187 views 0 secs 0 comments

ਸੁਹਣੇ ਹੱਥਾਂ ਦੀ ਸੁੰਦਰਤਾ

ਲੇਖ
January 03, 2025

-ਸੁਖਦੇਵ ਸਿੰਘ ਸ਼ਾਂਤ

ਇਕ ਦਿਨ ਗੁਰੂ ਗੋਬਿੰਦ ਸਿੰਘ ਜੀ ਦਰਬਾਰ ਵਿਚ ਬਿਰਾਜਮਾਨ ਸਨ। ਉਨ੍ਹਾਂ ਨੇ ਪਾਣੀ ਪੀਣ ਦੀ ਇੱਛਾ ਪ੍ਰਗਟ ਕੀਤੀ। ਇਕ ਪੰਦਰਾਂ ਕੁ ਸਾਲ ਦਾ ਬੜਾ ਸੁਹਣਾ ਲੜਕਾ ਛੇਤੀ ਨਾਲ ਉੱਠਿਆ ਅਤੇ ਦੌੜ ਕੇ ਪਾਣੀ ਦਾ ਗਿਲਾਸ ਲੈ ਆਇਆ। ਗੁਰੂ ਜੀ ਨੇ ਉਸ ਲੜਕੇ ਦੇ ਨਰਮ ਅਤੇ ਸੁੰਦਰ ਹੱਥਾਂ ਵੱਲ ਇਸ਼ਾਰਾ ਕਰ ਕੇ ਪੁੱਛਿਆ ਕਾਕਾ ਤੂੰ ਕਦੇ ਇਨ੍ਹਾਂ ਸੁਹਣੇ ਹੱਥਾਂ ਨਾਲ ਕੋਈ ਕੰਮ ਕੀਤਾ ਹੈ ਜਾਂ ਕਿਸੇ ਦੀ ਸੇਵਾ ਕੀਤੀ ਹੈ

ਲੜਕੇ ਨੇ ਜਵਾਬ ਦਿੱਤਾ ਮਹਾਰਾਜ, ਮੇਰੇ ਮਾਤਾ-ਪਿਤਾ ਬਹੁਤ ਅਮੀਰ ਹਨ। ਘਰ ਦਾ ਸਾਰਾ ਕੰਮ ਨੋਕਰ ਹੀ ਕਰਦੇ ਹਨ। ਖੇਤਾਂ ਵਿਚ ਵੀ ਨੋਕਰ ਹੀ ਕੰਮ ਕਰਦੇ ਹਨ। ਮੈਨੂੰ ਕਦੇ ਲੋੜ ਹੀ ਨਹੀਂ ਪਈ ਕਿ ਮੈਂ ਉੱਠ ਕੇ ਕਦੇ ਆਪ ਵੀ ਪਾਣੀ ਪੀ ਲਵਾਂ।

“ਗੁਰੂ ਜੀ ਨੇ ਹੱਥ ਵਿਚ ਫੜਿਆ ਹੋਇਆ ਪਾਣੀ ਦਾ ਗਿਲਾਸ ਪੀਣ ਤੋਂ ਨਾਂਹ ਕਰ ਦਿੱਤੀ। ਆਪ ਨੇ ਉਸ ਲੜਕੇ ਨੂੰ ਸਮਝਾਇਆ ਸੇਵਾ ਅਤੇ ਕਿਰਤ ਤੋਂ ਬਿਨਾਂ ਇਹ ਹੱਥ ਬੇਕਾਰ ਹਨ ਅਤੇ ਇਹ ਪਵਿੱਤਰ ਨਹੀਂ ਹਨ। ਅੱਜ ਤੋਂ ਹੀ ਪ੍ਰਣ ਕਰ ਲੈ ਕਿ ਤੂੰ ਇਨ੍ਹਾਂ ਹੱਥਾਂ ਨੂੰ ਸੇਵਾ ਅਤੇ ਕਿਰਤ ਵਿਚ ਲਾਵੇਂਗਾ। ਹੱਥਾਂ ਨੂੰ ਪਵਿੱਤਰ ਕਰ ਕੇ ਫਿਰ ਜਦੋਂ ਤੂੰ ਸਾਨੂੰ ਪਾਣੀ ਲਿਆ ਕੇ ਦਵੇਂਗਾ ਤਾਂ ਅਸੀਂ ਬੜੀ ਖੁਸ਼ੀ ਨਾਲ ਉਹ ਪਾਣੀ ਪੀਆਂਗੇ।”

ਰੱਬ ਨੇ ਸਾਨੂੰ ਬੜੇ ਸੁਹਣੇ ਹੱਥ ਦਿੱਤੇ ਹੋਏ ਹਨ। ਇਨ੍ਹਾਂ ਨੂੰ ਰੱਬ ਅੱਗੇ ਜੋੜਨਾ ਵੀ ਹੈ ਅਤੇ ਇਨ੍ਹਾਂ ਦੇ ਨਾਲ ਸੇਵਾ ਕਰ ਕੇ ਕਿਰਤ ਕਰ ਕੇ ਇਨ੍ਹਾਂ ਦੀ ਸੁੰਦਰਤਾ ਨੂੰ ਵੀ ਕਾਇਮ ਰੱਖਣਾ ਹੈ। ਸਾਡੇ ਹੱਥਾਂ ਦੀ ਅਸਲੀ ਸੁੰਦਰਤਾ ਕੰਮ ਕਰਨ ਵਿਚ ਹੀ ਹੈ ਅਤੇ ਉਹ ਵੀ ਨੇਕ ਕੰਮ ਕਰਨ ਦੇ ਵਿਚ।