-ਡਾ. ਸਤਿੰਦਰ ਪਾਲ ਸਿੰਘ
ਸ੍ਰੀ ਹਰਿਮੰਦਰ ਸਾਹਿਬ ਪਾਵਨ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਵਿੱਚ ਪ੍ਰਕਾਸ਼ਮਾਨ ਹੋ ਰਿਹਾ ਉਹ ਸਦਾ ਉਦੈ ਰਹਿਣ ਵਾਲਾ ਸੱਚ ਦਾ ਸੂਰਜ ਹੈ ਜੋ ਹਰ ਨਿਮਾਣੇ ਨੂੰ ਮਾਝ, ਹਰ ਨਿਤਾਏ ਨੂੰ ਤਾੲ, ਹਰ ਨਿਰ ਆਸਰੇ ਨੂੰ ਆਸਰਾ ਬਖਸ਼ਣ ਦਾ ਬਿਰਦ ਰੱਖਦਾ ਹੈ। ਜਿੱਥੇ ਕੋਈ ਵੰਡ, ਕੋਈ ਵਿਤਕਰਾ ਨਹੀ ਹੈ। ਜਿੱਥੇ ਬਰਾਬਰਤਾ ਹੈ, ਸਮ ਦ੍ਰਿਸ਼ਟੀ ਹੈ, ਰਹਿਮਤ ਦੀ ਬਰਖਾ ਹੈ । ਗੁਰਸਿੱਖ ਲਈ ਸ੍ਰੀ ਹਰਿਮੰਦਰ ਸਾਹਿਬ ਸਿੱਖੀ ਦਾ ਹਿਰਦਾ ਹੈ। ਸ੍ਰੀ ਹਰਿਮੰਦਰ ਸਾਹਿਬ ਬਿਨਾ ਉਸ ਦਾ ਸਿੱਖੀ ਦਾ ਵੀਚਾਰ ਮੁਕੰਮਲ ਨਹੀ ਹੁੰਦਾ। ਸ੍ਰੀ ਹਰਿਮੰਦਰ ਸਾਹਿਬ ਸਿਰਜਣ ਦਾ ਸੰਕਲਪ ਗੁਰੂ ਅਰਜਨ ਸਾਹਿਬ ਦੇ ਮਨ ਵਿੱਚ ਆਇਆ ਸੀ । ਇਤਿਹਾਸਕ ਸ੍ਰੋਤਾਂ ਅਨੁਸਾਰ ਅੰਮ੍ਰਿਤਸਰ ਨਗਰ ਵਸਾਉਣ ਲਈ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੂੰ ਪ੍ਰੀਰਿਆ ਸੀ। ਬਿਕ੍ਰਮੀ ਸੰਮਤ ੧੬੨੭ ਵਿੱਚ ਗੁਰੂ ਰਾਮਦਾਸ ਜੀ ਇਸ ਪ੍ਰੇਰਨਾ ਨੂੰ ਹੁਕਮ ਮੰਨ ਗੁਰੂ ਅਮਰਦਾਸ ਜੀ ਦੇ ਦੱਸੇ ਅਸਥਾਨ ਤੇ ਨਗਰ ਵਸਾਉਣ ਲਈ ਪਿੰਡ ਤੁੰਗ, ਗੁਮਟਾਲਾ , ਸੁਲਤਾਨਵਿੰਡ ਤੇ ਗਿਲਵਾਲੀ ਦੀ ਜੂਹ ਵਿੱਚ ਆ ਕੇ ਟਿਕੇ ਸਨ । ਇਹ ਅਸਥਾਨ ਉਸ ਸਮੇਂ ਬਿਆਬਾਨ ਜੰਗਲ ਸੀ . ਗੁਰੂ ਰਾਮਦਾਸ ਜੀ ਨੇ ਪਹਿਲਾ ਕਾਰਜ ਸੰਤੋਖਸਰ ਤਿਆਰ ਕਰਾਉਣ ਦਾ ਕੀਤਾ । ਇਸ ਤੋਂ ਬਾਅਦ ਬਿਕ੍ਰਮੀ ਸੰਮਤ ੧੬੨੮ ਵਿੱਚ ਰਹਿਣ ਲਈ ਨਿਵਾਸ ਬਣਿਆ ਜਿਸ ਨੂੰ ਗੁਰੂ ਕੇ ਮਹਿਲ ਰੂਪ ਵਿੱਚ ਜਾਇਆ ਜਾਂਦਾ ਹੈ। ਇਹ ਅੰਮ੍ਰਿਤਸਰ ਸੀ ਸਭ ਤੋਂ ਪੁਰਾਤਨ ਇਮਾਰਤ ਹੈ . ਸੰਮਤ ੧੬੩੪ ਵਿੱਚ ਗੁਰੂ ਰਾਮਦਾਸ ਜੀ ਨੇ ਦੂਜੇ ਸਰੋਵਰ ਦੀ ਉਸਾਰੀ ਕਰਾਈ ਜਿਸ ਦਾ ਨਾਂ ਅੰਮ੍ਰਿਤਸਰ ਜਾਂ ਅੰਮ੍ਰਿਤ ਸਰੋਵਰ ਪਿਆ । ਅੰਮ੍ਰਿਤ ਸਰੋਵਰ ਨਾਲ ਜੁੜੀ ਬੀਬੀ ਰਜਨੀ ਦੀ ਕਥਾ ਬਹੁ ਪ੍ਰਚਲਿਤ ਹੈ ਜਿਸ ਦੇ ਪਰਮਾਤਮਾ ਪ੍ਰਤੀ ਅਡੋਲ ਭਰੋਸੇ ਤੋਂ ਨਾਰਾਜ ਹੋ ਕੇ ਉਸ ਦੇ ਪਿਤਾ ਨੇ ਰਜਨੀ ਦਾ ਵਿਆਹ ਇੱਕ ਕੋੜ੍ਹੀ ਨਾਲ ਕਰਾ ਦਿੱਤਾ ਸੀ। ਰਜਨੀ ਦਾ ਪਤੀ ਅੰਮ੍ਰਿਤ ਸਰੋਵਰ ਵਿੱਚ ਇਸਨਾਨ ਕਰ ਕੇ ਨਿਰੋਗ ਹੋ ਗਿਆ ਸੀ । ਗੁਰੂ ਅਰਜਨ ਸਾਹਿਬ ਨੇ ਗੁਰਤਾਗੱਦੀ ਤੇ ਵਿਰਾਜਮਾਨ ਹੋਣ ਤੋਂ ਫੌਰਨ ਬਾਅਦ ਆਪਣੇ ਪਿਤਾ ਗੁਰੂ ਰਾਮਦਾਸ ਜੀ ਦੁਆਰਾ ਆਰੰਭੇ ਕਾਰਜਾਂ ਤੇ ਧਿਆਨ ਦਿੱਤਾ। ਆਪ ਨੇ ਸੰਤੋਖਸਰ ‘ਤੇ ਅੰਮ੍ਰਿਤ ਸਰੋਵਰ ਪੱਕੇ ਕਰਾਏ।
ਇਧਰ ਅੰਮ੍ਰਿਤਸਰ ਨਗਰ ਵੱਸ ਚੁਕਿਆ ਸੀ । ਦਿਨੋ ਦਿਨ ਨਗਰ ਦੀ ਰੌਨਕ ਵੱਧਦੀ ਜਾ ਰਹੀ ਸੀ । ਅੰਮ੍ਰਿਤ ਸਰੋਵਰ ਪੱਕਾ ਹੋ ਗਿਆ ਤਾਂ ਗੁਰੂ ਅਰਜਨ ਸਾਹਿਬ ਦੇ ਮਨ ਵਿੱਚ ਸਰੋਵਰ ਦੇ ਵਿੱਚੋ ਵਿੱਚ ਧਰਮ ਅਸਥਾਨ ਦੀ ਉਸਾਰੀ ਦਾ ਵੀਚਾਰ ਆਇਆ। ਕਤਕ ਸੁਦੀ ੫, ਬਿਕ੍ਰਮੀ ਸੰਮਤ ੧੬੪੫ ਭਾਵ ਸੰਨ ੧੫੮੮ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਦਾ ਕਾਰਜ ਆਰੰਭ ਹੋਇਆ ਸੀ । ਇਸ ਅਉਸਰ ਤੇ ਗੁਰੂ ਸਾਹਿਬ ਨੇ ਸੂਫੀ ਮੁਸਲਿਮ ਪੀਰ ਸਾਈ ਮਿਆਂ ਮੀਰ ਜੀ ਨੂੰ ਖਾਸ ਤੌਰ ਤੇ ਲਾਹੌਰ ਤੋਂ ਸੱਦਿਆ ਤੇ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਦੀ ਪਹਿਲੀ ਇੱਟ ਉਨ੍ਹਾਂ ਤੋਂ ਰਖਵਾਈ ਸੀ । ਇਸ ਤੋਂ ਪਹਿਲਾਂ ਤੱਕ ਸਿੱਖ ਪੰਥ ਦਾ ਕੋਈ ਧਾਰਮਿਕ ਅਸਥਾਨ ਨਹੀ ਸੀ। ਗੁਰੂ ਸਾਹਿਬਾਨ ਜਿਸ ਅਸਥਾਨ ਤੇ ਨਿਵਾਸ ਕਰਦੇ ਸੰਗਤ ਜੁੜ ਜਾਇਆ ਕਰਦੀ ਸੀ। ਹੋਰ ਸਾਰੇ ਧਰਮਾਂ ਦੇ ਆਪਣੇ ਧਰਮ ਅਸਥਾਨ ਸਨ । ਇਨ੍ਹਾਂ ਧਰਮ ਅਸਥਾਨਾਂ ਵਿੱਚ ਪ੍ਰਵੇਸ਼ ਤੇ ਪੂਜਾ ਦੇ ਆਪਣੇ ਨਿਅਮ ਸਨ। ਬਹੁਤ ਸਾਰੀਆਂ ਰੋਕਾਂ ਵੀ ਇਨ੍ਹਾਂ ਅਸਥਾਨਾਂ ਤੇ ਲਾਗੂ ਹੁੰਦੀਆਂ ਸਨ। ਨੀਚ ਮੰਨੀਆਂ ਜਾਣ ਵਾਲਿਆਂ ਜਾਤਾਂ, ਇਸਤਰੀਆਂ ਆਦਿਕ ਤੇ ਕਈ ਪਾਬੰਦੀਆਂ ਸਨ . ਇਨ੍ਹਾਂ ਰੋਕਾਂ ‘ਤੇ ਪੂਜਾ ਵਿਧੀਆਂ ਦਾ ਸਿੱਖੀ ਸਿਧਾਂਤਾਂ ਨਾਲ ਕੋਈ ਮੇਲ ਨਹੀ ਸੀ । ਗੁਰਬਾਣੀ ਨੇ ਉਸ ਅਸਥਾਨ ਨੂੰ ਭਗਤੀ ਦਾ ਸੱਚਾ ਅਸਥਾਨ ਮੰਨਿਆ ਸੀ ਜਿੱਥੇ ਸੱਚ ਦੀ ਸਵੀਕਾਰਤਾ ‘ਤੇ ਪ੍ਰਧਾਨਤਾ ਹੋਵੇ । ਗੁਰੂ ਸਾਹਿਬਾਨ ਦਾ ਪਰਗਟ ਕੀਤਾ ਸੱਚ ਇਹ ਸੀ ਕਿ ਇੱਕ ਪਰਮਾਤਮਾ ਹੀ ਸੰਸਾਰ ਦੀ ਸੱਚੀ ਸੱਤਾ ਹੈ ਜਿਸ ਨੇ ਸਾਰੀ ਸ੍ਰਿਸ਼ਟੀ ਦੀ ਸਿਰਜਨਾ ਕੀਤੀ ਹੈ ‘ਤੇ ਜਿਸ ਦੇ ਹੁਕਮ ਅੰਦਰ ਸਾਰੀ ਸ੍ਰਿਸ਼ਟੀ ਚੱਲ ਰਹੀ ਹੈ। ਗੁਰੂ ਨਾਨਕ ਸਾਹਿਬ ਨੇ ਮੁੱਢਲੇ ਤੌਰ ਤੇ ਹੀ ਸਪਸ਼ਟ ਕਰ ਦਿੱਤਾ ਸੀ ਕਿ ਕੋਈ ਵੀ ਪਰਮਾਤਮਾ ਦੇ ਹੁਕਮ ਤੋਂ ਬਾਹਰ ਨਹੀ ਹੈ। ਇਹ ਸੱਚ ਸਮਾਜ ਅੰਦਰ ਕਿਸੇ ਵੀ ਵੰਡ, ਵਿਤਕਰੇ ਨੂੰ ਸਿਰੇ ਤੋਂ ਖਾਰਿਜ ਕਰਨ ਵਾਲਾ ‘ਤੇ ਸਮਾਨਤਾ ਦਾ ਸਿਧਾਂਤ ਕਾਇਮ ਕਰਨ ਵਾਲਾ ਸੀ। ਸਮਾਨਤਾ ਦੇ ਨਾਲ ਹੀ ਸਤਿਕਾਰ ਦਾ ਪੱਖ ਵੀ ਜੁੜਿਆ ਹੋਇਆ ਸੀ। ਭਗਤੀ ਦਾ ਸਿੱਖ ਮਾਰਗ ਭਾਵਨਾ ਭਗਤੀ ਦਾ ਮਾਰਗ ਸੀ । ਪਰਮਾਤਮਾ ਦੀ ਸ਼ਰਣ ਪ੍ਰੇਮ ਭਾਵਨਾ ਨਾਲ ਪ੍ਰਾਪਤ ਹੁੰਦੀ ਹੈ। ਪ੍ਰੇਮ ਭਾਵਨਾ ਸਾਧ ਸੰਗਤ ਕੀਤੀਆਂ ਪੈਦਾ ਹੁੰਦੀ ਹੈ।
ਸਾਧਸੰਗਤਿ ਬਿਨਾ ਭਾਉ ਨਹੀਂ ਉਪਜੈ
ਭਾਵ ਬਿਨੁ ਭਗਤਿ ਨਹੀ ਹੋਇ ਤੇਰੀ ॥
( ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ ੬੯੪ )
ਗੁਰੂ ਸਾਹਿਬਾਨ ਦਾ ਸਾਧਸੰਗਤ ਦਾ ਸਿਧਾਂਤ ਮਨੁੱਖੀ ਜੀਵਨ ਦੇ ਹਰ ਪੱਖ ਨੂੰ ਪ੍ਰਭਾਵਿਤ ਕਰਨ ਵਾਲਾ ਤੇ ਨਿਵੇਕਲੀ ਵਿਵਸਥਾ ਸਥਾਪਤ ਕਰਨ ਵਾਲਾ ਸਾਬਿਤ ਹੋਇਆ ਸੀ । ਸ੍ਰੀ ਹਰਿਮੰਦਰ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਗੁਰੂ ਅਰਜਨ ਸਾਹਿਬ ਨੇ ਆਪ ਨਾ ਕਰ ਬਾਬਾ ਬੁੱਢਾ ਜੀ ਪਾਸੋਂ ਕਰਵਾਇਆ। ਗੁਰੂ ਸਾਹਿਬ ਆਪ ਸੰਗਤ ਦਾ ਹਿੱਸਾ ਬਣ ਕੇ ਨਾਲ ਬੈਠੇ । I ਗੁਰੂ ਤੇ ਸਿੱਖ ਦਾ ਕੋਈ ਭੇਦ ਨਾ ਰਿਹਾ। ਸਾਰੇ ਸਿੱਖ ਬਿਨਾ ਕਿਸੇ ਵਿਤਕਰੇ ਦੇ ਨਾਲ ਬੈਠੇ, ਨਾਲ ਗੁਰਬਾਣੀ ਸਰਵਣ ਕੀਤੀ। ਪਰਮਾਤਮਾ ਦੇ ਪ੍ਰੇਮ ਵਿੱਚ, ਗੁਰੂ ਦੇ ਪ੍ਰੇਮ ਵਿੱਚ ‘ਤੇ ਗੁਰਬਾਈ ਦੇ ਪ੍ਰੇਮ ਵਿੱਚ ਸਮੂਹਕ ਚੇਤਨਾ ਦਾ ਵਿਕਾਸ ਹੋਇਆ. ਇਸ ਸਮੂਹਕ ਚੇਤਨਾ ਦੇ ਕੋਈ ਬੰਧ ਨਹੀ ਰੱਖੇ ਗਏ । ਕਿਸੇ ਵੀ ਧਰਮ, ਜਾਤ, ਵਰਣ, ਵਰਗ ਦਾ ਵਿਅਕਤੀ ਸ੍ਰੀ ਹਰਿਮੰਦਰ ਸਾਹਿਬ ਵਿੱਚ ਆ ਸਕਦਾ ਸੀ, ਸਾਧਸੰਗਤ ਵਿੱਚ ਬੈਠ ਕੇ ਪਰਮਾਤਮਾ ਦਾ ਜਸ ਸੁਣ ਸਕਦਾ ਸੀ। ਸ੍ਰੀ ਹਰਿਮੰਦਰ ਸਾਹਿਬ ਮਨੁੱਖੀ ਸਭਿਅਤਾ ਦਾ ਪਹਿਲਾ ਧਰਮ ਅਸਥਾਨ ਬਣ ਕੇ ਉਭਰਿਆ ਜਿੱਥੇ ਉਸ ਪਰਮਾਤਮਾ ਦੀ ਭਗਤੀ ਹੁੰਦੀ ਜੋ ਹਰ ਜੀਵ ਦਾ ਪਿਤਾ, ਮਾਤਾ, ਸਖਾ, ਭ੍ਰਾਤਾ ਹੀ ਨਹੀ ਸਾਰੀਆਂ ਦੇ ਦਾਤਾ, ਪ੍ਰਤਿਪਾਲਕ ਵਜੋਂ ਜਾਣਿਆ ਗਿਆ ਸੀ। ਸ੍ਰੀ ਹਰਿਮੰਦਰ ਸਾਹਿਬ ਦੀ ਸਥਾਪਨਾ ਨੇ ਧਰਮ ਅਸਥਾਨ ਦੀ ਮਹੱਤਾ ਨੂੰ ਨਵੀਂ ਦ੍ਰਿਸ਼ਟੀ ਪ੍ਰਦਾਨ ਕੀਤੀ । ਧਰਮ ਅਸਥਾਨਾਂ ਤੇ ਸ਼ਰਧਾਲੂ ਆਪਣੀਆਂ ਸੰਸਾਰਕ ਮਨੋਕਾਮਨਾਵਾਂ ਦੀ ਪੂਰਤੀ ਲਈ ਜਾਇਆ ਕਰਦੇ ਸਨ । ਅਧਿਆਤਮਕ ਮਨੋਰਥ ਇੱਕੋ ਸੀ ਸੰਸਾਰ ਗਮਨ ਤੋਂ ਬਾਅਦ ਬੈਕੁੰਠ ਦੀ ਪ੍ਰਾਪਤੀ । ਸ੍ਰੀ ਹਰਿਮੰਦਰ ਸਾਹਿਬ ਵਿੱਚ ਭਗਤੀ ਦਾ ਮਨੋਰਥ ਬਇਆ ਭਗਤੀ ਵਿੱਚ ਹੀ ਸਾਰੇ ਸੁੱਖਾਂ ਦੀ ਪ੍ਰਤੀਤਿ।
ਸੋ ਰਿਦਾ ਸੁਹੇਲਾ ਜਿਤੁ ਹਰਿ ਗੁਣ ਗਾਈਐ ॥
( ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ ੧੦੭ )
ਗੁਰਸਿੱਖ ਲਈ ਸ੍ਰੀ ਹਰਿਮੰਦਰ ਸਾਹਿਬ ਅੰਦਰ ਬੈਠ ਕੇ ਮਨ ਗੁਰਬਾਈ ਨਾਲ ਜੋੜਨ ਕੇ ਪ੍ਰਾਪਤ ਹੋਣ ਵਾਲੇ ਰਸ ਅੱਗੇ ਸੰਸਾਰਕ ਪਦਾਰਥਾਂ, ਪ੍ਰਾਪਤੀਆਂ ‘ਤੇ ਬੈਕੁੰਠ ਦਾ ਸੁੱਖ ਵੀ ਫਿੱਕਾ ਸੀ . ਇਹ ਧਰਮ ਜਗਤ ਵਿੱਚ ਇੱਕ ਵੱਡਾ ਬਦਲਾਵ ਸੀ । ਸੁੱਖ ਦੇ ਅਰਥ ‘ਤੇ ਸੰਦਰਭ ਦੋਵੇ ਹੀ ਬਦਲ ਗਏ। ਇਸ ਭਗਤੀ ਵਿੱਚ ਧਰਮ ਜਗਤ ਅੰਦਰ ਪ੍ਰਚਲਿਤ ਕਰਮਕਾਂਡ, ਵਿਧੀਆਂ, ਭੇਖ, ਮਹੂਰਤ ਆਦਿਕ ਦੀ ਵੀ ਕੋਈ ਥਾਂ ਨਹੀ ਸੀ । ਬਸ ਮਨ ਦਾ ਅਭਿਆਸ ਸੀ । ਇਤਿਹਾਸਕ ਸ੍ਰੋਤ ਦੱਸਦੇ ਹਨ ਕਿ ਸ੍ਰੀ ਹਰਿਮੰਦਰ ਸਾਹਿਬ ਵਿੱਚ ਗੁਰੂ ਅਰਜਨ ਸਾਹਿਬ ਨੇ ਆਪ ਸਿਰੰਦੇ ਨਾਲ ਕੀਰਤਨ ਕੀਤਾ ਸੀ ਅਤੇ ਸਿੱਖਾਂ ਨੂੰ ਵੀ ਕੀਰਤਨ ਕਰਣਾ ਸਿਖਾਇਆ ਸੀ । ਇੱਕ ਵਾਰ ਜਦੋਂ ਰਬਾਬੀ ਸੱਤਾ ‘ਤੇ ਬਲਵੰਡ ਜੋ ਨਿਤ ਕੀਰਤਨ ਕਰਿਆ ਕਰਦੇ ਸਨ, ਨਾਰਾਜ ਹੋ ਕੇ ਗੁਰੂ ਘਰ ਤੋਂ ਵੇਮੁਖ ਹੋ ਗਏ ਤਾਂ ‘ ਤੋਂ ਨੇ ਭਾਈ ਹਰੀ ਰਾਮ, ਭਾਈ ਗੁਰਸ਼ਰਨ ‘ਤੇ ਭਾਈ ਸਾਧੂ ਰਾਮ ਤੋਂ ਕੀਰਤਨ ਕਰਵਾਇਆ ਸੀ।
ਸ੍ਰੀ ਹਰਿਮੰਦਰ ਸਾਹਿਬ ਦੀ ਭੌਤਿਕ ਉਸਾਰੀ ਭਾਵੇਂ ਗੁਰੂ ਅਰਜਨ ਸਾਹਿਬ ਦੀ ਕਿਰਪਾ ਦਾ ਫਲ ਸੀ ਪਰ ਸ੍ਰੀ ਹਰਿਮੰਦਰ ਸਾਹਿਬ ਦਾ ਅਧਿਆਤਮਕ ਰੂਪ ਗੁਰੂ ਨਾਨਕ ਸਾਹਿਬ ਦੇ ਕਾਲ ਵਿੱਚ ਹੀ ਗੁਰਬਾਈ ਦੇ ਰੂਪ ‘ਚ ਗੁਰਸਿੱਖ ਦੇ ਜੀਵਨ ਦਾ ਅੰਗ ਬਣ ਕੇ ਹੋਂਦ ਵਿੱਚ ਆ ਗਿਆ ਸੀ। ਧਰਮ ਅਸਥਾਨ ਆਪਣੇ ਇਸ਼ਟ ਦੀ ਥਾਪਨਾ ਕਰ ਕੇ ਪੂਜਾ ਕਰਨ ਲਈ ਬਨਾਏ ਜਾਂਦੇ ਸਨ। ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਮਨੁੱਖ ਦਾ ਮਨ ਪਰਮਾਤਮਾ ਦਾ ਨਿਵਾਸ ਅਸਥਾਨ ਹੈ।
ਮਨੁ ਸੰਪਟੁ ਜਿਤੁ ਸਤ ਸਰਿ ਨਾਵਣੁ ਭਾਵਨ ਪਾਤੀ ਤ੍ਰਿਪਤਿ ਕਰੇ ॥
( ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ ੭੨੮ )
ਗੁਰੂ ਨਾਨਕ ਸਾਹਿਬ ਨੇ ਉਪਰੋਕਤ ਵਚਨ ਵਿੱਚ ਪਰਮਾਤਮਾ ਭਗਤੀ ਦਾ ਸੰਪੂਰਣ ਢੰਗ ਪਰਗਟ ਕਰ ਦਿੱਤਾ । ਆਪ ਨੇ ਕਿਹਾ ਕਿ ਮਨ ਅੰਦਰ ਪਰਮਾਤਮਾ ਨੂੰ ਵਸਾ ਲਵੇ । ਇਹ ਮਨ ਹਰਿਮੰਦਰ ਬਣ ਜਾਵੇਗਾ। ਗੁਰਸਿੱਖ ਸਾਧ ਸੰਗਤ ਅੰਦਰ ਉਸ ਦਾ ਨਾਮ ਜਪੇ, ਇਹ ਉਸ ਦੇ ਇਸ਼ਟ ਦਾ ਇਸਨਾਨ ਹੋਵੇਗਾ । ਹੋਰਨਾਂ ਵਾਂਗੂੰ ਇਸ਼ਟ ਦੇ ਜਲ ਇਸਨਾਨ ਦੀ ਲੋੜ ਨਹੀਂ ਰਹੇਗੀ । ਮਨ ਵਿੱਚ ਵੱਸੇ ਪਰਮਾਤਮਾ ਲਈ ਸ਼ਰਧਾ, ਭਾਵਨਾ ਹੀ ਫੁੱਲ, ਪੱਤਰ ਬਣ ਜਾਂਦੀ ਹੈ . ਇਹ ਭਗਤੀ ਪਰਮਾਤਮਾ ਦੀ ਕਿਰਪਾ ਪ੍ਰਾਪਤ ਕਰਨ ਵਿੱਚ ਸਹਾਈ ਹੈ। ਗੁਰੂ ਅਮਰਦਾਸ ਜੀ ਨੇ ਮਨੁੱਖ ਦੇ ਸ਼ਰੀਰ ਨੂੰ ਹਰਿਮੰਦਰ ਕਿਹਾ ਜੋ ਗੁਰ ਸ਼ਬਦ ਅਨੁਸਾਰ ਜੀਵਨ ਢਾਲਣ ਤੇ ਲਭਦਾ ਹੈ । ਇਸ ਦੀ ਸੰਭਾਲ ਨਾਮ ਜਪ ਕੇ ਹੁੰਦੀ ਹੈ । ਗੁਰੂ ਅਮਰਦਾਸ ਜੀ ਨੇ ਕਿਹਾ ਕਿ ਇਸ ਹਰਿਮੰਦਰ ਵਿੱਚ ਬਸ ਨਾਮ ਦੀ ਦਾਤ ਹੀ ਹੀ ਪ੍ਰਾਪਤ ਹੁੰਦੀ ਹੈ ਜਿਸ ਨਾਲ ਜੀਵਨ ਸਫਲ ਹੋ ਜਾਂਦਾ ਹੈ । ਗੁਰੂ ਅਰਜਨ ਸਾਹਿਬ ਨੇ ਮਨ ਦੇ ਹਰਿਮੰਦਰ ਨੂੰ ਸ੍ਰੀ ਅੰਮ੍ਰਿਤਸਰ ਦੀ ਪਾਵਨ ਧਰਤੀ ਤੇ ਸਾਕਾਰ ਰੂਪ ਦਿੱਤਾ। ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਨੇ ਆਤਮਿਕ ਤੇ ਸੰਸਾਰਿਕ ਜੀਵਨ ਨੂੰ ਇੱਕਰੂਪ ਕਰ ਦਿੱਤਾ । ਸ੍ਰੀ ਹਰਿਮੰਦਰ ਸਾਹਿਬ ਦੀਆਂ ਨੀਹਾਂ ਸਿੱਖੀ ਸਿਧਾਂਤਾਂ ਤੇ ਰੱਖੀਆਂ ਗਈਆਂ । ਨੀਹਾਂ ਦੀ ਸਿਧਾਂਤਕ ਮਜਬੂਤੀ ਨੇ ਹੀ ਸ੍ਰੀ ਹਰਿਮੰਦਰ ਸਾਹਿਬ ਦੀ ਸ਼ਾਨ ਲਗਾਤਾਰ ਹੋਏ ਖੂਨੀ ਹਮਲਿਆਂ ਦੇ ਬਾਵਜੂਦ ਕਾਇਮ ਰੱਖੀ ਹੈ।
ਡਾ. ਸਤਿੰਦਰ ਪਾਲ ਸਿੰਘ
ਈ – ੧੭੧੬, ਰਾਜਾਜੀਪੁਰਮ ਲਖਨਊ – ੨੨੬੦੧੭
ਈ ਮੇਲ – akaalpurkh.7@gmail.com