ਇਸ ਸਾਲ ਛੋਟੇ ਸਾਹਿਬਾਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫ਼ਤਿਹ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰਪੁਰਬ ਇੱਕੋ ਦਿਨ ੧੩ ਪੋਹ (ਪੋਹ ਸੁਦੀ ਸਤਵੀਂ) 27 ਦਸੰਬਰ ਨੂੰ ਆ ਰਿਹਾ ਹੈ, ਜੋ ਕਿ ਧਰਮ ਪ੍ਰਚਾਰ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਕਾਸ਼ਿਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਕੀਤੇ ਗਏ ਨਾਨਕਸ਼ਾਹੀ ਸੰਮਤ ੫੫੭ ਦੇ ਕੈਲੰਡਰ ਵਿੱਚ ਸਪੱਸ਼ਟ ਰੂਪ ਵਿੱਚ ਦਰਜ ਹੈ। ਇਸ ਸਬੰਧੀ ਸੰਗਤ ਅਤੇ ਸਿੰਘ ਸਭਾਵਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੱਤਰ ਅਤੇ ਸੁਝਾਅ ਭੇਜੇ ਕਿ ਸ਼ਹੀਦੀ ਦਿਹਾੜਾ ਅਤੇ ਪ੍ਰਕਾਸ਼ ਗੁਰਪੁਰਬ ਇੱਕੋ ਦਿਨ ਆ ਰਿਹਾ ਹੈ, ਇਸ ਲਈ ਮਿਤੀ ਤਬਦੀਲ ਕਰਕੇ ਪ੍ਰਕਾਸ਼ ਗੁਰਪੁਰਬ ਲਈ ਕੋਈ ਹੋਰ ਦਿਨ ਨਿਯਤ ਕਰ ਦਿੱਤਾ ਜਾਵੇ। ਪੁੱਜੇ ਸੁਝਾਵਾਂ ਅਤੇ ਮੰਗਾਂ ਉੱਤੇ ਵੀ ਪੰਜ ਸਿੰਘ ਸਾਹਿਬਾਨ ਨੇ 8 ਦਸੰਬਰ ਨੂੰ ਇਕੱਤਰਤਾ ਵਿੱਚ ਦੀਰਘ ਵਿਚਾਰ ਵਟਾਂਦਰਾ ਕੀਤਾ ਅਤੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਦੀ ਮਿਤੀ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਜਾ ਰਹੀ ਅਤੇ ਕੈਲੰਡਰ ਮੁਤਾਬਕ ਇਹ ਪੁਰਬ ਇਸ ਸਾਲ ੧੩ ਪੋਹ (ਪੋਹ ਸੁਦੀ ਸਤਵੀਂ) 27 ਦਸੰਬਰ ਨੂੰ ਹੀ ਆ ਰਿਹਾ ਹੈ। ਸਿੰਘ ਸਾਹਿਬਾਨ ਵੱਲੋਂ ਕਿਹਾ ਗਿਆ ਕਿ ਜੇਕਰ ਸੰਗਤ ਨੂੰ ਲੱਗਦਾ ਹੈ ਕਿ ਸ਼ਹੀਦੀ ਦਿਹਾੜਿਆਂ ਦੇ ਵਿਚਕਾਰ ਉਨ੍ਹਾਂ ਨੂੰ ਪ੍ਰਕਾਸ਼ ਗੁਰਪੁਰਬ ਮਨਾਉਣ ਵਿੱਚ ਕੋਈ ਦਿੱਕਤ ਪਰੇਸ਼ਾਨੀ ਆ ਸਕਦੀ ਹੈ ਤਾਂ ਆਪਣੀ ਸਹੂਲਤ ਮੁਤਾਬਕ ਛੁੱਟੀ ਵਾਲਾ ਦਿਨ ਦੇਖ ਕੇ ਗੁਰੂ ਸਾਹਿਬ ਨੂੰ ਸਮਰਪਿਤ ਸਮਾਗਮ ਕਰਵਾਏ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਗੁਰਮਤਿ ਅਨੁਸਾਰ ਸਿੱਖਾਂ ਲਈ ਸ਼ਹਾਦਤਾਂ ਚੜ੍ਹਦੀ ਕਲਾ ਦਾ ਪ੍ਰਤੀਕ ਹਨ ਅਤੇ ਸਾਡਾ ਪ੍ਰਕਾਸ਼ ਗੁਰਪੁਰਬ ਅਤੇ ਸ਼ਹੀਦੀ ਦਿਹਾੜਿਆਂ ਨੂੰ ਮਨਾਉਣ ਦਾ ਤਰੀਕਾ ਗੁਰਮਤਿ ਸਮਾਗਮ ਹੀ ਹਨ, ਇਸ ਲਈ ਇਸ ਮਾਮਲੇ ਉੱਤੇ ਏਕਤਾ ਇਤਫ਼ਾਕ ਨਾਲ ਸਮਾਗਮ ਉਲੀਕਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸਿੱਖ ਸੰਗਤਾਂ ਪ੍ਰਕਾਸ਼ ਗੁਰਪੁਰਬ ਅਤੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਸਮਾਗਮ ਕਈ-ਕਈ ਦਿਨ ਕਰਦੀਆਂ ਹਨ, ਇਸ ਲਈ ਸਮੂਹ ਸੰਗਤਾਂ ਦਸਵੇਂ ਪਾਤਸ਼ਾਹ ਦਾ ਪ੍ਰਕਾਸ਼ ਗੁਰਪੁਰਬ ਪ੍ਰੇਮ ਭਾਵਨਾ ਨਾਲ ਮਨਾਉਣ।
ਗੁਰਮਤਿ ਤੇ ਸਿੱਖੀ ਸਿਧਾਂਤ ਅਨੁਸਾਰ ਖੁਸ਼ੀ ਗਮੀ ਵਿੱਚ ਕੀ ਅੰਤਰ ਹੈ ਅਤੇ ਇਸ ਸਬੰਧੀ ਪਾਵਨ ਗੁਰਬਾਣੀ ਕੀ ਸਿੱਖਿਆ ਦਿੰਦੀ ਹੈ, ਇਸ ਉੱਤੇ ਕੁਝ ਵਿਚਾਰ ਕਰਨ ਦੀ ਲੋੜ ਹੈ। ਗੁਰਬਾਣੀ ਸਿੱਖਿਆ ਦਿੰਦੀ ਹੈ ਕਿ ਸਿੱਖ ਨੇ ਦੁਖ ਤੇ ਸੁਖ ਬਰਾਬਰ ਕਰਕੇ ਮੰਨਣੇ ਹਨ। ਸਿੱਖ ਸ਼ਹੀਦੀ ਨੂੰ ਗਮੀ ਨਹੀਂ ਮੰਨਦੇ, ਸ਼ਹਾਦਤ ਸਿੱਖੀ ਅੰਦਰ ਚੜ੍ਹਦੀ ਕਲਾ ਤੇ ਪ੍ਰੇਰਣਾ ਦਾ ਬਹੁਤ ਅਹਿਮ ਅਤੇ ਵੱਡਾ ਸਰੋਤ ਹੈ। ਛੋਟੇ ਸਾਹਿਬਾਜ਼ਾਦਿਆਂ ਦੀ ਅਦੁੱਤੀ ਅਤੇ ਲਾਸਾਨੀ ਸ਼ਹਾਦਤ ਤੋਂ ਹਰ ਸਾਲ ਕਰੋੜਾਂ ਸਿੱਖ ਅਤੇ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਵੱਡੀ ਪ੍ਰੇਰਣਾ ਲੈਂਦੀ ਹੈ। ਲੱਖਾਂ ਦੀ ਗਿਣਤੀ ਵਿੱਚ ਸਿੱਖ ਸਾਹਿਬਜ਼ਾਦਿਆਂ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ, ਸ੍ਰੀ ਚਮਕੌਰ ਸਾਹਿਬ ਅਤੇ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਹਰ ਸਾਲ ਨਤਮਸਤਕ ਹੁੰਦੇ ਹਨ ਅਤੇ ਉਨ੍ਹਾਂ ਨੂੰ ਸਿਜਦਾ ਕਰਕੇ ਆਪਣੇ ਜੀਵਨ ਪੰਧ ਲਈ ਇੱਕ ਨਵੀਂ ਪ੍ਰੇਰਣਾ ਲੈ ਕੇ ਜਾਂਦੇ ਹਨ।
ਸ੍ਰੀ ਗੁਰੂ ਨਾਨਕ ਦੇਵ ਜੀ ਮਲਾਰ ਰਾਗ ਵਿੱਚ ਦਰਜ ਆਪਣੀ ਬਾਣੀ ਵਿੱਚ ਲਿਖਦੇ ਹਨ – ਦੁਖ ਸੁਖ ਦੋਊ ਸਮ ਕਰਿ ਜਾਨੈ ਬੁਰਾ ਭਲਾ ਸੰਸਾਰ ।। ਸੁਧਿ ਬੁਧਿ ਸੁਰਤਿ ਨਾਮਿ ਹਰਿ ਪਾਈਐ ਸਤਸੰਗਤਿ ਗੁਰ ਪਿਆਰ ।।੨।।
ਸ੍ਰੀ ਗੁਰੂ ਤੇਗ਼ ਬਹਾਦਰ ਜੀ ਸੋਰਠਿ ਰਾਗ ਵਿੱਚ ਲਿਖਦੇ ਹਨ – ਨਹ ਨਿੰਦਿਆ ਨਹ ਉਸਤਤਿ ਜਾ ਕੈ ਲੋਭੁ ਮੋਹੁ ਅਭਿਮਾਨਾ ।। ਹਰਖ ਸੋਗ ਤੇ ਰਹੈ ਨਿਆਰਉ ਨਾਹਿ ਮਾਨ ਅਪਮਾਨਾ ।।੧।।
ਉਕਤ ਦੋਵੇਂ ਪ੍ਰਮਾਣ ਸਪੱਸ਼ਟ ਰੂਪ ਵਿੱਚ ਇਹ ਸਿੱਖਿਆ ਦਿੰਦੇ ਹਨ ਕਿ ਸਿੱਖਾਂ ਨੇ ਦੁਖ ਅਤੇ ਸੁਖ ਦੋਵਾਂ ਨੂੰ ਬਰਾਬਰ ਕਰਕੇ ਮੰਨਣਾ ਹੈ। ਭਾਵੇਂ ਦੁਖ ਹੋਵੇ ਜਾਂ ਸੁਖ ਸਿੱਖ ਨੇ ਅਕਾਲ ਪੁਰਖ ਨੂੰ ਚੇਤੇ ਕਰਦਿਆਂ ਗੁਰੂ ਅੱਗੇ ਅਰਦਾਸ ਕਰਕੇ ਹੀ ਅਗਲਾ ਕਾਰਜ ਅਰੰਭ ਕਰਨਾ ਹੁੰਦਾ ਹੈ, ਇਸ ਲਈ ਅਜਿਹੇ ਮਾਮਲਿਆਂ ਨੂੰ ਮਸਲਾ ਬਣਾਉਣਾ ਵਾਜਬ ਨਹੀਂ। ਮੌਜੂਦਾ ਸਮੇਂ ਸਿੱਖਾਂ ਨੂੰ ਹੋਰ ਬਹੁਤ ਚੁਣੌਤੀਆਂ ਹਨ, ਜਿਨ੍ਹਾਂ ਦੇ ਹੱਲ ਲਈ ਸਿੱਖਾਂ ਨੂੰ ਆਪਸੀ ਵਖਰੇਵੇਂ ਪਾਸੇ ਰੱਖ ਕੇ ਅਤੇ ਵੱਡਾ ਦਿਲ ਕਰਕੇ ਇੱਕ ਨਿਸ਼ਾਨ ਹੇਠ ਇਕਜੁੱਟ ਹੋਣਾ ਜ਼ਰੂਰੀ ਹੈ। ਜਿੱਥੋਂ ਤੱਕ ਨਾਨਕਸ਼ਾਹੀ ਕੈਲੰਡਰ ਦੀ ਗੱਲ ਹੈ, ਇਸ ਸਬੰਧੀ ਲੋੜ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖ਼ਾਲਸਾ ਪੰਥ ਦੀ ਹਰ ਜਥੇਬੰਦੀ ਨੂੰ ਭਰੋਸੇ ਵਿੱਚ ਲੈ ਕੇ ਸਿੱਖ ਵਿਦਵਾਨਾਂ ਅਤੇ ਮਾਹਰਾਂ ਨੂੰ ਇਕੱਤਰ ਕਰੇ ਅਤੇ ਇਸ ਮਾਮਲੇ ਨੂੰ ਹੱਲ ਕਰਨ ਲਈ ਸਾਂਝੀ ਰਾਏ ਕਾਇਮ ਕਰੇ ਜਿਸ ਨਾਲ ਆਪਸੀ ਇਤਫ਼ਾਕ ਤੇ ਇਕੱਤਰਤਾ ਵਧੇ।
-ਜਸਕਰਨ ਸਿੰਘ
ਲੇਖਕ ਦੇ ਸੋਸ਼ਲ ਮੀਡੀਆ ਖਾਤੇ ਵਿਚੋਂ ਧੰਨਵਾਦ ਸਹਿਤ।
