ਪੁਛਨਿ ਫੋਲਿ ਕਿਤਾਬ ਨੋ ਹਿੰਦੁ ਵਡਾ ਕਿ ਮੁਸਲਮਾਨੋਈ॥
ਬਾਬਾ ਆਖੇ ਹਾਜੀਆ ਸੁਭਿ ਅਮਲਾ ਬਾਝਹੁ ਦੋਨੋ ਰੋਈ ॥
(ਵਾਰ ੧:੩੩)
ਭਾਈ ਗੁਰਦਾਸ ਜੀ ਦਾ ਇਹ ਕਥਨ ਕਰੀਬਨ ਪੰਜ ਸਦੀਆਂ ਪਹਿਲੇ ਦਾ ਗੁਰੂ ਨਾਨਕ ਸਾਹਿਬ ਦਾ ਹਾਜੀਆਂ ਨੂੰ ਬ-ਵਕਤ ਮੱਕਾ ਸ਼ਰੀਫ ਜਾਂਦਿਆਂ ਉੱਤਰ ਹੈ । ਆਚਾਰੀਆ ਰਜਨੀਸ਼ ਅਨੁਸਾਰ ਗੁਰੂ ਸਾਹਿਬ ਦੇ ਨਿਰਮਲ ਪੰਥ ‘ਵਿਚੇ ਗ੍ਰਿਹ ਸਦਾ ਰਹੈ ਉਦਾਸੀ’ ਹੈ ਤਾਂ ਬਿਲਕੁਲ ਠੀਕ ਹੈ ਪਰ ਤੁਰਨਾ ਬਹੁਤ ਔਖਾ ਹੈ । ਪੁਰਾਣਾ ਖਿਆਲ ਗ੍ਰਹਿਸਤ ਜਾਂ ਸੰਨਿਆਸ ਸੌਖਾ ਸੀ।
ਗੁਰੂ ਨਾਨਕ ਸਾਹਿਬ ਦੀ ਗਾਇਨ ਕੀਤੀ ਬਾਣੀ ਉਨ੍ਹਾਂ ਪਾਸ ਮੌਜੂਦ ਸੀ ਜੋ ਕਿ ਗੁਰੂ ਅੰਗਦ ਸਾਹਿਬ ਪਾਸ ਆਈ। ਉਨ੍ਹਾਂ ਆਪਣੀ ਬਾਣੀ ਸ਼ਾਮਲ ਕਰ ਕੇ ਤੀਜੇ ਪਾਤਸ਼ਾਹ ਨੂੰ ਦਿੱਤੀ, ਇਸੇ ਤਰ੍ਹਾਂ ਪੰਚਮ ਪਾਤਸ਼ਾਹ ਕੋਲ ਆਈ ਜਿਨ੍ਹਾਂ ਨੇ ਮਨੁੱਖਤਾ ‘ਤੇ ਮਿਹਰਬਾਨੀ ਕਰ ਕੇ ‘ਪੋਥੀ ਸਾਹਿਬ ਅਸਥਾਪਨ ਕੀਤੀ। ਦਸਮ ਪਾਤਸ਼ਾਹ ਨੇ ਸ਼ਖ਼ਸੀ ਗੁਰੂ ਪ੍ਰਥਾ ਦਾ ਭੋਗ ਪਾ ਕੇ ‘ਗੁਰਵਾਕ’ (ਗੁਰ-ਸ਼ਬਦ) ਨੂੰ ਹੀ ਗੁਰੂ-ਪਦਵੀ ਦੇ ਕੇ ਖਾਲਸਾ ਪੰਥ ਨੂੰ ਹੁਕਮ ਕੀਤਾ ਕਿ ਪ੍ਰਭੂ ਨੂੰ ਪਾਉਣ ਲਈ ਇਸੇ ਦੀ ਖੋਜ ਕਰੋ । ਧਿਆਨ ਨਾਲ ਪਾਠ ਕਰਨ ਵਾਲੇ ਮਨੁੱਖ ਨੂੰ ਸਮਝ ਆ ਜਾਂਦੀ ਹੈ ਕਿ ਹਰ ਸ਼ਬਦ ਕਿਸੇ ਵਿਸ਼ੇ ਬਾਰੇ ਸਪਸ਼ਟ ਹੈ। ਕਿਸੇ ਵਿਅਕਤੀ ਦੇ ਸੁਆਲ ਜਾਂ ਸ਼ੰਕਾ ਦੂਰ ਕਰਨ ਲਈ ਹੀ ਇਹ ਉਚਾਰਨ (ਗਾਇਨ) ਹੋਇਆ ਹੈ।
ਤਦੋਂ ਹੱਥ ਲਿਖਤ ਬੀੜ ਹੀ ਕਿਤੇ-ਕਿਤੇ ਹੁੰਦੀ ਸੀ । ਆਮ ਲੋਕੀਂ ਬਾਣੀਆਂ ਦਾ ਉਤਾਰਾ ਕਰਕੇ ਪੋਥੀਆਂ/ਗੁਟਕਿਆਂ ਤੋਂ ਪੜ੍ਹ ਕੇ, ਸਮਝ ਕੇ ਸੰਗਤ ਵਿਚ ਸ਼ਾਮਲ ਹੋ ਜਾਂਦੇ ਸਨ ਧਰਮਸਾਲ ਜੋ ਕਿਤੇ-ਕਿਤੇ ਹੁੰਦੀ ਸੀ, ਵਿਚ ਸੰਗਤ ਜੁੜਦੀ ਸੀ ਜਿਥੇ ਕੀਰਤਨ, ਸ਼ਬਦ ਦੀ ਸਾਰ ਅਤੇ ਅਮਲ ਕਰਨ ਤੋਂ ਵਿਚਾਰਾਂ ਹੁੰਦੀਆਂ ਸਨ । ਹਿੰਦੂ, ਮੁਸਲਿਮ, ਸਿੱਖ ‘ਚ ਤਫੱਰਕਾ ਨਹੀਂ ਸੀ । ਸਾਰੀ ਸੰਗਤ ਹੀ ਗੁਰਬਾਣੀ ਦੀ ਧਾਰਨੀ ਹੋਣ ਕਰਕੇ ਗੁਰਸਿੱਖ ਹੁੰਦੀ ਸੀ । ਬੀੜ ਨਾਯਾਬ ਸੀ ਇਸ ਲਈ ਸੰਪੂਰਨ ਪਾਠ, ਸਹਿਜ ਪਾਠ, ਸਪਤਾਹ, ਅਖੰਡ ਜਾਂ ਸੰਪਟ ਆਦਿ ਤਾਂ ਹੈ ਹੀ ਨਹੀਂ ਸਨ । ਖਾਲਸਾ ਜਦੋਂ ਘਰ-ਘਾਟ ਤਿਆਗ ਕੇ ਜ਼ਾਲਮਾਂ ਨਾਲ ਲੋਹਾ ਲੈਣ ਲਈ ਜੰਗਲਾਂ/ਬੀਆਬਾਨਾਂ ਵਿਚ ਚਲਾ ਗਿਆ ਤਦ ਧਰਮਸਾਲਾਂ ਦੀ ਦੇਖ-ਰੇਖ ਨਿਰਮਲੇ/ਉਦਾਸੀ ਕਰਦੇ ਰਹੇ । ਸੰਗਤ ਤੇ ਆਮਦਨ ਵਧਾਉਣ ਲਈ ਉਨ੍ਹਾਂ ਕਿਧਰੇ ਮੂਰਤੀਆਂ ਵੀ ਰੱਖ ਲਈਆਂ ਅਤੇ ਕਿਤੇ, ਜਿਥੇ ਬੀੜ ਮੌਜੂਦ ਸੀ, “ਬਿਪਰਨ ਕੀ ਰੀਤ” ਵਾਲੇ ਪਾਠਾਂ ਵਾਂਗੂੰ ਪਾਠ ਕਰ ਕੇ ਕਮਾਈ ਦਾ ਸਾਧਨ ਵੀ ਬਣਾ ਲਿਆ ਅਤੇ ਪਾਠ ਕਰਾ ਲੈਣ ਦੀਆਂ ਰਸਮਾਂ ਗੁਰੂ ਸਾਹਿਬਾਨ ਦੇ ਨਾਵਾਂ ਨਾਲ ਵੀ ਜੋੜ ਦਿੱਤੀਆਂ ਗਈਆਂ, ਹਾਲਾਂ ਕਿ ‘ਪੜ੍ਹਾ ਲੈਣ ਅਤੇ ਮਹਾਤਮ ਹਾਸਲ ਕਰ ਲੈਣ ਦਾ ਗੁਰਬਾਣੀ ਸਖ਼ਤ ਵਿਰੋਧ ਕਰਦੀ ਹੈ ।
ਜ਼ਾਲਮ ਹਕੂਮਤ ਨੂੰ ਬਿਲੇ ਲਗਾਉਣ (ਖਤਮ ਕਰਨ) ਮਗਰੋਂ ਖਾਲਸਾ ਰਾਜ-ਭਾਗ ਵੱਲ ਲੱਗ ਗਿਆ ਅਤੇ ਧਰਮਸਾਲਾ ਦੀ ਕਾਰਗੁਜ਼ਾਰੀ ਵੱਲ ਕੋਈ ਧਿਆਨ ਨਾ ਦਿੱਤਾ ਭਾਵੇਂ ਜਾਇਦਾਦਾਂ ਨਾਂ ਲਾ ਕੇ ਤਸੱਲੀ ਲੈ ਲਈ। ਮਾਇਆਵਾਦੀਆਂ ਨੇ ਇਹ ਰੀਤਾਂ ਗੁਰਮਤਿ ਮੁਤਾਬਿਕ ਦੱਸ ਕੇ ਪ੍ਰਚਲਤ ਕਰ ਲਈਆਂ । ਛਾਪੇਖਾਨੇ ਨੇ ਬੀੜਾਂ ਅਤੇ ਧਰਮਸਾਲਾ ਵਿਚ ਚੋਖਾ ਵਾਧਾ ਕੀਤਾ। ਇਹ ਕੁਝ ਮਹੰਤਾਂ/ਪੁਜਾਰੀਆਂ ਨੂੰ ਵੀ ਖੂਬ ਰਾਸ ਆਇਆ । ਸਿੱਖ ਸੰਗਤ ਨੇ ਸਮਝ ਲਿਆ ਕਿ ਚੰਦ ਟਕੇ ਖਰਚ ਕੇ ਜੇਕਰ ਗੁਰਬਾਣੀ ਦਾ ਮਹਾਤਮ ਪੁਜਾਰੀ/ਗ੍ਰੰਥੀ ਕੋਲੋਂ ਹਾਸਲ ਹੋ ਜਾਂਦਾ ਹੈ ਤਾਂ ਇਹ ਤਾਂ ਬਹੁਤ ਹੀ ਸਸਤਾ ਸੌਦਾ ਹੈ; ਆਪ ਪੜ੍ਹਨ ਦੀ ਲੋੜ ਹੀ ਨਹੀਂ । ਸੋ ਖਾਲਸਾ ਮੁੜ ‘ਬਿਪ੍ਰਨ ਕੀ ਰੀਤ’ ਵਿਚ ਹੀ ਫਸਦਾ ਚਲਾ ਗਿਆ।
‘ਸਿੰਘ ਸਭਾ ਲਹਿਰ’ ਨੇ ਜਨਤਕ ਪ੍ਰਚਾਰ ਕਰ ਕੇ ਕਾਫੀ ਰੀਤਾਂ ਮਗਰੋਂ ਲਾਹ ਕੇ ਗੁਰਮਤਿ ਦੀ ਤਸਵੀਰ ਲਿਸ਼ਕਾਈ-ਧਰਮਸਾਲ ਤੋਂ ਨਾਂ ਬਦਲ ਕੇ ਗੁਰਦੁਆਰਾ ਰੱਖਿਆ ਅਤੇ ਪੰਥ-ਪ੍ਰਵਾਨਿਤ ‘ਸਿੱਖ ਰਹਿਤ ਮਰਯਾਦਾ’ ਹੋਂਦ ਵਿਚ ਲਿਆਂਦੀ । ਪਰ ਕੁਝ ਕੁ ਰੀਤਾਂ ਜਿਨ੍ਹਾਂ ਦੀ ਜੜ੍ਹ ਡੂੰਘੀ ਹੋ ਚੁਕੀ ਹੈ, ਬਾਰੇ ਖੁੱਲ੍ਹ ਕੇ ਗੱਲ ਨਹੀਂ ਕੀਤੀ। ਚੰਗਾ ਹੋਇਆ, ਜੇ ‘ਪੜ੍ਹਾ ਲੈਣ’ ਦਾ ਜ਼ਿਕਰ ਨਹੀਂ ਹੋਇਆ । ਪੜ੍ਹਨ ਬਾਰੇ ਵੀ ਸਪਸ਼ਟ ਹੈ ਕਿ ਹਰ ਸਿੱਖ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਪੂਰਨ ਪਾਠ ਸਮਝ-ਬੂਝ ਨਾਲ ਕਰੇ। ਬਹੁਤ ਸਾਰੇ ਅਨਮਤੀਏ, ਗੁਰਬਾਣੀ ਪੜ੍ਹਨ ਨਾਲ ਹੀ ਪੂਰਨ ਗੁਰਸਿੱਖ ਹੋਏ ਜਿਨ੍ਹਾਂ ਪੰਥ ਦੀ ਬਹੁਤ ਸੇਵਾ ਕੀਤੀ ਅਤੇ ਹੁਣ ਪੰਥ ਵਿਚ ਫੇਰ ਜਾਗਰਤਾ ਆਈ ਹੈ ਕਿ ‘ਪੜ੍ਹਾ ਲੈਣ’ ਦਾ ਉਨਾ ਲਾਭ ਨਹੀਂ ਅਤੇ ਪੜ੍ਹੀ ਜਾਣ ਦੀ ਵੀ ਉਦੋਂ ਤਕ ਕੋਈ ਤੁਕ ਨਹੀਂ ਜਦ ਤਕ ਸਮਝ ਨਹੀਂ ਆਈ ਤੇ ਹੁਕਮ, ਅਮਲ ਵਿਚ ਨਹੀਂ ਲਿਆਂਦਾ :
ਙੰਙਾ ਙਿਆਨੁ ਨਹੀ ਮੁਖ ਬਾਤਉ ॥
ਅਨਿਕ ਜੁਗਤਿ ਸਾਸਤ੍ਰ ਕਰਿ ਭਾਤਉ ॥
ਙਿਆਨੀ ਸੋਇ ਜਾ ਕੈ ਦ੍ਰਿੜ ਸੋਊ ॥
ਕਹਤ ਸੁਨਤ ਕਛੁ ਜੋਗੁ ਨ ਹੋਊ ॥( ਅੰਗ ੨੫੧)
ਆਪ ਪਾਠ ਕਰਨ ਵਾਲੇ ਗੁਰਸਿੱਖ ਵਡਭਾਗੀ ਹਨ ਪਰ ਜੋ ਲੋਕਾਂ ਲਈ ਕਰਦੇ ਹਨ, ਉਨ੍ਹਾਂ ਬਾਰੇ ਬੇਅੰਤ ਸ਼ਬਦ ਨਿਖੇਧੀ ਦੇ ਦਰਜ ਹਨ ਕਿ ਉਹ ਬੇਕਾਰ ਵਕਤ ਗੁਆ ਰਹੇ ਹਨ ਤੇ ਦੂਜਿਆਂ ਨੂੰ ਧੋਖਾ ਦੇ ਰਹੇ ਹਨ, ਜਿਵੇਂ :
ਰੋਟੀਆ ਕਾਰਣਿ ਪੂਰਹਿ ਤਾਲ ॥(ਅੰਗ ੪੬੫)
ਇਸ ਲੇਖ ਵਿਚ ਕੇਵਲ ਪੜ੍ਹਨ-ਪੜ੍ਹਾਉਣ ਦੀ ਹੀ ਵਿਚਾਰ ਹੈ । ਥੋੜ੍ਹਾ ਸੋਚਣ ‘ਤੇ ਗੁਰੂ ਸਾਹਿਬਾਨ ਦੀ ਆਪਣੀ ਮੌਜੂਦਗੀ ‘ਚ ਸੰਗਤ ਵਿਚ ਕੀ ਹੁੰਦਾ ਹੋਵੇਗਾ? ਕੀ ਮੱਥਾ ਟੇਕ ਕੇ, ਭੇਟਾ ਚੜ੍ਹਾ ਕੇ ਸੰਗਤ ਵਿਚ ਕੀਰਤਨ/ਵਿਚਾਰ/ਗੁਰ-ਬਚਨ ਸੁਣ ਕੇ ਪ੍ਰਸ਼ਾਦ ਲੈ ਕੇ ਘਰੀਂ ਚਲੇ ਜਾਂਦੇ ਹੋਣਗੇ ? ਨਹੀਂ, ਗੁਰੂ ਸਾਹਿਬਾਨ ਪਾਸ ਆਪਣੀ ਦਸ਼ਾ ਬਿਆਨ ਕਰ ਕੇ ਗਿਆਨ ਮੰਗਦੇ ਹੋਣਗੇ। ਗੁਰੂ ਸਾਹਿਬ ਵੀ ਸਿੱਖਾਂ ਨੂੰ ਪੁੱਛਦੇ ਹੋਣਗੇ ਕਿ ਕਿਰਤ ਕਰਨ,ਵੰਡ ਛਕਣ, ਨਾਮ ਜਪਣ ਤੇ ਸ਼ੁਭ ਅਮਲ ਕਰਨ ਵੱਲ ਕੀ ਔਕੜ ਆ ਰਹੀ ਹੈ ?
ਤਦ ਹੀ ਤਾਂ ਇਤਨੀ ਸਾਰੀ ਗੁਰਬਾਣੀ ਹੋਂਦ ਵਿਚ ਆਈ ! ਵਰਨਾ :
ਕਹੁ ਕਬੀਰ ਅਖਰ ਦੁਇ ਭਾਖਿ ॥ ਹੋਇਗਾ ਖਸਮੁ ਤ ਲੇਇਗਾ ਰਾਖਿ ॥
(ਅੰਗ ੩੨੯)
ਦਾਸ ਹਾਜੀਆਂ ਥਾਵੇਂ ਖੜ੍ਹਾ ਹੋ ਕੇ ਗੁਰੂ ਨਾਨਕ ਨਾਮ-ਲੇਵਾ ਤੋਂ ਪੁੱਛਣ ਦਾ ਜਿਗਰਾ ਕਰਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਫਰੋਲ ਕੇ ਦੱਸੋ ਕਿ ਕੀ ਕੇਵਲ ਰਸਮਾਂ ਪੂਰੀਆਂ ਕਰਨ ਨਾਲ ਹੀ ਜੋਤੀ-ਜੋਤਿ ਰਲ ਜਾਵਾਂਗੇ ਜਾਂ :
ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ॥ (?)
(ਅੰਗ ੪੭੪)
-ਇੰਦਰ ਸਿੰਘ ਨੀਲਾ
