕ ਆਪਣੀ ਮੱਤ ’ਤੇ ਜ਼ਿਆਦਾ ਭਰੋਸਾ ਕਰਦੇ ਹਨ ਤੇ ਚਤੁਰਾਈਆਂ, ਸਿਆਣਪਾਂ ਵਰਤ ਕੇ ਸੁਖ ਪ੍ਰਾਪਤ ਕਰਨ ਲਈ ਜਤਨ ਕਰਦੇ ਰਹਿੰਦੇ ਹਨ। ਸ੍ਰੀ ਗੁਰੂ ਰਾਮਦਾਸ ਸਾਹਿਬ ਨੇ ਇਸ ਨੂੰ ਮੁੱਢਲੀ ਅਗਿਆਨਤਾ ਤੇ ਭੁੱਲ ਕਿਹਾ:
ਮਨਮੁਖ ਮੂਲਹੁ ਭੁਲਿਆ ਵਿਚ ਲਬੁ ਲੋਭੁ ਅਹੰਕਾਰੁ॥ (ਪੰਨਾ 316)
ਸ੍ਰੀ ਗੁਰੂ ਰਾਮਦਾਸ ਸਾਹਿਬ ਨੇ ਫੁਰਮਾਇਆ ਕਿ ਮੂਲੋਂ ਭੁੱਲੇ ਹੋਏ ਲੋਕਾਂ ਦਾ ਪੂਰਾ ਜੀਵਨ ਵਾਦ-ਵਿਵਾਦ, ਝਗੜਿਆਂ ਤੇ ਵੈਰ-ਵਿਰੋਧ ’ਚ ਹੀ ਗੁਜ਼ਰਦਾ ਹੈ। ਅਜਿਹੇ ਲੋਕਾਂ ਦੀ ਸੁਰਤਿ ਤੇ ਮਤਿ ਪਰਮਾਤਮਾ ਆਪ ਹਰ ਲੈਂਦਾ ਹੈ। ਇਸ ਕਾਰਨ ਇਹ ਲੋਕ ਸਦਾ ਮੰਦਾ ਹੀ ਬੋਲਦੇ ਹਨ ਤੇ ਮੰਦੇ ਕਰਮਾਂ ’ਚ ਹੀ ਪਏ ਰਹਿੰਦੇ ਹਨ। ਇਨ੍ਹਾਂ ਦੀਆਂ ਤ੍ਰਿਸ਼ਨਾਵਾਂ ਤੇ ਵਾਸਨਾਵਾਂ ਇੰਨੀਆਂ ਪ੍ਰਬਲ ਹਦੀਆਂ ਹਨ ਕਿ ਸਦਾ ਭਖਦੀਆਂ ਹੀ ਰਹਿੰਦੀਆਂ ਹਨ। ਭਾਈ ਗੁਰਦਾਸ ਜੀ ਨੇ ਪੰਜ ਜੀਵਾਂ— ਗਜ, ਮ੍ਰਿਗ, ਮੀਨ,
ਪਤੰਗਾ ਤੇ ਭੌਰੇ ਦੀ ਮਿਸਾਲ ਦਿੱਤੀ। ਇਨ੍ਹਾਂ ਪੰਜਾਂ ਜੀਵਾਂ ਅੰਦਰ ਇੱਕ-ਇੱਕ ਵਿਕਾਰ ਹੈ। ਹਾਥੀ ਅੰਦਰ ਕਾਮ, ਹਿਰਨ ਅੰਦਰ ਨਾਦ ਜਾਂ ਅਵਾਜ਼, ਮਛਲੀ ਅੰਦਰ ਜੀਭ ਦਾ ਸੁਆਦ, ਪਤੰਗੇ ਅੰਦਰ ਰੂਪ ਤੇ ਭੌਰੇ ਅੰਦਰ ਸੁਗੰਧ ਦਾ ਵਿਕਾਰ ਹੈ। ਇਸ ਇੱਕ ਇੱਕ ਵਿਕਾਰ ਕਾਰਨ ਵਿਕਲ ਹੋ ਕੇ ਇਹ ਜੀਵ ਆਪਣੀ ਮਤਿ ਤੇ ਸੁਰਤਿ ਗੁਆ ਬਹਿੰਦੇ ਹਨ। ਇਹੋ ਇਨ੍ਹਾਂ ਦੀ ਮੌਤ ਦਾ ਕਾਰਨ ਬਣਦੇ ਹਨ। ਮਨਮੁਖ ਅੰਦਰ ਤਾਂ ਪੰਜ ਵਿਕਾਰ— ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਮੌਜੂਦ ਹਨ। ਇਨ੍ਹਾਂ ਵਿਕਾਰਾਂ ਕਾਰਨ ਤ੍ਰਿਸ਼ਨਾ ਤੇ ਵਾਸਨਾਵਾਂ ਬੇਹਿਸਾਬ ਵੱਧ ਜਾਂਦੀਆਂ ਹਨ ਤੇ ਅਨੇਕ ਔਗੁਣ ਜਨਮ ਲੈਂਦੇ ਹਨ। ਇਨ੍ਹਾਂ ਦੇ ਅਸਰ ਹੇਠ ਮਨੁੱਖ ਜੀਵਨ ਭਰ ਭਟਕਦਾ ਰਹਿੰਦਾ ਹੈ ਤੇ ਜੀਵਨ ’ਚ ਅਜਿਹਾ ਕੁਝ ਵੀ ਹਾਸਲ ਨਹੀਂ ਕਰ ਪਾਉਂਦਾ ਜੋ ਸੁਖਦਾਇਕ ਤੇ ਭਟਕਣ ਦੂਰ ਕਰਨ ਵਾਲਾ ਹੋਵੇ। ਮਨਮੁਖ ਵਿਨਾਸ਼ ਵੱਲ ਵੱਧਦਾ ਜਾਂਦਾ ਹੈ, ਪਰ ਕੋਲ ਆਉਂਦਾ ਹੋਇਆ ਅੰਤ ਉਸ ਨੂੰ ਵਿਖਾਈ ਨਹੀਂ ਦਿੰਦਾ। ਉਹ ਵਾਸਨਾਵਾਂ ਤੇ ਕਾਮਨਾਵਾਂ ਨੂੰ ਹੀ ਜੀਵਨ ਸਮਝਦਾ ਹੈ ਗੁਰੂ ਨਾਨਕ ਸਾਹਿਬ ਨੇ ਇਨ੍ਹਾਂ ਦੀ ਅਵਸਥਾ ’ਤੇ ਗਹਿਰੀ ਚਿੰਤਾ ਜਾਹਰ ਕੀਤੀ:
ਅੰਧੇ ਅਕਲੀ ਬਾਹਰੇ ਮੂਰਖ ਅੰਧ ਗਿਆਨੁ॥ (ਪੰਨਾ 789)
ਗੁਰੂ ਸਾਹਿਬ ਨੇ ਫੁਰਮਾਇਆ ਕਿ ਜਿਨ੍ਹਾਂ ਵਿਕਾਰਾਂ ਤੇ ਮਾਇਆ ਦੀ ਚਮਕ-ਦਮਕ ’ਚ ਇਹ ਅਨੰਦ ਲੱਭ ਰਹੇ ਹਨ, ਉੱਥੇ ਦੁਖ ਹੀ ਦੁਖ ਹਨ। ਜਿਨ੍ਹਾਂ ਸੰਸਾਰਕ ਕਰਮਾਂ ਨੂੰ ਇਨ੍ਹਾਂ ਜੀਵਨ ਦਾ ਨਿਸ਼ਾਨ ਮਨ ਲਿਆ ਹੈ ਉਹ ਤਾਂ ਮਰਨ ਦੀਆਂ ਨਿਸ਼ਾਨੀਆਂ ਹਨ। ਜਿਨ੍ਹਾਂ ਨੂੰ ਇਹ ਪ੍ਰਾਪਤੀਆਂ ਮੰਨ ਰਹੇ ਹਨ ਉਹ ਤਾਂ ਦਰਅਸਲ ਨਿਘਾਰ ਤੇ ਹਾਰ ਦਾ ਪ੍ਰਤੀਕ ਹਨ। ਇਨ੍ਹਾਂ ਅੰਦਰ ਸੱਚੇ ਗਿਆਨ ਲਈ ਕੋਈ ਚਾਉ ਨਹੀਂ ਹੁੰਦਾ ਤੇ ਝੂਠ ਫਰੇਬ ਹੀ ਭਾਉਂਦੇ ਹਨ। ਜੀਵਨ ਨੂੰ ਨਿਘਾਰ ਵੱਲ ਲੈ ਜਾਣ ਵਾਲੇ
ਸੰਸਾਰਕ ਪਦਾਰਥ ਤੇ ਕਰਮ ਹੀ ਇਨ੍ਹਾਂ ਨੂੰ ਮਿੱਠੇ ਲੱਗਦੇ ਹਨ। ਗੁਰੂ ਸਾਹਿਬ ਨੇ ਫੁਰਮਾਇਆ ਕਿ ਇਹ ਲੋਕ ਗੰਦੀ ਛਪੜੀ ਦੇ ਪਾਣੀ ਵਿਚ ਮਧਾਣੀ ਪਾ ਕੇ ਮੱਖਣ ਦੀ ਆਸ ’ਚ ਰਿੜਕੀ ਜਾ ਰਹੇ ਹਨ। ਧਨ-ਦੌਲਤ ਲਈ ਦਿਨ-ਰਾਤ ਇੱਕ ਕਰ ਦੇਣਾ, ਅਹੁਦੇ-ਤਾਕਤ ਸ਼ੋਹਰਤ ਲਈ ਕੁਝ ਵੀ ਕਰਨ ਨੂੰ ਤਿਆਰ ਰਹਿਣਾ, ਵਾਸਨਾਵਾਂ, ਕਾਮਨਾਵਾਂ ਦੀ ਪੂਰਤੀ ਲਈ ਭੰਬਲ-ਭੂਸੇ ਖਾਂਦੇ ਰਹਿਣਾ ਛਪੜੀ ’ਚ ਮਧਾਣੀ ਰਿੜਕਣਾ ਹੀ ਹੈ। ਨਸ਼ਿਆਂ ਦਾ ਸੇਵਨ ਵੀ ਇਨ੍ਹਾਂ ਵਿੱਚੋਂ ਦਾ ਇਕ ਕਰਮ ਹੈ ਜੋ ਸਾਰੀਆਂ ਹੱਦਾਂ ਪਾਰ ਕਰ ਚੁਕਾ ਹੈ। ਕਰਮਾਂ ਦੇ ਲੇਖੇ-ਜੋਖੇ ਪੂਰੇ ਹੁੰਦੇ ਹਨ, ਇਨ੍ਹਾਂ ਤੋਂ ਬਚਿਆ ਨਹੀਂ ਜਾ ਸਕਦਾ:
ਮੇਰੀ ਮੇਰੀ ਕਰਤ ਦਿਨੁ ਰੈਨਿ ਬਿਹਾਵੈ ਪਲੁ ਖਿਨੁ ਛੀਜੈ ਅਰਜਾਧੇ॥
ਜੈਸੇ ਮੀਠੈ ਸਾਦਿ ਲੋਭਾਏ ਝੂਠ ਧੰਧਿ ਦੁਰਗਾਧੇ॥
ਕਾਮ ਕ਼੍ਰੋਧ ਅਰੁ ਲੋਭ ਮੋਹ ਇਹ ਇੰਦ੍ਰੀ ਰਸਿ ਲਪਟਾਧੇ॥
ਦੀਈ ਭਵਾਰੀ ਪੁਰਖਿ ਬਿਧਾਤੈ ਬਹੁਰਿ ਬਹੁਰਿ ਜਨਮਾਧੇ॥ (ਪੰਨਾ 402)
ਪਰਮਾਤਮਾ ਦੇ ਹੁਕਮ ਤੋਂ ਬਾਹਰ ਰਹਿ ਕੇ ਆਪਣੀ ਮੱਤ ਅਨੁਸਾਰ ਜੀਵਨ ਜੀਉਣ ਵਾਲੇ ਸਦਾ ਵਾਸਨਾਵਾਂ ਤੇ ਤ੍ਰਿਸ਼ਨਾਵਾਂ ਤੋਂ ਦੁਖੀ ਰਹਿੰਦੇ ਹਨ ਤੇ ਦੁਰਲੱਭ ਮਨੁੱਖੀ ਜੀਵਨ ਵਿਅਰਥ ਹੀ ਗੁਆਉਂਦੇ ਹਨ। ਉਨ੍ਹਾਂ ਦਾ ਮਨ ਵਿਕਾਰਾਂ, ਇੰਦ੍ਰੀਆਂ ਨੂੰ ਸੁਖ ਦੇਣ ਵਾਲੇ ਸੁਆਦਾਂ, ਰਸਾਂ ’ਚ ਹੀ ਰਮਿਆ ਰਹਿੰਦਾ ਹੈ। ਨਸ਼ਿਆਂ ਦਾ ਸੇਵਨ ਕਰਨ ਵਾਲਾ ਮਨੁੱਖ ਨਸ਼ੇ ਨੂੰ ਹੀ ਜੀਵਨ ਦਾ ਰਸ ਸਮਝਦਾ ਹੈ। ਨਸ਼ਾ ਕਰ ਲੈਣਾ ਉਸ ਦੇ ਜੀਵਨ ਦੀ ਪ੍ਰਾਪਤੀ ਬਣ ਜਾਂਦਾ ਹੈ। ਗੁਰਬਾਣੀ ਇਸ ਨੂੰ ‘ਝੂਠ ਧੰਧ’ ਤੇ ਦੁਰਗੰਧ ਮੰਨਦੀ ਹੈ, ਕਿਉਂਕਿ ਅਜਿਹੇ ਕਰਮ ਲੱਗਦੇ ਮਿੱਠੇ ਹਨ, ਪਰ ਫਲ ਕੌੜਾ ਪ੍ਰਾਪਤ ਹੁੰਦਾ ਹੈ। ਸੁਖ ਨਸ਼ਿਆਂ ਵਿਚ ਨਹੀਂ ਬਲਕਿ ਪਰਮਾਤਮਾ ਦੇ ਨਾਮ ਜਪਣ ’ਚ ਹੈ ਅੰਮ੍ਰਿਤੁ ਹਰਿ ਕਾ ਨਾਉ ਆਪਿ ਵਰਤਾਇਸੀ ਝੂਠੇ ਧੰਧ ਦੇ ਦੁਰਗੰਧ ਦਾ ਪ੍ਰਤੀਕ ਨਸ਼ਾ ਲੈਣ ਜਾਣਾ ਪੈਂਦਾ ਹੈ ਤੇ ਕੀਮਤ ਅਦਾ ਕਰਨੀ ਪੈਂਦੀ ਹੈ। ਸੱਚੇ ਸੁਖ ਦੇ ਸੋਮੇ ਨਾਮ ਦੀ ਦਾਤ ਤਾਂ ਪਰਮਾਤਮਾ ਆਪ ਦੋਹੀਂ ਹੱਥੀਂ ਵੰਡ ਰਿਹਾ ਹੈ। ਨਸ਼ਿਆਂ ਦਾ ਸੇਵਨ ਇਸ ਲਈ ਵਧ ਗਿਆ, ਕਿਉਂਕਿ ਮਨੁੱਖ ਨੇ ਇਨ੍ਹਾਂ ਨੂੰ ਤਨਾਅ ਤੇ ਦੁੱਖਾਂ ਤੋਂ ਮੁਕਤੀ ਦਾ ਸਾਧਨ ਮੰਨ ਲਿਆ। ਨਸ਼ੇ ਕਰਨ ਵਾਲਿਆਂ ਦਾ ਆਮ ਤਰਕ ਹੈ ਕਿ ਇਹ ਸੁਖ ਦੇਣ ਵਾਲੇ ਹਨ। ਇਹ ਉਨ੍ਹਾਂ ਦੇ ਆਪਣੀ ਮੱਤ ਨਾਲ ਗੜ੍ਹੇ ਹੋਏ ਦਾਅਵੇ ਹਨ। ਗੁਰਬਾਣੀ ਨੇ ਸੁਚੇਤ ਕੀਤਾ ਕਿ ਜੀਵਨ ਦਾ ਮੂਲ ਨਾ ਜਾਣਨ ਵਾਲਾ ਮਨੁੱਖ ਫਰੇਬ ਕਰਦਾ ਹੈ:
ਘਰ ਕਾ ਕਾਜੁ ਨ ਜਾਣੀ ਰੂੜਾ॥
ਝੂਠੈ ਧੰਧੈ ਰਚਿਓ ਮੂੜਾ॥ (ਪੰਨਾ 744)
ਸੰਸਾਰ ਅੰਦਰ ਬਹੁਤ ਸਾਰੇ ਲੋਕ ਹਨ ਜੋ ਵੱਖ-ਵੱਖ ਧੰਦਿਆਂ ’ਚ ਰਮੇ ਹੋਏ ਹਨ। ਉਹ ਝੂਠ ਨੂੰ ਸੱਚ ਮੰਨ ਕੇ ਜਿਉਂ ਰਹੇ ਹਨ, ਕੌੜੇ ਨੂੰ ਮਿੱਠਾ ਮੰਨ ਕੇ ਖਾਈ ਜਾ ਰਹੇ ਹਨ। ਪਰਮਾਤਮਾ ਜਿਸ ’ਤੇ ਮਿਹਰ ਕਰਦਾ ਹੈ ਉਸ ਨੂੰ ਹੀ ਨਾਮ-ਸਿਮਰਨ ਦਾ ਸੁਭਾਗ ਪ੍ਰਾਪਤ ਹੁੰਦਾ ਹੈ ਜਾ ਤੂੰ ਦੇਹਿ ਤੇਰਾ ਨਾਉ ਜਪਨਾ ਜੋ ਪਰਮਾਤਮਾ ਦੇ ਭਗਤੀ ਤੋਂ ਬਾਹਰ ਹੈ, ਜੋ ਝੂਠੇ ਧੰਦਿਆਂ ’ਚ ਫਸਿਆ ਹੋਇਆ ਹੈ, ਜੋ ਸੰਸਾਰਕ ਦੁਖਦਾਈ ਤੇ ਨਾਸ਼ ਵੱਲ ਲੈ ਜਾਣ ਵਾਲੇ ਰਸਾਂ ਨੂੰ ਮਿੱਠਾ ਕਰ ਕੇ ਮਾਣ ਰਿਹਾ ਹੈ ਉਸ ਤੇ ਪਰਮਾਤਮਾ ਦੀ ਕਿਰਪਾ ਨਹੀਂ ਹੋਈ। ਪਰਮਾਤਮਾ ਦੀ ਮਿਹਰ ਬਾਰੇ ਸ੍ਰੀ ਗੁਰੂ ਅਰਜਨ ਸਾਹਿਬ ਨੇ ਫੁਰਮਾਇਆ:
ਹਰਿ ਕੇ ਦਾਸ ਹਰਿ ਸੇਤੀ ਰਾਤੇ॥
ਰਾਮ ਰਸਾਇਣਿ ਅਨਦਿਨੁ ਮਾਤੇ॥ (ਪੰਨਾ 744)
ਪਰਮਾਤਮਾ ਦੀ ਮਿਹਰ ਮਨੁੱਖ ਦੇ ਮਨ ਅੰਦਰ ਦਾਸ ਅਵਸਥਾ ਸਿਰਜਦੀ ਹੈ। ਮਨ ਸਦਾ ਪਰਮਾਤਮਾ ਦੀ ਪ੍ਰੀਤਿ ’ਚ ਜੁੜਿਆ ਰਹਿੰਦਾ ਹੈ। ਨਾਮ ਉਸ ਦਾ ਜੀਵਨ ਰਸਾਇਣ ਬਣ ਜਾਂਦਾ ਹੈ। ਨਾਮ-ਸਿਮਰਨ ਬਿਨਾ ਉਸ ਦਾ ਜੀਵਨ ਅੱਗੇ ਹੀ ਨਹੀਂ ਵੱਧਦਾ। ਨਸ਼ੇ ਕਰਨ ਵਾਲੇ ਦੇ ਮਨ ਅੰਦਰ ਨਸ਼ਿਆਂ ਦਾ ਲੋਭ ਹੈ। ਹਰਿ ਦੇ ਦਾਸ ਦਾ ਮਨ ਨਾਮ-ਸਿਮਰਨ ਲਈ ਸਦਾ ਹੀ ਉਮਾਹਿਆ ਰਹਿੰਦਾ ਹੈ। ਨਾਮ ਜਪਣ ਵਾਲੇ ਦੇ ਮਨ ਦੇ ਸਾਰੇ ਡਰ ਦੂਰ ਹੋ ਜਾਂਦੇ ਹਨ ਤਾ ਤੇ ਕਾਟੀ ਜਮ ਕੀ ਫਾਸੀ ਤੇ ਸਦਾ ਹੀ
ਅਨੰਦ ਬਣਿਆ ਰਹਿੰਦਾ ਹੈ ਸਦਾ ਅਨਦੁ ਨਾਨਕ ਗੁਣ ਗਾਏ ਨਾਮ ਜਪਣ ਤੋਂ ਬਿਨਾ ਸੰਸਾਰ ਦਾ ਹੋਰ ਕੋਈ ਕਰਮ ਨਹੀਂ ਜੋ ਸਦੀਵੀ ਅਨੰਦ ਦੇਣ ਵਾਲਾ ਹੋਵੇ। ਗੁਰਬਾਣੀ ਨੇ ਮਾਇਆ ਨੂੰ ਮਹਾਂ-ਠਗਿਨੀ ਦੇ ਰੂਪ ’ਚ ਵੇਖਿਆ ਹੈ। ਸੁਖ ਲਈ ਮਨੁੱਖ ਜੀਵਨ ਭਰ ਧਨ ਇਕੱਤਰ ਕਰਦਾ ਹੈ, ਪਰ ਸਮਾਂ ਆਉਂਦੇ ਹੀ ਕਿ ਉਹ ਕਿਸੇ ਹੋਰ ਦਾ ਹੋ ਜਾਂਦਾ ਹੈ। ਪਰਵਾਰ, ਸੰਬੰਧੀਆਂ ਲਈ ਕਿੰਨਾ ਹੀ ਕੀਤਾ ਹੋਵੇ, ਪਰੰਤੂ ਕਰਮਾਂ ਦੇ ਫਲ ਆਪ ਹੀ ਭੋਗਣੇ ਪੈਂਦੇ ਹਨ। ਵਿਅੰਜਨਾਂ ਦੇ ਸੁਆਦ, ਪਦਾਰਥਾਂ ਦੇ ਸੁਖ ਕਦੇ ਵੀ ਕਾਇਮ ਨਹੀਂ ਰਹਿੰਦੇ। ਨਸ਼ੇ ਕੁਝ ਘੰਟਿਆਂ ਲਈ ਹੁੰਦੇ ਹਨ, ਪਰ ਖੁਆਰੀ ਸਾਰੇ ਜੀਵਨ ਦੀ:
ਕਚਾ ਰੰਗੁ ਕਸੁੰਭ ਕਾ ਥੋੜੜਿਆ ਦਿਨ ਚਾਰਿ ਜੀਉ॥
ਵਿਣੁ ਨਾਵੈ ਭ੍ਰਮਿ ਭੁਲੀਆ ਠਗਿ ਮੁਠੀ ਕੂੜਿਆਰਿ ਜੀਉ॥
ਸਚੇ ਸੇਤੀ ਰਤਿਆ ਜਨਮੁ ਨ ਦੂਜੀ ਵਾਰ ਜੀਉ॥ (ਪੰਨਾ 751)
ਇਕ ਪਰਮਾਤਮਾ ਦਾ ਨਾਮ ਹੀ ਹੈ ਜੋ ਸਦਾ ਨਾਲ ਚੱਲਣ ਵਾਲਾ ਹੈ ਅੰਮ੍ਰਿਤ ਨਾਮੁ ਚਲੈ ਜਪਿ ਨਾਲਾ ਤੇ ਜੀਵਨ ਦੇ ਅਸਲ ਮਨੋਰਥ ਨੂੰ ਸਿੱਧ ਕਰਨ ਵਾਲਾ ਹੈ।
ਮਨੁੱਖ ਲਈ ਪਰਮਾਤਮਾ ਦਾ ਗਿਆਨ ਹੀ ਕਾਫੀ ਨਹੀਂ ਹੈ। ਅੰਤਰ-ਪ੍ਰੇਰਨਾ ਬਿਨਾ ਮਨ ਦੀ ਅਵਸਥਾ ਨਹੀਂ ਬਣਦੀ ਬਾਹਰੁ ਭਾਲੇ ਸੁ ਕਿਆ ਲਹੈ ਵਥੁ ਘਰੈ ਅੰਦਰਿ ਭਾਈ ਸੁਖ ਦੀ ਪ੍ਰਾਪਤੀ ਲਈ, ਦੁਖਾਂ ਤੋਂ ਮੁਕਤੀ ਲਈ ਬਾਹਰ ਜਾਣ ਦੀ, ਨਸ਼ੇ ਕਰਨ ਜਾਂ ਹੋਰ ਕਿਸੇ ਜਤਨ ਦੀ ਲੋੜ ਨਹੀਂ। ਮਨੁੱਖ ਬਾਹਰਲੇ ਜਤਨ ਚਾਹੇ ਜਿੰਨੇ ਕਰ ਲਵੇ ਕਿਸੇ ਕੰਮ ਨਹੀਂ ਆਉਣ ਵਾਲੇ। ਮਨੁੱਖ ਪਹਿਲੀ ਵਾਰ ਨਸ਼ਾ ਕਿਸੇ ਖਾਸ ਸੰਤਾਪ ਦੇ ਸਮੇਂ ਜਾਂ ਕਿਸੇ ਖਾਸ ਉਕਸਾਵੇ ’ਤੇ ਕਰਦਾ ਹੈ, ਬਾਅਦ ’ਚ ਨਸ਼ਾ ਲਤ ਬਣ
ਜਾਂਦਾ ਹੈ ਤੇ ਇਕ ਸਮਾਂ ਆਉਂਦਾ ਹੈ ਜਦੋਂ ਉਹ ਦਿਨ-ਰਾਤ ਨਸ਼ਿਆਂ ’ਚ ਡੁੱਬ ਕੇ ਗੁਜ਼ਰਨ ਲੱਗਦਾ ਹੈ, ਪਰ ਤ੍ਰਿਸ਼ਨਾ ਨਹੀਂ ਬੁਝਦੀ। ਮਾਇਆ ਤੇ ਸੰਸਾਰਕ ਰਸਾਂ ਬਾਰੇ ਸ੍ਰੀ ਗੁਰੂ ਅਰਜਨ ਸਾਹਿਬ ਨੇ ਕਿਹਾ ਕਿ ਤਾਕਤ ਮੁੱਕ ਜਾਂਦੀ ਹੈ, ਪਰ ਤ੍ਰਿਸ਼ਨਾਵਾਂ ਘੱਟ ਨਹੀਂ ਹੁੰਦੀਆਂ, ਵੱਧਦੀਆਂ ਹੀ ਜਾਂਦੀਆਂ ਹਨ:
ਖਾਂਦਿਆਂ ਖਾਂਦਿਆਂ ਮੁਹੁ ਘਠਾ ਪੈਨੰਦਿਆ ਸਭੁ ਅੰਗੁ॥ (ਪੰਨਾ 523)
ਸ੍ਰੀ ਗੁਰੂ ਅਰਜਨ ਸਾਹਿਬ ਨੇ ਬਚਨ ਕੀਤਾ ਕਿ ਤ੍ਰਿਸਨਾ ਬਿਰਲੇ ਹੀ ਕੀ ਬੁਝੀ ਹੇ ਪਰਮਾਤਮਾ ਦੀ ਸ਼ਰਨ ’ਚ ਜਾਏ ਬਿਨਾ ਅੰਤਰ ਦੀਆਂ ਕਾਮਨਾਵਾਂ ਤੇ ਵਾਸਨਾਵਾਂ ਸ਼ਾਂਤ ਨਹੀਂ ਹੁੰਦੀਆਂ। ਨਸ਼ੇ ਦੀ ਖੁਰਾਕ ਹੋਵੇ ਜਾਂ ਸੰਸਾਰ ਕਿਸੇ ਹੋਰ ਪਦਾਰਥ ਦਾ ਮੋਹ, ਵਧਦਾ ਹੀ ਜਾਂਦਾ ਹੈ। ਵਾਸਨਾਵਾਂ ਹੱਦ ਪਾਰ ਕਰ ਜਾਂਦੀਆਂ ਹਨ ਤੇ ਬੁਰੇ-ਭਲੇ ਦੀ ਪ੍ਰਤੀਤ ਵੀ ਖਤਮ ਹੋ ਜਾਂਦੀ ਹੈ। ਗਿਆਤ ਹੁੰਦਾ ਹੈ ਕਿ ਕਦਮ ਬਿਖ ਵੱਲ ਵੱਧ ਰਹੇ ਹਨ ਪਰ ਭਰਮਿਆ ਹੋਇਆ ਮਨ ਉਸ ਬਿਖ ਨੂੰ ਅੰਮ੍ਰਿਤ ਮੰਨ ਕੇ ਹਾਸਲ ਕਰਨ ਲਈ ਬੇਚੈਨ ਰਹਿੰਦਾ ਹੈ:
ਕੋਟਿ ਜੋਰੇ ਲਾਖ ਕ਼੍ਰੋਰੇ ਮਨੁ ਨ ਹੋਰੇ॥
ਪਰੈ ਪਰੈ ਹੀ ਕਉ ਲੁਝੀ ਹੇ॥
ਸੁੰਦਰ ਨਾਰੀ ਅਨਿਕ ਪਰਕਾਰੀ ਪਰ ਗ੍ਰਿਹ ਬਿਕਾਰੀ॥
ਬੁਰਾ ਭਲਾ ਨਹੀ ਸੁਝੀ ਹੇ॥2॥
ਅਨਿਕ ਬੰਧਨ ਮਾਇਆ ਭਰਮਤੁ ਭਰਮਾਇਆ ਗੁਣ ਨਿਧ ਨਹੀ ਗਾਇਆ॥
ਮਨ ਬਿਖੈ ਹੀ ਮਹਿ ਲੁਝੀ ਹੇ॥ (ਪੰਨਾ 213)
ਜਿਵੇਂ ਧਨ ਸੰਗ੍ਰਹਿ ਦੀ ਲਾਲਸਾ ਕਦੇ ਵੀ ਘੱਟ ਨਹੀਂ ਹੁੰਦੀ ਭਾਵੇਂ ਕਿੰਨਾ ਹੀ ਧਨ ਕੋਲ ਹੋਵੇ। ਹੋਰ-ਹੋਰ ਲਈ ਮਨੁੱਖ ਧੱਕੇ ਖਾਂਦਾ ਰਹਿੰਦਾ ਹੈ। ਘਰ ਅੰਦਰ ਸੁੰਦਰ ਨਾਰੀ ਹੋਣ ਤੋਂ ਬਾਅਦ ਵੀ ਵਿਕਾਰੀ ਮਨੁੱਖ ਪਰਾਈਆਂ ਇਸਤਰੀਆਂ ਵੱਲ ਨਿਗਾਹ ਲਾਈ ਰੱਖਦਾ ਹੈ। ਇਸ ਕਾਰਨ ਉਹ ਸੰਜਮ, ਮਰਯਾਦਾ ਤੇ ਲਾਜ ਵੀ ਭੁੱਲ ਜਾਂਦਾ ਹੈ। ਮਨ ਅੰਦਰ ਜੇ ਪਰਮਾਤਮਾ ਦੀ ਟੇਕ ਨਾ ਹੋਵੇ ਤਾਂ ਮਾਇਆ ਭਿੰਨ-ਭਿੰਨ ਤਰੀਕਿਆਂ ਨਾਲ ਮਨੁੱਖ ਨੂੰ ਭਰਮਾਉਂਦੀ ਰਹਿੰਦੀ ਹੈ। ਮਨੁੱਖ ਸਤ ਅਸਤ ਦਾ ਵੀਚਾਰ ਕੀਤੇ
ਬਿਨਾ ਦਿਨ-ਰਾਤ ਵਿਕਾਰਾਂ ’ਚ ਲੁੰਝਿਆ ਰਹਿੰਦਾ ਹੈ। ਨਸ਼ੇ ਕਰਨ ਵਾਲੇ ਨੂੰ ਇਹ ਨਹੀਂ ਪਤਾ ਕਿ ਉਸ ਦੀ ਇਸ ਲਤ ਦਾ ਆਪਣੇ ਜੀਵਨ ’ਤੇ ਪਰਿਵਾਰ ’ਤੇ ਅਤੇ ਸਮਾਜ ’ਤੇ ਕੀ ਅਸਰ ਪੈ ਰਿਹਾ ਹੈ।
ਨਸ਼ਿਆਂ ਵਿਰੁੱਧ ਚਿਰਾਂ ਤੋਂ ਅਵਾਜ਼ ਚੁੱਕੀ ਜਾ ਰਹੀ ਹੈ। ਸਰਕਾਰੀ ਤੇ ਗ਼ੈਰ-ਸਰਕਾਰੀ ਪੱਧਰ ’ਤੇ ਜਤਨ ਕੀਤੇ ਜਾ ਰਹੇ ਹਨ। ਇਨ੍ਹਾਂ ਜਤਨਾਂ ਦਾ ਕੋਈ ਲਾਭ ਹੁੰਦਾ ਨਜਰ ਨਹੀਂ ਆ ਰਿਹਾ, ਕਿਉਂਕਿ ਇਹ ਨਿਦਾਨ ਤਕ ਪੁੱਜੇ ਹੀ ਨਹੀਂ। ਗੁਰੂ ਨਾਨਕ ਸਾਹਿਬ ਨੇ ਸੁਚੇਤ ਕੀਤਾ ਸੀ ਕਿ ਮਾਇਆ ਦੇ ਫੇਰ ’ਚ ਪਏ ਹੋਏ ਮਨੁੱਖ ਦੇ ਦੁੱਖਾਂ ਦਾ ਕੋਈ ਸੰਸਾਰਕ ਨਿਦਾਨ ਨਹੀਂ ਹੈ। ਮਨ ਦੀ ਨਿਰਮਲਤਾ ਤੋਂ ਬਿਨਾ ਸਾਰੇ ਜਤਨ ਵਿਅਰਥ ਹਨ ਭੋਲਾ ਵੈਦੁ ਨ ਜਾਣਈ ਕਰਕ ਕਲੇਜੇ ਮਾਹਿ ਨਿਦਾਨ ਤੇ ਅੰਦਰ ਦੇ
ਵਿਕਾਰਾਂ, ਭਰਮਾਂ ਦਾ ਹੋਣਾ ਚਾਹੀਦੇ ਜਿਨ੍ਹਾਂ ਕਾਰਨ ਮਨੁੱਖ ਮਿੱਠਾ ਸਮਝ ਕੇ ਕੌੜਾ ਖਾ ਰਿਹਾ ਹੈ, ਅੰਮ੍ਰਿਤ ਛੱਡ ਕੇ ਬਿਖ ਵੱਲ ਨੱਸ ਰਿਹਾ ਹੈ। ਉਸ ਦਾ ਜੀਵਨ ਨਾਸ਼ ਹੁੰਦਾ ਜਾ ਰਿਹਾ ਹੈ
ਨਾਨਕ ਢੇਰੀ ਢਹਿ ਪਈ ਮਿਟੀ ਸੰਦਾ ਕੋਟੁ॥
ਭੀਤਰਿ ਚੋਰੁ ਬਹਾਲਿਆ ਖੋਟੁ ਵੇ ਜੀਆ ਖੋਟੁ॥ਪਉੜੀ॥
ਜਿਨ ਅੰਦਰਿ ਨਿੰਦਾ ਦੁਸਟੁ ਹੈ ਨਕ ਵਢੇ ਨਕ ਵਢਾਇਆ॥
ਮਹਾ ਕਰੂਪ ਦੁਖੀਏ ਸਦਾ ਕਾਲੇ ਮੁਹ ਮਾਇਆ॥ (ਪੰਨਾ 1244)
ਮਨ ਦੇ ਵਿਕਾਰ ਜੀਵਨ ਦੀ ਇਮਾਰਤ ਨੂੰ ਢਹਿ-ਢੇਰੀ ਕਰ ਦਿੰਦੇ ਹਨ, ਜਿਵੇਂ ਮਿੱਟੀ ਦਾ ਕੱਚਾ ਘਰ ਡਿੱਗ ਪੈਂਦਾ ਹੈ। ਅੰਤਰ ’ਚ ਵੱਸ ਰਹੇ ਵਿਕਾਰਾਂ ਤੋਂ ਵੱਡਾ ਖੋਟ ਜਾਂ ਔਗੁਣ ਹੋਰ ਕੋਈ ਨਹੀਂ। ਮਨ ਦੇ ਵਿਕਾਰ ਮਨੁੱਖ ਦੀ ਮਾਣ-ਮਰਯਾਦਾ ਦਾ ਨਾਸ਼ ਕਰ ਦੇਣ ਵਾਲੇ, ਭਾਰੀ ਦੁੱਖ ਦੇਣ ਵਾਲੇ ਤੇ ਸਾਬਤ ਹੁੰਦੇ ਹਨ। ਅਜਿਹੇ ਮਨੁੱਖ ਨੂੰ ਸਮਾਜ ਅੰਦਰ ਕੋਈ ਆਦਰ ਨਹੀਂ ਮਿਲਦਾ ਤੇ ਫਿਟਕਾਰਾਂ ਹੀ ਪੈਂਦੀਆਂ ਹਨ। ਅਜਿਹੇ ਲੋਕ ਸੰਗਤ ਕਰਨ ਜੋਗ ਨਹੀਂ ਹੁੰਦੇ ਹਰਿ ਜੀਉ ਤਿਨ ਕੀ ਸੰਗਤਿ ਮਤ
ਕਰਹੁ ਰਖਿ ਲੇਹੁ ਹਰਿ ਰਾਇਆ ਨਸ਼ੇ ਕਰਨ ਵਾਲਿਆਂ ਵਿਰੁੱਧ ਸਮਾਜ ਹੀ ਨਹੀਂ ਹੁੰਦਾ, ਉਨ੍ਹਾਂ ਦੇ ਪਰਵਾਰ ਦੇ ਲੋਕ ਵੀ ਹੁੰਦੇ ਹਨ। ਅਜਿਹੇ ਲੋਕਾਂ ਨੂੰ ਆਪਣੀ ਪਤਨੀ ਦੇ ਤ੍ਰਿਸਕਾਰ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਉੱਤਰਾਖੰਡ ਪ੍ਰਾਂਤ ਦੇ ਪਹਾੜੀ ਪਿੰਡਾਂ ਦੀਆਂ ਇਸਤਰੀਆਂ ਵੱਡੀ ਤਦਾਦ ’ਚ ਨਸ਼ੇ ਕਰਨ ਵਾਲਿਆਂ ਤੇ ਨਸ਼ੇ ਵੇਚਣ ਵਾਲੀਆਂ ਦੁਕਾਨਾਂ ਖ਼ਿਲਾਫ਼ ਘਰੋਂ ਬਾਹਰ ਨਿਕਲ ਆਈਆਂ ਸਨ ਤੇ ਜ਼ੋਰਦਾਰ ਮੁਹਿੰਮ ਅਰੰਭ ਕੀਤੀ ਸੀ। ਕਿੰਨੀਆਂ ਹੀ ਇਸਤਰੀਆਂ ਨਸ਼ੇ ਕਰਨ ਵਾਲੇ ਪਤੀ ਦਾ ਤਿਆਗ ਕਰ ਦਿੰਦੀਆਂ ਹਨ। ਨਸ਼ਿਆਂ ਵਿਰੁੱਧ ਸਮਾਜਿਕ ਮਾਹੌਲ ਤਿਆਰ ਕੀਤਾ ਜਾਣਾ ਚਾਹੀਦਾ ਹੈ ਪਰ ਰੋਗ ਦਾ ਨਿਦਾਨ ਗੁਰਬਾਣੀ
ਹੀ ਦੱਸਦੀ ਹੈ:
ਵੈਦਾ ਵੈਦੁ ਸੁਵੈਦੁ ਤੂ ਪਹਿਲਾਂ ਰੋਗੁ ਪਛਾਣੁ॥
ਐਸਾ ਦਾਰੂ ਲੋੜਿ ਲਹੁ ਜਿਤੁ ਵੰਞੈ ਰੋਗਾ ਘਾਣਿ॥
ਜਿਤੁ ਦਾਰੂ ਰੋਗ ਉਠਿਅਹਿ ਤਨਿ ਸੁਖੁ ਵਸੈ ਆਇ॥
ਰੋਗੁ ਗਵਾਇਹਿ ਆਪਣਾ ਤ ਨਾਨਕ ਵੈਦੁ ਸਦਾਇ॥ (ਪੰਨਾ 1279)
ਮਾਇਆ ਤੇ ਵਿਕਾਰਾਂ ਦੇ ਰੋਗੀ ਦਾ ਵੈਦ ਗੁਰਬਾਣੀ ਹੀ ਹੈ, ਕੋਈ ਹੋਰ ਨਹੀਂ। ਗੁਰਬਾਣੀ ਨੇ ਹੀ ਰੋਗ ਦੀ ਪਛਾਣ ਕੀਤੀ ਤੇ ਨਿਦਾਨ ਵੀ ਦੱਸਿਆ ਹੈ। ਰੋਗ ਹੈ— ਅੰਤਰ ਬੈਠੇ ਦੁਸ਼ਟ ਵਿਕਾਰ ਤੇ ਮਾਇਆ ਦੇ ਮੋਹ। ਨਿਦਾਨ ਹੈ— ਅੰਤਰ ਦੀ ਨਿਰਮਲਤਾ। ਨਸ਼ੇ ਦੀ ਲਤ ਵਿਕਾਰਾਂ ਦਾ ਹੀ ਫਲ ਹੈ। ਨਸ਼ੇ ਤੋਂ ਉਭਰਨ ਲਈ ਮਨ ਦੀ ਨਿਰਮਲਤਾ ਤੇ ਸ਼ਕਤੀ ਦੀ ਲੋੜ ਹੈ। ਨਸ਼ਿਆਂ ਦੇ ਲਤੀ ਦੇ ਮਨ ਅੰਦਰ ਪਰਮਾਤਮਾ ਦੀ ਪ੍ਰੀਤਿ ਗੁਰਬਾਣੀ ਹੀ ਪੈਦਾ ਕਰ ਸਕਦੀ ਹੈ। ਗੁਰਬਾਣੀ ਅੰਤਰ ਦੀ ਅਵਸਥਾ
ਨੂੰ ਬਦਲਣ ਦੀ ਕਰਾਮਾਤ ਕਰਦੀ ਹੈ:
ਅਚਰਜੁ ਏਕੁ ਸੁਨਹੁ ਰੇ ਭਾਈ ਗੁਰਿ ਐਸੀ ਬੂਝ ਬੁਝਾਈ॥ ਲਾਹਿ ਪਰਦਾ ਠਾਕੁਰੁ ਜਉ ਭੇਟਿਓ ਤਉ ਬਿਸਰੀ ਤਾਤਿ ਪਰਾਈ॥ (ਪੰਨਾ 215)
ਗੁਰਬਾਣੀ ਪਰਾਈ ਭਾਵ ਜੀਵਨ ਲਈ ਅਯੋਗ ਪਦਾਰਥਾਂ ਦੀ ਖਿੱਚ ਸਿਰੇ ਤੋਂ ਮੇਟਣ ਵਾਲੀ ਹੈ। ਗੁਰਬਾਣੀ ਦਾ ਗਿਆਨ ਸਾਰੇ ਭਰਮ ਤੇ ਸ਼ੰਕਾਵਾਂ ਦੂਰ ਕਰਨ ਵਾਲਾ ਹੈ ਤੇ ਪਰਮਾਤਮਾ ਦੀ ਵਡਿਆਈ ਨਾਲ ਜੋੜਨ ਵਾਲਾ ਹੈ। ਮਾਇਆ ’ਚ ਰਮੇ ਹੋਏ, ਵਿਕਾਰਾਂ ’ਚ ਫਸੇ ਹੋਏ ਮਨ ਨੂੰ ਸਮਝਾਉਣਾ ਅਤਿ ਕਠਿਨ ਹੈ। ਗੁਰਬਾਣੀ ਦੀ ਕਰਾਮਾਤ ਮਨ ਨੂੰ ਨਾਮ ਨਾਲ ਜੋੜਨ ਤੇ ਨਾਮ ਜਪਣ ਲਈ ਪ੍ਰੇਰਨਾ ਨਾਲ ਵਰਤਦੀ ਹੈ ਹਰਿ ਕਾ ਨਾਮੁ ਜਪਹੁ ਮੇਰੇ ਮੀਤਾ ਇਹੈ ਸਾਰ ਸੁਖੁ ਪੂਰਾ ਨਾਮ ਸਿਮਰਨ ਮਨ ਨੂੰ ਮਾਇਆ ਮੋਹ ਤੇ ਵਿਕਾਰ ਤੋਂ ਮੁਕਤ ਕਰਨ ਦੀ ਵਿਧੀ ਹੈ ਭਰੀਐ ਮਤਿ ਪਾਪਾ ਕੈ ਸੰਗਿ॥ ਓਹੁ ਧੋਪੈ ਨਾਵੈ ਕੈ ਰੰਗਿ॥ ਨਸ਼ੇ ਵਿਕਾਰਾਂ ਤੋਂ ਜਨਮੇ ਪਾਪ ਹਨ। ਗੁਰਬਾਣੀ ਦੀ ਨਾਮ ਦੀ ਦਾਤ ਵਿਕਾਰਾਂ ਨੂੰ ਵੱਸ ’ਚ ਕਰਨ ਵਾਲੀ ਹੈ ਜੋ ਹਰਿ ਨਾਮੁ ਧਿਆਇਦੇ ਮੇਰੀ ਜਿੰਦੁੜੀਏ ਤਿਨਾ ਪੰਚੇ ਵਸਗਤਿ ਆਏ ਰਾਮ ਨਸ਼ੇ ਦੀ ਲਤ ਬੇਬਸੀ ਬਣ ਜਾਂਦੀ ਹੈ। ਇਸ ਬੇਬਸੀ ਨੂੰ ਤੋੜਨ ਲਈ ਇਸ ਦੀਆਂ ਜੜ੍ਹਾਂ ਭਾਵ ਵਿਕਾਰਾਂ ’ਤੇ ਵਾਰ ਨਾਮ ਸਿਮਰਨ ਹੀ ਕਰਦਾ ਹੈ। ਨਾਮ ਜਪਣਾ ਇਕ ਸੁਚੱਜਾ ਜੀਵਨ ਨੇਮ ਬਣਾਉਂਦਾ ਹੈ। ਸ੍ਰੀ ਗੁਰੂ ਅਰਜਨ ਸਾਹਿਬ ਨੇ ਭਰਮਾਂ ਤੇ ਵਿਕਾਰਾਂ ’ਚ ਪਏ ਲੋਕਾਂ ਨੂੰ ਸਤ-ਸੰਗਤ ਕਰਨ ਤੇ ਗੁਰੂ ਸ਼ਬਦ ਰਾਹੀ ਦੁਬਿਧਾਵਾਂ ਦੂਰ ਕਰਨ ਲਈ ਕਿਹਾ ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ ਨਾਮ ਸਿਮਰਨ ਨਾਲ ਹੀ ਮਨ ਦੀ ਲਿਵ ਪਰਮਾਤਮਾ ’ਚ ਲੱਗਦੀ ਹੈ ਤੇ ਸੱਚੇ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਗੁਰੂ ਦੇ ਮਾਰਗ ’ਤੇ ਚੱਲਣ ਵਾਲੇ ਪਹਿਰ ਰਾਤ ਰਹਿੰਦਿਆਂ ਹੀ ਉੱਠ ਜਾਂਦੇ ਹਨ ਪਿਛਲ ਰਾਤੀ ਉਠਿ ਬਹੰਦੇ ਉਹ ਇਸ਼ਨਾਨ ਆਦਿਕ ਕਰ ਕੇ ਇਕਾਗਰ ਮਨ ਨਾਲ ਨਾਮ ਜਪਦੇ ਹਨ, ਸਾਧ ਸੰਗਤ ਕਰਦੇ ਹਨ, ਗੁਰਬਾਣੀ ਗਾਉਂਦੇ ਤੇ ਸੁਣਦੇ ਹਨ ਤੇ ਸਦਾ ਹੀ ਪਰਮਾਤਮਾ ’ਚ ਰਮੇ ਰਹਿੰਦੇ ਹਨ ਮਨਿ ਮੇਲੀ ਕਰਿ
ਮੇਲਿ ਮਿਲੰਦੇ ਅਜਿਹਾ ਨੇਮ ਧਾਰਨ ਕਰਨ ਵਾਲੇ ਪਰਮਾਤਮਾ ਦੀ ਬਖ਼ਸ਼ਿਸ਼ ਭਾਵ ਪਰਮ ਰਸ ਨਾਲ ਨਿਹਾਲ ਹੋ ਜਾਂਦੇ ਹਨ ਗੁਰ ਸੇਵਾ ਫਲੁ ਸੁਫਲ ਫਲੰਦੇ ਪਰਮਾਤਮਾ ਪ੍ਰੀਤਿ ਦੇ ਰਸ ਦੀ ਇੱਕ ਬੂੰਦ ਵੀ ਅਗੰਮ ਤੇ ਅਕੱਥ ਹੈ ਗੁਰਮੁਖਿ ਸੁਖ ਫਲੁ ਪਿਰਮ ਰਸੁ ਤਿਲੁ ਅਲਖੁ ਅਲੇਖੈ ਮਨ ਤ੍ਰਿਪਤ ਹੋ ਖੇੜੇ ’ਚ ਆ ਜਾਂਦਾ ਹੈ ਮਉਲਿਓ ਮਨੁ ਤਨੁ ਹੋਇਓ ਹਰਿਆ ਏਕ ਬੂੰਦ ਜਿਿਨ ਪਾਈ ਇਸ ਰਸ ਅੱਗੇ ਸਾਰੇ ਸੰਸਾਰਕ ਰਸ ਫਿੱਕੇ ਹਨ। ਲੋੜ ਹੈ ਇਸ ਨੂੰ ਜਾਗ੍ਰਿਤ ਕਰਨ ਦੀ। ਨਸ਼ੇ ਆਤਮ-ਘਾਤ ਹਨ। ਨਾਮ-ਰਸ ਆਤਮ ਵਿਗਾਸ ਤੇ ਸੱਚੇ ਧਨ ਦੀ ਪ੍ਰਾਪਤੀ ਹੈ। ਇੱਕ ਵਾਰ ਬਸ ਇਕ ਵਾਰ ਨਾਮ ਰਸ ਲੱਗ ਜਾਏ ਤਾਂ ਨਸ਼ੇ ਹੀ ਨਹੀਂ ਬਲਕਿ ਸੰਸਾਰ
ਦੇ ਹੋਰ ਸਾਰੇ ਕੂੜੇ ਰਸ ਵਿੱਸਰ ਜਾਣਗੇ।
*E-1716, Rajaji Puram, Lucknow-226017. M: +9194159-60533
