30 views 9 secs 0 comments

ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਪੂਰਨਤਾ ਦਿਵਸ

ਲੇਖ
August 28, 2025

ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਦਿ ਬੀੜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨ ਸਰੂਪ ਤਿਆਰ ਕਰਵਾ ਕੇ ਸਿੱਖ-ਪੰਥ ‘ਤੇ ਮਹਾਨ ਪਰਉਪਕਾਰ ਕੀਤਾ। ਇਸੇ ਮਹਾਨ ਕਾਰਜ ਕਰਕੇ ਸਿੱਖ-ਪੰਥ ਨੇ ਇਸ ਅਸਥਾਨ ਨੂੰ ਪੰਜਵਾਂ ਤਖ਼ਤ ਹੋਣ ਦਾ ਮਾਣ ਬਖਸ਼ਿਆ। ਜਿਥੇ ਇਹ ਮਹਾਨ ਕਾਰਜ ਹੋਇਆ ਉਹ ਭਾਗਾਂ-ਭਰੀ ਧਰਤੀ ਤਲਵੰਡੀ ਸਾਬੋ (ਬਠਿੰਡਾ) ਦਮਦਮਾ ਸਾਹਿਬ ਹੈ।
ਐਸੇ ਮਹਾਨ ਕਾਰਜਾਂ ਲਈ ਕਰਤਾ, ਸਮਾਂ ਤੇ ਜਗ੍ਹਾ ਦੀ ਇਕਸਾਰਤਾ ਹੋਣੀ ਲਾਜ਼ਮੀ ਹੈ। ਫੇਰ ਹੀ ਐਸੇ ਮਹਾਨ ਕਾਰਜ ਸੰਪੂਰਨ ਹੁੰਦੇ ਹਨ। ਕੁਦਰਤ ਵੱਲੋਂ ਐਸਾ ਸਮਾਂ ਪਹਿਲਾਂ ਤੋਂ ਉਲੀਕਿਆ ਹੁੰਦਾ ਹੈ।
ਇਤਿਹਾਸਕ ਜ਼ਿਕਰ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਬਹੁਤ ਸਾਰਾ ਸਮਾਂ ਜੰਗਾਂ, ਜੁੱਧਾਂ ਵਿਚ ਹੀ ਗੁਜ਼ਰਿਆ। ਇਸ ਸਮੇਂ ਦੌਰਾਨ ਵੀ ਗੁਰੂ ਸਾਹਿਬ ਸਾਹਿਤ ਸਿਰਜਣਾ ਕਰਦੇ ਰਹੇ ਤੇ ਕਰਵਾਉਂਦੇ ਰਹੇ। ਸਮੇਂ-ਸਮੇਂ ਸਿੱਖ ਗੁਰੂ ਪਾਤਸ਼ਾਹ ਦੇ ਹਜ਼ੂਰ ਬੇਨਤੀ ਕਰਦੇ ਰਹੇ ਕਿ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਆਦਿ ਬੀੜ ਵਿਚ ਦਰਜ ਕਰਕੇ ਆਦਿ ਬੀੜ ਸੰਪੂਰਨ ਕਰੋ। ਗੁਰੂ ਪਾਤਸ਼ਾਹ ਉਚਿਤ ਸਮੇਂ ਦੀ ਉਡੀਕ ਲਈ ਕਹਿ ਦਿਆ ਕਰਦੇ। ਸਮਾਂ ਲੰਘਦਾ ਗਿਆ। ਗੁਰੂ ਪਾਤਸ਼ਾਹ ਜਿਸ ਵਕਤ ਜੰਗਾਂ-ਜੁੱਧਾਂ ਤੋਂ ਵਿਹਲੇ ਹੋ ਕੇ ਦੇਸ਼ ਕੌਮ ਲਈ ਸਰਬੰਸ ਵਾਰ ਕੇ ਮਾਲਵੇ ਦੇਸ਼ ਵਿਚ ਗਏ। ਉਥੇ ਇਲਾਕੇ ਦੇ ਚੌਧਰੀ ਭਾਈ ਡੱਲੇ ਦੀ ਬੇਨਤੀ ਪੁਰ ਡੇਰਾ ਕੀਤਾ ਦਮਦਮਾ ਸਾਹਿਬ (ਭਾਵ ਦਮ ਲਿਆ ਅਰਾਮ ਕੀਤਾ) ਤੇ ਕਮਰਕੱਸਾ ਖੋਲ੍ਹਿਆ। ਇਸ ਅਸਥਾਨ ‘ਤੇ ਗੁਰੂ ਸਾਹਿਬ 9 ਮਹੀਨੇ ਤੇ 9 ਦਿਨ ਠਹਿਰੇ।
ਕੁਝ ਅਰਾਮ ਤੇ ਠਹਿਰਾ ਦਾ ਸਮਾਂ ਵਿਚਾਰ ਕੇ ਸਿੱਖਾਂ ਨੇ ਪਾਤਸ਼ਾਹ ਹਜ਼ੂਰ ਪਾਸ ਬੇਨਤੀ ਕੀਤੀ ਕਿ ਪਾਤਸ਼ਾਹ ਹੁਣ ਕਿਰਪਾ ਕਰੋ, ਆਦਿ ਬੀੜ ਸ੍ਰੀ ਗੁਰੂ ਅਰਜਨ ਪਾਤਸ਼ਾਹ ਦੀ ਰਚਿਤ ਬੀੜ ਵਿਚ ਨੌਵੇਂ ਪਾਤਸ਼ਾਹ ਦੀ ਬਾਣੀ ਦਰਜ ਕਰਕੇ ਸੰਪੂਰਨਤਾ ਬਖ਼ਸ਼ੋ। ਪਾਤਸ਼ਾਹ ਨੇ ਵੀ ਠੀਕ ਸਮਾਂ ਜਮਝਿਆ ਤੇ ਸਿੱਖਾਂ ਦੀ ਬੇਨਤੀ ਪ੍ਰਵਾਨ ਕਰ ਲਈ। ਹਜ਼ੂਰ ਨੇ ਸਿੱਖਾਂ ਨੂੰ ਕਿਹਾ ਧੀਰਮਲ ਪਾਸੋਂ ਆਦਿ ਬੀੜ ਲੈ ਆਵੋ। ਅਸੀਂ ਯਤਨ ਆਰੰਭ ਕਰਦੇ ਹਾਂ। ਸਿੱਖਾਂ ਨੂੰ ਉਸ ਵਕਤ ਬੜੀ ਨਿਰਾਸ਼ਾ ਹੋਈ ਜਿਸ ਵਕਤ ਧੀਰਮਲ ਨੇ ਆਦਿ ਬੀੜ ਦੇਣ ਤੋਂ ਨਾਂਹ ਕਰ ਦਿੱਤੀ ਤੇ ਕਿਹਾ ਜੇਕਰ ਗੁਰੂ ਸਾਹਿਬ ਵਾਕੇ ਹੀ ਗੁਰੂ ਨਾਨਕ ਦੀ ਗੱਦੀ ‘ਤੇ ਬਿਰਾਜਮਾਨ ਹਨ ਤਾਂ ਗੁਰੂ ਅਰਜਨ ਦੇਵ ਜੀ ਵਾਂਗੂੰ ਸਾਰੀ ਬਾਣੀ ਆਪ ਹੀ ਰਚ ਲੈਣ। ਸਾਰੀ ਵਾਰਤਾ ਸਿੱਖਾਂ ਨੇ ਗੁਰੂ ਸਾਹਿਬ ਜੀ ਨੂੰ ਕਹਿ ਸੁਣਾਈ। ਪਾਤਸ਼ਾਹ ਨੇ ਵਿਚਾਰਿਆ ਜੇਕਰ ਹੁਣ ਅਸਾਂ ਬਾਣੀ ਨਾ ਰਚੀ ਤਾਂ ਸਿੱਖਾਂ ਦੇ ਮਨ ਭਰਮ ਗ੍ਰਸਤ ਹੋ ਜਾਣਗੇ। ਭਰਮ ਗ੍ਰਸਤ ਹੋਣ ਕਰਕੇ ਕਲਿਆਣ ਹੋਣੀ ਮੁਸ਼ਕਲ ਹੈ। ਗੁਰੂ ਸਾਹਿਬ ਜੀ ਵੀ ਚਾਹੁੰਦੇ ਸਨ ਕਿ ਸਾਡੇ ਸਿੱਖ ਭਰਮ ਗ੍ਰਸਤ ਨਾ ਹੋਣ।
ਪਾਤਸ਼ਾਹ ਨੇ ਮੁਖ ਸਿੱਖਾਂ ਨਾਲ ਸਲਾਹ ਕਰ ਤੇ ਇਸ ਮਹਾਨ ਕਾਰਜ ਦੀ ਸੰਪੂਰਨਤਾ ਨਜ਼ਦੀਕ ਜਾਣ ਕੇ ਕਾਰਜ ਆਰੰਭ ਕਰਨ ਦੀ ਯੋਜਨਾ ਉਲੀਕੀ। ਇਸ ਕਾਰਜ ਲਈ ਦੋ ਤੰਬੂ ਲਗਵਾਏ ਗਏ ਇਕ ਗੁਰੂ ਸਾਹਿਬ ਜੀ ਵਾਸਤੇ ਤੇ ਦੂਜੇ ਤੰਬੂ ਵਿਚ ਬਾਣੀ ਲਿਖਣ ਵਾਸਤੇ। ਬਾਣੀ ਲਿਖਣ ਦੀ ਸੇਵਾ ਪਾਤਸ਼ਾਹ ਨੇ ਭਾਈ ਮਨੀ ਸਿੰਘ ਜੀ ਨੂੰ ਸੌਂਪੀ ਤੇ ਇਹਨਾਂ ਦੀ ਸਹਾਇਤਾ ਲਈ ਬਾਬਾ ਦੀਪ ਸਿੰਘ ਜੀ ਨੂੰ ਨਿਯੁਕਤ ਕੀਤਾ। ਬਾਬਾ ਦੀਪ ਸਿੰਘ ਜੀ ਸਿਆਹੀ, ਕਲਮਾਂ, ਕਾਗਜ਼ ਆਦਿ ਤਿਆਰ ਰੱਖਣ ਦੀ ਸੇਵਾ ਨਿਭਾਉਣਗੇ। ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਸਾਰੀ ਸੇਵਾ ਵੰਡ ਦਿੱਤੀ।
ਸੰਗਤ ਪ੍ਰਤੀ ਹੁਕਮ ਕੀਤਾ ਕਿ ਜਿਸ ਵਕਤ ਅਸੀਂ ਇਹ ਮਹਾਨ ਕਾਰਜ ਕਰ ਰਹੀਏ ਹੋਈਏ ਉਸ ਵਕਤ ਕੋਈ ਵੀ ਸਾਡੀ ਇਕਾਂਤ ਭੰਗ ਨਾ ਕਰੇ। ਐਸੇ ਮਹਾਨ ਕਾਰਜ ਪੂਰੀ ਇਕਾਂਤ ਵਿਚ ਹੀ ਸੰਭਵ ਹੁੰਦੇ ਹਨ। ਗੁਰੂ ਅਰਜਨ ਦੇਵ ਜੀ ਨੇ ਵੀ ਆਦਿ ਬੀੜ ਲਿਖਣ ਲਈ ਸ੍ਰੀ ਰਾਮਸਰ ਸਾਹਿਬ ਦੀ ਇਕਾਂਤ ਤੇ ਮਨਮੋਹਕ ਥਾਂ ਦੀ ਚੋਣ ਕੀਤੀ ਸੀ। ਦਸਮ ਪਾਤਸ਼ਾਹ ਨੇ ਵੀ ਇਕਾਂਤ ਥਾਂ ਲੱਭੀ ਇਹ ਦਮਦਮਾ ਸਾਹਿਬ ਵਾਲੀ ਜਗ੍ਹਾ। ਗੁਰੂ ਸਾਹਿਬ ਜੀ ਨੇ ਰੋਜ਼ ਸਵੇਰੇ ਸਵਾ ਪਹਿਰ ਆਤਮਕ ਤੌਰ ‘ਤੇ ਬਾਣੀ ਉਚਾਰਨੀ ਤੇ ਭਾਈ ਮਨੀ ਸਿੰਘ ਜੀ ਨੇ ਅਲੱਗ ਤੰਬੂ ਵਿਚ ਬੈਠ ਕੇ ਲਿਖੀ ਜਾਣੀ। ਇਸ ਤਰ੍ਹਾਂ ਕੁਝ ਮਹੀਨਿਆਂ ਬਾਅਦ ਅਕਤੂਬਰ 1706 ਨੂੰ ਬੀੜ ਸਾਹਿਬ ਤਿਆਰ ਹੋ ਗਈ। ਰਾਗ ਕ੍ਰਮ ਅਨੁਸਾਰ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਰਜ ਹੋ ਗਈ। ਇਹ ਬੜਾ ਮਹਾਨ ਕਾਰਜ ਸੰਪੂਰਨ ਹੋਇਆ। ਸਿੱਖ ਸੰਗਤਾਂ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ ਕਿਉਂਕਿ ਕਾਫੀ ਸਮੇਂ ਬਾਅਦ ਉਹਨਾਂ ਦੀ ਬੇਨਤੀ ਪ੍ਰਵਾਨ ਹੋਈ ਸੀ। ਉਸ ਵਕਤ ਇਸ ਬੀੜ ਨੂੰ ਦਸਮ ਪਾਤਸ਼ਾਹ ਦੀ ਬੀੜ ਮਗਰੋਂ ਪੰਥ ਨੇ ਦਮਦਮੀ ਬੀੜ ਦਾ ਨਾਮ ਦੇ ਕੇ ਸਤਿਕਾਰਿਆ। ਬੀੜ ਸਾਹਿਬ ਦੀ ਸੰਪੂਰਨਤਾ ‘ਤੇ ਬੜਾ ਭਾਰੀ ਇਕੱਠ ਹੋਇਆ ਦੇਸ਼ਾਂ ਦੇਸ਼ਾਂਤਰਾਂ ਤੋਂ ਬੇਅੰਤ ਸੰਗਤ ਤਲਵੰਡੀ ਸਾਬੋ ਇਕੱਤਰ ਹੋਈ। ਸੰਗਤਾਂ ਨੂੰ ਬੜੇ ਸਮੇਂ ਬਾਅਦ ਗੁਰੂ ਸਾਹਿਬ ਜੀ ਦੇ ਖੁੱਲ੍ਹੇ ਦਰਸ਼ਨ ਦੀਦਾਰ ਤੇ ਸਮੀਪਤਾ ਪ੍ਰਾਪਤ ਹੋਈ ਸੀ। ਇਸ ਕਾਰਜ ਦੀ ਸੰਪੂਰਨਤਾ ‘ਤੇ ਗੁਰੂ ਸਾਹਿਬ ਜੀ ਨੇ ਇਸ ਧਰਤ ਨੂੰ ਬੜੇ ਵਰ ਦਿੱਤੇ। ਸਿੱਖਾਂ ਦੀ ਬੇਨਤੀ ‘ਤੇ ਇਥੇ ਹੀ ਗੁਰੂ ਸਾਹਿਬ ਜੀ ਨੇ ਸਿੱਖਾਂ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਸੁਣਾਏ ਤੇ ਅੱਗੋਂ ਸੰਪ੍ਰਦਾਈ ਟਕਸਾਲੀਆਂ ਦੀ ਟਕਸਾਲ ਆਰੰਭ ਹੋਈ।
ਜਿਸ ਅਸਥਾਨ ਤੇ ਗੁਰੂ ਸਾਹਿਬ ਕਲਮਾਂ ਘੜ ਕੇ ਸੁਟਦੇ ਸਨ ਉਸ ਅਸਥਾਨ ਨੂੰ ਲਿਖਣਸਾਰ ਦਾ ਵਰ ਬਖ਼ਸ਼ਿਆ ਤੇ ਫੁਰਮਾਇਆ ਇਹ ਸਾਡੀ ਕਾਂਸ਼ੀ ਹੈ:

ਇਹ ਹੈ ਪ੍ਰਗਟ ਹਮਾਰੀ ਕਾਸੀ। ਪੜ੍ਹ ਹੈਂ ਇਹਾਂ ਢੋਰ ਮਤਿਰਾਸੀ। ਲੇਖਕ ਗੁਣੀ ਕਵਿੰਦ ਗਿਆਨੀ। ਬੁੱਧਿ ਸਿੰਧੁ ਹੈ ਹੈਂ ਇਤ ਆਨੀ। ਤਿਨ ਕੇ ਕਾਰਨ ਕਲਮ ਗਢ, ਦੇਤ ਪ੍ਰਗਟ ਹਮ ਡਾਰ।
ਸਿੱਖ ਸਖਾ ਇਤ ਪੜੈਗੇ ਹਮਰੇ ਕਈ ਹਜ਼ਾਰ।
(ਗੁਰ ਬਿਲਾਸ ਪਾ: ੧੦)

ਦਸਮ ਪਾਤਸ਼ਾਹ ਦੇ ਵਰ ਮੁਤਾਬਿਕ ਅਨੇਕਾਂ ਸਿਖਿਆਰਥੀ ਇਥੇ ਦਮਦਮਾ ਸਾਹਿਬ ਗੁਰਮਤਿ ਦੀ ਸਿੱਖਿਆ ਪ੍ਰਾਪਤ ਕਰ ਰਹੇ ਹਨ। ਇਥੇ ਗੁਰਮਤਿ ਕਾਲਜ ਵੀ ਚਲ ਰਿਹਾ ਹੈ। ਵਿਦਿਆਰਥੀ ਇਥੋਂ ਵਿਦਿਆ ਪ੍ਰਾਪਤ ਕਰਕੇ ਦੇਸ਼ਾਂ ਦੇਸ਼ਾਂਤਰਾਂ ਵਿਚ ਗੁਰਮਤਿ ਵਿਦਿਆ ਦਾ ਪ੍ਰਸਾਰ ਪ੍ਰਚਾਰ ਕਰ ਰਹੇ ਹਨ। ਅੱਜ ਸਿੱਖ-ਜਗਤ ਵਿਚ ਇਥੋਂ ਦੇ ਪੜ੍ਹੇ, ਸਿਖਿਆਰਥੀਆਂ ਦਾ ਵੱਡੇ ਪੱਧਰ ‘ਤੇ ਮਾਣ ਸਤਿਕਾਰ ਹੈ।
ਇਸ ਤਿਆਰ ਹੋਈ ਦਮਦਮੀ ਬੀੜ ਤੋਂ ਹੋਰ ਕਈ ਉਤਾਰੇ ਕੀਤੇ ਗਏ। ਜ਼ਿਕਰ ਆਉਂਦਾ ਹੈ ਕਿ ਬਾਬਾ ਦੀਪ ਸਿੰਘ ਜੀ ਨੇ ਵੱਡੀ ਘਾਲਣਾ ਘਾਲ ਕੇ ਚਾਰ ਉਤਾਰੇ ਕੀਤੇ ਤੇ ਚਾਰ ਤਖ਼ਤਾਂ ‘ਤੇ ਭੇਜੇ। ਸਿੱਖ ਕੌਮ ਦੀ ਤਰਾਸਦੀ ਇਹ ਰਹੀ ਕਿ ਇਹ ਦਮਦਮੀ ਬੀੜ ਵੱਡੇ ਘੱਲੂਘਾਰੇ ਦੇ ਜੰਗ ਵਿਚ ਪੰਥ ਹੱਥੋਂ ਜਾਂਦੀ ਰਹੀ। ਅੱਜ ਜੋ ਸਰੂਪ ਸਾਡੇ ਸਾਹਮਣੇ ਹਨ ਇਹ ਸਭ ਦਮਦਮੀ ਬੀੜ ਅਨੁਸਾਰ ਹੀ ਹਨ।

ਦਮਦਮਾ ਸਾਹਿਬ ਵਾਲੇ ਅਸਥਾਨ ‘ਤੇ ਜਿਸ ਵਕਤ ਗੁਰੂ ਸਾਹਿਬ ਠਹਿਰੇ ਉਸ ਵਕਤ ਵੈਸਾਖੀ ਦਾ ਪੁਰਬ ਮਨਾਇਆ ਗਿਆ। ਗੁਰੂ ਪਾਤਸ਼ਾਹ ਦੀ ਪ੍ਰੇਰਣਾ ਸਦਕਾ ਬੇਅੰਤ ਪ੍ਰਾਣੀਆਂ ਨੇ ਅੰਮ੍ਰਿਤ-ਪਾਨ ਕੀਤਾ। ਉਸੇ ਰਿਵਾਇਤ ਅਨੁਸਾਰ ਅੱਜ ਵੀ ਵੈਸਾਖੀ ਪੁਰਬ ਮਨਾਇਆ ਜਾਂਦਾ ਹੈ। ਬੇਅੰਤ ਸੰਗਤਾਂ ਹਾਜ਼ਰੀਆਂ ਭਰਦੀਆਂ ਹਨ। ਗੁਰੂ ਸਾਹਿਬ ਜੀ ਦੇ ਇਸ ਅਸਥਾਨ ਤੋਂ ਜਾਣ ਤੋਂ ਬਾਅਦ ਪੰਥ ਨੇ ਇਸ ਅਸਥਾਨ ਦੀ ਸੇਵਾ ਸੰਭਾਲ ਬਾਬਾ ਦੀਪ ਸਿੰਘ ਜੀ ਦੇ ਸਪੁਰਦ ਕੀਤੀ ਜਿਸ ਨੂੰ ਬਾਬਾ ਜੀ ਨੇ ਬਾਖ਼ੂਬੀ ਨਿਭਾਇਆ।
ਬਹੁਤ ਸਮਾਂ ਇਹ ਅਸਥਾਨ ਭਿਆਨਕ ਸਮਿਆਂ ਦੌਰਾਨ ਅਨਗੌਲਿਆ ਹੀ ਰਿਹਾ। ਫੇਰ ਵੱਡੀ ਮਿਹਨਤ ਸਦਕਾ ਸੰਨ 1921 ਤੋਂ ਸੰਤ ਅਤਰ ਸਿੰਘ ਜੀ ਮਸਤੂਆਣੇ ਵਾਲਿਆਂ ਨੇ ਸੇਵਾ ਸੰਭਾਲੀ।
ਗੁਰੂ ਸਾਹਿਬ ਦਾ ਦਿੱਤਾ ਹੋਇਆ ਵਰ ਕਿ ਇਹ ਬੰਜਰ ਇਲਾਕਾ ਸਭ ਤੋਂ ਵੱਧ ਜ਼ਰਖੇਜ਼ ਹੋਵੇਗਾ। ਬੜੀ ਭਾਰੀ ਹਰਿਆਲੀ ਹੋਵੇਗੀ ਇਸ ਇਲਾਕੇ ਵਿਚ ਇਹ ਵਰ ਸੰਨ 1939 ਵਿਚ ਫਲੀਭੂਤ ਹੋਇਆ ਜਿਸ ਵਕਤ ਇਸ ਇਲਾਕੇ ਵਿਚ ਨਹਿਰਾਂ ਦਾ ਜਾਲ ਵਿਛ ਗਿਆ। ਚਾਰੇ ਪਾਸੇ ਹਰਿਆਲੀ ਦਿਸਣ ਲੱਗੀ। ਸਭ ਨਾਲੋਂ ਵੱਧ ਜਿਨਸ ਦੀ ਪੈਦਾਵਾਰ ਹੋਣ ਲੱਗੀ।
ਅੱਜ ਸਿੱਖ-ਪੰਥ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ ਮਨਾ ਰਿਹਾ ਹੈ। ਆਓ ! ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਗੀਏ ਤੇ ਆਪਣਾ ਜੀਵਨ ਰੁਸ਼ਨਾਈਏ। ਅੱਜ ਦੇ ਸਮੇਂ ਜਿਸ ਤਰ੍ਹਾਂ ਦੀ ਅਧੋਗਤੀ ਬਣੀ ਹੋਈ ਹੈ ਇਸ ਸਮੇਂ ਗੁਰੂ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ਾਂ ਦੀ ਵੱਡੀ ਲੋੜ ਹੈ। ਖਾਸ ਕਰਕੇ ਨੌਜਵਾਨ ਪੀੜ੍ਹੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜੀਏ ਤਾਂਕਿ ਨੌਜਵਾਨ ਦਸਮ ਪਾਤਸ਼ਾਹ ਦੇ ਹੁਕਮ ਨੂੰ ਮੰਨਦੇ ਹੋਏ ਅੰਮ੍ਰਿਤ-ਧਾਰੀ ਹੋ ਕੇ ਗੁਰੂ ਵਾਲੇ ਬਣ ਕੇ ਪਤਿਤਪੁਣੇ, ਨਸ਼ੇ ਤੇ ਹੋਰ ਸਮਾਜਿਕ ਕੁਰੀਤੀਆਂ ਤੋਂ ਨਿਜ਼ਾਤ ਪਾਉਣ।

ਗਿਆਨੀ ਜਸਬੀਰ ਸਿੰਘ ਤੇਗ