
ਸਿੱਖਿਆ ਮੰਤਰੀ ਹਰਜੋਤ ਸਿੰਘ ਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫਰ ਨੂੰ ਕੀਤਾ ਤਲਬ
1 ਅਗਸਤ ਨੂੰ ਹੋਣ ਵਾਲੀ ਇਕੱਤਰਤਾ ‘ਚ ਹਾਜ਼ਰ ਹੋਣ ਦੇ ਆਦੇਸ਼
ਲੰਘੇ ਕੱਲ੍ਹ ਗਾਇਕ ਬੀਰ ਸਿੰਘ ਨੇ ਖੁਦ ਪੇਸ਼ ਹੋ ਕੇ ਦਿੱਤਾ ਸੀ ਅਕਾਲ ਤਖ਼ਤ ਨੂੰ ਆਪਣਾ ਸਪੱਸ਼ਟੀਕਰਨ
ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਨੇ ਭਾਸ਼ਾ ਵਿਭਾਗ ਵੱਲੋਂ ਕਰਵਾਏ ਗਏ ਸ੍ਰੀ ਨਗਰ ਵਿਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੇ ਸਮਾਗਮ ਦੌਰਾਨ ਕਲਾਕਾਰਾਂ ਅਤੇ ਦਰਸ਼ਕਾਂ ਵੱਲੋਂ ਪਾਏ ਭੰਗੜੇ ਵਾਲੀ ਘਟਨਾ ਦੀ ਸਮੁੱਚੀ ਸਿੱਖ ਕੌਮ ਵੱਲੋਂ ਨਿੰਦਾ ਤੋਂ ਬਾਅਦ , ਸਿੱਖਿਆ ਮੰਤਰੀ ਨੇ ਸੋਸ਼ਲ ਮੀਡੀਆ ਤੇ ਆਪਣੇ ਔਫਿਸ਼ਲ ਅਕਾਊਂਟ ਰਾਹੀਂ ਮਾਫੀ ਮੰਗੀ ਹੈ ਉਨ੍ਹਾਂ ਲਿਖਿਆ ਹੈ ਕਿ:
“ਸਚਾ ਆਪਿ ਤਖਤੁ ਸਚਾ ਬਹਿ ਸਚਾ ਕਰੇ ਨਿਆਉ॥
ਧੰਨ ਧੰਨ ਬੰਦੀਛੋੜ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਾਜੇ ਸੱਚੇ ਤਖਤ ਸ੍ਰੀ ਅਕਾਲ ਤਖਤ ਸਾਹਿਬ ਦੇ ਅੱਗੇ ਹਰ ਸਿੱਖ ਦਾ ਸਿਰ ਅਦਬ ਦੇ ਨਾਲ ਝੁਕਦਾ ਹੈ। ਦਾਸ ਵੀ ਨਿਮਾਣਾ ਜਿਹਾ ਸਿੱਖ ਹੋਣ ਦੇ ਨਾਤੇ ਰੋਮ-ਰੋਮ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ।
ਬੀਤੇ ਦਿਨੀਂ ਭਾਸ਼ਾ ਵਿਭਾਗ ਪੰਜਾਬ ਵਲੋਂ ਸ਼੍ਰੀਨਗਰ ਵਿਖੇ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਕ ਸਮਾਗਮ ਕਰਵਾਇਆ ਗਿਆ ਸੀ, ਜਿਸ ਵਿਚ ਉੱਘੇ ਬੁੱਧੀਜੀਵੀਆਂ ਅਤੇ ਵਿਦਵਾਨਾਂ ਨੇ ਮਨੁੱਖ ਦੀ ਜ਼ਮੀਰ ਦੀ ਆਜ਼ਾਦੀ ਦੇ ਮਸੀਹਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਜੀਵਨ ਅਤੇ ਉਨ੍ਹਾਂ ਦੀ ਸ਼ਹਾਦਤ ਬਾਰੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਕੀਤੀਆਂ।
ਇਸ ਪ੍ਰੋਗਰਾਮ ਵਿਚ ਮਸ਼ਹੂਰ ਪੰਜਾਬੀ ਗਾਇਕ ਬੀਰ ਸਿੰਘ ਨੂੰ ਵੀ ਬੁਲਾਇਆ ਗਿਆ ਸੀ, ਜੋ ਕਿ ਇੱਕ ਗੁਰਸਿੱਖ ਗਾਇਕ ਹਨ ਅਤੇ ਉਨ੍ਹਾਂ ਦੇ ਜ਼ਿਆਦਾਤਰ ਗੀਤ ਧਾਰਮਿਕ ਹੁੰਦੇ ਹਨ। ਪਿਛਲੇ ਸਮੇਂ ਦੌਰਾਨ ਉਨ੍ਹਾਂ ਨੇ ਆਪਣੀ ਆਵਾਜ਼ ਵਿਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਵਿੱਤਰ ਰਚਨਾ “ਸਲੋਕ ਮਹਲਾ ੯” ਦਾ ਗਾਇਨ ਵੀ ਕੀਤਾ ਸੀ। ਇਸੇ ਕਾਰਨ ਹੀ ਉਨ੍ਹਾਂ ਨੂੰ ਵੀ ਇਸ ਸਮਾਗਮ ਵਿਚ ਸੱਦਿਆ ਗਿਆ ਸੀ।
ਇਸ ਸਮਾਗਮ ਵਿਚ ਪ੍ਰਬੰਧਕਾਂ ਦੀ ਜਾਣੇ-ਅਨਜਾਣੇ ਵਿਚ ਹੋਈ ਅਣਗਹਿਲੀ ਕਾਰਨ ਜੋ ਵੀ ਹੋਇਆ, ਉਸ ਲਈ ਬਤੌਰ ਸਿੱਖ ਕੈਬਨਿਟ ਮੰਤਰੀ ਹੋਣ ਦੇ ਨਾਤੇ ਮੈਂ ਖ਼ਿਮਾ ਦਾ ਜਾਚਕ ਹਾਂ। ਮੈਂ ਗੁਰੂ ਸਾਹਿਬ ਦਾ ਸੱਚਾ ਅਤੇ ਨਿਮਾਣਾ ਸਿੱਖ ਹਾਂ, ਸ੍ਰੀ ਅਕਾਲ ਤਖਤ ਸਾਹਿਬ ਵਲੋਂ ਇਸ ਸਬੰਧ ਵਿਚ ਦਾਸ ਨੂੰ ਤਲਬ ਕੀਤਾ ਗਿਆ ਹੈ। ਦਾਸ ਬੰਦੀਛੋੜ ਛੇਵੇਂ ਪਾਤਸ਼ਾਹ ਜੀ ਦੇ ਸੱਚੇ ਤਖਤ ਦਾ ਹਰ ਹੁਕਮ ਖਿੜੇ ਮੱਥੇ ਪ੍ਰਵਾਨ ਕਰਦਾ ਹੋਇਆ ਨੰਗੇ ਪੈਰੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹਾਜ਼ਰ ਹੋਵੇਗਾ ਅਤੇ ਆਪਣੀ ਨੈਤਿਕ ਜ਼ਿੰਮੇਵਾਰੀ ਨੂੰ ਕਬੂਲ ਕਰਦਾ ਹੋਇਆ ਹੋਣ ਵਾਲੇ ਹਰ ਹੁਕਮ ਨੂੰ ਮੰਨਣ ਦਾ ਪਾਬੰਦ ਹੋਵੇਗਾ।”
ਗੁਰੂ ਪੰਥ ਦਾ ਨਿਮਾਣਾ ਸੇਵਕ
ਹਰਜੋਤ ਸਿੰਘ ਬੈਂਸ
ਇਥੇ ਜ਼ਿਕਰਯੋਗ ਹੈ ਕਿ ਪੰਥਕ ਰਵਾਇਤਾਂ ਮੁਤਾਬਕ 1 ਅਗਸਤ ਨੂੰ ਹੋਣ ਵਾਲੀ ਇਕੱਤਰਤਾ ਵਿੱਚ ਮੰਤਰੀ ਅਤੇ ਸਿੱਖਿਆ ਵਿਭਾਗ ਦੇ ਡਾਇਰੈਕਟਰ ਨੂੰ ਹਾਜ਼ਰ ਹੋਣ ਦਾ ਆਦੇਸ਼ ਦਿੱਤਾ ਗਿਆ ਹੈ।