6 views 26 secs 0 comments

ਸ੍ਰੀ ਗੁਰੂ ਰਾਮਦਾਸ ਜੀ ਦੀ ਤਾਲੀਮ (ਉਹਨਾਂ ਦੀਆਂ ਜੀਵਨ-ਸਾਖੀਆਂ ਵਿਚੋਂ)

ਲੇਖ
October 07, 2025

ਨਿਮ੍ਰਤਾ, ਗਰੀਬੀ:-

ਲੋਕ ਆਮ ਤੌਰ ‘ਤੇ ਕਿਸੇ ਮਤਲਬ ਦੀ ਖ਼ਾਤਰ, ਲੋੜ ਪੈਣ ‘ਤੇ ਦੂਜੇ ਅੱਗੇ ਲਿਫ਼ਦੇ ਹਨ, ਪਰ ਜਦੋਂ ਕਿਸੇ ਮਰਤਬੇ ਉੱਤੇ ਅੱਪੜ ਜਾਂਦੇ ਹਨ, ਤਾਂ ਉਹ ਲਿਫ਼ਣਾ, ਉਹਨਾਂ ਨੂੰ ਭੁੱਲ ਜਾਂਦਾ ਹੈ। ਮਨੁੱਖ ਕੋਠੇ ਉੱਤੇ ਚੜ੍ਹਨ ਲਈ ਪਉੜੀ ਵੱਲ ਮੂੰਹ ਕਰ ਕੇ ਪਉੜੀ ਦੇ ਇਕ ਇਕ ਡੰਡੇ ਨੂੰ ਹੱਥ ਪਾਈ ਜਾਂਦਾ ਹੈ, ਪਰ ਜਦੋਂ ਅਖ਼ੀਰਲੇ ਡੰਡੇ ਉੱਤੇ ਪੈਰ ਰੱਖ ਕੇ ਉਹ ਕੋਠੇ ਉੱਤੇ ਜਾ ਪਹੁੰਚਦਾ ਹੈ ਤਾਂ ਪਉੜੀ ਵੱਲ ਉਸ ਦੀ ਪਿੱਠ ਹੋ ਜਾਂਦੀ ਹੈ। ਇਹੀ ਹਾਲ ਇਸ ਦਾ ਹੁੰਦਾ ਹੈ, ਰੋਜ਼ਾਨਾ ਜੀਵਨ ਵਿਚ ਨਿਮ੍ਰਤਾ ਵੱਲ ਮੂੰਹ ਉਤਨਾ ਚਿਰ, ਜਿਤਨਾ ਚਿਰ ਚੌਧਰ ਨਹੀਂ ਮਿਲੀ। ਚੌਧਰ ਮਿਲਦਿਆਂ ਹੀ, ਤੂੰ ਕੌਣ ਤੇ ਮੈਂ ਕੌਣ? ਜਗਤ ਵਿਚ ਬੜੇ ਹੀ ਵਿਰਲੇ ਹੁੰਦੇ ਹਨ ਜੋ ਮਰਤਬੇ ਉੱਤੇ ਪਹੁੰਚ ਕੇ ਨਿਮ੍ਰਤਾ-ਸੁਭਾਵ ਨਹੀਂ ਛੱਡਦੇ।

ਸ੍ਰੀ ਗੁਰੂ ਰਾਮਦਾਸ ਜੀ ਦੇ ਜੀਵਨ ਵਿਚ ਅਸੀਂ ਵੇਖਦੇ ਹਾਂ ਕਿ ਦੁਨੀਆਂ ਵਾਲੇ ਸਾਕੋਂ ਸ੍ਰੀ ਗੁਰੂ ਅਮਰਦਾਸ ਜੀ ਦੇ ਜਵਾਈ ਹੁੰਦਿਆਂ ਭੀ, ਹੱਦ ਦਰਜੇ ਦੇ ਗਰੀਬੀ ਸੁਭਾਵ ਨਾਲ ਸਤਿਗੁਰੂ ਜੀ ਦੀ ਦੱਸੀ ਹਰੇਕ ਸੇਵਾ ਕਰਦੇ ਰਹੇ। ਗੁਰੂ ਬਣ ਕੇ ਭੀ ਇਸ ਸੁਭਾਵ ਵਿਚ ਰਤਾ ਫ਼ਰਕ ਨਾ ਪਿਆ। ਸਿੱਖਾਂ ਵਾਸਤੇ ਨਿਮ੍ਰਤਾ ਤੇ ਮਿਠਾਸ ਦੇ ਪੂਰਨੇ ਸਦਾ ਹੀ ਪਾਉਂਦੇ ਰਹੇ। ਇਤਿਹਾਸ ਵਿਚ ਜ਼ਿਕਰ ਆਉਂਦਾ ਹੈ ਕਿ ਇਕ ਵਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਪੁੱਤਰ ਬਾਬਾ ਸਿਰੀ ਚੰਦ ਜੀ ਬਾਰਠ (ਗੁਰਦਾਸਪੁਰ) ਤੋਂ ਇਹਨਾਂ ਦੇ ਦਰਸ਼ਨ ਕਰਨ ਆਏ। ਸ੍ਰੀ ਗੁਰੂ ਰਾਮਦਾਸ ਜੀ ਨੇ ਸੁਣਿਆ, ਕਿ ਬਾਬਾ ਜੀ ਆ ਰਹੇ ਹਨ। ਅੱਗੋਂ-ਵਾਂਢੀ ਲੈਣ ਗਏ। ਬਾਬਾ ਜੀ ਦੀ ਕਾਫ਼ੀ ਲੰਮੀ ਉਮਰ ਹੋ ਚੁੱਕੀ ਸੀ, ਸੱਤਰ ਸਾਲਾਂ ਤੋਂ ਟੱਪ ਚੁੱਕੇ ਹੋਏ ਸਨ। ਸਤਿਗੁਰੂ ਜੀ ਨੇ ਆਪਣੇ ਹੱਥੀਂ ਉਹਨਾਂ ਦੀਆਂ ਲੱਤਾਂ ਘੁੱਟੀਆਂ, ਚਰਨ ਦਬਾਏ। ਸ੍ਰੀ ਗੁਰੂ ਰਾਮਦਾਸ ਜੀ ਦੀ ਦਾੜ੍ਹੀ ਬਹੁਤ ਲੰਮੀ ਸੀ । ਬਾਬਾ ਸਿਰੀ ਚੰਦ ਜੀ ਵੇਖ ਕੇ ਮੁਸਕਰਾ ਪਏ ਅਤੇ ਪੁੱਛਣ ਲੱਗੇ-“ਇਹ ਦਾੜ੍ਹੀ ਤੁਸਾਂ ਇਤਨੀ ਲੰਮੀ ਕਿਉਂ ਵਧਾਈ ਹੋਈ ਹੈ?” ਗੁਰੂ ਰਾਮਦਾਸ ਜੀ ਨੇ ਉੱਤਰ ਦਿੱਤਾ ਕਿ “ਤੁਹਾਡੇ ਵਰਗੇ ਮਹਾਂ ਪੁਰਖਾਂ ਦੇ ਚਰਨ ਝਾੜਨ ਲਈ”।

ਖਾਲਕੁ ਖਲਕ ਮਹਿ:-

ਗੁਰੂ ਕੇ ਲੰਗਰ ਵਿਚ ਇਕ ਸਿੱਖ ਭਾਈ ਹੰਦਾਲ ਸੇਵਾ ਕਰਿਆ ਕਰਦਾ ਸੀ। ਭਾਈ ਹੰਦਾਲ, ਜੰਡਿਆਲਾ (ਜ਼ਿਲ੍ਹਾ ਅੰਮ੍ਰਿਤਸਰ) ਦਾ ਰਹਿਣ ਵਾਲਾ ਸੀ। ਦਿਨ ਰਾਤ ਲੰਗਰ ਦੀ ਸੇਵਾ ਤੋਂ ਛੁੱਟ ਇਸ ਦਾ ਹੋਰ ਕੋਈ ਸ਼ੁਗਲ ਨਹੀਂ ਸੀ। ਲੰਗਰ ਦੀ ਸੇਵਾ ਅਤੇ ਲੰਗਰ ਵਿਚ ਆਏ ਸਿੱਖਾਂ ਦੀ ਸੇਵਾ ਵਿਚ ਹੰਦਾਲ ਇਤਨਾ ਮਸਤ ਰਹਿੰਦਾ ਸੀ ਕਿ ਇਸ ਨੂੰ ਸਤਿਗੁਰੂ ਜੀ ਦੇ ਦੀਵਾਨ ਵਿਚ ਜਾਣ ਦੀ ਵੀ ਕਦੇ ਘੱਟ ਹੀ ਵੇਹਲ ਮਿਲਦੀ ਸੀ । ਉਂਜ ਹੱਥ ਸੇਵਾ ਵਿਚ ਅਤੇ ਸੁਰਤ ਗੁਰ-ਚਰਨਾਂ ਵਿਚ। ਚੰਨ ਚੜ੍ਹਿਆ ਹੋਇਆ ਰੋਸ਼ਨ ਹੋ ਹੀ ਪੈਣਾ ਹੋਇਆ। ਭਾਈ ਹੰਦਾਲ ਦੀ ਸ਼ੋਭਾ ਦੀ ਸੁਗੰਧੀ ਸ੍ਰੀ ਗੁਰੂ ਰਾਮਦਾਸ ਜੀ ਤੱਕ ਭੀ ਜਾ ਅੱਪੜੀ। ਹੁੰਦਾਲ ਤਾਂ ਕਦੇ ਕਦਾਈਂ ਹੀ ਦੀਵਾਨ ਵਿਚ ਆਉਂਦਾ ਸੀ, ਸਤਿਗੁਰੂ ਜੀ ਆਪ ਹੀ ਇਕ ਦਿਨ ਉਸ ਨੂੰ ਵੇਖਣ ਲਈ ਲੰਗਰ ਵਿਚ ਆ ਗਏ। ਹੰਦਾਲ ਉਸ ਵੇਲੇ ਆਟਾ ਗੁੰਨ ਰਿਹਾ ਸੀ। ਉਸ ਨੂੰ ਪਤਾ ਹੀ ਤਦੋਂ ਲੱਗਾ, ਜਦੋਂ ਸਤਿਗੁਰੂ ਜੀ ਸਿਰ ਉੱਤੇ ਹੀ ਜਾ ਪਹੁੰਚੇ। ਹੰਦਾਲ ਨੂੰ ਮੌਕਾ ਨਾ ਮਿਲ ਸਕਿਆ ਕਿ ਹੱਥ ਧੋ ਲਏ। ਆਟੇ ਨਾਲ ਲਿਬੜੇ ਹੱਥਾਂ ਨਾਲ ਗੁਰੂ-ਚਰਨਾਂ ਉੱਤੇ ਨਮਸਕਾਰ ਕਰਨ ਵਿਚ ਉਸ ਨੇ ਸਤਿਗੁਰੂ ਦੀ ਨਿਰਾਦਰੀ ਸਮਝੀ। ਲਿੱਬੜੇ ਹੋਏ ਹੱਥ ਹੰਦਾਲ ਨੇ ਪਿੱਠ ਪਿੱਛੇ ਕਰ ਲਏ ਅਤੇ ਗੋਡਿਆਂ-ਭਾਰ ਹੋ ਕੇ ਸਤਿਗੁਰੂ ਜੀ ਦੇ ਚਰਨਾਂ ਉੱਤੇ ਢਹਿ ਪਿਆ। ਉਸ ਦਾ ਇਹ ਅਨੋਖੇ ਢੰਗ ਦਾ ਸਤਿਕਾਰ ਵੇਖ ਕੇ, ਗੁਰੂ ਰਾਮਦਾਸ ਜੀ ਹੱਸ ਪਏ। ਹੰਦਾਲ ਦਾ ਉੱਚਾ ਜੀਵਨ ਵੇਖ ਕੇ ਉਸ ਨੂੰ ਸਿੱਖ-ਧਰਮ ਦਾ ਪ੍ਰਚਾਰਕ ਮੁਕੱਰਰ ਕਰ ਦਿੱਤਾ। ਪਰਮਾਤਮਾ ਨੂੰ ਬੰਦਿਆਂ ਵਿਚ ਵੇਖਣਾ-ਸਿੱਖ ਧਰਮ ਦਾ ਇਹ ਇਕ ਅੱਤ ਜ਼ਰੂਰੀ ਨਿਯਮ ਹੈ। ਨਿਸ਼ਕਾਮ ਸੇਵਾ ਭੀ ਤਦੋਂ ਹੀ ਕੀਤੀ ਜਾ ਸਕਦੀ ਹੈ, ਜਦੋਂ ਆਪਣੇ ਅੰਦਰ ਵੱਸਦਾ ਅਕਾਲ ਪੁਰਖ ਸਭਨਾਂ ਵਿਚ ਦਿੱਸੇ। ਇਸ ਨਿਸ਼ਾਨੇ ਨੂੰ ਸਾਹਮਣੇ ਰੱਖਣ ਵਾਲਾ ਸੇਵਕ ਹੀ ਧਰਮ ਦਾ ਪ੍ਰਚਾਰਕ ਬਣ ਸਕਦਾ ਹੈ। ਧਰਮ ਦੀਆਂ ਨਿਰੀਆਂ ਜ਼ਬਾਨੀ-ਜ਼ਬਾਨੀ ਗੱਲਾਂ ਕਿਸੇ ਉੱਤੇ ਅਸਰ ਨਹੀਂ ਪਾ ਸਕਦੀਆਂ।

ਗੁਰੂ ਦਾ ਸਤਿਕਾਰ:-

ਮੂੰਹ ਦੇ ਬੋਲੇ ਹੋਏ ਬੋਲ ਸਹਿਜ ਸੁਭਾਇ ਮਨੁੱਖ ਦੇ ਆਪਣੇ ਜੀਵਨ ਉੱਤੇ ਅਸਰ ਪਾਈ ਜਾਂਦੇ ਹਨ। ਜਿਹੜਾ ਬੰਦਾ ਝਾਕਾ ਲਾਹ ਕੇ, ਆਪਣੇ ਕਿਸੇ ਬਜ਼ੁਰਗ ਨਾਲ ਫਿੱਕੇ ਬੋਲ ਬੋਲਣ ਲੱਗ ਪੈਂਦਾ ਹੈ, ਉਸ ਦੇ ਦਿਲ ਵਿਚੋਂ ਉਸ ਦਾ ਆਦਰ-ਸਤਿਕਾਰ ਭੀ ਸਹਿਜੇ-ਸਹਿਜੇ ਉੱਡਦਾ ਜਾਂਦਾ ਹੈ। ਇਸੇ ਤਰ੍ਹਾਂ ਜੇ ਕਿਸੇ ਦੇ ਕੰਨ ਆਪਣੇ ਕਿਸੇ ਬਜ਼ੁਰਗ ਬਾਰੇ ਨਿਰਾਦਰੀ ਦੇ ਬਚਨ ਸੁਣਨੇ ਗਿੱਝ ਜਾਣ, ਤਾਂ ਉਸ ਬਜ਼ੁਰਗ ਦਾ ਸਤਿਕਾਰ ਮਨ ਵਿਚੋਂ ਮਿਟਦਾ ਜਾਂਦਾ ਹੈ।

ਜੇ ਸਿੱਖ ਦੇ ਹਿਰਦੇ ਵਿਚ ਗੁਰੂ ਵਾਸਤੇ ਸਤਿਕਾਰ ਨਾ ਰਹੇ ਤਾਂ ਗੁਰੂ ਦੇ ਉਪਦੇਸ਼ ਅਤੇ ਗੁਰੂ ਦੇ ਜੀਵਨ ਤੋਂ ਸਿੱਖ ਕੋਈ ਲਾਭ ਨਹੀਂ ਉਠਾ ਸਕਦਾ। ਕੁਦਰਤ ਦਾ ਇਹ ਇਕ ਅਟੱਲ ਨਿਯਮ ਹੈ। ਸ੍ਰੀ ਗੁਰੂ ਰਾਮਦਾਸ ਜੀ ਦੇ ਜੀਵਨ ਵਿਚੋਂ ਮਿਲੀ ਹੋਈ ਇਹ ਸਿਖਿਆ, ਸਿੱਖ ਵਾਸਤੇ ਸਦਾ ਚਾਨਣ-ਮੁਨਾਰਾ ਬਣੀ ਰਹੇਗੀ।

ਇਤਿਹਾਸ ਵਿਚ ਜ਼ਿਕਰ ਆਉਂਦਾ ਹੈ ਕਿ ਇਕ ਮੰਗਤਾ ਫ਼ਕੀਰ ਗੋਇੰਦਵਾਲ ਵਿਚ ਰਹਿੰਦਾ ਸੀ। ਜਦ ਕਦੇ ਉਹ ਆਟਾ ਆਦਿਕ ਮੰਗਣ ਲਈ ਗੁਰੂ-ਦਰ ‘ਤੇ ਆਉਂਦਾ ਸੀ ਤਾਂ ਸਿੱਖਾਂ ਨੂੰ ਸੁਣਾ ਸੁਣਾ ਕੇ ਸਤਿਗੁਰੂ ਜੀ ਦੀ ਸ਼ਾਨ ਵਿਚ ਕੁਬੋਲ ਬੋਲਦਾ ਸੀ। ਜੇ ਕੋਈ ਸਿੱਖ ਅੱਗੋਂ ਉਸ ਫ਼ਕੀਰ ਨਾਲ ਗਾਲ੍ਹ-ਮੰਦਾ ਹੋਣ ਲੱਗੇ ਤਾਂ ਸ੍ਰੀ ਗੁਰੂ ਅਮਰਦਾਸ ਜੀ ਵਰਜ ਦਿਆ ਕਰਦੇ ਸਨ। ਆਖ਼ਰ ਖਰ੍ਹਵੇ-ਪਨ ਦਾ ਇਲਾਜ ਖਰ੍ਹਵਾ-ਪਨ ਤਾਂ ਹੈ ਹੀ ਨਹੀਂ। (ਗੁਰੂ) ਰਾਮਦਾਸ ਜੀ ਉਸ ਫ਼ਕੀਰ ਨੂੰ ਬੜੇ ਪਿਆਰ ਨਾਲ ਸਮਝਾਉਣ ਦਾ ਜਤਨ ਕਰਦੇ ਰਹੇ, ਪਰ ਉਹ ਫਿਰ ਭੀ ਨਾ ਟਲਿਆ। ਟਲਦਾ ਭੀ ਕਿਵੇਂ? ਸ੍ਰੀ ਗੁਰੂ ਅਮਰਦਾਸ ਜੀ ਦੇ ਲੰਗਰ ਦੀ ਮਰਯਾਦਾ ਤੋਂ ਖਿੱਝੇ ਹੋਏ ਜਾਤ-ਅਭਿਮਾਨੀਆਂ ਦੀ ਚੁੱਕਣਾ ਸੀ। ਇਕ ਦਿਨ ਸ੍ਰੀ ਗੁਰੂ ਅਮਰਦਾਸ ਜੀ ਨੇ (ਗੁਰੂ) ਰਾਮਦਾਸ ਜੀ ਨੂੰ ਸੋਨੇ ਦੇ ਦੋ ਕੜੇ ਦਿੱਤੇ।

(ਗੁਰੂ) ਰਾਮਦਾਸ ਜੀ ਇਕ ਕੜਾ ਉਸ ਫ਼ਕੀਰ ਨੂੰ ਦੇ ਆਏ ਅਤੇ ਉਸ ਨੂੰ ਸਮਝਾ ਦਿੱਤਾ ਕਿ ਮਹਾਂਪੁਰਖਾਂ ਦੀ ਨਿੰਦਿਆਂ ਨਹੀਂ ਕਰਨੀ ਚਾਹੀਦੀ। ਫ਼ਕੀਰ ਦੋ ਚਾਰ ਦਿਨਾਂ ਲਈ ਕੁਬੋਲਾਂ ਤੋਂ ਹਟਿਆ ਰਿਹਾ, ਪਰ ਤਪੇ ਅਤੇ ਉਸ ਦੇ ਸਾਥੀ ਬ੍ਰਾਹਮਣਾਂ ਦੀ ਚੁੱਕ ਵਿਚ ਆ ਕੇ ਫਿਰ ਉਹੀ ਰਵੱਈਆ ਫੜ ਲਇਓ ਸੁ । (ਗੁਰੂ) ਰਾਮਦਾਸ ਜੀ ਨੇ ਦੂਜਾ ਕੜਾ ਭੀ ਉਸ ਨੂੰ ਦੇ ਦਿੱਤਾ ਅਤੇ ਉਹ ਪੰਜ ਸੱਤ ਦਿਨ ਚੁੱਪ ਰਿਹਾ, ਫਿਰ ਉਹੀ ਦੁਰਬਚਨ। ਸ੍ਰੀ ਗੁਰੂ ਰਾਮਦਾਸ ਜੀ ਫਿਰ ਉਸ ਨੂੰ ਕੁਝ ਹੋਰ ਮਾਇਆ ਦੇ ਕੇ ਖਰ੍ਹਵੇ ਬੋਲਾਂ ਤੋਂ ਰੋਕਣ ਲੱਗੇ। ਸ੍ਰੀ ਗੁਰੂ ਅਮਰਦਾਸ ਜੀ ਨੂੰ ਪਤਾ ਲੱਗਾ ਤਾਂ ਉਹਨਾਂ ਸਮਝਾਇਆ ਕਿ ਪੈਰਾਂ ਹੇਠ ਰੁਲਦੇ ਬੰਦਿਆਂ ਵਿਚ ਮਨੁੱਖਤਾ ਦਾ ਅਹਿਸਾਸ ਪੈਦਾ ਕਰਨ ਲਈ ਅਸਾਂ ਲੰਗਰ ਦੀ ਮਰਯਾਦਾ ਜ਼ਰੂਰ ਜਾਰੀ ਰੱਖਣੀ ਹੈ। ਉੱਚ-ਜਾਤੀ ਵਾਲਿਆਂ ਨੇ ਭਾਵੇਂ ਆਪਣੀ ਹਰਦੀ ਬਾਜ਼ੀ ਵੇਖ ਕੇ ਜ਼ੋਰ ਲਾਉਣਾ ਹੈ ਅਤੇ ਇਸ ਭੁੱਲੜ ਮੰਗਤੇ ਵਰਗੇ ਕਈ ਬੰਦੇ ਪ੍ਰੇਰਨੇ ਹਨ, ਜੋ ਸਾਨੂੰ ਖਰਵੇ ਬੋਲ ਬੋਲਣ, ਪਰ ਸਾਡਾ ਵਿਗਾੜ ਕਰਨ ਦੇ ਥਾਂ ਇਹ ਫ਼ਕੀਰ ਸਾਡੀ ਸਹਾਇਤਾ ਕਰ ਰਿਹਾ ਹੈ, ਸਾਨੂੰ ਜਾਚ ਸਿਖਾ ਰਿਹਾ ਹੈ, ਕਿ ਅਸੀਂ ਹੱਸਦੇ-ਮੱਥੇ ਖਰਵਾ-ਪਨ ਸਹਾਰੀਏ ਅਤੇ ਖਿੱਝ ਤੋਂ ਬਚੇ ਰਹੀਏ।

ਬ੍ਰਾਹਮਣ ਦੇ ਰਸੂਖ਼ ਉੱਤੇ ਕਰਾਰੀ ਚੋਟ:-

ਹਰੇਕ ਹਿੰਦੂ-ਘਰਾਣੇ ਦੇ ਸਾਧਾਰਨ ਰੋਜ਼ਾਨਾ ਜੀਵਨ ਵਿਚ ਕਈ ਐਸੇ ਸਮੇਂ ਆਉਂਦੇ ਹਨ, ਜਦੋਂ ਬ੍ਰਾਹਮਣ ਦੀ ਸੇਵਾ-ਪੂਜਾ ਤੋਂ ਬਿਨਾਂ ਸਰ ਨਹੀਂ ਆਉਂਦੀ । ਸ਼ਾਸਤਰਾਂ ਦੀ ਦੱਸੀ ਮਰਯਾਦਾ ਅਨੁਸਾਰ ਉਹਨਾਂ ਸਮਿਆਂ ‘ਤੇ ਘਰਾਣੇ ਦੇ ਬ੍ਰਾਹਮਣ ਨੇ ਹੀ ਆ ਕੇ ਭਾਈਚਾਰਕ ਰਸਮਾਂ ਸਿਰੇ ਚੜ੍ਹਾਣੀਆਂ ਹੁੰਦੀਆਂ ਹਨ। ਅਜਿਹੇ ਮੋਟੇ ਉੱਘੇ ਚਾਰ ਸਮੇਂ ਆਉਂਦੇ ਹਨ:

1. ਘਰ ਵਿਚ ਬੱਚੇ-ਬੱਚੀ ਦਾ ਜੰਮਣਾ

2. ਜਨੇਊ

3. ਵਿਆਹ

4. ਮਿਰਤਕ ਸੰਸਕਾਰ-ਪਿੰਡ ਭਰਾਣੇ, ਕਿਰਿਆ, ਫੁੱਲ ਹਰਿਦੁਆਰ ਤਾਰਨੇ ਆਦਿਕ।

1. ਜਦੋਂ ਕਿਸੇ ਹਿੰਦੂ-ਘਰ ਵਿਚ ਕੋਈ ਬਾਲ ਜੰਮੇ ਤਾਂ 13 ਦਿਨ ਲਈ ਘਰ ਵਿਚ ‘ਸੂਤਕ’ ਦੀ ਅਪਵਿੱਤਰਤਾ ਹੋ ਜਾਂਦੀ ਹੈ। ਤੇਰ੍ਹਵੇਂ ਦਿਨ ਪ੍ਰਸੂਤਾ ਇਸਤਰੀ ਚੌਂਕੇ ਚੜ੍ਹਦੀ ਹੈ, ਉਸ ਦਿਨ ਜ਼ਰੂਰੀ ਹੈ, ਕਿ ਘਰ ਦੇ ਬ੍ਰਾਹਮਣ ਜਾਂ ਬ੍ਰਾਹਮਣੀ ਨੂੰ ਭੋਜਨ ਖੁਆਇਆ ਜਾਏ।

2. ਕੁਦਰਤੀ ਜਨਮ ਤੋਂ ਇਲਾਵਾ ਹਰੇਕ ਹਿੰਦੂ ਨੂੰ ਖ਼ਾਸ ਉਮਰੇ ਧਾਰਮਿਕ ਮੰਡਲ ਵਿਚ ਭੀ ਜਨਮ ਲੈਣਾ ਪੈਂਦਾ ਹੈ, ਜਨੇਊ ਪਾਣਾ ਪੈਂਦਾ ਹੈ। ਇਹ ਜਨੇਊ ਦੀ ਮਰਯਾਦਾ ਬ੍ਰਾਹਮਣ, ਖੱੜੀ ਅਤੇ ਵੈਸ਼ ਵਾਸਤੇ ਜ਼ਰੂਰੀ ਹੈ । ਸ਼ੂਦਰ ਨੂੰ ਜਨੇਊ ਪਾਉਣ ਦਾ ਅਧਿਕਾਰ ਨਹੀਂ ਹੈ। ਜਨੇਊ ਪਾਉਣ ਸਮੇਂ ਘਰ ਦੇ ਪੁਰੋਹਤ ਦੀ ਸੇਵਾ-ਪੂਜਾ ਜ਼ਰੂਰੀ ਹੈ, ਉਹੀ ਜਨੇਊ ਪਵਾ ਸਕਦਾ ਹੈ।
3. ਵਿਆਹ ਦੀ ਮਰਯਾਦਾ ਭੀ ਬ੍ਰਾਹਮਣ ਦੇ ਵਸੀਲੇ ਤੋਂ ਬਿਨਾਂ ਹਿੰਦੂ-ਘਰਾਂ ਵਿਚ ਕੀਤੀ ਨਹੀਂ ਜਾ ਸਕਦੀ।

4. ਮਿਰਤਕ ਸੰਸਕਾਰ-ਜਦੋਂ ਕੋਈ ਹਿੰਦੂ ਪ੍ਰਾਣੀ ਮਰਦਾ ਹੈ ਤਾਂ ਉਸ ਦੇ ਸਰੀਰ ਦਾ ਸਸਕਾਰ, ਦਸੀਂ ਦਿਨੀਂ ਕਿਰਿਆ, ਉਸ ਦੇ ਫੁੱਲ ਹਰਿਦੁਆਰ ਗੰਗਾ ਵਿਖੇ ਪਾਉਣੇ, ਇਹ ਕੋਈ ਭੀ ਮਰਯਾਦਾ ਬ੍ਰਾਹਮਣ ਦੀ ਸਹਾਇਤਾ ਤੋਂ ਬਿਨਾਂ ਨਹੀਂ ਹੋ ਸਕਦੀ।

ਜੇ ਕੋਈ ਹਿੰਦੂ ਇਹਨਾਂ ਵਿਚੋਂ ਕਿਸੇ ਮਰਯਾਦਾ ਦਾ ਉਲੰਘਣ ਕਰ ਬਹੇ ਤਾਂ ਉਸ ਨੂੰ ਤੁਰੰਤ ਬਰਾਬਰੀ ਨਾਲੋਂ ਨਿਖੇੜ ਦਿੱਤਾ ਜਾਂਦਾ ਹੈ, ਉਸ ਨਾਲ ਖਾਣ-ਪੀਣ ਦੀ ਵਰਤੋਂ ਬੰਦ ਕਰ ਦਿੱਤੀ ਜਾਂਦੀ ਹੈ, ਮਰਨੇ-ਪਰਨੇ ‘ਤੇ ਕੋਈ ਹਿੰਦੂ ਭਰਾ ਉਸ ਨਾਲ ਭਾਈਚਾਰਕ ਸਾਂਝ ਨਹੀਂ ਰੱਖ ਸਕਦਾ। ਇਹਨਾਂ ਬੰਦਸ਼ਾਂ ਦੇ ਆਸਰੇ ਹੀ ਤਾਂ ਹਿੰਦੂ-ਕੌਮ ਦੇ ਸਿਰੋਂ ਬ੍ਰਾਹਮਣ ਦੀ ਬੇ-ਫ਼ਿਕਰ ਰੋਜ਼ੀ ਬਣੀ ਰਹਿੰਦੀ ਹੈ।

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹਿੰਦੂ-ਜਨਤਾ ਦੇ ਮੋਢਿਆਂ ਤੋਂ ਗ਼ੁਲਾਮੀ ਦਾ ਇਹ ਜੂਲਾ ਉਤਾਰਨਾ ਸ਼ੁਰੂ ਕਰ ਦਿੱਤਾ। ਜਦੋਂ ਮਾਪਿਆਂ ਨੇ ਉਹਨਾਂ ਨੂੰ ਜਨੇਊ ਪਵਾਣ ਦੀ ਕੋਸ਼ਿਸ਼ ਕੀਤੀ, ਸਤਿਗੁਰੂ ਜੀ ਨੇ ਇਨਕਾਰ ਕਰ ਦਿੱਤਾ। ‘ਸੂਤਕ’ ਦੇ ਭਰਮ-ਜਾਲ ਨੂੰ ਭੀ ਖੁੱਲ੍ਹੇ ਲਫ਼ਜ਼ਾਂ ਵਿਚ ਤੋੜਿਆ, ਕਿ ਜੇ ਜੰਮਣ ਮਰਨ ਦੇ ਵਹਿਮ ਕੀਤੇ ਗਏ ਤਾਂ ਹਰੇਕ ਘਰ ਵਿਚ ਹਰ ਵੇਲੇ ਹੀ ਸੂਤਕ ਪਿਆ ਰਹਿੰਦਾ ਹੈ, ਕਿਉਂਕਿ ਹੋਰ ਤਾਂ ਹੋਰ ਹਰ ਵੇਲੇ ਦੀ ਵਰਤਣ ਵਾਲੀ ਸ਼ੈ ਪਾਣੀ ਵਿਚ ਹੀ ਅਨੇਕਾਂ ਜੀਆ ਜੰਤ ਹਨ।

ਮਿਰਤਕ ਸੰਸਕਾਰ ਦੀਆਂ ਬੰਦਸ਼ਾਂ ਵਲੋਂ ਸ੍ਰੀ ਗੁਰੂ ਅਮਰਦਾਸ ਜੀ ਨੇ ਸਿੱਖਾਂ ਨੂੰ ਆਜ਼ਾਦ ਕਰ ਦਿੱਤਾ ਅਤੇ ਆਖਿਆ ਕਿ ਮਰਦੇ ਪ੍ਰਾਣੀ ਦੀ ਤਲੀ ਉੱਤੇ ਦੀਵਾ ਜਗਾਣਾ, ਪਿੰਡ ਭਰਾਣੇ, ਕਿਰਿਆ ਕਰਨੀ, ਉਸ ਦੇ ਫੁੱਲ ਹਰਿਦੁਆਰ ਲੈ ਜਾਣੇ, ਅਜਿਹੀ ਕਿਸੇ ਮਰਯਾਦਾ ਦੀ ਸਿੱਖ ਨੂੰ ਲੋੜ ਨਹੀਂ ਹੈ। ਸਤਸੰਗ ਕਰੋ, ਬਾਣੀ ਪੜ੍ਹੋ ਅਤੇ ਪ੍ਰਭੂ ਚਰਨਾਂ ਵਿਚ ਅਰਦਾਸ ਕਰੋ। ਕਿਸੇ ਖ਼ਾਸ ਸ਼੍ਰੇਣੀ ਦੇ ਮਨੁੱਖ ਦਾ ਕੋਈ ਠੇਕਾ ਨਹੀਂ ਹੈ, ਹਰੇਕ ਸਿੱਖ ਆਪ ਹੀ ਇਹ ਸਾਰੇ ਉੱਦਮ ਕਰ ਸਕਦਾ ਹੈ।

ਵਿਆਹ ਵੇਲੇ ਦੀ ਬ੍ਰਾਹਮਣ ਦੀ ਮੁਥਾਜੀ ਸ੍ਰੀ ਗੁਰੂ ਰਾਮਦਾਸ ਜੀ ਨੇ ਦੂਰ ਕਰ ਦਿੱਤੀ। ਵਿਆਹ ਵੇਲੇ ਜਿਹੜੀਆਂ ਚਾਰ ਲਾਵਾਂ ਵੇਦੀ ਗੱਡ ਕੇ ਬ੍ਰਾਹਮਣ ਆ ਕੇ ਕਰਾਂਦਾ ਸੀ ਅਤੇ ਵੇਦ-ਮੰਤ੍ਰ ਆਦਿਕ ਪੜ੍ਹਦਾ ਸੀ, ਉਹ ਚਾਰ ਲਾਵਾਂ ਪੜ੍ਹਨ ਦਾ ਅਧਿਕਾਰ ਸ੍ਰੀ ਗੁਰੂ ਰਾਮਦਾਸ ਜੀ ਨੇ ਹਰੇਕ ਸਿੱਖ ਨੂੰ ਦੇ ਦਿੱਤਾ। ਸੂਹੀ ਰਾਗ ਵਿਚ ਉਹਨਾਂ ਇਕ ‘ਛੰਤ’ ਚਾਰ ਪਉੜੀਆਂ ਵਾਲਾ ਲਿੱਖ ਦਿੱਤਾ, ਜੋ ਵਿਆਹਾਂ ਸਮੇਂ ਸਿੱਖ ਪੜ੍ਹਦੇ ਹਨ ਅਤੇ ਕਿਸੇ ਗੱਲੋਂ ਬ੍ਰਾਹਮਣ ਦੇ ਮੁਥਾਜ ਨਹੀਂ ਰਹਿੰਦੇ।

ਇਸ ਤਰ੍ਹਾਂ ਸਹਿਜੇ-ਸਹਿਜੇ ਸਿੱਖ-ਜਨਤਾ ਬ੍ਰਾਹਮਣ ਦੇ ਜੂਲੇ ਹੇਠੋਂ ਨਿਕਲਦੀ ਗਈ ਅਤੇ ਸਿੱਖ-ਧਰਮ ਹਿੰਦੂ ਰਸਮਾਂ-ਰੀਤਾਂ ਤੋਂ ਵੱਖਰਾ ਹੁੰਦਾ ਗਿਆ।

ਪ੍ਰੋਫ਼ੈਸਰ ਸਾਹਿਬ ਸਿੰਘ