ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਵਿਰਾਸਤ ਧਰਮ ਤੋਂ ਪਰ੍ਹੇ ਹੈ: ਮੁੱਖ ਮੰਤਰੀ ਗੁਪਤਾ

ਨਵੀਂ ਦਿੱਲੀ : ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਮੰਗਲਵਾਰ ਨੂੰ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਮਨੁੱਖੀ ਇਤਿਹਾਸ ’ਚ ਹਿੰਮਤ ਅਤੇ ਸੱਚੇ ਹੋਣ ਦਾ ਸਦੀਵੀ ਪ੍ਰਤੀਕ ਹੈ।

ਦਿੱਲੀ ਵਿਧਾਨ ਸਭਾ ਦੇ ਸਰਦ ਰੁੱਤ ਇਜਲਾਸ ’ਚ ਬੋਲਦਿਆਂ ਗੁਪਤਾ ਨੇ ਸਦਨ ਨੂੰ ਦਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪ੍ਰਕਾਸ਼ ਪੁਰਬ ਮੌਕੇ ਦਿੱਲੀ ਸਰਕਾਰ ਵਲੋਂ ਲਾਲ ਕਿਲ੍ਹੇ ਕੰਪਲੈਕਸ ’ਚ ਤਿੰਨ ਦਿਨਾਂ ਦਾ ਇਕੱਠ ਕੀਤਾ ਗਿਆ ਸੀ। ਉਨ੍ਹਾਂ ਕਿਹਾ, ‘‘ਗੁਰੂ ਤੇਗ ਬਹਾਦਰ ਦੀ ਉੱਚੀ ਸ਼ਖਸੀਅਤ ਨੂੰ ਸਿਰਫ਼ ਇਕ ਧਰਮ ਦੇ ਗੁਰੂ ਵਜੋਂ ਸੀਮਤ ਨਹੀਂ ਕੀਤਾ ਜਾ ਸਕਦਾ। ਉਹ ਭਾਰਤ ਦੇ ਸਾਂਝੇ ਸਭਿਆਚਾਰ, ਸਮੂਹਕ ਚੇਤਨਾ ਅਤੇ ਸੱਭਿਅਤਾ ਦੀਆਂ ਕਦਰਾਂ-ਕੀਮਤਾਂ ਦੇ ਸੱਭ ਤੋਂ ਮਹਾਨ ਰੱਖਿਅਕਾਂ ’ਚੋਂ ਇਕ ਸਨ। ਦਿੱਲੀ ਸਰਕਾਰ ਨੇ ਇਹ ਯਕੀਨੀ ਬਣਾਇਆ ਕਿ ਉਨ੍ਹਾਂ ਦੀ ਕਹਾਣੀ ਆਉਣ ਵਾਲੀਆਂ ਪੀੜ੍ਹੀਆਂ ਤਕ ਪਹੁੰਚੇ।’’

ਸਦਨ ਦੇ ਕਈ ਹੋਰ ਵਿਧਾਇਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਵਲੋਂ ਗੁਰੂ ਤੇਗ ਬਹਾਦਰ ਜੀ ਅਤੇ ਉਨ੍ਹਾਂ ਦੇ ਪਰਵਾਰ ਦੀਆਂ ਕੁਰਬਾਨੀਆਂ ਨੂੰ ਮਾਨਤਾ ਦੇਣ ਦੇ ਯਤਨਾਂ ਦੀ ਸ਼ਲਾਘਾ ਕੀਤੀ।

ਵਾਤਾਵਰਣ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਦੇ ਔਰੰਗਾਬਾਦ ਅਤੇ ਔਰੰਗਜ਼ੇਬ ਰੋਡ ਵਰਗੇ ਨਾਮ ਬਦਲ ਦਿਤੇ ਹਨ, ਜਿਸ ਨਾਲ ਇਹ ਸਪੱਸ਼ਟ ਹੋ ਗਿਆ ਹੈ ਕਿ ਇਹ ਦੇਸ਼ ਅਪਣੀ ਪਛਾਣ ਜ਼ਾਲਮਾਂ ਤੋਂ ਨਹੀਂ ਬਲਕਿ ਗੁਰੂ ਤੇਗ ਬਹਾਦਰ ਸਾਹਿਬ ਵਰਗੀਆਂ ਸੰਤਾਂ ਤੋਂ ਪ੍ਰਾਪਤ ਕਰੇਗਾ।