24 views 28 secs 0 comments

ਸੋਮਵਾਰ ਰਾਹੀਂ ਉਪਦੇਸ਼

ਲੇਖ
November 03, 2025

ਸੋਮਵਾਰਿ ਸਚਿ ਰਹਿਆ ਸਮਾਇ॥
ਤਿਸ ਕੀ ਕੀਮਤਿ ਕਹੀ ਨ ਜਾਇ॥
ਆਖਿ ਆਖਿ ਰਹੇ ਸਭਿ ਲਿਵ ਲਾਇ॥
ਜਿਸੁ ਦੇਵੈ ਤਿਸੁ ਪਲੈ ਪਾਇ॥ ਅਗਮ ਅਗੋਚਰੁ ਲਖਿਆ ਨ ਜਾਇ॥
ਗੁਰ ਕੈ ਸਬਦਿ ਹਰਿ ਰਹਿਆ ਸਮਾਇ॥ ੨॥
(ਅੰਗ ੮੪੧)

ਅਸੀਂ ਸਮਾਜ ਵਿਚ ਪ੍ਰਚਲਿਤ ਦਿਨਾਂ ਪ੍ਰਤੀ ਕੀਤੀਆਂ ਜਾਂਦੀਆਂ ਭਰਮ-ਮਈ ਵਿਚਾਰਾਂ ਤੋਂ ਡਰਪੋਕ ਮਾਨਸਿਕਤਾ ਨੂੰ ਜਾਗ੍ਰਿਤ ਕਰਨ ਲਈ ‘ਵਾਰ ਸਤ ਮਹਲਾ ੩’ ਸ੍ਰੀ ਗੁਰੁ ਅਮਰਦਾਸ ਜੀ ਦੀ ਰਚਿਤ ਬਾਣੀ ਰਾਹੀਂ ਵਿਚਾਰ ਸ਼ੁਰੂ ਕੀਤੀ ਹੈ। ਵਾਰ ਸਤ ਜਾਂ ਸਤਵਾਰਾ ਇਕ ਕਾਵਿ ਰੂਪ ਹੈ, ਜਿਸ ਵਿਚ ਸੱਤਾਂ ਦਿਨਾਂ ਨੂੰ ਆਧਾਰ ਬਣਾ ਕੇ ਰਚਨਾ ਕੀਤੀ ਜਾਂਦੀ ਹੈ।
ਭਾਵੇਂ ਸਾਹਿਤ ਵਿਚ ਬੇਅੰਤ ਕਵੀਆਂ ਨੇ ਸੰਸਾਰੀ ਤਲ ‘ਤੇ ਆਪੋ-ਆਪਣੀ ਸੋਚ ਅਨੁਸਾਰ ਸਤਵਾਰੇ ਲਿਖੇ ਹਨ ਪਰ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਜੋਤ ਨੇ ਤੀਜੇ ਜਾਮੇ ਵਿਚ ਵਿਚਰਦਿਆਂ ਜੋ ਸਮੂਹ ਸੰਸਾਰ ਨੂੰ ਉਪਦੇਸ਼ ਕੀਤਾ ਉਹ ਸਾਡੀ ਸਫਲ ਜੀਵਨ-ਜਾਚ ਦਾ ਆਧਾਰ ਹੈ। ਬਿਲਾਵਲੁ ਮਹਲਾ ੩ ਵਾਰ ਸਤ’ ਅਤੇ ‘ਰਾਗੁ ਗਉੜੀ ਵਾਰ ਕਬੀਰ ਜੀਉ ਕੇ ਬਾਣੀ, ਭਾਰਤੀ ਸੱਭਿਆਚਾਰ ਵਿਚ ਦਿਨਾਂ ਪ੍ਰਤੀ ਕੀਤੇ ਜਾਂਦੇ ਭਰਮਾਂ ਤੋਂ ਸਮਾਜ ਨੂੰ ਮੁਕਤ ਕਰਦੀ ਹੈ। ਇਨ੍ਹਾਂ ਮਹਾਨ ਰਚਨਾਵਾਂ ਨੇ ਮਨੁੱਖੀ ਮਾਨਸਿਕਤਾ ਨੂੰ ਮੰਡਨਮਈ ਵਿਚਾਰ ਦਿੱਤੇ ਹਨ। ਜਿਵੇਂ ਖੰਡਨ ਤੋਂ ਭਾਵ ਰੱਦ ਕਰਨਾ ਹੈ। ਇਸੇ ਤਰਾਂ ਮੰਡਨ ਤੋਂ ਭਾਵ ਖੰਡਨ ਦੇ ਵਿਰੁੱਧ ਦਲੀਲ ਅਤੇ ਪ੍ਰਮਾਣ ਨਾਲ ਪੱਖ ਦੀ ਪ੍ਰੋੜਤਾ ਕਰਨੀ ਭਾਵ ਦ੍ਰਿੜ ਸੰਕਲਪ ਕਰਨਾ ਹੈ। ਇਨ੍ਹਾਂ ਬਾਣੀਆਂ ਵਿਚ ਸਿੱਧੇ ਤੌਰ ‘ਤੇ ਖੰਡਨ ਭਾਵੇਂ ਨਹੀਂ ਪਰ ਮੰਡਨ ਹੈ ਕਿਉਂਕਿ ਸਤਿਗੁਰਾਂ

ਨੇ ਬਾਣੀ ਵਿਚ ਵਾਰ-ਵਾਰ ਥਿਤਾਂ, ਵਾਰਾਂ ਦੀ ਵਿਚਾਰ ਕਰਨ ਨੂੰ ਪਖੰਡ ਕਰਮ ਕਿਹਾ ਹੈ।

ਗੁਰਮਤਿ ਦਾ ਫੈਸਲਾ ਹੈ :

ਦਿਨੁ ਰੈਣਿ ਸਭ ਸੁਹਾਵਣੇ ਪਿਆਰੇ ਜਿਤੁ ਜਪੀਐ ਹਰਿ ਨਾਉ॥ (ਅੰਗ ੪੩੨)

ਹੁਣ ਜੇਕਰ ‘ਸੋਮਵਾਰ’ ਦੇ ਨਾਮਕਰਨ ਸੰਬੰਧੀ ਜਾਣੀਏ ਤਾਂ ‘ਸੰਖਿਆ ਕੋਸ਼’ ਅਨੁਸਾਰ ‘ਸੋਮਾ’ ਨਾਮ ਚੰਦਰਮਾ ਦਾ ਹੈ। ਸੋਮਵਾਰ ਤੋਂ ਭਾਵ ਚੰਦਰਮਾ ਦਾ ਦਿਨ ਹੈ। ‘ਮਹਾਨ ਕੋਸ਼’ ਅਨੁਸਾਰ ਚੰਦਰਮਾ ਦਾ ਨਾਉਂ ਸੋਮ ਹੈ, ਕਿਸੇ ਨੇ ਸੋਮ ਨੂੰ ਅਤੂ ਰਿਖੀ ਦਾ ਪੁੱਤਰ, ਕਿਤੇ ਧਰਮ ਦਾ ਪੁੱਤਰ ਅਤੇ ਕਿਤੇ ਅਤੇ ਵੰਸ਼ ਦੇ ਪ੍ਰਭਾਕਰ ਦਾ ਪੁੱਤਰ ਮੰਨਿਆ ਹੈ। ‘ਸੋਮ’ ਇਕ ਨਸ਼ੀਲੇ ਪਦਾਰਥ ਦਾ ਨਾਉਂ ਭੀ ਹੈ। ਅੰਗਰੇਜ਼ੀ ਵਿਚ ਚੰਦਰਮਾ ਨੂੰ Moon ਆਖਦੇ ਹਨ ਅਤੇ Moon ਤੋਂ ਹੀ Monday (ਸੋਮਵਾਰ) ਭਾਵ ਚੰਦਰਮਾ ਦਾ ਦਿਨ ਮੰਨਿਆ ਗਿਆ। ਸਮ-ਅਰਥ ਕੋਸ਼ ਵਿਚ ਚੰਦਰਮਾ ਲਈ ਸਮਾਨ ਅਰਥੀ ਪ੍ਰਚੱਲਤ ਸ਼ਬਦ-ਚੰਦ, ਚੰਨ, ਅਜ. ਸਸਿ, ਸਸੀ, ਸਸੀਅਰ, ਸਾਰੰਗ, ਸੋਮ, ਹਿਮਕਰ, ਮਾਤਾਬ, ਰੈਣ ਰਾਜ ਤੋਂ ਇਲਾਵਾ ਕੁੱਲ ਦੋ ਸੌ ਸ਼ਬਦ ਹਨ, ਜੋ ਵੱਖ-ਵੱਖ ਭਾਸ਼ਾਵਾਂ ਵਿਚ ਸੋਮ ਜਾਂ ਚੰਦਰਮਾ ਲਈ ਵਰਤੇ ਜਾਂਦੇ ਹਨ।

‘ਚੰਦਰਮਾ’ ਸਾਡੀ ਧਰਤੀ ਦਾ ਉਪਗ੍ਰਹਿ ਹੈ। ਪੰਜਾਬੀ ਸੱਭਿਆਚਾਰ ਵਿਚ ਇਸ ਨੂੰ ਧਰਤੀ ਦਾ ਭਰਾ ਮੰਨ ਕੇ ਚੰਦ ਮਾਮਾ ਵੀ ਕਿਹਾ ਜਾਂਦਾ ਹੈ। ਚੰਦਰਮਾ ਸੂਰਜ ਦੀ ਰੋਸ਼ਨੀ ਨਾਲ ਚਮਕਦਾ ਹੈ। ‘ਰਾਮਕਲੀ ਮਹਲਾ ੧ ਸਿਧ ਗੋਸਟਿ’ ਬਾਣੀ ਵਿਚ ਫ਼ਰਮਾਨ ਹੈ:
“ਸਸਿ ਘਰਿ ਸੂਰੁ ਵਸੈ ਮਿਟੈ ਅੰਧਿਆਰਾ” (ਅੰਗ ੯੪੩)

ਭਾਵ – ਸਸਿ (ਚੰਦਰਮਾ) ਦੇ ਘਰ ਸੂਰੁ (ਸੂਰਜ) ਦੇ ਜਲੌਅ ਨਾਲ ਹੀ ਅੰਧੇਰਾ ਮਿਟਦਾ ਹੈ ਤੇ ਚੰਦਰਮਾ ਸੰਸਾਰ ਨੂੰ ਰੋਸ਼ਨੀ ਦਿੰਦਾ ਹੈ।

ਇਹੋ ਅਜੋਕੇ ਵਿਗਿਆਨ ਦੀ ਖੋਜ ਹੈ। ਉਂਝ ਚੰਦਰਮਾ ਨੂੰ ਪੁਰਾਤਨ ਕਾਲ ਤੋਂ ਹੀ ਅਤਿ ਸੁੰਦਰਤਾ ਤੇ ਸਭ ਤੋਂ ਨਿਆਰੀ ਹੋਂਦ ਦਾ ਪ੍ਰਤੀਕ ਮੰਨ ਕੇ ਸੁਹੱਪਣਤਾ ਜਾਂ ਮਹਾਨ ਸ਼ਖ਼ਸੀਅਤ ਪ੍ਰਤੀ ਚੰਨ ਦੀ ਤਸ਼ਬੀਹ ਦਿੱਤੀ ਗਈ ਹੈ। ਜਿਵੇਂ ਦਸਮ ਪਾਤਸ਼ਾਹ ਜੀ ਪ੍ਰਤੀ ‘ਮਾਤਾ ਗੁਜਰੀ ਦਾ ਚੰਨ’ ਜਾਂ ਭੱਟ ਬਾਣੀ ਵਿਚ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਲਈ ‘ਪ੍ਰਥਮੇ ਨਾਨਕ ਚੰਦ’ ਸ਼ਬਦ ਉਚਾਰਿਆ ਗਿਆ ਹੈ। ਇਸੇ ਪ੍ਰਕਾਰ ਭਾਰਤ ਦੇ ਬਹੁ-ਗਿਣਤੀ ਵਿਸ਼ੇਸ਼ ਪੁਰਬ ਤੇ ਮੇਲੇ ਤਿਉਹਾਰ ਵੀ ਸੂਰਜ ਅਤੇ ਚੰਦਰਮਾ ਅਨੁਸਾਰ ਮਨਾਏ ਜਾਂਦੇ ਹਨ।

ਇਤਿਹਾਸ ਦੇ ਖੋਜਾਰਥੀਆਂ ਲਈ ਇਨ੍ਹਾਂ ਦੀ ਵਿਸ਼ੇਸ਼ ਮਹੱਤਤਾ ਹੈ। ਸੂਰਜ ਦੇ ਦਿਨਾਂ ਨੂੰ ‘ਵਾਰ’ ਅਤੇ ਚੰਦਰਮਾ ਦੇ ਦਿਨਾਂ ਨੂੰ ‘ਥਿਤਾਂ’ ਕਿਹਾ ਜਾਂਦਾ ਹੈ। ਪੂਰਨਮਾਸ਼ੀ ਤੋਂ ਮੱਸਿਆ ਤੱਕ ਦਿਨਾਂ ਦੀ ਗਿਣਤੀ ਨੂੰ ਵਦੀ (ਹਨੇਰ ਪੱਖ) ਅਤੇ ਮੱਸਿਆ ਤੋਂ ਚੰਦਰਮਾ ਤੱਕ ਦਿਨਾਂ ਦੀ ਗਿਣਤੀ ਨੂੰ ਸੁਦੀ (ਚਾਨਣਾ ਪੱਖ) ਕਿਹਾ ਜਾਂਦਾ ਹੈ। ਸੂਰਜ ਤੇ ਚੰਦਰਮਾ ਦੀ ਗਤੀ ਨਾਲ ਹੀ ਕੈਲੰਡਰ ਬਣੇ ਹਨ। ਚੰਦਰਮਾ ਦੇ ਹਿਸਾਬ ਨਾਲ ਸੰਪੂਰਨ ਮਹੀਨਾ ਪੂਰਨਮਾਸ਼ੀ ਦਾ ਦਿਨ ਮੰਨਿਆ ਗਿਆ। ਕੁਝ ਲੋਕਾਂ ਵਿਚ ਚੰਦਰਮਾ ਦੀ ਪੂਜਾ ਦਾ ਵੀ ਵਿਧੀ ਵਿਧਾਨ ਹੈ, ਪਰ ਕਲਗੀਧਰ ਪਾਤਸ਼ਾਹ ਜਾਪੁ ਸਾਹਿਬ ਵਿਚ “ਨਮੋ ਚੰਦ੍ਰ ਚੰਦ੍ਰੇ” ਉਚਾਰ ਕੇ ਚੰਦਰਮਾ ਦੇ ਵੀ ਚੰਦਰਮਾ ਇਕ ਅਕਾਲ ਨੂੰ ਨਮਸਕਾਰ ਕਰਦੇ ਹਨ ਅਤੇ ਆਪਣੇ ਨਾਦੀ ਪਰਿਵਾਰ ਨੂੰ ਇਕ ਅਕਾਲ ਦੀ ਸ਼ਕਤੀ ਤੇ ਭਗਤੀ ਦ੍ਰਿੜ ਕਰਵਾਉਂਦੇ ਹਨ।

ਇਸੇ ਤਰ੍ਹਾਂ ਸੋਮਵਾਰ ਸੰਬੰਧੀ ਸਾਡੇ ਸਮਾਜ ਵਿਚ ਕਈ ਅੰਧਵਿਸ਼ਵਾਸ ਵੀ ਹਨ ਜੋ ਕੁਝ ਪ੍ਰਤੀਸ਼ਤ ਲੋਕ ਫੋਕਟ ਭਰਮਾਂ ਵਿਚ ਉਲਝੇ ਹੋਏ ਮੰਨੀ ਵੀ ਜਾ ਰਹੇ ਹਨ, ਜਿਵੇਂ ਲੋਕ-ਧਾਰਨਾ ਹੈ ਕਿ ਸੋਮਵਾਰ ਦਾ ਵਰਤ ਰੱਖਿਆ ਘਰਾਂ ਵਿਚ ਸੁਖ-ਸ਼ਾਂਤੀ ਵਰਤਦੀ ਹੈ। ਇਹ ਵਰਤ ਪਤੀ-ਪਤਨੀ ਦੇ ਸੁੱਖਾਂ ਲਈ ਵੀ ਰੱਖਿਆ ਜਾਂਦਾ ਹੈ। ਇਹ ਵੀ ਧਾਰਨਾ ਹੈ ਕਿ ਜੇਕਰ ਵਰਤ ਚੇਤ, ਵੈਸਾਖ, ਸਾਵਣ, ਕੱਤਕ ਜਾਂ ਮੱਘਰ ਮਹੀਨੇ ਦੇ ਪਹਿਲੇ ਸੋਮਵਾਰ ਤੋਂ ਸ਼ੁਰੂ ਕਰੀਏ ਤਾਂ ਹੋਰ ਫਾਇਦੇਮੰਦ ਹੋਵੇਗਾ। ਇਸੇ ਤਰ੍ਹਾਂ ਸੋਮਵਾਰ ਪੂਰਬ ਦਿਸ਼ਾ ਵੱਲ ਜਾਣਾ ਚੰਗਾ ਸਮਝਿਆ ਜਾਂਦਾ ਹੈ। ਕੁਝ ਸਿੱਖ ਪਰਿਵਾਰ ਸੋਮਵਾਰ ਦੀ ਮੱਸਿਆ ਸੰਬੰਧੀ ਵਿਸ਼ੇਸ਼ ਭਰਮ ਵੀ ਪਾਲੀ ਬੈਠੇ ਹਨ। ਇਸ ਤੋਂ ਅੱਗੇ ਜੇਕਰ ਸੋਮਵਾਰੀ ਮੱਸਿਆ ਚੇਤ ਜਾਂ ਭਾਦੋਂ ਦੇ ਮਹੀਨੇ ਦੀ ਹੋਵੇ ਤਾਂ ਦੂਰ-ਦੂਰ ਤਕ ਮਨ ਦੀਆਂ ਮੰਗਾਂ ਪੂਰੀਆਂ ਕਰਨ ਲਈ ਅੰਧਵਿਸ਼ਵਾਸੀ ਲੋਕ ਤੀਰਥਾਂ ‘ਤੇ ਇਸ਼ਨਾਨ ਕਰਨ ਦਾ ਵਿਚਾਰ ਵੀ ਰੱਖਦੇ ਹਨ ਪਰ ਅਸੀਂ ਗੁਰਮਤਿ ਧਾਰਨ ਕਰ ਕੇ ਗੁਰੂ ਗ੍ਰੰਥ ਅਤੇ ਪੰਥ ਨਾਲ ਜੁੜਨਾ ਹੈ। ਦਿਨਾਂ/ਵਾਰਾਂ ਦੇ ਭਰਮ-ਮਈ ਵਿਚਾਰਾਂ ਵਿਚ ਨਹੀਂ ਪੈਣਾ। ਗੁਰਬਾਣੀ ਉੱਪਰ ਭਰੋਸਾ ਰੱਖਣਾ ਹੈ।

ਸੋਮਵਾਰ-ਚੰਦਰਮਾ ਦਾ ਦਿਨ ਹੋਣ ਕਰਕੇ ਚੰਦਰਮਾ ਗ੍ਰਹਿਣ ਸਮੇਂ ਵੀ ਭਾਰਤੀ ਲੋਕ ਬਹੁਤ ਭਰਮ ਤੇ ਪਖੰਡ ਕਰਦੇ ਹਨ, ਮਿੱਥ ਅਨੁਸਾਰ ਸੋਮ (ਚੰਦਰਮਾ) ਨੂੰ ਵਧਣ-ਘਟਣ ਦਾ ਵੀ ਸਰਾਪ ਮੰਨਿਆ ਜਾਂਦਾ ਹੈ। ਪੁਰਾਤਨ ਵਿਚਾਰ ਸੀ ਕਿ ਸੋਮਵਾਰ ਨੂੰ ਮੰਜੀ ਬੁਣਨ ਦਾ ਉਦਘਾਟਨ ਜ਼ਰੂਰ ਕਰ ਲਵੋ ਭਾਵੇਂ ਕੁਝ ਰੱਸੀਆਂ ਵਗਾ ਕੇ ਹੀ ਛੱਡ ਦਿਉ। ਇਸੇ ਤਰ੍ਹਾਂ ਵੱਖ-ਵੱਖ ਇਲਾਕਿਆਂ ਵਿਚ ਹੋਰ ਵੀ ਬਥੇਰੇ ਵਹਿਮ-ਭਰਮ ਇਸ ਦਿਨ ਨਾਲ ਹੋ ਸਕਦੇ ਹਨ।

ਭਗਤ ਕਬੀਰ ਜੀ ਨੇ ਸਤਵਾਰ ਰਾਹੀਂ ਸੋਮਵਾਰ ਪ੍ਰਥਾਇ ਆਪਣੀ ਬਾਣੀ ਵਿਚ ਜੋ ਉਪਦੇਸ਼ ਦ੍ਰਿੜ ਕਰਵਾਇਆ ਹੈ, ਉਹ ਇਸ ਪ੍ਰਕਾਰ ਹੈ :

ਸੋਮਵਾਰ ਸਸਿ ਅੰਮ੍ਰਿਤੁ ਝਰੈ॥ ਚਾਖਤ ਬੇਗਿ ਸਗਲ ਬਿਖ ਹਰੈ॥
ਬਾਣੀ ਰੋਕਿਆ ਰਹੈ ਦੁਆਰ॥ ਤਉ ਮਨੁ ਮਤਵਾਰੋ
ਪੀਵਨਹਾਰ॥ ੨॥
(ਅੰਗ ੩੪੪)

ਭਾਵ – ਪ੍ਰਭੂ ਦੇ ਗੁਣ ਗਾਉਣ ਨਾਲ ਸੋਮਵਾਰ (ਚੰਦਰਮਾ ਦੇ ਦਿਨ) ਸ਼ਾਂਤੀ ਦਾ ਅੰਮ੍ਰਿਤ ਵਰਸਦਾ ਹੈ। ਇਹ ਨਾਮ-ਰੂਪੀ ਅੰਮ੍ਰਿਤ ਚੱਖਣ ਨਾਲ ਸਾਰੇ ਵਿਕਾਰ (ਸਗਲ ਬਿਖ) ਦੂਰ ਹੁੰਦੇ ਹਨ। ਸਤਿਗੁਰਾਂ ਦੀ ਬਾਣੀ ਦੀ ਬਰਕਤ ਨਾਲ ਮਨੁੱਖੀ ਮਨ ਪ੍ਰਭੂ ਦਰ ‘ਤੇ ਟਿਕਿਆ ਰਹਿੰਦਾ ਹੈ ਅਤੇ ਮਸਤ ਹੋਇਆ ਮਨ ਉਸ ਅੰਮ੍ਰਿਤ ਨੂੰ ਪੀਂਦਾ ਹੈ। (ਇੱਥੇ ਸਭਭਰਮ ਤਿਆਗ ਕੇ ਨਾਮ ਜਪਣ ਦਾ ਉਪਦੇਸ਼ ਹੈ।)

ਇਸੇ ਤਰ੍ਹਾਂ ਸ੍ਰੀ ਗੁਰੂ ਅਮਰਦਾਸ ਜੀ ਨੇ ਸੋਮਵਾਰ ਰਾਹੀਂ ਉਪਦੇਸ਼ ਦਿੰਦਿਆਂ ਜੋ ਬਖ਼ਸ਼ਿਸ਼ ਕੀਤੀ ਹੈ ਉਸ ਦੇ ਭਾਵ-ਅਰਥ ਇਹ ਹਨ। (ਗੁਰਬਾਣੀ ਪਾਠ ਇਸ ਨਿਬੰਧ ਦੇ ਸ਼ੁਰੂ ਵਿਚ ਦਿੱਤਾ ਗਿਆ ਹੈ।
ਹੇ ਭਾਈ ! ਜੋ ਮਨੁੱਖ ਗੁਰੂ-ਸ਼ਬਦ ਰਾਹੀਂ ਸਦਾ ਪ੍ਰਭੂ ਦੀ ਯਾਦ ਵਿਚ ਲੀਨ ਹੋਇਆ ਰਹਿੰਦਾ ਹੈ (ਉਸ ਦਾ ਆਤਮਿਕ ਜੀਵਨ ਇੰਨਾ ਉੱਚਾ ਹੋ ਜਾਂਦਾ ਹੈ ਕਿ) ਉਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ। ਇਹ ਦਾਤ ਪ੍ਰਭੂ ਜਿਸ ਨੂੰ ਆਪ ਦਿੰਦਾ ਹੈ, ਉਸ ਨੂੰ ਹੀ ਮਿਲਦੀ ਹੈ, ਉਂਝ ਤਾਂ ਸਾਰੇ ਹੀ ਸਿਫ਼ਤਾਂ ਕਰਨ ਦੀ ਤੇ ਸੁਰਤ ਜੋੜਨ ਦੀ ਕੋਸ਼ਿਸ਼ ਕਰਦੇ ਹਨ। ਉਹ ਪ੍ਰਭੂ ਅਗਮ ਅਗੋਚਰ ਹੈ, ਪਰ ਗੁਰੂ ਦੇ ਸ਼ਬਦ ਰਾਹੀਂ (ਭਾਵ ਗੁਰਬਾਣੀ ਰਾਹੀਂ) ਮਨੁੱਖ ਪ੍ਰਭੂ ਵਿਚ ਲੀਨ ਰਹਿ ਸਕਦਾ ਹੈ। ਤੱਤ ਸਾਰ ਵਜੋਂ ਗੁਰਬਾਣੀ ਉੱਪਰ ਭਰੋਸਾ ਰੱਖਣ ਵਾਲਾ ਫਿਰ ਕਿਸੇ ਸੋਮਵਾਰ ਦੇ ਭਰਮਾਂ ‘ਚ ਨਹੀਂ ਉਲਝਦਾ, ਸਗੋਂ ਗੁਰੂ ਦੇ ਭਰੋਸੇ ‘ਤੇ ਗੁਰਮਤਿ ਅਨੁਸਾਰ ਜੀਵਨ ਜਿਊਂਦਾ ਹੈ।

ਡਾ. ਇੰਦਰਜੀਤ ਸਿੰਘ ਗੋਗੋਆਣੀ