-ਡਾ. ਰਾਜਿੰਦਰ ਸਿੰਘ ਕੁਰਾਲੀ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲ ਮੌਤ ਤੋਂ ਪਾਰ ਜ਼ਿੰਦਗੀ ਦਾ ਸੁਨੇਹਾ ਹੈ। ਤਾਨਾਸ਼ਾਹੀ ਦੀ ਥਾਂ ਲੋਕਤੰਤਰ ਦੀ ਸਵੇਰ ਦਾ ਹੁਸਨ ਹੈ। ਇਤਿਹਾਸ ਦੇ ਦਰਵਾਜ਼ੇ ‘ਤੇ ਸੁਭ ਕਰਮਨ ਤੇ ਕਬਹੂੰ ਨ ਟਰੋਂ” ਦੀ ਦਸਤਕ ਹੈ। ਕੂੜ ਦੇ ਹਨੇਰ ਨੂੰ ਚੀਰਦੇ ਚਾਨਣ ਦੇ ਤੀਰਾਂ ਦੀ ਬਰਸਾਤ ਹੈ। ਸ਼ੋਸ਼ਣ ਨੂੰ ਵੰਗਾਰਦੀ ਤੇਗ ਦੀ ਚਮਕ ਹੈ। ਮਜ਼ਲੂਮ ਜਨਤਾ ਦਾ ਹੱਥ ਫੜਨ ਦਾ ਇਕਰਾਰ ਹੈ। ਗੁਰੂ ਜੀ ਕੋਲ ਜਿੱਤ ਦਾ ਮਾਣ ਨਹੀਂ ਵਾਹਿਗੁਰੂ ਜੀ ਕੀ ਫਤਿਹ ਦਾ ਜੈ-ਗਾਨ ਹੈ। ਮਾਨਵਤਾ ਲਈ ਸਰਬੰਸ ਵਾਰ ਦੇਣ ਦਾ ਲਾਸਾਨੀ ਇਤਿਹਾਸ ਹੈ। ਸੰਸਾਰ ਨੂੰ ਆਪਣੇ ਪਰਿਵਾਰ ਵਜੋਂ ਦੇਖਣ ਦੀ ਲੰਮੀ ਨਦਰਿ ਗੁਰੂ ਜੀ ਨੂੰ ਦਸਮੇਸ਼ ਪਿਤਾ ਵਜੋਂ ਸਥਾਪਿਤ ਕਰਦੀ ਹੈ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵਿਅਕਤੀਵਾਦ ਦੀ ਥਾਂ ਸਮੂਹ ਨੂੰ ਕੇਂਦਰ ਵਿਚ ਰੱਖ ਕੇ ਲੋਕਤੰਤਰ ਦੀ ਮਹਾਨਤਾ ਨੂੰ ਮੂਰਤੀਮਾਨ ਕੀਤਾ। ਵਿਅਕਤੀ ਨੂੰ ਨਿੱਜੀ ਲਾਲਸਾ ਲਈ ਸਮਾਜਿਕ ਵਿਵਸਥਾ ਵਿਚ ਖ਼ਲਲ ਪਾਉਣ ਦੀ ਥਾਂ ਦੂਜਿਆਂ ਦੀ ਸੇਵਾ ਲਈ ਸਮਰਪਿਤ ਹੋਣ ਦੀ ਰਮਜ਼ ਸਮਝਾਈ। ਅਕਾਲ ਪੁਰਖ ਨੂੰ ਅੰਗ-ਸੰਗ ਸਮਝ ਕੇ ਨੇਕੀ ਦੇ ਰਾਹ ਤੁਰ ਰਹੇ ਮਨੁੱਖ ਅੰਦਰ ਇੱਕ ਦੂਜੇ ਲਈ ਪਿਆਰ- ਸਤਿਕਾਰ ਤੇ ਦੂਜਿਆਂ ਦੇ ਜਾਇਜ਼ ਅਧਿਕਾਰਾਂ ਦਾ ਸਨਮਾਨ ਕਰਨ ਦਾ ਸੱਭਿਆਚਾਰ ਵਿਕਸਤ ਕੀਤਾ। ਖ਼ਾਲਸੇ ਦਾ ਰੋਮ-ਰੋਮ ਵਾਹਿਗੁਰੂ ਜੀ ਕੀ ਫਤਿਹ ਵਿਚ ਯਕੀਨ ਕਰਦਾ ਹੈ। ਇਸੇ ਕਾਰਨ ਸਿੱਖਾਂ ਨੇ ਸਵਾ ਲੱਖ ਨਾਲ਼ ਜੂਝਣ ਦਾ ਬੇਮਿਸਾਲ ਇਤਿਹਾਸ ਰਚਿਆ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਹੀ ਅਰਥਾਂ ਵਿਚ ਲੋਕਤੰਤਰ ਦੀ ਸਟੀਕ ਪਰਿਭਾਸ਼ਾ ਤੇ ਇਸ ਦੀ ਮਹੱਤਤਾ ਤੋਂ ਸੰਸਾਰ ਨੂੰ ਜਾਣੂ ਕਰਵਾਇਆ। ਪ੍ਰਸਿੱਧ ਇਤਿਹਾਸਕਾਰ ਹਰੀ ਰਾਮ ਗੁਪਤਾ ਅਨੁਸਾਰ ਮਨੁੱਖੀ ਅਧਿਕਾਰਾਂ ਦੀ ਰਾਖੀ ਤੇ ਰਾਜਨੀਤਕ ਸੁਤੰਤਰਤਾ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਫਰਾਂਸ ਦੀ ਕ੍ਰਾਂਤੀ ਤੋਂ ੯੦ ਸਾਲ ਪਹਿਲਾਂ ਜਬਰ-ਜ਼ੁਲਮ ਤੇ ਤੁਲੀ ਹੋਈ ਹਕੂਮਤ ਖ਼ਿਲਾਫ ਸੰਘਰਸ਼ ਸ਼ੁਰੂ ਕੀਤਾ।
ਪੰਜ ਪਿਆਰਿਆਂ ਦੀ ਸੰਸਥਾ ਲੋਕਤੰਤਰ ਲਈ ਅਦਰਸ਼ ਹੈ, ਇਸ ਵਿਚ ਆਪਹੁਦਰੇਪਣ ਲਈ ਸੂਈ ਦੇ ਨੱਕੇ ਜਿੰਨੀ ਵੀ ਥਾਂ ਨਹੀਂ। ਸਿੱਖ ਅਰਦਾਸ ਵਿਚ ਪੰਜ ਪਿਆਰਿਆਂ ਦਾ ਜ਼ਿਕਰ ਗੁਰੂ ਸਾਹਿਬ ਦੇ ਸ਼ਹੀਦ ਹੋਏ ਸਾਹਿਬਜ਼ਾਦਿਆਂ ਤੋਂ ਪਹਿਲਾਂ ਆਉਣਾ ਇਸ ਸੰਸਥਾ ਦੀ ਮਹਾਨਤਾ ਨੂੰ ਰੂਪਮਾਨ ਕਰਦਾ ਹੈ। ਇੱਥੇ ਮਾਨਵਤਾ ਦੇ ਉੱਚੇ ਮਿਨਾਰਾਂ ਦੀ ਖ਼ੂਬਸੂਰਤੀ ਨੂੰ ਸਮਰਪਿਤ ਵਿਵੇਕ, ਮਿਲਵਰਤਨ, ਸਰਬਸੰਮਤੀ ਅਤੇ ਭਵਿੱਖਮੁਖੀ ਸੋਚ ਦਾ ਸਨਮਾਨ ਹੈ।
ਗੁਰੂ ਜੀ ਨੇ ਸਮਾਜਿਕ ਅਤੇ ਰਾਜਨੀਤਕ ਵਿਵਸਥਾ ਦੇ ਮਿਆਰੀਕਰਨ ਲਈ ਜਾਤ, ਲਿੰਗ, ਨਸਲ, ਰੁਤਬੇ, ਮਜ਼੍ਹਬ ਜਾਂ ਅਮੀਰੀ ਨੂੰ ਦਰਕਿਨਾਰ ਕਰ ਕੇ ਇਨਸਾਨੀਅਤ ਪ੍ਰਤੀ ਸੰਵੇਦਨਸ਼ੀਲਤਾ, ਕਾਰਜਸ਼ੀਲਤਾ, ਬੌਧਿਕਤਾ ਤੇ ਪ੍ਰਤਿਬੱਧਤਾ ਨੂੰ ਉਭਾਰਿਆ। ਇਸ ਨਾਲ਼ ਸਮਾਜਿਕ ਤੇ ਰਾਜਨੀਤਕ ਪਰਿਵਰਤਨਾਂ ਲਈ ਸੁਨਿਹਰੀ ਅਵਸਰਾਂ ਦੇ ਦਰਵਾਜ਼ੇ ਖੁੱਲ੍ਹੇ। ਨੇਕ ਇਸਤਰੀ ਪੁਰਸ਼ ਸਿਰ ਉੱਚਾ ਕਰ ਕੇ ਤੁਰਨ ਦੇ ਸਮਰੱਥ ਬਣੇ। “ ਇਨ ਗ੍ਰੀਬ ਸਿੱਖਨ ਕੋ ਦਯੈ ਪਾਤਿਸ਼ਾਹੀ, ਯਹ ਯਾਦ ਰਖੈ ਹਮਰੀ ਗੁਰਿਆਈ।” ਗੁਰੂ ਸਾਹਿਬ ਦਾ ਮੰਤਵ ਸੱਤਾ ’ਤੇ ਸਥਾਪਿਤ ਜਨਤਾ ਦਾ ਸ਼ੋਸ਼ਣ ਕਰਨ ਵਾਲੀਆਂ ਧਿਰਾਂ ਦੇ ਕਹਿਰ ਤੋਂ ਮਾਰੇ ਮਾਰੇ ਫਿਰ ਰਹੇ ਲੋਕਾਂ ਨੂੰ ਸੰਗਠਿਤ ਕਰ ਕੇ ਨਿਆਂ ਦੀ ਸਥਾਪਨਾ ਕਰਨਾ ਸੀ। ਦੁਸ਼ਟ ਨੂੰ ਗਾਲਣਾ ਤੇ ਨਿਰਧਨ ਨੂੰ ਪਾਲਣਾ ਅਤੇ ਪ੍ਰਫੁੱਲਤ ਹੋਣ ਦੇ ਪੂਰੇ ਅਵਸਰ ਦੇਣਾ ਗੁਰੂ ਸਾਹਿਬ ਦੇ ਲੋਕਤੰਤਰ ਦੀ ਵਿਸ਼ੇਸ਼ਤਾ ਹੈ।ਧਰਮ ਦੇ ਨਾਂ ‘ਤੇ ਲੋਕਾਂ ਨੂੰ ਭੜਕਾਉਣ ਦੀ ਥਾਂ ਸਾਂਝੀਵਾਲਤਾ ਸਿੱਖ ਧਰਮ ਦਾ ਗੌਰਵ ਹੈ। ਇਸੇ ਕਾਰਨ ਅਨੇਕ ਸੂਝਵਾਨ ਮੁਸਲਮਾਨ ਗੁਰੂ ਜੀ ਦੇ ਸਮਰਥਨ ਵਿਚ ਖੜ੍ਹੇ ਹੋ ਗਏ।
ਗੁਰੂ ਸਾਹਿਬ ਦੇ ਲੋਕਤੰਤਰ ਦਾ ਸਰੂਪ ਮਾਨਵਵਾਦੀ ਹੈ, ਇਸ ਦਾ ਪ੍ਰੇਰਨਾ ਸ੍ਰੋਤ ਸਿਆਸੀ ਨਹੀਂ ਵਿਸਮਾਦੀ ਹੈ। ਗੁਰੂ ਲਿਵ ਨੂੰ ਬ੍ਰਹਿਮੰਡ ਦੇ ਕਣ-ਕਣ ਵਿੱਚ “ ਨਮੋ ਸਰਬ ਦੇਸੇ ॥ਨਮੋ ਸਰਬ ਭੇਸੇ॥” ਅਕਾਲ ਪੁਰਖ ਦੀ ਵਿਆਪਕਤਾ ਦਾ ਅਨੁਭਵ ਹੁੰਦਾ ਹੈ। ਸੰਸਾਰ ਦੇ ਸੂਰਜ, ਚੰਦ, ਤਾਰੇ, ਸਮੁੰਦਰ ਤੇ ਪੱਤਾ-ਪੱਤਾ ਉਸ ਦੀ ਕੀਰਤੀ ਗਾਉਂਦਾ ਪ੍ਰਤੀਤ ਹੁੰਦਾ ਹੈ। ਗਰਬ ਗੰਜਨ ਦੁਸਟ ਭੰਜਨ ਮੁਕਤਿ ਦਾਇਕ ਕਾਮ॥” ਅਕਾਲ ਪੁਰਖ ਹੰਕਾਰੀ ਤਾਨਾਸ਼ਾਹੀ ਲੋਕਤੰਤਰ ਵਿਰੋਧੀ ਦੁਸ਼ਟਾਂ ਨੂੰ ਮਿੱਟੀ ਵਿਚ ਮਿਲਾ ਦੇਣ ਵਾਲਾ ਮਹਾਂ ਗਜ਼ਬ ਹੈ। ਉਹ ਨੇਕ ਲੋਕਾਂ ਲਈ ਰਹਿਮਤ ਅਤੇ ਮੁਕਤੀ ਦਾਤਾ ਹੈ। ਸੰਸਾਰੀ ਹਾਕਮਾਂ ਦੇ ਸਾਹਮਣੇ ਰਾਜਿਆਂ ਦੇ ਰਾਜੇ “ ਰਾਜਾਨ ਰਾਜ॥ ਭਾਨਾਨੁ ਭਾਨੁ॥” ਅਕਾਲ ਪੁਰਖ ਦੀ ਸੱਤਾ ਸਦੀਵੀ ਅਤੇ ਬੇਅੰਤ ਹੈ। ਅਕਾਲ ਪੁਰਖ ਦੀ ਵਿਰਾਟਤਾ ਦਾ ਵਿਸਮਾਦ, ਖ਼ਾਲਸੇ ਦਾ ਆਪਸੀ ਪ੍ਰੇਮ ਤੇ ਸੁਭ ਅਮਲਾਂ ਦਾ ਚਾਅ ਲਾਸਾਨੀ ਇਤਿਹਾਸ ਦੀ ਸਿਰਜਣਾ ਦਾ ਸ਼ਲਾਘਾਯੋਗ ਕਾਰਨ ਬਣਿਆ। ਇਸ ਨਾਲ਼ ਲੋਕਤੰਤਰ ਦੇ ਸੁਨਿਹਰੀ ਪੰਨੇ ਲਿਖੇ ਗਏ। ਵਿਅਕਤੀਵਾਦ ਦੀ ਥਾਂ ਸਰਬੱਤ ਅਤੇ ਸੇਵਾ ਦਾ ਜਜ਼ਬਾ ਪ੍ਰਚੰਡ ਹੋਇਆ। ਇਸੇ ਵਿਰਾਸਤ ਤੋਂ ਪ੍ਰੇਰਨਾ ਲੈ ਕੇ ਅਠਾਰ੍ਹਵੀਂ ਸਦੀ ਵਿਚ ਸਿੱਖ ਜੋਧਿਆਂ ਨੇ ਜਦੋਂ ਪੱਤਾ-ਪੱਤਾ ਸਿੰਘਾਂ ਦਾ ਵੈਰੀ ਸੀ, ਸਿਰਧੜ ਦੀਆਂ ਬਾਜੀਆਂ ਲਾ ਕੇ ਖ਼ਾਲਸਾ ਰਾਜ ਸਥਾਪਿਤ ਕੀਤਾ ਤੇ ਜਨਤਾ ਦੇ ਕਲਿਆਣ ਦਾ ਸੁਹਿਰਦ ਜਤਨ ਕੀਤਾ। ਸਰਬੱਤ ਖ਼ਾਲਸੇ ਦੀ ਪਰੰਪਰਾ ਲੋਕਤੰਤਰ ਦਾ ਸ਼ਾਨਦਾਰ ਉਦਾਹਰਨ ਬਣੀ, ਜਿਥੇ ਮੱਤ-ਭੇਦਾਂ ਦੇ ਬਾਵਜੂਦ ਵੈਸਾਖੀ ਅਤੇ ਦਿਵਾਲੀ ਦੇ ਅਵਸਰ ‘ਤੇ ਅਕਾਲ ਤਖ਼ਤ ਸਾਹਿਬ ਵਿਖੇ ਸਿੱਖ ‘ ਆਗੂ ‘ਮਿਲ ਕੇ ਕੌਮ ਦੀ ਪ੍ਰਭਾਤ ਤੇ ਸਰਬੱਤ ਦੇ ਭਲੇ ਲਈ ਫੈਸਲੇ ਕਰਦੇ ਸਨ। ਅੱਜ ਵੀ ਸਿਆਸਤ ਲਈ ਗੁਰੂ ਸਾਹਿਬ ਦਾ ਵਿਸਮਾਦੀ ਲੋਕਤੰਤਰ ਦਾ ਸੰਕਲਪ ਮਹਾਨ ਪ੍ਰੇਰਨਾ ਬਣ ਸਕਦਾ ਹੈ।
