“ਜ਼ਾਲਮ ਸਿੰਘ! ਜ਼ਾਲਮ ਪਿਆਸ ਨੂੰ ਨਿਵਾਰ, ਠੰਢਾ ਪਾਣੀ ਲਿਆ।” ਥੋੜੇ ਜਿਹੇ ਸਿੱਖ ਤੇ ਸਿੰਘ ਗੁਰੂ ਗੋਬਿੰਦ ਸਿੰਘ ਜੀ ਦੇ ਆਲੇ ਦੁਆਲੇ ਬੈਠੇ ਸੀ ਤੇ ਕੋਈ ਵਾਰਤਾਲਾਪ ਹੋ ਰਹੀ ਸੀ ਕਿ ਸਾਹਿਬ ਗੱਲ ਕਰਦੇ ਕਰਦੇ ਚੁੱਪ ਹੋ ਗਏ, ਇਧਰ ਉਧਰ ਤੱਕੇ ਤੇ ਜ਼ਾਲਮ ਸਿੰਘ ਗਡਵਈ ਨੂੰ ਪਾਣੀ ਵਾਸਤੇ ਉੱਪਰ ਲਿਖੀ ਅਵਾਜ਼ ਦਿੱਤੀ, ਪਰ ਉਹ ਨੇੜੇ ਨਹੀਂ ਸੀ। ਇਕ ਹੋਰ ਸੁਹਣਾ, ਚੜ੍ਹਦੀ ਉਮਰ ਦਾ, ਆਪਣੇ ਰੂਪ ਜੋਬਨ ਦਾ ਮਦਮੱਤਾ ਸਿੱਖ ਬੈਠਾ ਸੀ, ਜੋ ਬੜੇ ਸ੍ਵਛ ਬਸਤ੍ਰ ਪਹਿਨੇ ਉੱਜਲੇਪਨ ਦੇ ਸ਼ੌਂਕ ਵਿਚ ਓਪਰਾ ਓਪਰਾ ਰਿਹਾ ਕਰਦਾ ਸੀ। ਇਹ ਗੱਭਰੂ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜ਼ਾਲਮ ਸਿੰਘ ਤੋਂ ਪਾਣੀ ਮੰਗ ਦੀ ਅਵਾਜ਼ ਸੁਣ ਕੇ ਉਠ ਖੜੋਤਾ ਤੇ ਹੱਥ ਜੋੜ ਕੇ ਆਖਣ । ਲੱਗਾ- ‘ਪਾਤਸ਼ਾਹ ਜੇ ਆਗਿਆ ਬਖਸ਼ੋ ਤਾਂ ਮੈਂ ਜਲ ਲਿਆਵਾਂ, ਜ਼ਾਲਮ ਸਿੰਘ ਤਾਂ ਹਾਜ਼ਰ ਨਹੀਂ ਦੀਹਦਾ।’ ਸਤਿਗੁਰਾਂ ਨੇ ਦੂਰੋਂ ਹੀ ਸੈਨਤ ਕਰ ਦਿੱਤੀ ਕਿ ਲੈ ਆਓ। ਗੱਭਰੂ ਚਲਾ ਗਿਆ ਅਤੇ ਥੋੜੇ ਚਿਰ ਵਿਚ ਹੀ ਠੰਢੇ ਜਲ ਦਾ ਕਟੋਰਾ ਭਰ ਕੇ ਲੈ ਆਇਆ ਤੇ ਆ ਪੇਸ਼ ਕੀਤਾ। ਸਤਿਗੁਰਾਂ ਨੇ ਕਟੋਰਾ ਲੈ ਲਿਆ। ਫਿਰ ਸਿੱਖ ਗੱਭਰੂ ਵੱਲ ਤੱਕ, ਸ੍ਵਛ ਉੱਜਲ ਦਿੱਸ ਆਇਆ। ਫੇਰ ਹੱਥਾਂ ਵੱਲ ਤੱਕੇ, ਡਿੱਠਾ ਕਿ ਹੱਥ ਬੜੇ ਕੋਮਲ ਜਿਹੇ ਹਨ, ਉਂਗਲੀਆਂ ਪਤਲੀਆਂ ਹਨ, ਸਫਾ ਹਨ, ਪਰ ਮਲੂਕ ਐਉਂ ਜਿਉਂ ਰਾਖਵੀਆਂ ਰੱਖੀਆਂ ਹੁੰਦੀਆਂ ਹਨ। ਤਦ ਸਾਹਿਬ ਬੋਲੇ- ‘ਸਿੱਖਾ! ਤੂੰ ਦੱਸ ਕੀ ਕੰਮ ਕਰਦਾ ਹੁੰਦਾ ਹੈਂ, ਤੇਰੇ ਹੱਥ ਤਾਂ ਬੜੇ ਪਤਲੇ ਕੂਲੇ ਹਨ?’
ਸਿੱਖ ਬੱਚਾ- ਪਾਤਸ਼ਾਹ! (ਦੁਇ ਹੱਥ ਜੋੜ ਕੇ) ਇਹ ਹੱਥ ਆਪ ਅੱਗੇ ਹੀ ਜੁੜਦੇ ਹਨ ਤੇ ਆਪ ਜੋਗਾ ਹੀ ਜਲ ਲਿਆਏ ਹਨ, ਸਰੀਰ ਦੀ ਰਹਿਤ ਬਹਿਤ ਮੈਂ ਸੁੱਚੀ ਰੱਖਦਾ ਹਾਂ।
ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ- ਹੱਛਾ…….. (ਇਹ ਕਹਿ ਕੇ ਪਾਣੀ ਧਰਤੀ ‘ਤੇ ਵੀਟਣ ਲੱਗੇ ਭਾਵ ਡੋਲ੍ਹਣ ਲੱਗੇ)
ਸਿੱਖ ਬੱਚਾ- ਪਾਤਸ਼ਾਹ! ਮੇਰੇ ਹੱਥ ਸਦਾ ਪਵਿੱਤ੍ਰ ਰਹੇ ਹਨ। ਹੁਣ ਭੀ ਧੋਤੇ ਹੋਏ ਸੁੱਚੇ ਸਨ। ਮੈਂ ਇਹ ਹੱਥ ਧੋ ਕੇ ਗੜਵਾ ਮਾਂਜ ਕੇ, ਫੇਰ ਹੱਥ ਸਾਫ਼ ਕਰਕੇ, ਕਟੋਰਾ ਆਪ ਸਾਫ਼ ਕਰਕੇ ਨਿਰਮਲ ਜਲ ਲਿਆਇਆ ਹਾਂ। ਆਪ ਸੰਸਾ ਨਾ ਕਰੋ। ਸੁੱਚਾ ਹੈ, ਛਕੋ।
ਗੁਰੂ ਜੀ ਨੇ ਕਟੋਰਾ ਉਲਟ ਦਿੱਤਾ, ਪਾਣੀ ਧਰਤੀ ਵਿਚ ਲੇਟ ਗਿਆ। ਸਿੱਖ ਬੱਚਾ ਹਰਿਆਨਿਆਂ ਬਉਰਾਨਿਆਂ ਕਦੇ ਲੇਟ ਗਏ (ਡੋਲੇ ਗਏ) ਜਲ ਵੱਲ, ਕਦੇ ਸਤਿਗੁਰਾਂ ਵੱਲ ਤੱਕੇ, ਸਮਝ ਨਾ ਪਵੇ ਕਿ ਕੀ ਅਵੱਗਿਆ ਹੋਈ ਹੈ, ਇੰਨੇ ਨੂੰ ਗੁਰੂ ਜੀ ਬੋਲੇ “ਬਈ ਕੁਸਿੱਖ ਦੇ ਹੱਥ ਛੋਹੇ ਸਨ, ਪੀਣ ਦੇ ਲਾਇਕ ਨਹੀਂ
ਸੀ ਰਿਹਾ।”
ਇਹ ਸੁਣ ਕੇ ਸਿੱਖ ਗੱਭਰੂ ਬਹੁਤ ਡਰਿਆ, ਉਪਰੋਂ ਸ਼ਰਮ ਭੀ ਆਈ ਕਿ ਪਾਸ ਬੈਠੇ ਹੋਰ ਸਿੱਖ ਮੈਨੂੰ ਕਿੱਡਾ ਕੁ ਪਾਪੀ ਸਮਝਣਗੇ, ਸੰਗਤ ਵਿਚ ਕੀਹ ਮੂੰਹ ਲੈਕੇ ਫਿਰਾਂਗਾ। ਫੇਰ ਕੰਬਦਾ ਕੰਬਦਾ ਬੋਲਿਆ, ‘ਪਾਤਸ਼ਾਹ ਮੈਂ ਸਿੱਖ ਦਾ ਪੁੱਤਰ ਹਾਂ, ਕਦੀਮੀ ਸਿੱਖ ਹਾਂ ਆਪ ਦਾ। ਅਸੀਂ ਜੀਵ ਸਦਾ ਭੁੱਲਦੇ ਹਾਂ, ਆਪ ਬਖਸ਼ਿੰਦ ਹੋ, ਬਖਸ਼ੋ, ਜੋ ਮੇਰੀ ਖ਼ਤਾ ਹੈ ਮਾਫ਼ ਕਰੋ ਤੇ ਰਸਤੇ ਪਾਓ।’
ਸ੍ਰੀ ਗੁਰੂ ਜੀ ਸੁਣ ਬਰਖੁਰਦਾਰ! ਤੂੰ ਸਿੱਖ ਦਾ ਪੁੱਤਰ ਖਰਾ, ਤੂੰ ਪਾਹੁਲ ਲਈ, ਤੂੰ ਸਿੱਖੀ ਧਾਰੀ, ਪਰ ਜੇ ਸਿੱਖੀ ਅਮਲ ਵਿਚ ਨਾ ਆਈ ਤਾਂ ਸ਼ਮ ਦੇ ਧਨ ਵਾਂਙੂ ਹੋਈ। ਸਿੱਖੀ ਜਦ ਅਮਲ ਵਿਚ ਆਉਂਦੀ ਹੈ ਤਾਂ ਮਨ ਨੂੰ, ਸਰੀਰ ਨੂੰ ਤੇ ਇਸ ਮਨੁੱਖਾ ਜਨਮ ਨੂੰ ਸਫ਼ਲਾ ਕਰਦੀ ਹੈ। ਸਿੱਖੀ ਇਕ ਸਿਖਿਆ ਧਾਰਨ ਕਰਕੇ ਸੁਸਿਖਿਅਤ ਹੋ ਜਾਣ ਦਾ ਨਾਮ ਹੈ। ਸਿੱਖੀ ਆਪਾ ਸੰਵਾਰ ਕੇ ਚੰਦਨ ਵਾਂਙੂ ਖੁਸ਼ਬੂਦਾਰ ਹੋ ਕੇ ਖੁਸ਼ਬੂ ਦਾਨ ਕਰਨ ਦਾ ਨਾਮ ਹੈ।
ਸਿੱਖੀ ਇੱਕ ਗਿਆਨ ਹੈ, ਇੱਕ ਭਗਤੀ ਹੈ, ਸਾਂਈ ਨਾਲ ਹਜ਼ੂਰੀ ਵਾਸ ਦਾ ਪ੍ਰੇਮ ਹੈ ਤੇ ਇਹ ਸਾਰਾ ਕੁੱਝ ਅਮਲ ਵਿਚ ਆਉਂਦਾ ਹੈ- ਕਰਨੇ ਦਾ ਰੂਪ ਧਾਰਨ ਕਰਦਾ ਹੈ। ਸਿੱਖੀ ਅਕੈ ਹੋ ਜਾਣ ਦਾ ਨਾਂ ਨਹੀਂ। ਗੰਗਾ ਕਿਨਾਰੇ ਪਈ ਸ਼ਿਲਾ ਵਾਂਙੂ ਕ੍ਰਿਆਹੀਨ ਹੋ ਜਾਣਾ ਸਿੱਖੀ ਨਹੀਂ, ਕ੍ਰਿਆ ਕਰਦੇ ਹੋਏ ਅਕੈ ਰਹਿਣਾ ਸਿੱਖੀ ਹੈ, ਵਾਸਨਾ ‘ਤੇ ਫ਼ਤਹਿ ਪਾਉਣੀ ਸਿੱਖੀ ਦੀ ਅਕੈ ਅਵੱਸਥਾ ਹੈ।
ਕਿਰਿਆ ਵਿੱਚ ਕਿਰਿਆਸ਼ੀਲ ਰਹਿਣਾ ਅਤੇ ਕਿਰਿਆ ਧਰਮ ਦੀ ਕਰਣੀ ਸਿੱਖੀ ਦੀ ਕਿਰਿਆਮਾਨ ਅਵਸਥਾ ਹੈ।
ਸਿੱਖੀ, ਬਰਖੁਰਦਾਰ! ਸੇਵਾ ਤੋਂ ਸ਼ੁਰੂ ਹੁੰਦੀ ਹੈ, ਦੇਖ ਗੁਰੂ ਕੇ ਦੁਆਰੇ ਸਭ ਸੇਵਾ ਕਰ ਰਹੇ ਹਨ। ਸੇਵਾ ਨਾਲ ਸਰੀਰ ਸ੍ਵਛ ਹੁੰਦਾ ਹੈ, ਮਨ ਧੋਤਾ ਜਾਂਦਾ ਹੈ, ਹਉਂ ਦੀ ਮੈਲ ਉਤਰ ਜਾਂਦੀ ਹੈ। ਫਿਰ ਜਦ ਨਾਮ ਪ੍ਰਾਪਤ ਹੋ ਜਾਂਦਾ ਹੈ ਤਾਂ ਪਰਮ ਪੁਰਖ ਦੀ ਹਜੂਰੀ ਵਿਚ ਸਦਾ ਦਾ ਵਾਸਾ ਮਿਲਦਾ ਹੈ, ਚਿਤ ਦੀ ਯਾਦ ਦਾ ਮੰਡਲ ਪਰਮ ਪੁਰਖ ਨਾਲ ਭਰਪੂਰ ਰਹਿੰਦਾ ਹੈ। ਫਿਰ ਬੀ ਸਿੱਖ ਤੋਂ ਅਮਲ ਵਿਚ ਸੇਵਾ ਹੀ ਸਰ ਆਉਂਦੀ ਹੈ, ਤਦੋਂ ਸਿੱਖ ਤੋਂ ਸਹਿਜ ਭਾ ਦੀ ‘ਸੇਵਾ’ ਪਈ ਹੁੰਦੀ ਹੈ। ਜਿਵੇਂ ਮੁਸ਼ਕੇ ਫੁੱਲ ਤੋਂ ਖੁਸ਼ਬੋਈ ਦਾਨ ਆਪੇ ਪਈ ਹੁੰਦੀ ਹੈ। ਜੇ ਤੂੰ ਭੀ ਸੇਵਾ ਨਾਲ ਸ੍ਵਛ ਹੋ ਕੇ ਵਾਹਿਗੁਰੂ ਨੂੰ ਯਾਦ ਕਰਦੋਂ ਤੇ ਬਾਣੀ ਪੜ੍ਹਦੋਂ, ਵਿਚਾਰਦੋਂ ਤੇ ਸਾਈਂ ਹਜ਼ੂਰੀ ਵਿਚ ਵਸਦੋਂ ਤਦ ਤੈਨੂੰ ਪਤਾ ਲੱਗਦਾ ਕਿ ਸਾਰੇ ਵਿਆਪ ਰਿਹਾ ਹੈ ਜਗਤ ਦਾ ਪ੍ਰੀਤਮ ਵਾਹਿਗੁਰੂ, “ਸਭ ਮਹਿ ਰਵਿ ਰਹਿਆ ਪ੍ਰਭੁ ਏਕੈ ਪੇਖਿ ਪੇਖਿ ਨਾਨਕ ਬਿਗਸਾਈ॥” ਜਦੋਂ ਤੇਰੀ ਇਹ ਦ੍ਰਿਸ਼ਟੀ ਖੁੱਲ੍ਹਦੀ ਤਾਂ ਤੈਥੋਂ ਸੁਤੇ ਉਪਕਾਰ ਤੇ ਸੇਵਾ ਪਏ ਹੁੰਦੇ। ਤੇਰੀ ਅੰਤ੍ਰੀਵ ਧਾਰਨਾ ਆਪੇ ਅਮਲ ਵਿਚ ਪਈ ਆਉਂਦੀ।
ਪਰ, ਕਾਕਾ! ਜੋ ਸ੍ਵਛਤਾ ਤੈਂ ਸਰੀਰ ਵਿਚ ਧਾਰੀ, ਉਸ ਉੱਜਲਤਾ ਦਾ ਮਾਨ ਤੇਰੇ ਮਨ ਵਿਚ ਧਸ ਗਿਆ ਕਿ ਮੈਂ ਬੜਾ ਉੱਜਲ ਹਾਂ। ਇਉਂ ਮਨ ਨੂੰ ਮਾਨ ਦੀ ਮੈਲ ਲੱਗ ਗਈ। ਜੇ ਉਹ ਉੱਜਲਤਾ ਸੇਵਾ ਨਾਲ ਅਮਲ ਵਿਚ ਆਉਂਦੀ ਤਾਂ ਮਨ ਨੂੰ ਮਾਨ ਦੀ ਮੈਲ ਨਾ ਲੱਗਦੀ। ਸਗੋਂ ਨਿਰਮਾਨ ਉੱਜਲਤਾ ਦਾ ਰੰਗ ਮਨ
ਨੂੰ ਚੜ੍ਹ ਜਾਂਦਾ। ਸਰੀਰ ਤੇ ਮਨ ਦੁਇ ਨਿਰਮਲ ਹੋ ਜਾਂਦੇ। ਇਹ ਸੁਣਕੇ ਸਿੱਖ ਬੱਚਾ ਜ਼ਰਾ ਕੁ ਹੋਰ ਉਦਾਸਿਆ
ਜਿਹਾ ਗਿਆ ਤਾਂ ਸਤਿਗੁਰ ਬੋਲੇ: “ਬੱਚਿਆ! ਮੈਨੂੰ ਪਤਾ ਹੈ ਕਿ ਤੇਰੇ ਆਚਰਣ ਮਾੜੇ ਨਹੀਂ, ਪਰ ਉੱਜਲਤਾ ਦੇ ਹੰਕਾਰ ਵਿਚ ਨਿਕੰਮੇ ਹੋ ਬਹਿਣਾ ਉੱਜਲਤਾ ਨੂੰ ਅਮਲ ਵਿਚ ਲਿਆਉਣਾ ਨਹੀਂ। ਕਿਸੇ ਸ਼ੈ ਨੂੰ ਅਮਲ ਵਿਚ ਨਾ ਲਿਆਉਣਾ ਮਾਨੋਂ ਉਸ ਨੂੰ ਮਾਰ ਛੱਡਣਾ ਹੈ। ਜਿਵੇਂ ਮੁਰਦੇ ਦੇ ਹੱਥ ਕੋਈ ਪਾਪ ਕਰਮ ਨਹੀਂ ਕਰਦੇ ਹੁੰਦੇ, ਉਹ ਨਿਕੰਮੇ ਹੋ ਗਏ ਹੁੰਦੇ ਹਨ। ਦੇਖ ਉਸ ਦੇ ਹੱਥਾਂ ਨੂੰ ਸਾਰੇ ਅਪਵਿੱਤਰ ਜਾਣ ਕੇ ਨਹੀਂ ਛੁੰਹਦੇ। ਨਿਕੰਮੇ ਹੱਥ, ਹਾਂ, ਸੇਵਾ, ਉਪਕਾਰ, ਨੇਕੀ, ਭਲਾਈ ਤੋਂ ਅਕੈ ਹੋ ਗਏ ਹੱਥ ਅਪਾਵਨ ਹਨ, ਮੁਰਦੇ ਤੁੱਲ ਜੁ ਹੋ ਗਏ।” ਕੁਛ ਚਿਰ ਚੁੱਪ ਰਹਿਕੇ ਗੁਰੂ ਜੀ ਫੇਰ ਬੋਲੇ, “ਭਾਈ! ਪਹਿਲਾਂ ਸੇਵਾ ਕਰੀਦੀ ਹੈ ਗੁਰੂ ਦੁਆਰੇ ਤਾਂ ਮੈਲ ਲਹਿੰਦੀ ਹੈ ਕੀਤੇ ਹੋਏ ਕਰਮਾਂ ਦੀ, ਫੇਰ ਹਿਰਦਾ ਸ਼ੁੱਧ ਹੋ ਆਉਂਦਾ ਹੈ। ਸ਼ੁੱਧ ਹਿਰਦੇ ਵਿਚ ਵਾਹਿਗੁਰੂ ਦਾ ਕੀਰਤਨ ਤੇ ਯਾਦ-ਨਾਮ ਤੇ ਸਿਫ਼ਤ ਸਲਾਹ ਦਾ ਵਾਸਾ ਹੁੰਦਾ ਹੈ। ਜਦੋਂ ਸਿਫ਼ਤ ਸਲਾਹ ਤੇ ਨਾਮ ਨਾਲ ਆਪਾ ਹੋਰ ਨਿਰਮਲ ਹੋ ਕੇ ਸਹਿਜ ਘਰ ਆਉਂਦਾ ਹੈ ਤਾਂ ਸਾਰੇ ਕਰਤਾਰ ਦੀ ਹਜ਼ੂਰੀ ਦਿੱਸਦੀ ਹੈ। ਸਭਵਿਚ ਉਸ ਦਾ ਰੂਪ ਭਾਸਦਾ ਹੈ, ਫਿਰ ਸੇਵਾ ਸਹਿਜ ਸੁਭਾਵ ਹੁੰਦੀ ਹੈ। ਹੁਣ ਜੋ ਕੁੱਝ ਸਿੱਖ ਕੇ ਸਿੱਖ ਨੇ ਅਨੁਭਵ ਕੀਤਾ ਹੈ ਉਸ ਦੇ ਅਮਲਾਂ ਵਿਚ ਆ ਜਾਂਦਾ ਹੈ। ਗੁਰਮਤਿ ਦਾ ਸਾਰ ਇਹ ਹੈ ਕਿ ਸਾਰੇ ਅੰਗ ਪਵਿੱਤਰ ਹੁੰਦੇ ਹਨ, ਸ਼ੁਭ ਕਰਮਾਂ ਦੇ ਕਰਨ ਨਾਲ ਤੇ ਮਨ ਨਾਮ ਬਾਣੀ ਨਾਲ।”
ਸਿੱਖ ਬੱਚੇ ਨੇ ਸੁਣਕੇ ਸੀਸ ਨਿਵਾਇਆ, ਭੁੱਲ ਬਖਸ਼ਵਾਈ ਤੇ ਸੇਵਾ ਕਰਨ ਲੱਗਾ। ਧਨ ਨਾਲ ਸੇਵਾ ਕਰੇ। ਗੁਰੂ ਰਸਤੇ ਦਾਨ ਦੇਵੇ ਤੇ ਗੁਰੂ ਸੰਗਤਾਂ ਗੁਰਮੁਖਾਂ ਦੀ ਸੇਵਾ ਵਿਚ ਖਰਚ ਕਰੇ। ਤਨ ਨਾਲ ਸੇਵਾ ਕਰੇ ਗੁਰੂ ਕੀ, ਸਾਧ ਸੰਤ ਗੁਰਮੁਖਾਂ ਦੀ, ਗੁਰ-ਸੰਗਤ ਦੀ। ਮਨ ਨਾਲ ਸ੍ਰੀ ਵਾਹਿਗੁਰੂ ਚਿਤ ਧਰੇ ਤੇ ਗੁਰ ਪਰਮੇਸਰ ਦੀ ਕੀਰਤੀ ਚਿਤ ਵਿਚ ਵਸਾਵੇ ਸਤਿਗੁਰੂ ਸੁਣ ਸੁਣ ਕੇ ਪ੍ਰਸੰਨ ਹੋਣ, ਅੰਤ ਸੇਵਾ ਕਮਾਉਂਦਿਆਂ ਸਤਿਗੁਰਾਂ ਦੀ ਮੇਹਰ ਹੋਈ ਤੇ ਧੰਨ ਧੰਨ ਹੋ ਗਿਆ।
ਭਾਈ ਸਾਹਿਬ ਭਾਈ ਵੀਰ ਸਿੰਘ ਜੀ
