
ਸਹਿਜੇ ਸਹਿਜੇ ਦੁਨੀਆਂ ਜਦ ਸਿਆਣੀ ਹੋਵੇਗੀ, ਯਕੀਨ ਜਾਣੋ, ਗੁਰੂ ਗ੍ਰੰਥ ਸਾਹਿਬ ਜੀ ਦੇ ਨੇੜੇ ਆਵੇਗੀ। ਗੁਰੂ ਗ੍ਰੰਥ ਸਾਹਿਬ ਜੀ ਨੇ ਪਰਮਾਤਮਾ ਦੇ ਬੜੇ ਰਾਜ਼ ਖੋਲ੍ਹੇ ਨੇ। ਅਜੇ ਦੁਨੀਆਂ ਬਹੁਤ ਭੰਬਲ ਭੂਸਿਆਂ ਵਿਚ ਪਈ ਹੋਈ ਏ। ਐ ਬੰਦੇ ! ਤੂੰ ਵਿਅਕਤੀ ਨੂੰ ਗੁਰੂ ਮੰਨਦੈਂ! ਅਜੇ ਫਿਰ ਤੂੰ ਸ਼ਬਦ ਦੇ ਨੇੜੇ ਨਹੀਂ ਆਇਆ:
ਗੁਰੂ ਦੁਆਰੈ ਹੋਇ ਸੋਝੀ ਪਾਇਸੀ ॥ (ਸੂਹੀ ਮਹਲਾ ੧, ਅੰਗ ੭੩੦)
ਬਦਕਿਸਮਤੀ ਇਹ ਹੈ ਕਿ ਸਿੱਖ ਜਗਤ ਦੇ ਜਿਹੜੇ ਦਾਰਸ਼ਨਿਕ ਨੇ, ਫ਼ਿਲਾਸਫ਼ਰ ਨੇ, ਸਿਆਣੇ ਨੇ ਧਰਮ ਦੇ, ਬੋਧ ਰੱਖਣ ਵਾਲੇ ਨੇ, ਗੁਰਬਾਣੀ ਦੇ ਅਰਥ-ਬੋਧ ਜਾਣਦੇ ਨੇ, ਉਹ ਸੰਤ ਸਰੂਪ ਨਹੀਂ ਨੇ ਤੇ ਸੰਤ ਸੁਭਾਅ ਦੇ ਵੀ ਨਹੀਂ ਨੇ। ਤੇ ਹੋਰ ਬਦਕਿਸਮਤੀ ਇਹ ਹੈ ਕਿ ਜਿਹੜੇ ਸੰਤ ਸਰੂਪ ਵਿਚ ਨੇ, ਉਹਨਾਂ ਦਾ ਸੰਤ ਸੁਭਾਅ ਤਾਂ ਨਹੀਂ, ਉਹਨਾਂ ਨੇ ਕਦੀ ਸਕੂਲ ਦਾ ਮੂੰਹ ਨਹੀਂ ਵੇਖਿਆ। ਕਾਲਾ ਅੱਖਰ ਭੈਂਸ ਬਰਾਬਰ। ਜਿਹੜੇ ਅਰਥਾਂ ਦਾ ਅਨਰਥ ਕਰਦੇ ਨੇ, ਦੁਨੀਆਂ ਨੂੰ ਮੰਨਣਾ ਪੈਂਦੈ। ਇਕ ਬਹੁਤ ਵੱਡਾ ਭੁਲੇਖਾ ਹੈ ਜੋ ਚੱਲ ਰਿਹਾ ਹੈ। ਨੜਿਨਵੇਂ ਫ਼ੀਸਦੀ ਸਿੱਖ ਜਗਤ ਦੇ ਸੰਤ ਕਰੀਬਨ ਕਰੀਬਨ ਅਨਪੜ੍ਹ ਨੇ । ਤੇ ਸਿੱਖ ਨੂੰ ਗੁਰੂ ਨਾਨਕ ਦੇਵ ਜੀ, ਗੁਰੂ ਗੋਬਿੰਦ ਸਿੰਘ ਜੀ ਨੇ ਗਿਆਨ ਦਾ ਪੁਜਾਰੀ ਬਣਾਇਐ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗਿਆਨ ਦੀ ਮੂਰਤੀ ਨੇ। ਸਿੱਖ ਅਗਿਆਨੀ ਨਹੀਂ ਚਾਹੀਦਾ। ਸਿੱਖ ਨਾਦਾਨ ਨਹੀਂ ਚਾਹੀਦਾ। ਸਿੱਖ ਦੇ ਕੋਲ ਗੁਰੂ ਦੀ ਵਿਚਾਰ ਚਾਹੀਦੀ ਹੈ :
ਸਿਖੀ ਸਿਖਿਆ ਗੁਰ ਵੀਚਾਰਿ ॥ (ਵਾਰ ਆਸਾ, ਮਹਲਾ ੧, ਅੰਗ ੫੬੫)
ਇੱਕੋ ਇਕ ਕੌਮ, ਵਾਹਿਦ ਕੌਮ-ਸਿੱਖ ਕੌਮ ਹੈ ਜਗਤ ਵਿਚ ਜੋ ਗਿਆਨ ਨੂੰ ਮੱਥਾ ਟੇਕਦੀ ਏ। ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣਾ ਕੀ ਏ ? ਗਿਆਨ ਨੂੰ ਮੱਥਾ ਟੇਕਣਾ ਹੈ।
ਗਿਆਨੀ ਸੰਤ ਸਿੰਘ ਜੀ ਮਸਕੀਨ