156 views 14 secs 0 comments

ਸ੍ਰੀ ਗੁਰੂ ਹਰਿਰਾਇ ਸਾਹਿਬ : ਜੀਵਨ ਝਾਤ

ਲੇਖ
January 10, 2025

-ਗਿ. ਸੁਰਿੰਦਰ ਸਿੰਘ ਨਿਮਾਣਾ
#5, ਹੰਸਲੀ ਕਵਾਟਰਜ਼, ਨਿਊ ਤਹਿਸੀਲਪੁਰਾ, ਸ੍ਰੀ ਅੰਮ੍ਰਿਤਸਰ—143001; ਮੋ. +9188727-35111

ਗੁਰੂ ਨਾਨਕ ਸਾਹਿਬ ਵੱਲੋਂ ਅਰੰਭੇ ਗੁਰਮਤਿ ਵਿਚਾਰ ਪ੍ਰਸਾਰ ਤੇ ਅਮਲ ਆਧਾਰਿਤ ਰਹਿਣੀ ਦਿਖਾਉਣ/ਦਰਸਾਉਣ ਵਾਲੀ ਰੁਹਾਨੀ ਗੁਰਿਆਈ ’ਤੇ ਸੁਸ਼ੋਭਿਤ ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਇ ਸਾਹਿਬ ਦਾ ਜੀਵਨ ਸਮਾਂ 1630 ਤੋਂ 1661 ਈ. ਤੇ ਗੁਰਿਆਈ ਦਾ ਸਮਾਂ 1644 ਤੋਂ 1661 ਈ. ਤਕ ਦਾ ਹੈ। ਰਾਜਸੀ ਪੱਖੋਂ ਇਹ ਸਮਾਂ ਸ਼ਾਹ ਜਹਾਨ ਅਤੇ ਔਰੰਗਜ਼ੇਬ ਦਾ ਸਮਾਂ ਸੀ। ਇਹ ਦੋਵੇਂ ਮੁਗ਼ਲ ਬਾਦਸ਼ਾਹ ਮੂਲ ਰੂਪ ਵਿਚ ਕੱਟੜ ਮਜ਼੍ਹਬੀ ਨੀਤੀ ਦੇ ਧਾਰਨੀ ਸਨ। ਸ੍ਰੀ ਗੁਰੂ ਹਰਿਰਾਇ ਸਾਹਿਬ ਆਪਣੀ ਰੁਹਾਨੀ ਸ਼ਕਤੀ ਦੇ ਨਾਲ-ਨਾਲ ਉੱਚੇ ਦਰਜੇ ਦੀ ਸੁਘੜਤਾ ਤੇ ਦੂਰਅੰਦੇਸ਼ੀ ਨਾਲ ਵਿਚਰਦੇ ਤੇ ਸਿੱਖ ਸੰਗਤ ਦੀ ਰੁਹਾਨੀ ਅਗਵਾਈ ਕਰਦੇ ਹੋਏ ਸੰਸਾਰਕ ਜੀਵਨ ਮਾਰਗ ਦੀ ਵੀ ਠੀਕ ਸੇਧ ਦਿੰਦੇ ਰਹੇ। ਆਪ ਦਾ ਗੁਰਿਆਈ ਦਾ ਸਤਾਰ੍ਹਾਂ ਵਰ੍ਹਿਆਂ ਦਾ ਸਮਾਂ ਰਾਜਸੀ ਉਥਲ-ਪੁਥਲ ਤੇ ਅਰਾਜਕਤਾ ਤੋਂ ਰਹਿਤ ਸਮਾਂ ਸੀ ਜਿਸ ਨੂੰ ਸੂਝਵਾਨ ਗੁਰੂ ਪਾਤਸ਼ਾਹ ਨੇ ਸਿੱਖੀ ਦੇ ਫੈਲਾਉ ਹਿੱਤ ਉਪਯੋਗ ਵਿਚ ਲਿਆਂਦਾ।

ਸ੍ਰੀ (ਗੁਰੂ) ਹਰਿਰਾਇ ਸਾਹਿਬ ਜੀ ਦਾ ਪ੍ਰਕਾਸ਼ 16 ਜਨਵਰੀ, 1630 ਈ. (ਪ੍ਰੋ. ਕਰਤਾਰ ਸਿੰਘ ਐਮ. ਏ. ਕ੍ਰਿਤ ‘ਸਿੱਖ ਇਤਿਹਾਸ’ ਅਨੁਸਾਰ) ਨੂੰ ਕੀਰਤਪੁਰ ਵਿਖੇ ਬਾਬਾ ਗੁਰਦਿੱਤਾ ਜੀ ਦੇ ਗ੍ਰਿਹ ਮਾਤਾ ਨਿਹਾਲ ਕੌਰ ਜੀ ਦੀ ਕੁੱਖੋਂ ਹੋਇਆ। ਗੁਰੂ-ਘਰ ਦੀ ਰਹਿਨੁਮਾਈ ਵਿਚ ਪਲ਼ੇ ਤੇ ਵੱਡੇ ਹੋਏ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀ ਸੰਗਤ ਤੇ ਨੇੜ੍ਹਤਾ ਨੂੰ ਮਾਣਨ ਵਾਲੇ ਸ੍ਰੀ ਹਰਿਰਾਇ ਸਾਹਿਬ ਜੀ ਰੁਹਾਨੀ ਤੇ ਇਨਸਾਨੀ ਗੁਣਾਂ ਦੇ ਮੁਜੱਸਮੇ ਹੋਣ ਕਰਕੇ ਸਿੱਖ ਸੰਗਤ ਦੀ ਰੁਹਾਨੀ ਅਗਵਾਈ ਵਾਸਤੇ ਪੂਰੀ ਤਰ੍ਹਾਂ ਸਮਰੱਥ ਹੋਣ ਕਾਰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਵੱਲੋਂ ਰੁਹਾਨੀ ਗੁਰਿਆਈ ਦੇ ਵਾਰਸ ਥਾਪੇ ਗਏ। ਗੁਰੂ ਪਾਤਸ਼ਾਹ ਦਾ ਇਹ ਫ਼ੁਰਮਾਨ ਕਿ ‘ਫੌਜਾਂ ਸਦਾ ਤਿਆਰ-ਬਰ-ਤਿਆਰ ਰੱਖਣੀਆਂ ਪਰ ਅਮਨ-ਚੈਨ ਵੀ ਬਰਕਰਾਰ ਰੱਖਣਾ’ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਨੇ ਆਪਣੇ ਗੁਰਿਆਈ-ਕਾਲ ਵਿਚ ਪੂਰੀ ਤਰ੍ਹਾਂ ਨਿਭਾਇਆ। ਆਪ ਨੇ 2200 ਘੋੜ-ਸਵਾਰ ਸਦਾ ਤਿਆਰ-ਬਰ-ਤਿਆਰ ਰੱਖੇ, ਫਿਰ ਵੀ ਅਮਨ-ਨੀਤੀ ਨੂੰ ਪੂਰੀ ਤਰ੍ਹਾਂ ਨਿਭਾਇਆ। ਗੁਰੂ ਜੀ ਦੀ ਇਸ ਘੋੜ-ਸਵਾਰ ਫੌਜ ਨੇ ਇਕ ਵਾਰ ਗੋਇੰਦਵਾਲ ਸਾਹਿਬ ਵਿਖੇ ਸ਼ਰਨਾਰਥੀ ਵਜੋਂ ਆਏ ਦਾਰਾ ਸ਼ਿਕੋਹ ਦਾ ਪਿੱਛਾ ਕਰ ਰਹੀ ਮੁਗ਼ਲ ਸੈਨਾ ਤੋਂ ਉਸ ਦੀ ਰੱਖਿਆ ਕਰਨ ਦਾ ਸਫਲ ਉੱਦਮ-ਉਪਰਾਲਾ ਕੀਤਾ।

ਪ੍ਰਿੰ. ਤੇਜਾ ਸਿੰਘ-ਡਾ. ਗੰਡਾ ਸਿੰਘ ਅਨੁਸਾਰ ਔਰੰਗਜ਼ੇਬ ਵੱਲੋਂ ਆਪ ਨੂੰ ਦਿੱਲੀ ਬੁਲਾਉਣ ਦਾ ਮੂਲ ਕਾਰਨ ਦਾਰਾ ਸ਼ਿਕੋਹ ਦੀ ਕੀਤੀ ਗਈ ਇਹੀ ਸਹਾਇਤਾ ਸੀ। ਗੁਰੂ ਜੀ ਨੇ ਇਸ ਸੰਬੰਧ ਵਿਚ ਆਪਣੇ ਵੱਡੇ-ਪੁੱਤਰ ਰਾਮ ਰਾਇ ਨੂੰ ਸਪੱਸ਼ਟੀਕਰਨ ਹਿੱਤ ਦਿੱਲੀ ਘੱਲਿਆ। ਪਰ ਗੁਰਮਤਿ ਅਸੂਲਾਂ ’ਤੇ ਪਹਿਰੇਦਾਰੀ ਵਿਚ ਉਸ ਵੱਲੋਂ ਦਿੱਲੀ ਦਰਬਾਰ ’ਚ ਹਾਜ਼ਰੀ ਸਮੇਂ ਢਿੱਲ-ਮੱਠ ਦਿਖਾਉਣ ’ਤੇ ਅਤੇ ਖਾਸ ਕਰ ਕੇ ਸਤਿਗੁਰੂ, ਗੁਰੂ ਨਾਨਕ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੀ ਪੰਕਤੀ ਮਿਟੀ ਮੁਸਲਮਾਨ ਕੀ ਮਿਟੀ ਬੇਈਮਾਨ ਕੀ ਦੱਸ ਕੇ ਬਾਦਸ਼ਾਹ ਦੀ ਖੁਸ਼ਨੂਦੀ ਹਾਸਲ ਕਰਨ ਦੇ ਹੇਚ ਪੈਂਤੜੇ ਸੰਬੰਧੀ ਜਾਣ ਕੇ ਗੁਰੂ ਜੀ ਨੇ ਉਸ ਦਾ ਪਾਵਨ ਗੁਰਿਆਈ ’ਤੇ ਹੱਕ ਨਾਵਾਜਬ ਕਰਾਰ ਦੇ ਦਿੱਤਾ। ਆਪ ਜੀ ਨੇ ਇਹ ਮਹਾਨ ਜ਼ਿੰਮੇਵਾਰੀ ਸਮਾਂ ਆਉਣ ’ਤੇ ਰਾਮ ਰਾਇ ਤੋਂ ਉਮਰੋਂ ਕਾਫੀ ਛੋਟੇ ਸ੍ਰੀ (ਗੁਰੂ) ਹਰਿਿਕ੍ਰਸ਼ਨ ਸਾਹਿਬ ਜੀ ਨੂੰ ਸੌਂਪੀ। ਗੁਰੂ ਜੀ ਦਾ ਰਾਮ ਰਾਇ ਦੇ ਵਿਰੁੱਧ ਲਿਆ ਗਿਆ ਇਹ ਨਿਰਣਾ ਪਰਮ ਪਾਵਨ ਗੁਰਬਾਣੀ ਦੇ ਸ਼ੁੱਧਤਮ ਸਰੂਪ ਨੂੰ ਬਰਕਰਾਰ ਰੱਖਣ ਪ੍ਰਤੀ ਸੁਚੇਤਨਾ ਪ੍ਰਦਾਨ ਕਰਨ ਵਿਚ ਇਕ ਪ੍ਰਮੁੱਖ ਪ੍ਰੇਰਕ ਰਿਹਾ ਤੇ ਅੱਜ ਵੀ ਹੈ।

ਸ੍ਰੀ ਗੁਰੂ ਹਰਿਰਾਇ ਜੀ ਨੇ ਸਿੱਖ ਸੰਗਤ ਦਾ ਗੁਰਬਾਣੀ ਦੇ ਅਗੰਮੀ ਖ਼ਜ਼ਾਨੇ ਨਾਲ ਅਨਿੱਖੜ੍ਹ ਸੰਬੰਧ ਤੇ ਨੇੜਤਾ ਬਣਾਈ ਰੱਖਣ ਵਿਚ ਭਰਪੂਰ ਯਤਨ ਕੀਤੇ। ਆਪ ਜੀ ਸੰਗਤ ਨੂੰ ਉਪਦੇਸ਼ ਦੇਣ ਸਮੇਂ ਇਸ ਅਗੰਮੀ ਖ਼ਜ਼ਾਨੇ ਨੂੰ ਖੁਲ੍ਹ ਕੇ ਵਰਤਾਉਂਦੇ।

ਸ੍ਰੀ ਗੁਰੂ ਅਮਰਦਾਸ ਜੀ ਦੇ ਸਮੇਂ ਤੋਂ ਗੁਰੂ-ਘਰ ਵਿਚ ਚੱਲੀ ਆ ਰਹੀ ਲੰਗਰ ਦੀ ਰਵਾਇਤ ਨੂੰ ਆਪਣੇ ਵਕਤ ਵਿਚ ਹੋਰ ਸੁਦ੍ਰਿੜ੍ਹ ਕਰਨ ਵਿਚ ਵੀ ਗੁਰੂ ਜੀ ਦਾ ਯੋਗਦਾਨ ਬੜਾ ਭਰਵਾਂ ਹੈ। ਆਪ ਜੀ ਦੀ ਆਪਣੇ ਸਿੱਖਾਂ ਨੂੰ ਪ੍ਰੇਰਨਾ ਭਰੀ ਤਾਕੀਦ ਸੀ ਕਿ ਜੋ ਵੀ ਲੋੜਵੰਦ ਤੁਹਾਡੇ ਪਾਸ ਆਵੇ ਉਸ ਨੂੰ ਪਰਸ਼ਾਦ ਜ਼ਰੂਰ ਛਕਾਓ; ਜਿਹੜੇ ਅਜਿਹਾ ਕਰਨਗੇ, ਉਨ੍ਹਾਂ ’ਤੇ ਗੁਰੂ ਦੀ ਕਿਰਪਾ ਹੋਵੇਗੀ।

ਗੁਰੂ ਜੀ ਦੀ ਰਹਿਨੁਮਾਈ ਹੇਠ ਕੀਰਤਪੁਰ ਸਾਹਿਬ ਵਿਖੇ ਇਕ ਵੱਡਾ ਦਵਾਈ ਖਾਨਾ ਰੋਗੀਆਂ-ਲੋੜਵੰਦਾਂ ਲਈ ਨਿਸ਼ਕਾਮ ਸੇਵਾ-ਇਲਾਜ ਹਿੱਤ ਚੱਲਦਾ ਰਿਹਾ, ਜਿੱਥੋਂ ਮੁਗ਼ਲ ਬਾਦਸ਼ਾਹ ਸ਼ਾਹ ਜਹਾਨ ਦੇ ਵੱਡੇ ਪੁੱਤਰ ਦਾਰਾ ਸ਼ਿਕੋਹ ਦੀ ਸਖ਼ਤ ਬਿਮਾਰੀ ਦਾ ਇਲਾਜ ਹਕੀਮਾਂ ਦੁਆਰਾ ਸੁਝਾਈ ਅਤਿ ਦੁਰਲੱਭ ਦਵਾਈ ਉਪਲਬਧ ਹੋ ਜਾਣ ਸਦਕਾ ਹੋ ਸਕਿਆ। ਗੁਰੂ ਪਾਤਸ਼ਾਹ ਨੇ ਇਹ ਸਾਬਤ ਕਰ ਦਿੱਤਾ ਕਿ ਗੁਰੂ-ਘਰ ਸਮੂਹ ਮਨੁੱਖਤਾ ਦੇ ਭਲੇ ਨੂੰ ਸਮਰਪਿਤ ਹੈ।

ਆਪ ਜੀ ਅਤਿਅੰਤ ਕੋਮਲ ਸੰਵੇਦਨਾ ਵਾਲੇ ਸਨ। ਗੁਰੂ ਜੀ ਦਾ ਮਨੁੱਖ ਮਾਤਰ ਦੇ ਇਲਾਵਾ ਜੀਵ-ਜੰਤੂਆਂ, ਪੰਛੀਆਂ ਤੇ ਫੁੱਲਾਂ-ਬੂਟਿਆਂ ਨਾਲ ਪਿਆਰ ਬਹਿਬਲ ਰੂਪ ਵਾਲਾ ਸੀ। ਇਕ ਵਾਰ ਕੀਰਤਪੁਰ ਸਾਹਿਬ ਵਿਖੇ ਬਾਗ਼ ਵਿਚ ਟਹਿਲਣ ਸਮੇਂ ਜਦ ਆਪ ਦੇ ਖੁਲ੍ਹੇ ਚੋਲੇ ਨਾਲ ਅੜ ਕੇ ਕੁਝ ਫੁੱਲ ਭੁੰਞੇ ਡਿੱਗ ਪਏ ਤਾਂ ਆਪ ਉਦਾਸ ਹੋ ਗਏ। ਇਹ ਬ੍ਰਿਤਾਂਤ ਗੁਰੂ ਜੀ ਦੇ ਗੁਰਿਆਈ ਪੁਰ ਸਜਣ ਤੋਂ ਪਹਿਲਾਂ ਦਾ ਹੈ। ਇਸ ਖਾਸ ਘਟਨਾ ਸਮੇਂ ਆਪਣੇ ਦਾਦਾ-ਗੁਰੂ, ਸ੍ਰੀ ਗੁਰੂ ਹਰਿਗੋਬਿੰਦ ਪਾਤਸ਼ਾਹ ਜੀ ਦੇ ਸਿੱਖਿਆ ਭਰੇ ਪਿਆਰ-ਭਿੱਜੇ ਬਚਨਾਂ— “ਚੋਲਾ ਸੰਭਾਲ ਕੇ ਟੁਰੀਦਾ ਹੈ” ਅਥਵਾ “ਦਾਮਨ ਸੰਕੋਚ ਚਲੋ” ਨੂੰ ਆਪ ਨੇ ਯਾਦ ਹੀ ਨਹੀਂ ਸੀ ਰੱਖਿਆ, ਸਗੋਂ ਰਿਦੇ ’ਚ ਵੀ ਵਸਾ ਲਿਆ ਸੀ।

ਇਨਸਾਨੀ ਤੇ ਰੁਹਾਨੀ ਗੁਣਾਂ ਦੀ ਖਾਣ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਨੇ ਆਪਣੇ ਗੁਰਿਆਈ-ਕਾਲ ’ਚ ਸਿੱਖ ਸੰਗਤ ਨੂੰ ਗੁਣਾਂ ਦੀ ਗੁੜ੍ਹਤੀ ਦਿੰਦੇ ਹੋਇਆਂ ਆਦਰਸ਼ਕ ਅਗਵਾਈ ਬਖਸ਼ਿਸ਼ ਕੀਤੀ, ਸਿੱਖੀ ਮਹੱਲ ਨੂੰ ਸੰਵਾਰਨ-ਸ਼ਿੰਗਾਰਨ ਵਿਚ ਕੋਈ ਕਸਰ ਨਾ ਛੱਡੀ। ਅੱਜ ਸਿੱਖ ਸੰਗਤ ਨੂੰ ਵੀ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਨੂੰ ਉਨ੍ਹਾਂ ਦੇ ਸੰਬੰਧਿਤ ਪਾਵਨ ਗੁਰਪੁਰਬ ਅਵਸਰਾਂ ਪੁਰ ਸ਼ਿੱਦਤ ਨਾਲ ਯਾਦ ਕਰਨ ਵਿਚ ਕੋਈ ਢਿੱਲ-ਮੱਠ ਨਹੀਂ ਰਹਿਣ ਦੇਣੀ ਚਾਹੀਦੀ। ਐਸਾ ਕਰਦਿਆਂ ਸਾਨੂੰ ਉਨ੍ਹਾਂ ਦੁਆਰਾ ਪਾਏ ਪੂਰਨਿਆਂ ’ਤੇ ਚੱਲਣ ਤੇ ਉਨ੍ਹਾਂ ਦੇ ਵਡਮੁੱਲੇ ਉਪਦੇਸ਼ ਨੂੰ ਵੀ ਕਮਾਉਣ ਦੀ ਲੋੜ ਹੈ।