ਸ੍ਰੀ ਦਰਬਾਰ ਸਾਹਿਬ ਸਮੂਹ ਵਿੱਚ ਇਸ ਸਮੇਂ ਤਿੰਨ ਇਤਿਹਾਸਕ ਤੇ ਕਈ ਸਦੀਆਂ ਪੁਰਾਣੀਆਂ ਬੇਰੀਆਂ – ਦੁਖਭੰਜਨੀ ਬੇਰੀ, ਬੇਰ ਬਾਬਾ ਬੁੱਢਾ ਸਾਹਿਬ ਅਤੇ ਲਾਚੀ ਬੇਰੀ ਮੌਜੂਦ ਹਨ, ਇਹ ਇਤਿਹਾਸਕ ਦਰਖਤ ਇਸ ਪਾਵਨ ਅਸਥਾਨ ਵਿਖੇ ਸਮੇਂ ਨਾਲ ਤਬਦੀਲੀ ਦੇ ਸਭ ਤੋਂ ਵੱਡੇ ਗਵਾਹ ਹਨ। ਇਨ੍ਹਾਂ ਤਿੰਨਾਂ ਥਾਵਾਂ ਉੱਤੇ ਗੁਰਦੁਆਰਾ ਸਾਹਿਬਾਨ ਸਥਾਪਤ ਹਨ ਅਤੇ ਨਿਰੰਤਰ ਗੁਰਬਾਣੀ ਦਾ ਪ੍ਰਵਾਹ ਚੱਲਦਾ ਹੈ, ਸੰਗਤ ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਲੈਂਦੀ ਹੈ। ਸਿੱਖ ਗੁਰੂ ਸਾਹਿਬਾਨ ਅਤੇ ਗੁਰੂ ਕਾਲ ਵੇਲੇ ਦੇ ਸਿੱਖ ਇਨ੍ਹਾਂ ਬੇਰੀਆਂ ਦੇ ਹੇਠ ਬਿਰਾਜਦੇ ਰਹੇ ਹਨ। ਅੱਜ ਵੀ ਗੁਰੂ ਦੇ ਸਿੱਖ ਇਨ੍ਹਾਂ ਬੇਰੀਆਂ ਦੇ ਹੇਠ ਬੈਠ ਕੇ ਸ੍ਰੀ ਦਰਬਾਰ ਸਾਹਿਬ ਵਿਖੇ ਚੱਲ ਰਹੇ ਨਿਰੰਤਰ ਗੁਰਬਾਣੀ ਕੀਰਤਨ ਦਾ ਅਨੰਦ ਮਾਣਦੇ ਹਨ। ਪ੍ਰਕਰਮਾ ਵਿੱਚ ਇੱਕ ਰੁੱਖ ਇਮਲੀ ਦਾ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਜਾਂਦੀ ਪੌੜੀਆਂ ਕੋਲ ਵੀ ਹੈ, ਇਹ ਇਤਿਹਾਸਕ ਰੁੱਖ ਸਮੇਂ ਨਾਲ ਖਤਮ ਹੋ ਗਿਆ ਸੀ ਅਤੇ ਹੁਣ ਇੱਥੇ ਨਵਾਂ ਬੂਟਾ ਲਗਾ ਕੇ ਇਤਿਹਾਸ ਨੂੰ ਸੁਰਜੀਤ ਰੱਖਣ ਦੀ ਕੋਸ਼ਿਸ਼ ਹੈ। ਇਨ੍ਹਾਂ ਵਿਰਾਸਤੀ ਰੁੱਖਾਂ ਦੀ ਦੇਖ ਰੇਖ ਤੇ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੂੰ ਸੌਂਪੀ ਹੋਈ ਹੈ ਅਤੇ ਸਮੇਂ-ਸਮੇਂ ਤਕਨੀਕੀ ਮਾਹਰ ਆਪਣਾ ਕਾਰਜ ਕਰਦੇ ਹਨ।
ਸ੍ਰੀ ਦਰਬਾਰ ਸਾਹਿਬ ਵਿਖੇ ਆਉਣ ਵਾਲੇ ਸ਼ਰਧਾਲੂ ਅਕਸਰ ਇਨ੍ਹਾਂ ਬੇਰੀਆਂ ਦੇ ਹੇਠਾਂ ਲੰਮਾ ਸਮਾਂ ਖੜ੍ਹ ਕੇ ਉਡੀਕ ਕਰਦੇ ਹਨ ਕਿ ਹਵਾ ਨਾਲ ਝੜ ਕੇ ਕੋਈ ਬੇਰ ਉਨ੍ਹਾਂ ਦੀ ਝੋਲੀ ਪਵੇ। ਬੇਰੀਆਂ ਦੀ ਸਾਂਭ ਸੰਭਾਲ ਦੇ ਮੱਦੇਨਜ਼ਰ ਪ੍ਰਬੰਧਕਾਂ ਨੇ ਸੰਗਤ ਨੂੰ ਇਸ ਗੱਲ ਤੋਂ ਵਰਜਿਆ ਹੋਇਆ ਹੈ ਕਿ ਉਹ ਬੇਰ ਦੇ ਫਲ਼ ਜਾਂ ਪੱਤਿਆਂ ਨੂੰ ਆਪ ਤੋੜਣ। ਪਵਿੱਤਰ ਬੇਰੀਆਂ ਤੋਂ ਬੇਰ ਆਪ ਤੋੜ ਕੇ ਪ੍ਰਾਪਤ ਕਰਨ ਵਾਲਾ ਸੁਭਾਅ ਕੁਦਰਤ ਦੇ ਭਾਣੇ ਜਾਂ ਵਰਤਾਰੇ ਨਾਲ ਮੇਚ ਵੀ ਨਹੀਂ ਖਾਂਦਾ, ਇਸ ਲਈ ਸ਼ਰਧਾਲੂ ਅਜਿਹਾ ਕਰਦੇ ਵੀ ਨਹੀਂ। ਕੋਈ ਇੱਕਾ ਦੁੱਕਾ ਮਰਯਾਦਾ ਤੇ ਸਿੱਖਿਆ ਤੋਂ ਅਣਜਾਣ ਸ਼ਰਧਾਲੂ ਜਾਂ ਯਾਤਰੂ ਹੋ ਸਕਦਾ ਹੈ ਅਜਿਹਾ ਕਰ ਵੀ ਦਿੰਦਾ ਹੋਵੇ। ਜੇਕਰ ਬੇਰ ਆਪ ਛੜ ਕੇ ਜਾਂ ਟੁੱਟ ਕੇ ਕਿਸੇ ਸ਼ਰਧਾਲੂ ਦੀ ਝੋਲੀ ਪਵੇ ਤਾਂ ਸ਼ਰਧਾਲੂ ਵੀ ਉਸ ਨੂੰ ਪ੍ਰਸ਼ਾਦ ਵਜੋਂ ਹਾਸਲ ਕਰਦੇ ਹਨ।
ਦਾਸ ਨੂੰ ਗੁਰੂ ਸਾਹਿਬ ਦੀ ਕਿਰਪਾ ਨਾਲ ਆਪਣੇ ਜੀਵਨ ਕਾਲ ਵਿੱਚ ਅੱਜ ਤੱਕ ਕੇਵਲ ਇੱਕ ਬੇਰ ਦੁਖਭੰਜਨੀ ਬੇਰੀ ਦਾ ਕੁਦਰਤ ਦੇ ਭਾਣੇ ਨਾਲ ਝੋਲੀ ਪਿਆ ਹੈ, ਜਿਸ ਨੂੰ ਸਾਰੇ ਪਰਿਵਾਰ ਨਾਲ ਵੰਡ ਕੇ ਛਕਿਆ ਅਤੇ ਮਨ ਨੂੰ ਬਹੁਤ ਸਕੂਨ ਮਿਲਿਆ। ਜਦੋਂ ਦੁਖਭੰਜਨੀ ਬੇਰੀ ਹੇਠ ਜਲ ਦਾ ਚੂਲਾ ਲੈਣ ਲਈ ਉਤਰਨ ਲੱਗਾ ਤਾਂ ਉੱਤੋਂ ਇੱਕ ਬੇਰ ਹੇਠਾਂ ਸਰੋਵਰ ਦੀ ਸੁੱਕੀ ਪੌੜੀ ਉੱਤੇ ਡਿੱਗ ਕੇ ਫੁੱਟ ਗਿਆ ਅਤੇ ਉਸਤੋਂ ਹੇਠਲੀ ਪੌੜੀ ਜਿੱਥੇ ਸਰੋਵਰ ਦਾ ਜਲ ਸੀ ਵਿੱਚ ਜਾ ਡਿੱਗਾ। ਮੈਂ ਤੁਰੰਤ ਹੀ ਬੇਰ ਚੁੱਕਿਆ ਅਤੇ ਆਪਣੇ ਖੀਸੇ ਵਿੱਚ ਪਾ ਲਿਆ, ਫਲ਼ ਨੂੰ ਕੋਲ ਰੱਖਿਆ ਅਤੇ ਜਿਸ ਦਿਨ ਮਾਪਿਆਂ ਤੇ ਪਰਿਵਾਰ ਕੋਲ ਘਰ ਗਏ ਤਾਂ ਉਸ ਨੂੰ ਵੰਡ ਕੇ ਛਕਿਆ।
ਇਨ੍ਹਾਂ ਬੇਰੀਆਂ ਦੇ ਇਤਿਹਾਸ ਦੀ ਗੱਲ ਕਦੇ ਬਾਅਦ ਵਿੱਚ ਲਿਖਾਂਗੇ ਅਤੇ ਸ਼ਰਧਾ ਤੱਕ ਹੀ ਸੀਮਤ ਰੱਖ ਰਿਹਾ ਹਾਂ। ਮੌਜੂਦਾ ਸਮੇਂ ਇਹ ਬੇਰੀਆਂ ਫਲ਼ਾਂ ਨਾਲ ਲੱਦੀਆਂ ਪਈਆਂ ਹਨ ਅਤੇ ਪੱਕੇ ਬੇਰ ਹਵਾ ਦੇ ਬੁੱਲੇ ਨਾਲ ਹੇਠਾਂ ਡਿੱਗਦੇ ਹਨ ਤੇ ਸ਼ਰਧਾਲੂ ਬੜੀ ਫੁਰਤੀ ਨਾਲ ਉਸ ਨੂੰ ਹਾਸਲ ਕਰਦੇ ਹਨ। ਇਹ ਗੁਰੂ ਸਾਹਿਬ ਦੀ ਕਿਰਪਾ ਹੀ ਹੈ ਕਿ ਸਦੀਆਂ ਬੀਤ ਜਾਣ ਦੇ ਬਾਵਜੂਦ ਵੀ ਇਹ ਬੇਰੀਆਂ ਅੱਜ ਵੀ ਆਪਣੇ ਪ੍ਰਸ਼ਾਦ ਰੂਪੀ ਬੇਰਾਂ ਨਾਲ ਉਵੇਂ ਹੀ ਸੰਗਤ ਨੂੰ ਸੰਤੁਸ਼ਟੀ ਦਿੰਦੀਆਂ ਹਨ ਜਿਵੇਂ ਗੁਰੂ ਕਾਲ ਦਾ ਵੇਲਾ ਸੀ।
-ਜਸਕਰਨ ਸਿੰਘ
