ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ’ ਸਿੱਖ ਪੰਥ ਦੀ ਨਿੱਤ ਦੀ ਅਰਦਾਸ ਦਾ ਇਕ ਅੰਗ ਹੈ। ਜੇ ਆਮ ਸਿੱਖਾਂ ਦੀ ਰਸਨਾ ਤੋਂ ਅਰਦਾਸ ਵਿਚ ਸੁਣੀਏ ਤਾਂ ‘ਸ੍ਰੀ ਅੰਮ੍ਰਿਤਸਰ ਜੀ ਦੇ ਸਾਲ ਇਸ਼ਨਾਨ’ ਸ਼ਬਦ ਸੁਣਦੇ ਹਾਂ। ਪਰ ਜੋ ਪੰਥ ਦੀ ਪ੍ਰਵਾਨਿਤ ਅਰਦਾਸ ਵਿਚ ਵੇਖੀਏ ਨੂੰ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ’ ਲਿਖਿਆ ਹੋਇਆ ਹੈ।
ਇਕ ਪ੍ਰਸ਼ਨ ਪੈਦਾ ਹੁੰਦਾ ਹੈ ਕਿ ਪੰਥ ਪ੍ਰਵਾਨਿਤ ਅਰਦਾਸ ਵਿਚ ‘ਦਰਸ਼ਨ ਇਸ਼ਨਾਨ’ ਕਿਉਂ ਨਹੀਂ? ਵੈਸੇ ਓਪਰੀ ਨਜ਼ਰ ਨਾਲ ਵੇਖੀਏ ਤਾਂ ਸਾਨੂੰ ਸ੍ਰੀ ਅੰਮ੍ਰਿਤਸਰ ਜੀ ਦਾ ਨਾਮ ਸੁਣਿਆਂ, ਇਕ ਸ਼ਹਿਰ ਦਾ ਨਾਮ ਖਿਆਲ ਵਿਚ ਆਉਂਦਾ ਹੈ ਪਰ ਅੰਮ੍ਰਿਤਸਰ ਧਿਆਨ ਨਾਲ ਵੇਖਿਆਂ ਅੰਮ੍ਰਿਤ ਸਰੋਵਰ ਦਾ ਹੀ ਨਾਮ ਹੈ। ਉਸ ਦੇ ਨਾਮ ‘ਤੇ ਹੀ ਅੰਮ੍ਰਿਤਸਰ ਸ਼ਹਿਰ ਵੱਸਿਆ ਹੈ।
ਸਿੱਖ ਧਰਮ ਅਨੁਸਾਰ ਸਿੱਖ, ਦਰਸ਼ਨ ਤਾਂ ਗੁਰੂ ਦੇ ਹੀ ਲੋਚਦਾ ਹੈ ਜਾਂ ਗੁਰਦੁਆਰਿਆਂ, ਗੁਰਧਾਮਾਂ ਦੇ ਦਰਸ਼ਨ ਇਸ ਦੀ ਸੱਧਰ ਹੈ:
ਦਰਸਨੁ ਦੇਖਿ ਜੀਵਾ ਗੁਰ ਤੇਰਾ॥
ਪੂਰਨ ਕਰਮੁ ਹੋਇ ਪ੍ਰਭ ਮੇਰਾ॥ (ਅੰਗ ੭੪੨)
ਸ੍ਰੀ ਅੰਮ੍ਰਿਤਸਰ (ਸਰੋਵਰ) ਦਾ ਇਸ਼ਨਾਨ ਹੀ ਠੀਕ ਲਗਦਾ ਹੈ। ਗੁਰਬਾਣੀ ਅਨੁਸਾਰ ਹੁਕਮ ਵੀ ਹੈ:
-ਰਾਮਦਾਸ ਸਰੋਵਰਿ ਨਾਤੇ॥
ਸਭਿ ਉਤਰੇ ਪਾਪ ਕਮਾਤੇ॥ (ਅੰਗ ੬੨੫)
-ਸੰਤਹੁ ਰਾਮਦਾਸ ਸਰੋਵਰ ਨੀਕਾ॥
ਜੋ ਨਾਵੈ ਸੋ ਕੁਲੁ ਤਰਾਵੈ ਉਧਾਰੁ ਹੋਆ ਹੈ ਜੀ ਕਾ॥ (ਅੰਗ ੬੨੩)
ਜਿਵੇਂ ਗੁਰੂ ਅਰਜਨ ਸਾਹਿਬ ਜੀ ਹੋਰ ਫ਼ਰਮਾ ਰਹੇ ਨੇ:
ਹਰਿਹਾਂ ਨਾਨਕ ਕਸਮਲ ਜਾਹਿ
ਨਾਇਐ ਰਾਮਦਾਸ ਸਰ॥ (ਅੰਗ ੧੩੬੨)
ਰਾਮਦਾਸ ਸਰੋਵਰ ਵਿਦਵਾਨਾਂ ਦੀ ਨਜ਼ਰ ਵਿਚ ਭਾਵੇਂ ਰਾਮ ਦੇ ਦਾਸਾਂ ਦਾ ਸਰੋਵਰ ਹੀ ਹੈ ਜਿਸ ਨੂੰ ਸਤਿਸੰਗ ਮੰਨਿਆ ਹੈ ਪਰ ਇਹ ਸਰੋਵਰ ਵੀ ਰਾਮ ਦੇ ਦਾਸ ਦੇ ਨਾਮ ‘ਤੇ ਹੀ ਹੈ, ਇਹ ਸਤਿਸੰਗ ਦਾ ਕੇਂਦਰ ਹੈ। ਇਸੇ ਦਾ ਹੀ ਦੂਸਰਾ ਨਾਮ ਸ੍ਰੀ ਅੰਮ੍ਰਿਤਸਰ ਹੈ।
ਗੁਰੂ ਰਾਮਦਾਸ ਦੀ ਆਪਣੀ ਬਖਸ਼ੀ ਹੋਈ ਮਰਯਾਦਾ ਵਿਚ ਵੀ ਇਹ ਹੁਕਮ ਹੈ:
ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ॥
ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ॥
( ਅੰਗ ੩੦੫)
ਇਕ ਹੋਰ ਪ੍ਰਸ਼ਨ ਪੈਦਾ ਹੁੰਦਾ ਹੈ. ਕੀ ਤੀਰਥ ਇਸ਼ਨਾਨ ਵਾਂਗ ਸਿੱਖ ਧਰਮ ਵਿਚ ਵੀ ਇਸ਼ਨਾਨ ‘ਤੇ ਹੀ ਜ਼ੋਰ ਹੈ? ਫਿਰ ਕਹਿਣਾ ਪਵੇਗਾ, ਨਹੀਂ। ਇਸ ਨੂੰ ਠੀਕ ਮੰਨ ਲਈਏ ਤਾਂ ਹੋਰ ਪ੍ਰਸ਼ਨ ਉਤਪੰਨ ਹੋ ਜਾਂਦੇ ਨੇ ਜਿਵੇਂ ਪਿੱਛੇ ਜਹੇ- ਅਜੀਤ ਪੁਰ (ਯੂ.ਪੀ.) ਵਿਚ ਇਕ ਗੁਰਮਤਿ ਸਮਾਗਮ ਵਿਚ ਪੁੱਜੇ ਤਾਂ ਦੀਵਾਨ ਵਿਚ ਇਕ ਸਤਿਸੰਗੀ ਨੇ ਪ੍ਰਸ਼ਨ ਕਰ ਦਿੱਤਾ ;
ਪ੍ਰਸ਼ਨ : ਅਸੀਂ ਰੋਜ਼ ਰੇਡੀਓ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਤੋਂ ਗੁਰਬਾਣੀ ਦਾ ਕੀਰਤਨ ਸੁਣਦੇ ਹਾਂ। ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਇਹ ਸ਼ਬਦ ਵੀ ਕਈ ਵਾਰ ਸੁਣਿਆ ਹੈ:
ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ॥
ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ॥ (ਅੰਗ ੩੦੫)
ਸਤਿਗੁਰੂ ਜੀ ਵੱਲੋਂ ਹਰ ਰੋਜ਼ ਸਵੇਰੇ ਸ੍ਰੀ ਅੰਮ੍ਰਿਤਸਰ ਵਿਚ ਇਸ਼ਨਾਨ ਕਰਨ ਦਾ ਹੁਕਮ ਹੈ। ਪਰ ਅਸੀਂ ਤਾਂ ਦੂਰ ਬੈਠੇ ਹਾਂ, ਰੋਜ਼ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਨਹੀਂ ਕਰ ਸਕਦੇ। ਹੋਰ ਵੀ ਜੋ ਦੂਰ-ਦੁਰਾਡੇ ਦੇਸ਼-ਬਦੇਸ਼ ਵਿਚ ਗੁਰੂ ਪਿਆਰੇ ਰਹਿੰਦੇ ਹਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਤੋਂ ਵਾਂਝੇ ਰਹਿ ਜਾਣਗੇ। ਉਨ੍ਹਾਂ ਦਾ ਫਿਰ ਕੀ ਬਣੇਗਾ?
ਗੁਰਮਤਿ ਦੀ ਰੋਸ਼ਨੀ ਵਿਚ ਜੋ ਉਥੇ ਉਤਰ ਦਿੱਤਾ ਗਿਆ ਸੀ, ਏਥੇ ਵੀ ਹਾਜ਼ਰ ਹੈ।
ਸਤਿਗੁਰੂ ਜੀ ਦਾ ਹੁਕਮ ਹੈ:
ਕਰਿ ਇਸਨਾਨੁ ਸਿਮਰਿ ਪ੍ਰਭੁ ਅਪਨਾ
ਮਨ ਤਨ ਭਏ ਅਰੋਗਾ॥ ( ਅੰਗ ੬੧੧)
ਸ੍ਰੀ ਅੰਮ੍ਰਿਤਸਰ ਦਾ ਆਤਮਕ ਜੀਵਨ ਦੇਣ ਵਾਲਾ ਇਸ਼ਨਾਨ ਇਸ ਪ੍ਰਕਾਰ ਹੈ : ਪਹਿਲਾਂ ਪਾਣੀ ਨਾਲ ਤਨ ਦਾ ਇਸ਼ਨਾਨ ਕਰਨਾ, ਫਿਰ ਸਿਮਰਨ ਕਰਨਾ, ਪਹਿਲਾਂ ਤਨ ਦਾ ਇਸ਼ਨਾਨ, ਫਿਰ ਮਨ ਦਾ ਇਸ਼ਨਾਨ। ਇਸ ਨਾਲ ਤਨ ਤੇ ਮਨ ਦੋਵੇਂ ਅਰੋਗ ਹੋ ਜਾਂਦੇ ਨੇ ਅਤੇ ਜੀਵਨ ਸਦੀਵੀ ਸੁਖ ਪ੍ਰਾਪਤ ਕਰਦਾ ਹੈ। ਅੰਮ੍ਰਿਤਸਰ ਇਸ ਦਾ ਪ੍ਰਤੀਕ ਹੈ। ਏਸੇ ਲਈ ਇਹ ਸਿੱਖ ਧਰਮ ਦਾ ਕੇਂਦਰ ਹੈ।
ਸਤਿਗੁਰੂ ਜੀ ਦਾ ਹੁਕਮ ਹੈ ਕਿ ਹਰ ਗੁਰਸਿੱਖ ਨੇ ਪਹਿਲਾਂ ਤਨ ਦਾ ਇਸ਼ਨਾਨ ਤੇ ਫਿਰ ਮਨ ਦਾ ਇਸ਼ਨਾਨ ਕਰਨਾ ਹੈ। ਪਹਿਲੇ ਇਸ਼ਨਾਨ ਲਈ ਸਰੋਵਰ ਹੈ ਅਤੇ ਦੂਜੇ ਇਸ਼ਨਾਨ ਲਈ ਸ੍ਰੀ ਹਰਿਮੰਦਰ ਸਾਹਿਬ ਹੈ। ਤਨ ਦਾ ਇਸ਼ਨਾਨ ਪਾਣੀ ਨਾਲ ਤੇ ਮਨ ਦਾ ਇਸ਼ਨਾਨ ਬਾਣੀ ਨਾਲ ਕਰਨਾ ਹੈ। ਹਰ ਗੁਰਸਿੱਖ ਲਈ ਇਹ ਦੋਵੇਂ ਇਸ਼ਨਾਨ ਜ਼ਰੂਰੀ ਨੇ।
ਗੁਰਸਿੱਖ ਕਿਤੇ ਵੀ ਬੈਠਾ ਹੈ, ਜੇ ਸਵੇਰੇ ਪਹਿਲਾਂ ਪਾਣੀ ਨਾਲ ਤੇ ਫਿਰ ਬਾਣੀ ਨਾਲ ਹਰ ਰੋਜ਼ ਇਸ਼ਨਾਨ ਕਰਦਾ ਹੈ ਉਹ ਸ੍ਰੀ ਅੰਮ੍ਰਿਤਸਰ ਦਾ ਇਸ਼ਨਾਨ ਹੀ ਕਰਦਾ ਹੈ।
ਪਹਿਲਾ ਇਸ਼ਨਾਨ ਸਾਧਨ ਹੈ ਅਤੇ ਦੂਜਾ ਇਸ਼ਨਾਨ ਮਕਸਦ। ਇਸ ਤਰ੍ਹਾਂ ਸ੍ਰੀ ਅੰਮ੍ਰਿਤਸਰ ਜੀ ਦਾ ਇਸਤੇਮਾਲ ਪ੍ਰੇਰਨਾ-ਸ੍ਰੋਤ ਹੈ। ਇਸੇ ਲਈ ਸਿੱਖ ਜਗਤ ਦਾ ਕੇਂਦਰ ਹੈ ਅਤੇ ਗੁਰੂ ਪੰਥ ਦੀ ਅਰਦਾਸ ਦਾ ਇਸ ਲਈ ਜ਼ਰੂਰੀ ਅੰਗ ਹੈ ਕਿ ਹਰ ਸਿੱਖ ਦੀ ਸੁਰਤ ਵਿਚ ਇਹ ਜੀਵਨ-ਜੁਗਤ ਸਮਾਈ ਰਹੇ ਤੇ ਇਸ ਪੱਖੋਂ ਕੌਮ ਦੀ ਚੇਤਨਾ ਜਾਗਦੀ ਰਹੇ!
ਗਿਆਨੀ ਦਲੀਪ ਸਿੰਘ ਦਰਦੀ