ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸਿੱਖਾਂ ਦੇ ਅਠਵੇਂ ਗੁਰੂ ਸਨ। ਆਪ ਬਚਪਨ ਵਿਚ ਹੀ ਬੜੇ ਹੋਣਹਾਰ ਸਨ। ਉਹ ਬਾਲ-ਅਵੱਸਥਾ ਵਿਚ ਹੀ ਗੁਰੂ ਬਣ ਗਏ ਸਨ। ਉਹ ਛੋਟੀ ਉਮਰ ਵਿਚ ਅਸਾਧਾਰਣ ਯੋਗਤਾ ਅਤੇ ਅਧਿਆਤਮਕ ਸ਼ਕਤੀ ਦੇ ਮਾਲਕ ਸਨ।
ਆਪ ਜੀ ਦਾ ਜਨਮ 7 ਜੁਲਾਈ, 1656 ਈ: ਨੂੰ ਗੁਰੂ ਹਰਿਰਾਇ ਸਾਹਿਬ ਦੇ ਗ੍ਰਹਿ ਵਿਖੇ ਮਾਤਾ ਸੁਲੱਖਣੀ ਜੀ ਦੀ ਕੁਖੋਂ ਕੀਰਤਪੁਰ ਸਾਹਿਬ ਵਿਖੇ ਹੋਇਆ।
ਸ੍ਰੀ ਗੁਰੂ ਹਰਿਰਾਇ ਸਾਹਿਬ ਆਪਣੇ ਵੱਡੇ ਪੁੱਤਰ ਰਾਮਰਾਏ ਦੇ ਵਤੀਰੇ ਤੋਂ ਖੁਸ਼ ਨਹੀਂ ਸਨ। ਇਸ ਲਈ ਉਨ੍ਹਾਂ ਹਰਿਕ੍ਰਿਸ਼ਨ ਜੀ ਨੂੰ ਗੁਰਗੱਦੀ ਦੇਣ ਦਾ ਨਿਸ਼ਚਾ ਕਰ ਲਿਆ। ਸਤਿਗੁਰ ਜੀ ਨੇ ਵਿਧੀ ਅਨੁਸਾਰ ਗੁਰਗੱਦੀ 1661 ਈ: ਨੂੰ ਹਰਿਕ੍ਰਿਸ਼ਨ ਜੀ ਨੂੰ ਸੌਂਪ ਦਿੱਤੀ। ਉਸ ਸਮੇਂ ਗੁਰੂ ਹਰਿਕ੍ਰਿਸ਼ਨ ਜੀ ਦੀ ਉਮਰ ਕੇਵਲ ਪੰਜ ਸਾਲ ਤਿੰਨ ਮਹੀਨੇ ਸੀ।
ਰਾਮਰਾਏ ਆਪਣੇ ਛੋਟੇ ਭਰਾ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਗੁਰਗੱਦੀ ਤੇ ਬੈਠਣਾ ਸਹਿਣ ਨਾ ਕਰ ਸਕਿਆ। ਗੁਰੂ ਹਰਿਰਾਇ ਸਾਹਿਬ ਦਾ ਵੱਡਾ ਪੁੱਤਰ ਹੋਣ ਦੇ ਕਾਰਣ ਉਹ ਗੁਰਗੱਦੀ ਤੇ ਆਪਣਾ ਹੱਕ ਸਮਝਦਾ ਸੀ। ਉਸ ਨੇ ਆਪਣੇ ਆਪ ਨੂੰ ਗੁਰੂ ਹੋਣ ਦਾ ਐਲਾਨ ਕਰ ਦਿੱਤਾ। ਪਰ ਸਿੱਖਾਂ ਨੇ ਉਸ ਨੂੰ ਗੁਰੂ ਮੰਨਣ ਤੋਂ ਇਨਕਾਰ ਕਰ ਦਿੱਤਾ। ਰਾਮਰਾਏ ਨੇ ਨਿਰਾਸ਼ ਹੋ ਕੇ ਔਰੰਗਜ਼ੇਬ ਕੋਲ ਗੁਰਗੱਦੀ ਪ੍ਰਾਪਤ ਕਰਨ ਲਈ ਆਪਣੇ ਭਰਾ ਦੇ ਵਿਰੁੱਧ ਸ਼ਿਕਾਇਤ ਕੀਤੀ। ਔਰੰਗਜ਼ੇਬ ਨੇ ਗੁਰੂ ਹਰਿਕ੍ਰਿਸ਼ਨ ਜੀ ਨੂੰ ਦਿੱਲੀ ਬੁਲਾ ਭੇਜਿਆ। ਗੁਰੂ ਜੀ ਦਿੱਲੀ ਨਹੀਂ ਜਾਣਾ ਚਾਹੁੰਦੇ ਸਨ। ਪਰ ਰਾਜਾ ਜੈ ਸਿੰਘ ਦੇ ਜ਼ੋਰ ਦੇਣ ਤੇ ਉਨ੍ਹਾਂ ਦਿੱਲੀ ਜਾਣਾ ਮੰਨ ਲਿਆ। ਆਪਣੀ ਮਾਤਾ ਜੀ ਅਤੇ ਕੁਝ ਸਿੱਖਾਂ ਨੂੰ ਨਾਲ ਲੈ ਕੇ ਗੁਰੂ ਜੀ ਦਿੱਲੀ ਚਲ ਪਏ।
ਜਦੋਂ ਗੁਰੂ ਜੀ ਜ਼ਿਲ੍ਹਾ ਅੰਬਾਲਾ ਦੇ ਇਲਾਕੇ ਪੰਜੋਖਰੇ ਪੁੱਜੇ ਤਾਂ ਉਥੇ ਕੁਰੁਛੇਤ੍ਰ ਦਾ ਇਕ ਪੰਡਿਤ ਕ੍ਰਿਸ਼ਨ ਲਾਲ ਰਹਿੰਦਾ ਸੀ। ਉਹ ਬੜਾ ਅਹੰਕਾਰੀ ਸੀ। ਉਹ ਕਹਿਣ ਲੱਗਾ ਕਿ ਸਿੱਖ ਗੁਰੂ ਜੀ ਨੂੰ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਆਖਦੇ ਹਨ, ਜੇ ਉਨ੍ਹਾਂ ਵਿਚ ਕੋਈ ਆਤਮਿਕ ਸ਼ਕਤੀ ਹੈ ਤਾਂ ਉਹ ਕ੍ਰਿਸ਼ਨ ਜੀ ਦੀ ਗੀਤਾ ਦੇ ਕਿਸੇ ਸਲੋਕ ਦੇ ਅਰਥ ਕਰ ਕੇ ਦੱਸਣ। ਗੁਰੂ ਹਰਿਕ੍ਰਿਸ਼ਨ ਜੀ ਨੇ ਪੰਡਿਤ ਨੂੰ ਆਖਿਆ ਕਿ ਤੁਸੀਂ ਕਿਸੇ ਵੀ ਸਿੱਖ ਨੂੰ ਲੈ ਆਵੋ, ਉਹ ਤੁਹਾਡੀ ਤਸੱਲੀ ਕਰ ਦੇਵੇਗਾ। ਪੰਡਿਤ ਛਜੂ ਨਾਮੀ ਸਿੱਖ ਨੂੰ ਲੈ ਆਇਆ, ਜੋ ਬੜਾ ਸਾਧਾਰਨ ਸੀ। ਗੁਰੂ ਦੀ ਕਿਰਪਾ ਦੁਆਰਾ ਉਸ ਨੇ ਇਕ ਉੱਘੇ ਵਿਦਵਾਨ ਦੀ ਤਰ੍ਹਾਂ ਗੀਤਾ ਦੇ ਸਲੋਕਾਂ ਦੇ ਪਾਠ ਦੇ ਅਰਥ ਕਰ ਦਿੱਤੇ। ਪੰਡਿਤ ਬੜਾ ਸ਼ਰਮਿੰਦਾ ਹੋਇਆ। ਗੁਰੂ ਜੀ ਦੀ ਸ਼ੋਭਾ ਸਭ ਪਾਸੇ ਹੋਣ ਲੱਗੀ।
ਦਿੱਲੀ ਪਹੁੰਚ ਕੇ ਗੁਰੂ ਜੀ ਰਾਜਾ ਜੈ ਸਿੰਘ ਦੇ ਬੰਗਲੇ ਵਿਚ ਠਹਿਰੇ। ਇਸ ਅਸਥਾਨ ਤੇ ਅੱਜ ਕਲ੍ਹ ਇਕ ਸੁੰਦਰ ਗੁਰਦੁਆਰਾ ਬਣਿਆ ਹੋਇਆ ਹੈ। ਰਾਜਾ ਜੈ ਸਿੰਘ ਦੀ ਰਾਣੀ ਨੇ ਬਾਲ-ਗੁਰੂ ਦੀ ਸੂਝ ਪਰਖਣ ਲਈ ਉਨ੍ਹਾਂ ਦਾ ਇਮਤਿਆਨ ਲੈਣ ਦਾ ਨਿਸ਼ਚਾ ਕੀਤਾ। ਉਹ ਦਾਸੀ ਦਾ ਰੂਪ ਧਾਰ ਕੇ ਦਾਸੀਆਂ ਵਿਚ ਬੈਠ ਗਈ ਅਤੇ ਉਸ ਨੇ ਮਨ ਵਿਚ ਧਾਰ ਲਿਆ ਕਿ ਗੁਰੂ ਜੀ ਆਪੇ ਹੀ ਮੇਰੀ (ਰਾਣੀ) ਪਛਾਣ ਕਰਨਗੇ। ਗੁਰੂ ਜੀ ਨੇ ਹਰ ਇਕ ਦਾਸੀ ਦੇ ਮੂੰਹ ਵਲ ਵੇਖਿਆ ਅਤੇ ਉਨ੍ਹਾਂ ਆਖਰ ਰਾਣੀ ਨੂੰ ਪਛਾਣ ਲਿਆ। ਰਾਜਾ ਜੈ ਸਿੰਘ ਅਤੇ ਉਸ ਦੀ ਰਾਣੀ ਗੁਰੂ ਸਾਹਿਬ ਦੀ ਸੂਝ ਤੋਂ ਬਹੁਤ ਪ੍ਰਭਾਵਿਤ ਹੋਏ।
ਗੁਰੂ ਹਰਿਕ੍ਰਿਸ਼ਨ ਜੀ ਦਿੱਲੀ ਵਿਚ ਹੀ ਸਨ ਕਿ ਉਨ੍ਹਾਂ ਨੂੰ ਮਾਤਾ (ਸੀਤਲਾ) ਦੇ ਰੋਗ ਨੇ ਘੇਰ ਲਿਆ ਅਤੇ ਨਾਲ ਹੀ ਬਹੁਤ ਤੇਜ਼ ਬੁਖਾਰ ਹੋ ਗਿਆ, ਇਸ ਨਾਲ ਉਹ 30 ਮਾਰਚ, 1664 ਈ: ਜੋਤੀ ਜੋਤ ਸਮਾ ਗਏ। ਜੋਤੀ ਜੋਤਿ ਤੋਂ ਪਹਿਲਾਂ ਸਿੱਖਾਂ ਨੇ ਗੁਰੂ ਜੀ ਨੂੰ ਪੁੱਛਿਆ ਕਿ ਸਾਡੇ ਅਗਲੇ ਗੁਰੂ ਕੌਣ ਹੋਣਗੇ। ਉਨ੍ਹਾਂ ਨੇ ਪੰਜ ਪੈਸੇ ਤੇ ਨਾਰੀਅਲ ਮੰਗਵਾ ਲਿਆ ਅਤੇ ਉਨ੍ਹਾਂ ਨੇ ਹੱਥ ਵਿਚ ਫੜ ਕੇ ਤਿੰਨ ਵਾਰੀ ਘੁੰਮਾਇਆ ਅਤੇ ਨਾਲ ਹੀ ਇਹ ਸ਼ਬਦ ਕਹੇ : ‘ਬਾਬਾ ਬਕਾਲਾ’ ਇਨ੍ਹਾਂ ਸ਼ਬਦਾਂ ਦਾ ਭਾਵ ਅਰਥ ਇਹ ਸੀ ਕਿ ਉਨ੍ਹਾਂ ਦਾ ਉੱਤਰਾਧਿਕਾਰੀ ਬਕਾਲਾ ਪਿੰਡ ਵਿਚ ਹਨ ਅਤੇ ਉਨ੍ਹਾਂ ਦੇ ਬਾਬਾ (ਦਾਦਾ) ਹਨ।
