ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਚੀਫ਼ ਖਾਲਸਾ ਦੀਵਾਨ ਦੇ ਮੈਂਬਰ ਹੋਏ ਹਾਜ਼ਰ

ਹਰ ਮੈਂਬਰ ਨੂੰ ਅੰਮ੍ਰਿਤਧਾਰੀ ਬਣਨ ਲਈ ਕੀਤੀ ਹਦਾਇਤ, ਪਹਿਲੀ ਸਤੰਬਰ ਤੱਕ ਦਾ ਦਿੱਤਾ ਸਮਾਂ

ਸ੍ਰੀ ਅੰਮ੍ਰਿਤਸਰ-ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਿੱਖ ਸੰਸਥਾ ਚੀਫ ਖਾਲਸਾ ਦੀਵਾਨ ਦੀ ਕਾਰਜਕਾਰਨੀ ਅਤੇ ਮੈਂਬਰਾਂ ਨੂੰ ਇਕ ਸਤੰਬਰ ਤੱਕ ਦਾ ਸਮਾਂ ਦਿੰਦਿਆਂ ਅੰਮ੍ਰਿਤਧਾਰੀ ਹੋਣ ਅਤੇ ਅੰਮ੍ਰਿਤਧਾਰੀ ਹੋਣ ਦੌਰਾਨ ਹੋਈ ਅਵਗਿਆ ਦੀ ਸੁਧਾਈ ਕਰਨ ਦਾ ਸਮਾਂ ਦਿੱਤਾ ਹੈ। ਇਸ ਸਮੇਂ ਤੋਂ ਬਾਅਦ ਅੰਮ੍ਰਿਤਧਾਰੀ ਨਾ ਹੋਣ ਵਾਲੇ ਮੈਂਬਰ ਦੀ ਮੈਂਬਰਸ਼ਿਪ ਖਾਰਜ ਕਰਨ ਦੀ ਚੇਤਾਵਨੀ ਦਿੱਤੀ ਗਈ ਹੈ।
ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜਰ ਅਤੇ ਕਾਰਜਕਾਰਨੀ ਦੇ ਮੈਂਬਰ ਮੀਤ ਪ੍ਰਧਾਨ ਸੰਤੋਖ ਸਿੰਘ, ਆਨਰੇਰੀ ਸਕੱਤਰ ਰਮਣੀਕ ਸਿੰਘ, ਸਥਾਨਕ ਪ੍ਰਧਾਨ ਕੁਲਜੀਤ ਸਿੰਘ, ਕਾਰਜਕਾਰਨੀ ਮੈਂਬਰ ਅਦਰਸ਼ ਪਿੰਦਰ ਸਿੰਘ, ਜਸਪਾਲ ਸਿੰਘ, ਹਰਵਿੰਦਰ ਪਾਲ ਸਿੰਘ, ਸੁਖਬੀਰ ਸਿੰਘ, ਭੁਪਿੰਦਰ ਸਿੰਘ, ਆਤਮਜੀਤ ਸਿੰਘ, ਹਰਿੰਦਰਪਾਲ ਸਿੰਘ, ਜਸਪਾਲ ਸਿੰਘ, ਗੁਰਿੰਦਰ ਸਿੰਘ, ਮਨਮੋਹਣ ਸਿੰਘ, ਕੁਲਦੀਪ ਸਿੰਘ, ਸਰਜੋਤ ਸਿੰਘ, ਕਮਲਜੀਤ ਸਿੰਘ, ਵਰਿਆਮ ਸਿੰਘ,  ਮਹਿੰਦਰ ਸਿੰਘ, ਹਰਜੀਤ ਸਿੰਘ ਹਾਜ਼ਰ ਹੋਏ। ਇਹ ਸਾਰੇ ਅੱਜ ਸਵੇਰੇ ਸ੍ਰੀ ਅਕਾਲ ਤਖ਼ਤ ਦੇ ਸਕੱਤਰੇਤ ਵਿਖੇ ਜਥੇਦਾਰ ਗੜਗੱਜ ਨੂੰ ਮਿਲੇ ਹਨ। ਉਨ੍ਹਾਂ ਨੂੰ ਇੱਥੇ ਆਪਣਾ ਸਪਸ਼ਟੀਕਰਨ ਦੇਣ ਵਾਸਤੇ ਸੱਦਿਆ ਗਿਆ ਸੀ।
ਪਿਛਲੇ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਪ੍ਰਬੰਧ, ਮੈਂਬਰਾਂ ਅਤੇ ਅਹੁਦੇਦਾਰਾਂ ਦੇ ਵਿਰੁੱਧ ਕੁਝ ਸ਼ਿਕਾਇਤਾਂ ਪੁੱਜੀਆਂ ਸਨ, ਜਿਸ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅੱਜ ਸੰਸਥਾ ਦੇ ਪ੍ਰਧਾਨ ਸਮੇਤ ਸਮੁੱਚੀ ਕਾਰਜਕਾਰਨੀ ਨੂੰ ਆਪਣਾ ਪੱਖ ਰੱਖਣ ਲਈ ਅਕਾਲ ਤਖ਼ਤ ਸਕੱਤਰੇਤ ਵਿਖੇ ਸੱਦਿਆ ਸੀ।
ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਇੰਦਰਬੀਰ ਸਿੰਘ ਨਿੱਜਰ ਸਮੇਤ ਕਾਰਜਕਾਰਨੀ ਕਮੇਟੀ ਦੇ ਕੁੱਲ 20 ਮੈਂਬਰ ਸਕੱਤਰੇਤ ਵਿਖੇ ਪੁੱਜੇ, ਜਿੱਥੇ ਉਨ੍ਹਾਂ ਨੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਜਥੇਦਾਰ ਗੜਗੱਜ ਨੇ ਚੀਫ਼ ਖ਼ਾਲਸਾ ਦੀਵਾਨ ਵਿਰੁੱਧ ਪੁੱਜੀਆਂ ਸ਼ਿਕਾਇਤਾਂ ਬਾਰੇ ਸਮੂਹ ਮੈਂਬਰਾਂ ਨਾਲ ਵਿਚਾਰ ਕਰਦਿਆਂ ਕੁਝ ਸਵਾਲ ਕੀਤੇ ਅਤੇ ਉਨ੍ਹਾਂ ਦਾ ਪੱਖ ਸੁਣਿਆ। ਉਪਰੰਤ ਜਥੇਦਾਰ ਗੜਗੱਜ ਨੇ ਚੀਫ਼ ਖ਼ਾਲਸਾ ਦੀਵਾਨ ਦੇ ਵਿਧਾਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪ੍ਰਵਾਣਿਤ ਸਿੱਖ ਰਹਿਤ ਮਰਯਾਦਾ ਦੀ ਰੋਸ਼ਨੀ ਵਿੱਚ ਮੌਕੇ ਉੱਤੇ ਹੀ ਕੁਝ ਅਹਿਮ ਫ਼ੈਸਲੇ ਕਰਦਿਆਂ ਸੰਸਥਾ ਦੇ ਨੁਮਾਇੰਦਿਆਂ ਨੂੰ ਹਦਾਇਤਾਂ ਜਾਰੀ ਕੀਤੀਆਂ।
ਜਥੇਦਾਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਚੀਫ਼ ਖ਼ਾਲਸਾ ਦੀਵਾਨ ਨਾਲ ਸਬੰਧਤ ਕੀਤੇ ਗਏ ਫ਼ੈਸਲਿਆਂ ਬਾਰੇ ਦੱਸਿਆ ਕਿ ਜੇਕਰ ਸੰਸਥਾ ਦਾ ਕੋਈ ਮੈਂਬਰ ਅੰਮ੍ਰਿਤਧਾਰੀ ਨਹੀਂ ਹੈ ਜਾਂ ਕਿਸੇ ਤੋਂ ਕੋਈ ਕੁਤਾਹੀ ਹੋਈ ਹੈ ਤਾਂ ਇਸ ਦੀ ਸੁਧਾਈ ਕਰਨ ਲਈ ਚੀਫ਼ ਖ਼ਾਲਸਾ ਦੀਵਾਨ ਨੂੰ 41 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਮੂਹ ਮੈਂਬਰ 41 ਦਿਨਾਂ ਦੇ ਅੰਦਰ 1 ਸਤੰਬਰ ਤੱਕ ਅੰਮ੍ਰਿਤਧਾਰੀ ਹੋ ਕੇ ਗੁਰਮਤਿ ਅਨੁਸਾਰ ਕੰਮ ਕਰਨਗੇ। ਚੀਫ਼ ਖ਼ਾਲਸਾ ਦੀਵਾਨ ਦਾ ਕੋਈ ਵੀ ਮੈਂਬਰ ਦਾੜ੍ਹੀ ਨਾ ਰੰਗਦਾ ਹੋਵੇ ਅਤੇ ਨਾ ਹੀ ਦਾੜ੍ਹੀ ਵਿੱਚ ਕੁੰਡਲ ਪਾਉਂਦਾ ਹੋਵੇ, ਕਿਉਂਕਿ ਇਹ ਗੁਰਮਤਿ ਅਤੇ ਸਿੱਖ ਰਹਿਤ ਮਰਯਾਦਾ ਦੀ ਉਲੰਘਣਾ ਹੈ। ਇਸ ਦੇ ਨਾਲ ਹੀ ਚੀਫ਼ ਖ਼ਾਲਸਾ ਦੀਵਾਨ ਦੇ ਜਿਹੜੇ ਕਾਰਜਕਾਰੀ ਮੈਂਬਰ ਅੱਜ ਇਕੱਤਰਤਾ ਵਿੱਚ ਨਹੀਂ ਪਹੁੰਚੇ ਉਨ੍ਹਾਂ ਨੂੰ ਪਹਿਲੀ ਅਗਸਤ ਨੂੰ ਅਕਾਲ ਤਖ਼ਤ ਸਕੱਤਰੇਤ ਪੁੱਜ ਕੇ ਆਪਣਾ ਪੱਖ ਰੱਖਣ ਦਾ ਆਦੇਸ਼ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਚੀਫ਼ ਖ਼ਾਲਸਾ ਦੀਵਾਨ ਦਾ ਕੋਈ ਮੈਂਬਰ 1 ਸਤੰਬਰ ਤੱਕ ਅੰਮ੍ਰਿਤਧਾਰੀ ਨਹੀਂ ਹੁੰਦਾ ਤਾਂ ਸੰਸਥਾ ਉਸਦੀ ਮੈਂਬਰਸ਼ਿਪ ਖਤਮ ਕਰੇਗੀ।