145 views 10 secs 0 comments

ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ

ਲੇਖ
February 24, 2025

-ਡਾ. ਜਸਵਿੰਦਰ ਸਿੰਘ*

ਦੁਨੀਆ ਦੇ ਕਿਸੇ ਵੀ ਧਰਮ ਜਾਂ ਸਮਾਜ ਵਿਚ ਇਸਤਰੀ ਨੂੰ ਇੰਨਾ ਮਾਣ ਨਹੀਂ ਦਿੱਤਾ ਗਿਆ, ਜਿੰਨਾ ਸਿੱਖ ਧਰਮ ਵਿਚ ਦਿੱਤਾ ਗਿਆ ਹੈ। ਗੁਰੂ-ਕਾਲ ਤੋਂ ਪਹਿਲਾਂ ਅਤੇ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਇਸਤਰੀ ਦੀ ਦਸ਼ਾ ਚੰਗੀ ਨਹੀਂ ਸੀ। ਮਰਦ ਨਾਲੋਂ ਇਸਤਰੀ ਦਾ ਦਰਜਾ ਨੀਵਾਂ ਸਮਝਿਆ ਜਾਂਦਾ ਸੀ। ਭਾਵੇਂ ਸਾਰੇ ਸੰਸਾਰ ਵਿਚ ਮਨੁੱਖਤਾ ਦੀ ਉਤਪਤੀ ਇਸਤਰੀਆਂ ਦੇ ਉਦਰ ਤੋਂ ਹੋਈ ਪ੍ਰੰਤੂ ਫਿਰ ਵੀ ਉਸ ਨੂੰ ਪੁਰਸ਼ ਦੇ ਬਰਾਬਰ ਹੱਕ ਪ੍ਰਾਪਤ ਨਹੀਂ ਹੋਏ[ ਪੁਰਸ਼ ਪ੍ਰਧਾਨ ਸਮਾਜ ਵਿਚ ਉਸ ਨੂੰ ਹੋਰਨਾਂ ਵਸਤਾਂ ਦੀ ਤਰ੍ਹਾਂ ਸਿਰਫ਼ ਵਸਤੂ ਹੀ ਸਮਝਿਆ ਗਿਆ।

ਵੈਦਿਕ ਕਾਲ ਵਿਚ ਇਸਤਰੀ ਦੀ ਸਥਿਤੀ ਕੁਝ ਚੰਗੀ ਸੀ, ਪ੍ਰੰਤੂ ਫਿਰ ਵੀ ਇਸਤਰੀਆਂ ਨੂੰ ਘਰਾਂ ਦੀ ਚਾਰ ਦੀਵਾਰੀਆਂ ਦੇ ਅੰਦਰ ਹੀ ਰੱਖਿਆ ਜਾਂਦਾ ਸੀ ਤਾਂ ਕਿ ਉਹ ਸੁਰੱਖਿਅਤ ਰਹਿਣ। ਮੱਧਕਾਲ ਵਿਚ ਇਸਤਰੀ ਦੀ ਸਥਿਤੀ ਵਧੇਰੇ ਦਰਦਨਾਕ ਹੋ ਗਈ। ਇਸਤਰੀ ਨੂੰ ਹਰ ਖੇਤਰ ਵਿਚ ਪਿਛਾਂਹ ਰੱਖਿਆ ਜਾਣ ਲੱਗਾ। ਸਮਾਜ ਵਿਚ ਇਸਤਰੀਆਂ ਪ੍ਰਤੀ ਕਈ ਪ੍ਰਕਾਰ ਦੀਆਂ ਕੁਰੀਤੀਆਂ ਪੈਦਾ ਹੋ ਗਈਆਂ। ਮਨੂੰ ਸਿਮਰਤੀ ਵਿਚ ਇਸਤਰੀ ਨੂੰ ਕਾਮਿਨੀ ਤੇ ਸਰਪਣੀ ਆਦਿਕ ਕਹਿ ਕੇ ਨਿੰਦਿਆ ਜਾਣ ਲੱਗਾ
ਜਿਵੇਂ:

“ਢੋਰ, ਗਵਾਰ, ਸੂਦਰ ਅਰੁ ਨਾਰੀ[ ਯੇ ਸਭ ਤਾੜਨ ਕੇ ਅਧਿਕਾਰੀ।”

ਮਨੂੰ ਨੇ ਤਾਂ ਇੱਥੋਂ ਤਕ ਵੀ ਕਿਹਾ ਕਿ ਇਸਤਰੀ ਸਭ ਦੁੱਖਾਂ ਦਾ ਮੂਲ ਕਾਰਨ ਹੈ। ਇਸ ਕਰਕੇ ਇਸਤਰੀ ਨੂੰ ਕਦੀ ਅਜ਼ਾਦੀ ਨਹੀਂ ਦੇਣੀ ਚਾਹੀਦੀ। ਇਸ ਉੱਤੇ ਹਮੇਸ਼ਾਂ ਕਿਸੇ ਨਾ ਕਿਸੇ ਦੀ ਸਰਪ੍ਰਸਤੀ ਚਾਹੀਦੀ ਹੈ, ਜਿਵੇਂ ਕਿ ਬਚਪਨ ਵਿਚ ਪਿਤਾ ਦੀ, ਵਿਆਹ ਪਿੱਛੋਂ ਪਤੀ ਦੀ ਅਤੇ ਜੇ ਪਤੀ ਮਰ ਜਾਵੇ ਤਾਂ ਪੁੱਤਰ ਦੀ।

ਇਸੇ ਹੀ ਤਰ੍ਹਾਂ ਬਾਕੀ ਧਰਮਾਂ ਜਿਵੇਂ ਈਸਾਈ ਧਰਮ ਵਿਚ ਵੀ ਇਸਤਰੀ ਦਾ ਦਰਜਾ ਮਰਦ ਨਾਲੋਂ ਨੀਵਾਂ ਹੈ। ਈਸਾਈ ਮਤ ਅਨੁਸਾਰ ਸਭ ਪਾਪਾਂ ਤੇ ਗੁਨਾਹਾਂ ਦਾ ਸੋਮਾ ਤੇ ਸਾਧਨ ਇਸਤਰੀ ਹੈ। ਮਹਾਤਮਾ ਬੁੱਧ ਇਸਤਰੀ ਨੂੰ ਧਰਮ ਦੇ ਮਾਰਗ ‘ਤੇ ਚੱਲਣ ਵਾਲੇ ਮਰਦਾਂ ਦੇ ਰਾਹ ਵਿਚ ਰੋੜਾ ਹੀ ਸਮਝਦੇ ਸਨ। ਜੋਗੀਆਂ ਨੇ ਵੀ ਇਸਤਰੀ ਪ੍ਰਤੀ ਨਫ਼ਰਤ ਨੂੰ ਬਿਲਕੁਲ ਸਿਰੇ ਤੇ ਪਹੁੰਚਾ ਦਿੱਤਾ। ਇਸਤਰੀ ਨੂੰ ਮੁਕਤੀ ਪ੍ਰਾਪਤ ਦੇ ਰਸਤੇ ਵਿਚ ਰੁਕਾਵਟ ਸਮਝਿਆ।

ਭਾਰਤ ਵਿਚ ਮੁਸਲਮਾਨਾਂ ਦੇ ਆਉਣ ਨਾਲ ਇਸਤਰੀ ਉੱਤੇ ਹੋਰ ਅੱਤਿਆਚਾਰ ਹੋਣ ਲੱਗ ਪਏ। ਮੁਸਲਮਾਨ ਹਾਕਮ ਇਸਤਰੀਆਂ ਨੂੰ ਜਬਰਦਸਤੀ ਉਠਾ ਕੇ, ਗ਼ੁਲਾਮ ਬਣਾ ਕੇ ਉਨ੍ਹਾਂ ਨਾਲ ਕਈ ਪ੍ਰਕਾਰ ਦੇ ਜ਼ੁਲਮ ਕਰਨ ਲੱਗ ਪਏ[ ਸਤੀ ਦੀ ਰਸਮ ਚੱਲ ਪਈ, ਰਾਜਪੂਤ ਇਸਤਰੀਆਂ ਜੌਹਰ ਦੀ ਰਸਮ ਕਰਨ ਲੱਗ ਪਈਆਂ। ਜਦੋਂ ਰਾਜਪੂਤ ਹਾਰ ਜਾਂਦੇ ਜਾਂ ਮਰ ਜਾਂਦੇ ਤਾਂ ਉਨ੍ਹਾਂ ਦੀਆਂ ਇਸਤਰੀਆਂ ਆਪਣੇ ਆਪ ਨੂੰ ਵੀ ਅਗਨ-ਭੇਟ ਕਰ ਦਿੰਦੀਆਂ।

ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਜੁੱਗਾਂ ਤੋਂ ਧਰਮ ਅਤੇ ਸਮਾਜ ਦੁਆਰਾ ਇਸਤਰੀ ਨੂੰ ਨੀਵਾਂ ਵਿਖਾਇਆ ਜਾਂਦਾ ਰਿਹਾ ਹੈ। ਕਈ ਵਾਰ ਇਸਤਰੀ ਨੂੰ ਜੰਮਦਿਆਂ ਹੀ ਮਾਰ ਦਿੱਤਾ ਜਾਂਦਾ ਸੀ। ਇਸਤਰੀ ਨਾਲ ਬੁਰਾ ਵਿਵਹਾਰ ਰੋਜ਼ ਹੀ ਹੁੰਦਾ ਰਿਹਾ। ਪਰੰਤੂ ਇਸ ਦੇ ਨਾਲ ਹੀ ਭਾਰਤ ਵਿਚ ਇਸਤਰੀ ਨੂੰ ਉੱਚਾ ਉਠਾਉਣ ਲਈ ਬਹੁਤ ਸਾਰੀਆਂ ਸਮਾਜਿਕ ਤੇ ਧਾਰਮਿਕ ਲਹਿਰਾਂ ਚੱਲਦੀਆਂ ਰਹੀਆਂ ਹਨ। ਇਸਤਰੀ ਦੀ ਸਥਿਤੀ ਵਿਚ ਸੁਧਾਰ ਕਰਨ ਲਈ ਸ਼ੁਰੂਆਤ ਤਾਂ ਕਾਫ਼ੀ ਤੇਜ਼ੀ ਨਾਲ ਹੁੰਦੀ ਰਹੀ, ਪਰ ਹੌਲੀ-ਹੌਲੀ ਇਹ ਲਹਿਰਾਂ ਮੱਧਮ ਪੈ ਜਾਂਦੀਆਂ ਰਹੀਆਂ ਹਨ, ਕਈ ਸਮਾਜ ਸੁਧਾਰਕਾਂ ਨੇ ਸਤੀ ਅਤੇ ਕੰਨਿਆ ਹੱਤਿਆ ਵਰਗੇ ਜ਼ੁਲਮਾਂ ਨੂੰ ਬੰਦ ਕਰਾਉਣ ਲਈ ਪੂਰੀ ਜ਼ੋਰਦਾਰ ਅਵਾਜ਼ ਉਠਾਈ, ਪ੍ਰੰਤੂ ਇਸਤਰੀ ਦੀ ਦਸ਼ਾ ਵਿਚ ਬਹੁਤਾ ਸੁਧਾਰ ਨਾ ਆ ਸਕਿਆ ਭਾਰਤ ਦੇਸ਼ ਦੇ ਅੰਦਰ ਇਸਤਰੀ ਦੀ ਅਤਿ ਨਿਘਰ ਚੁੱਕੀ ਹਾਲਤ, ਇਸਤਰੀ ਦੇ ਮਾਣ, ਸਨਮਾਨ ਅਤੇ ਇਸਤਰੀ ਦੇ ਹੱਕ ਲਈ ਜੇਕਰ ਕੋਈ ਅਵਾਜ਼ ਬੁਲੰਦ ਹੋਈ ਤਾਂ ਉਹ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਸੀ। ਗੁਰੂ ਸਾਹਿਬ ਨੇ ਇਸਤਰੀ ਨੂੰ ਸਰੀਰ ਦੇ ਰੂਪ ਵਿਚ ਨਹੀਂ, ਬਲਕਿ ਨੇ ਸਿਰਫ਼ ਗੁਣ ਦੇ ਰੂਪ ਵਿਚ ਦੇਖਿਆ। ਗੁਰੂ ਜੀ ਨੇ ਉਨ੍ਹਾਂ ਸਾਰੇ ਗ਼ਲਤ ਖਿਆਲਾਂ ‘ਤੇ ਕਰਾਰੀ ਚੋਟ ਕੀਤੀ ਜੋ ਇਸਤਰੀ ਨੂੰ ਮੁਕਤੀ ਦੇ ਰਾਹ ਵਿਚ ਰੁਕਾਵਟ ਸਮਝਦੇ ਹਨ। ਗੁਰੂ ਸਾਹਿਬਾਨ ਨੇ ਕਿਹਾ ਕਿ ਇਸਤਰੀ ਦਾ ਦਰਜਾ ਨੀਵਾਂ ਨਹੀਂ, ਸਗੋਂ ਆਪਣੇ ਆਪ ਵਿਚ ਸੰਪੂਰਨ ਹੈ ਤੇ ਉਹ ਦੇਵਰ-ਜੇਠ ਦੋਹਾਂ ਨੂੰ ਮੱਤਾਂ ਦੇਣ ਜੋਗੀ ਹੈ:

ਸਭ ਪਰਵਾਰੈ ਮਾਹਿ ਸਰੇਸਟ॥ ਮਤੀ ਦੇਵੀ ਦੇਵਰ ਜੇਸਟ॥   (ਪੰਨਾ ੩੭੧)

ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਸਮਝਾਇਆ ਕਿ ਸਾਰੀ ਮਨੁੱਖ ਜਾਤੀ ਨੂੰ ਜਨਮ ਦੇਣ ਵਾਲੀ ਇਸਤਰੀ ਹੈ ਫਿਰ ਉਸ ਨੂੰ ਬੁਰਾ ਭਲਾ ਕਿਉਂ ਕਹਿੰਦੇ ਹੋ? ਇਸਤਰੀ ਬਿਨਾ ਇਹ ਦੁਨੀਆ ਨਹੀਂ ਚੱਲਦੀ ਅਤੇ ਇਸਤਰੀ ਬਿਨਾ ਇਹ ਸਮਾਜ ਨਹੀਂ ਬਣਦਾ। ਇਸਤਰੀ ਬਿਨਾ ਕੋਈ ਰਿਸ਼ਤਾ ਨਹੀਂ ਜੁੜਦਾ। ਇਸਤਰੀ ਨਾਲ ਹੀ ਵਿਆਹ ਹੋ ਕੇ ਰਿਸ਼ਤੇਦਾਰੀ ਦੇ ਸੰਬੰਧ ਪੈਦਾ ਹੁੰਦੇ ਹਨ ਅਤੇ ਇਸ ਦੇ ਨਾਲ ਹੀ ਮਨੁੱਖੀ ਸਮਾਜ ਹੋਂਦ ਵਿਚ ਆਉਂਦਾ ਹੈ। ਇਸ ਲਈ ਇਸਤਰੀ ਨੂੰ ਨੀਵਾਂ ਕਿਵੇਂ ਕਿਹਾ ਜਾ ਸਕਦਾ ਹੈ:

ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ॥
ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ॥
ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ॥
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥    (ਪੰਨਾ ੪੭੩)

ਗੁਰਮਤਿ ਅਨੁਸਾਰ ਇਸਤਰੀ ਧਰਮ ਤੋਂ ਡੇਗਦੀ ਨਹੀਂ, ਸਗੋਂ ਮਰਦ ਲਈ ਧਰਮ ਵਿਚ ਪੱਕਾ ਰਹਿਣ ਲਈ ਇਸਤਰੀ ਦਾ ਸਾਥ ਜ਼ਰੂਰੀ ਹੈ।

ਸ੍ਰੀ ਗੁਰੂ ਅਮਰਦਾਸ ਜੀ ਨੇ ਇਸਤਰੀਆਂ ਵਿਚ ਘੁੰਡ ਕੱਢਣ ਦਾ ਰਿਵਾਜ਼ ਖ਼ਤਮ ਕਰਨ ਦਾ ਉਪਦੇਸ਼ ਦਿੱਤਾ ਅਤੇ ਵਿਧਵਾ ਵਿਆਹ ਨੂੰ ਉਤਸ਼ਾਹਿਤ ਕੀਤਾ ਤੇ ਸਤੀ ਦੀ ਕੋਝੀ ਰਸਮ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ:

ਸਤੀਆ ਏਹਿ ਨ ਆਖੀਅਨਿ ਜੋ ਮੜਿਆ ਲਗਿ ਜਲੰਨਿ॥
ਨਾਨਕ ਸਤੀਆ ਜਾਣੀਅਨਿ ਜਿ ਬਿਰਹੇ ਚੋਟ ਮਰੰਨਿ॥   (ਪੰਨਾ ੭੮੭)

ਸੰਸਾਰ ਦੀ ਸਿਰਜਣਾ ਅਤੇ ਵਿਕਾਸ ਦੇ ਕਾਰਜ ਵਿਚ ਇਸਤਰੀ ਪੁਰਸ਼ ਦੋਵੇਂ ਇੱਕ-ਦੂਸਰੇ ਉੱਤੇ ਨਿਰਭਰ ਕਰਦੇ ਹਨ। ਪੁਰਸ਼-ਇਸਤਰੀ ਦਾ ਵਿਆਹ ਸਿਰਫ਼ ਸੰਤਾਨ ਉਤਪਤੀ ਦਾ ਹੀ ਸਾਧਨ ਨਹੀਂ, ਬਲਕਿ ਗੁਰਮਤਿ ਅਨੁਸਾਰ ਇਹ ਇਕ ਆਤਮਿਕ ਮੇਲ ਦਾ ਸਾਧਨ ਹੈ:

ਧਨ ਪਿਰੁ ਏਹਿ ਨ ਆਖੀਅਨਿ ਬਹਨਿ ਇਕਠੇ ਹੋਇ॥
ਏਕ ਜੋਤਿ ਦੁਇ ਮੂਰਤੀ ਧਨ ਪਿਰੁ ਕਹੀਐ ਸੋਇ॥ (ਪੰਨਾ ੭੮੮)

ਆਦਮੀ ਅਤੇ ਇਸਤਰੀ ਦੋਨੋਂ ਰੱਬ ਨੂੰ ਇੱਕੋ ਜਿਹਾ ਮੰਨਦੇ ਹਨ। ਪਰਮਾਤਮਾ ਅੱਗੇ ਦੋਨਾਂ ਨੂੰ ਆਪਣੇ-ਆਪਣੇ ਕਰਮਾਂ ਦਾ ਲੇਖਾ ਦੇਣਾ ਪੈਂਦਾ ਹੈ। ਜੋ ਵੀ ਇਸ ਦੁਨੀਆ ‘ਤੇ ਆਇਆ ਹੈ ਉਸ ਨੇ ਇਕ ਦਿਨ ਜ਼ਰੂਰ ਜਾਣਾ ਹੈ, ਇਸ ਲਈ ਸਾਨੂੰ ਕਿਸੇ ਚੀਜ਼ ਦਾ ਹੰਕਾਰ ਨਹੀਂ ਕਰਨਾ ਚਾਹੀਦਾ। ਇਸ ਦੁਨੀਆ ਤੇ ਸਭ ਜੀਵ ਨਾਸ਼ਵਾਨ ਹਨ ਸਿਰਫ਼ ਪਰਮਾਤਮਾ ਦਾ ਨਾਮ ਹੀ ਨਾਲ ਨਿਭਣ ਵਾਲਾ ਹੈ। ਮਨੁੱਖ ਨੂੰ ਚਾਹੀਦਾ ਹੈ ਕਿ ਪੜ੍ਹ-ਲਿਖ ਕੇ ਕਿਸੇ ਨੂੰ ਮੰਦਾ ਨਾ ਆਖੇ ਅਤੇ ਨਾ ਹੀ ਇਸਤਰੀ ਦੀ ਨਿੰਦਿਆ ਕਰੇ:

ਸਭੁ ਕੋ ਆਖੈ ਆਪਣਾ ਜਿਸੁ ਨਾਹੀ ਸੋ ਚੁਣਿ ਕਢੀਐ॥
ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਢੀਐ॥
ਜਾ ਰਹਣਾ ਨਾਹੀ ਐਤੁ ਜਗਿ ਤਾ ਕਾਇਤੁ ਗਾਰਬਿ ਹੰਢੀਐ॥
ਮੰਦਾ ਕਿਸੈ ਨ ਆਖੀਐ ਪੜਿ ਅਖਰੁ ਏਹੋ ਬੁਝੀਐ॥
ਮੂਰਖੈ ਨਾਲਿ ਨ ਲੁਝੀਐ॥   (ਪੰਨਾ ੪੭੩)

ਇਸ ਤਰ੍ਹਾਂ ਸਿੱਖ ਧਰਮ ਵਿਚ ਮਰਦ ਅਤੇ ਇਸਤਰੀ ਦੀ ਬਰਾਬਰੀ ਦਾ ਫ਼ਲਸਫ਼ਾ ਪੇਸ਼ ਕੀਤਾ ਗਿਆ ਹੈ। ਗੁਰੂ ਕਾਲ ਤੋਂ ਪਹਿਲਾਂ ਜੋ ਮਾਨਸਿਕਤਾ ਅਤੇ ਵਿਚਾਰ ਭਾਰਤ ਵਿਚ ਇਸਤਰੀ ਬਾਰੇ ਪ੍ਰਚਲਿਤ ਸਨ, ਉਨ੍ਹਾਂ ਨੂੰ ਰੱਦ ਕਰਦਿਆਂ ਦੱਸਿਆ ਗਿਆ ਹੈ ਕਿ ਹਰ ਮਰਦ ਅਤੇ ਇਸਤਰੀ ਵਿਚ ਗੁਣ ਅਤੇ ਔਗੁਣ ਹਨ[ ਅਵਗੁਣ ਰਹਿਤ ਕੇਵਲ ਪਰਮਾਤਮਾ ਹੀ ਹੈ।

ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਸਾਰੇ ਜਗਤ ਨੂੰ ਇਸਤਰੀ ਦੀ ਮਹੱਤਤਾ, ਮਾਣ ਅਤੇ ਸਮਾਜ ਵਿਚ ਉਸ ਦਾ ਯੋਗਦਾਨ ਅਤੇ ਸ੍ਰਿਸ਼ਟੀ ਸਿਰਜਣਾ ਵਿਚ ਉਸ ਦੇ ਅਤਿ ਲੋੜੀਂਦੇ ਕਿਰਦਾਰ ਬਾਰੇ ਸਮਝਾਇਆ ਅਤੇ ਸਪਸ਼ਟ ਕੀਤਾ ਹੈ। ਸਿੱਖ ਇਤਿਹਾਸ ਵਿਚ ਕਿਤਨੀਆਂ ਹੀ ਅਜਿਹੀਆਂ ਉਦਾਹਰਨਾਂ ਮਿਲਦੀਆਂ ਹਨ ਕਿ ਜਦੋਂ ਸਿੱਖ ਬੀਬੀਆਂ ਨੇ ਧਰਮ ਅਤੇ ਸਮਾਜ ਵਿਚ ਆਪਣਾ ਲੋੜੀਂਦਾ ਅਤੇ ਉੱਤਮ ਕਿਰਦਾਰ ਨਿਭਾਇਆ ਹੈ। ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਰੱਬ ਰੂਪ ਹੋਣ ਦੀ ਪਛਾਣ ਉਨ੍ਹਾਂ ਦੀ ਭੈਣ ਬੇਬੇ ਨਾਨਕੀ ਨੇ ਹੀ ਕੀਤੀ ਸੀ[ ਮਾਤਾ ਤ੍ਰਿਪਤਾ ਜੀ ਪਾਸੋਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਮੁੱਢਲੇ ਸਮਾਜਿਕ ਸੰਸਕਾਰ ਗ੍ਰਹਿਣ ਕੀਤੇ। ‘ਸੰਗਤ ਅਤੇ ਪੰਗਤ’ ਦੇ ਸਿਧਾਂਤ ਨੂੰ ਖਡੂਰ ਸਾਹਿਬ ਵਿਖੇ ਮਾਤਾ ਖੀਵੀ ਜੀ ਨੇ ਅਮਲੀ ਰੂਪ ਵਿਚ ਲਾਗੂ ਕਰਨ ਲਈ ਗੁਰੂ ਸਾਹਿਬ ਦਾ ਪੂਰਾ ਸਹਿਯੋਗ ਦਿੱਤਾ। ਸ੍ਰੀ ਗੁਰੂ ਅਮਰਦਾਸ ਜੀ ਦੇ ਮਹਿਲ ਰਾਮ ਕੌਰ ਨੇ ‘ਪਹਿਲੇ ਪੰਗਤ ਪਾਛੈ ਸੰਗਤ’ ਦੇ ਸਿਧਾਂਤ ਨੂੰ ਯਕੀਨੀ ਬਣਾਇਆ। ਇਸ ਸਿਧਾਂਤ ਅਨੁਸਾਰ ਹੀ ਅਕਬਰ ਬਾਦਸ਼ਾਹ ਨੂੰ ਪਹਿਲਾਂ ਪੰਗਤ ਵਿਚ ਬੈਠ ਕੇ ਲੰਗਰ ਛਕਣ ਉਪਰੰਤ ਗੁਰੂ ਸਾਹਿਬ ਦੇ ਦਰਸ਼ਨ ਕਰਨ ਦੀ ਆਗਿਆ ਮਿਲੀ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਹਿਲ ਮਾਤਾ ਗੁਜਰੀ ਜੀ ਨੇ ਆਪਣੇ ਪੋਤਰਿਆਂ ਨੂੰ ਚੜ੍ਹਦੀ ਕਲ੍ਹਾ ਵਿਚ ਰੱਖਣ ਦੀ ਬੇਮਿਸਾਲ ਜ਼ਿੰਮੇਵਾਰੀ ਨਿਭਾਈ, ਸਰਹਿੰਦ ਦੇ ਠੰਡੇ ਬੁਰਜ ਵਿਖੇ ਸ਼ਹੀਦੀ ਪਾਈ ਅਤੇ ਭਾਰਤ ਦੀ ਪਹਿਲੀ ‘ਇਸਤਰੀ ਸ਼ਹੀਦ’ ਹੋਣ ਦਾ ਮਾਣ ਪ੍ਰਾਪਤ ਕਰ ਕੇ ਨਵਾਂ ਇਤਿਹਾਸ ਸਿਰਜ ਦਿੱਤਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂਦੇੜ (ਹਜ਼ੂਰ ਸਾਹਿਬ) ਵਿਖੇ ਜੋਤੀ-ਜੋਤ ਸਮਾਉਣ ਤੋਂ ਬਾਅਦ ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਜੀ ਨੇ ਲੰਮਾ ਸਮਾਂ ਪੰਥ ਦੀਆਂ ਜ਼ਿੰਮੇਵਾਰੀਆਂ ਨੂੰ ਬਾਖੂਬੀ, ਨਿਸ਼ਠਾ, ਨਿਮਰਤਾ, ਦ੍ਰਿੜ੍ਹਤਾ ਨਾਲ ਨਿਭਾਇਆ। ਮਾਤਾ ਭਾਗ ਕੌਰ ਨੇ ਗੁਰੂ ਸਾਹਿਬ ਤੋਂ ਮੁਖ ਮੋੜਨ ਵਾਲੇ ਸਿੰਘਾਂ ਨੂੰ ਵਾਪਸ ਲਿਆ ਕੇ ਉਨ੍ਹਾਂ ਦੀ ਅਗਵਾਈ ਕਰਦਿਆਂ ਹੋਇਆਂ ਖਿਦਰਾਣੇ ਦੀ ਢਾਬ ‘ਤੇ ਜੰਗ ਕੀਤੀ ਅਤੇ ਵੱਖਰਾ ਇਤਿਹਾਸ ਸਿਰਜ ਦਿੱਤਾ।

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਅਤੇ ਗੁਰੂ-ਘਰ ਵਿਚ ਇਸਤਰੀ ਨੂੰ ਅਤਿ ਉੱਚਾ ਦਰਜਾ ਦਿੱਤਾ ਗਿਆ ਹੈ। ਅਰਦਾਸ ਵਿਚ ਜਦ ਸਾਰੇ ਖੜ੍ਹੇ ਹੋ ਕੇ “ਜਿਨ੍ਹਾਂ ਸਿੰਘਾਂ, ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ” ਆਖਦੇ ਹਾਂ ਤਾਂ ਇਹ ਗੱਲ ਉਦੋਂ ਹੀ ਸਪਸ਼ਟ ਹੋ ਜਾਂਦੀ ਹੈ ਕਿ ਸਿੱਖ ਧਰਮ ਵਿਚ ਵੀ ਇਸਤਰੀ ਦਾ ਸਥਾਨ ਕਿੰਨਾ ਸਤਿਕਾਰ ਯੋਗ ਅਤੇ ਨਿਵੇਕਲਾ ਹੈ। ਸਿੱਖ ਰਹਿਤ ਮਰਯਾਦਾ ਵਿਚ ਇਸਤਰੀ ਨੂੰ ਬਰਾਬਰ ਦੇ ਅਧਿਕਾਰ ਦਿੱਤੇ ਗਏ ਹਨ ਅਤੇ ਇਸਤਰੀ ਜਾਤੀ ਨਾਲ ਬੁਰਾ ਵਿਹਾਰ ਕਰਨ ਵਿਰੁੱਧ ਸਖ਼ਤ ਤਾੜਨਾ ਕੀਤੀ ਗਈ ਹੈ, ਜਿਵੇਂ:

ਗੁਰੂ ਕਾ ਸਿੱਖ ਕੰਨਿਆ ਨਾ ਮਾਰੇ, ਕੁੜੀ-ਮਾਰ ਨਾਲ ਨਾ ਵਰਤੇ॥
(ਸਿੱਖ ਰਹਿਤ ਮਰਯਾਦਾ, ਪੰਨਾ ੨੦)

ਸਿੱਖ ਧਰਮ ਵਿਚ ਭਰੂਣ ਹੱਤਿਆ ਕਰਨ ਵਾਲਾ ਵੀ ਓਨਾ ਹੀ ਦੋਸ਼ੀ ਹੈ, ਜਿੰਨਾ ਕੁੜੀ ਮਾਰਨ ਵਾਲਾ[ ਸਿੱਖ ਧਰਮ ਅੰਦਰ ਹਰ ਦੇਸ਼, ਹਰ ਮਜ਼ਹਬ ਤੇ ਹਰ ਜਾਤੀ ਦੀ ਹਰ ਇਸਤਰੀ ਨੂੰ ਧਾਰਮਿਕ ਅਜ਼ਾਦੀ ਹੈ। ਉਸ ਦੇ ਅਧਿਕਾਰ ਮਰਦ ਦੇ ਬਰਾਬਰ ਹਨ। ਉਹ ਬਿਨ੍ਹਾਂ ਕਿਸੇ ਰੋਕ-ਟੋਕ ਦੇ ਗੁਰਦੁਆਰਾ ਸਾਹਿਬ ਜਾ ਸਕਦੀ ਹੈ, ਪਾਠ ਕਰ ਸਕਦੀ ਹੈ। ਵਿੱਦਿਆ ਪ੍ਰਾਪਤ ਕਰ ਸਕਦੀ ਹੈ, ਉਸ ਉੱਤੇ ਪਰਦੇ ਦੀ ਕੋਈ ਬੰਦਿਸ਼ ਨਹੀਂ। ਜੰਗ ਵਿਚ ਉਹ ਮਰਦ ਦੇ ਬਰਾਬਰ ਹਿੱਸਾ ਲੈ ਸਕਦੀ ਹੈ। ਉਸ ਨੂੰ ਮਰਦ ਦੇ ਬਰਾਬਰ ਅੰਮ੍ਰਿਤ ਛਕਾਇਆ ਜਾਂਦਾ ਹੈ। ਇਸ ਤਰ੍ਹਾਂ ਸੈਕੜਿਆਂ ਵਰ੍ਹਿਆਂ ਤੋਂ ਲਿਤਾੜੀ ਜਾਂਦੀ, ਭਾਰਤੀ ਇਸਤਰੀ ਨੂੰ ਗੁਰਮਤਿ ਵਿਚ ਉਤਾਂਹ ਚੁੱਕਿਆ ਗਿਆ ਅਤੇ ਉਸ ਨੂੰ ਸਮਾਜ ਵਿਚ ਸਨਮਾਨ ਯੋਗ ਸਥਾਨ ਦਿਵਾਇਆ ਗਿਆ।

ਗੁਰਮਤਿ ਵਿਚ ਜਿੱਥੇ ਸਿਧਾਂਤਕ ਰੂਪ ਵਿਚ ਇਸਤਰੀ ਦੇ ਹੱਕ ਵਿਚ ਅਵਾਜ਼ ਬੁਲੰਦ ਕੀਤੀ ਗਈ ਉੱਥੇ ਵਿਵਹਾਰਕ ‘ ਰੂਪ ਵਿਚ ਵੀ ਕੀਤੀ ਗਈ। ਅੱਜ ਲੋੜ ਹੈ ਆਪਣੀ ਸੁੱਤੀ ਹੋਈ ਮਾਨਸਿਕਤਾ ਨੂੰ ਜਗਾਉਣ ਦੀ। ਇਸਤਰੀ ਪ੍ਰਤੀ ਆਪਣੇ ਨਜ਼ਰੀਏ ਨੂੰ ਗੁਰਮਤਿ ਅਨੁਸਾਰ ਬਣਾਉਣ ਦੀ |