
ਦਸਮ ਗ੍ਰੰਥ ਸਾਰੇ ਪਰ ਅਸੀਂ ਇਸ ਵੇਲੇ ਇਤਿਹਾਸਿਕ ਯਾ ਭਾਵ ਬੋਧਕ ਵਿਵੇਚਨਾ ਨਹੀਂ ਕਰ ਰਹੇ, ਸਮੁੱਚੇ ਸੰਚਯ ਵਿਚ, ਜਿਵੇਂ ਕਿ ਹੈ ਅਸੀਂ ਇਸ ਪੱਖ ਦੀ ਟੋਲ ਕਰਦੇ ਹਾਂ ਤਾਂ ਦੇਵੀ ਪੂਜਨ ਦੀ ਘਟਨਾ ‘ਇਤਿਹਾਸਿਕ ਹੋਈ ਘਟਨਾ’ ਦੇ ਰੂਪ ਵਿਚ ਕਿਤੇ ਨਹੀਂ ਮਿਲਦੀ। ਜਿਵੇਂ ਚੰਡੀ ਦੀ ਵਾਰ ਵਿਚ ਦੇਵੀ ਦੇ ਪ੍ਰਸੰਗ ਹਨ ਤਿਵੇਂ ਅਵਤਾਰਾਂ ਦੇ ਸੰਚੇ ਤੇ ‘ਚਰਿੱਤਾਂ’ ਵਿਚ ਬੀ ਕਿਤੇ ਕਿਤੇ ਦੇਵੀ ਦੇ ਜ਼ਿਕਰ ਮਿਲਦੇ ਹਨ ਪਰ ਇਨ੍ਹਾਂ ਵਿਚ ਬੀ ਦੇਵੀ ਸਤਿਗੁਰਾਂ ਨੇ ਆਪ ਪੂਜੀ ਹੈ’ ਦੀ ਕੋਈ ਇਤਿਹਾਸਿਕ ਘਟਨਾ ਵਾਲੀ ਲਿਖਤ ਨਹੀਂ ਮਿਲਦੀ। ਚਰਿੱਤ੍ਰਾਂ ਵਿਚ ਦਿੱਤੀਆਂ ਕਹਾਣੀਆਂ ਵਿਚ, ਜੋ ਕਿਸੇ ਨਾਯਕ ਨਾਯਕਾ ਦੇ ਦੇਵੀ ਪੂਜਨ ਯਾ ਵਰ ਪ੍ਰਾਪਤੀ ਆਦਿ ਦਾ ਜ਼ਿਕਰ ਆਇਆ ਹੈ ਤਾਂ ਉਹ ਉਸੇ ਕਹਾਣੀ ਵਿਚ ਕਥੇ ਅੰਨ੍ਯ ਪੁਰਖਾਂ ਦੇ ਧਰਮ ਵਿਸ਼ਾਸ ਤੇ ਕਰੱਤਤਵ ਦਾ ਸੂਚਕ ਹੈ, ਪਰ ਗੁਰੂ ਜੀ ਦਾ ਵਿਸ਼ਵਾਸ ਯਾ ਗੁਰੂ ਜੀ ਦੇ ਨਿਜ ਨਾਲ ਵਰਤੀ ਘਟਨਾ ਵਾਲੀ ਲਿਖਤ ਨਹੀਂ ਹੈ। ਫਿਰ ਜਦ ਚਰਿੱਤਾਂ ਦੀ ਹੋਰ ਖੋਜ ਕਰੀਏ ਤਾਂ ਸਗੋਂ ਉਥੋਂ ਹੀ ਦੇਵਤਿਆਂ ਦੇ ਸਿੱਧ ਕਰਨ ਕਰਾਵਨ ਵਾਲਿਆਂ ਦੇ ਉਲਟ ਬੀ ਸਾਮਾਨ ਮਿਲ ਜਾਂਦਾ ਹੈ ਜੋ ਦੱਸਦਾ ਹੈ ਕਿ ਮੰਤ੍ਰ ਪ੍ਰਯੋਗ ਆਦਿ ਨਾਲ ਦੇਵਤਿਆਂ ਨੂੰ ਸਿੱਧ ਕਰਨ ਦੀਆਂ ਜੁਗਤਾਂ ਪੁਰ ਮਖੌਲ ਉਡਾਏ ਗਏ ਹਨ।
ਦੇਖੋ ਚਰਿੱਤ੍ਰ ੨੬੬, ਜਿਸ ਵਿਚ ਐਉਂ ਲਿਖਿਆ ਹੈ :
ਸੁਨਹੁ ਬਿਪ ਤੁਮ ਮੰਤ੍ਰ ਦੇਤ ਜਿਹ॥
ਲੂਟਿ ਲੇਤ ਤਿਹ ਘਰ ਬਿਧਿ ਜਿਹ ਕਿਹ॥
ਤਾਕਹ ਕਛੂ ਗ੍ਯਾਨ ਨਹਿ ਆਵੈ॥
ਮੂਰਖ ਅਪਨਾ ਮੂੰਡ ਮੁੰਡਾਵੈ ੨੯॥
ਤਿਹ ਤੁਮ ਕਹੁ ਮੰਤ੍ਰ ਸਿਧਿ ਹੈ ਹੈ॥
ਮਹਾਂਦੇਵ ਤੋਕੌ ਬਰੁ ਦੈਹੈ॥
ਜਬ ਤਾਤੇ ਨਹਿ ਹੋਤ ਮੰਤ੍ਰ ਸਿਧਿ॥
ਤਬ ਤੁਮ ਬਚਨ ਕਹਤ ਹੌ ਇਹ ਬਿਧਿ॥੩੦॥
ਕਛੂ ਕੁਕ੍ਰਿਯਾ ਤੁਮਤੇ ਭਯੋ॥ ਤਾਂਤੇ ਦਰਸ ਨ ਸ਼ਿਵ ਦਯੋ॥
ਅਬ ਤੈ ਪੁੰਨ੍ਯ ਦਾਨ ਦਿਜ ਕਰੁ ਰੇ॥
ਪੁਨਿ ਸ਼ਿਵ ਕੇ ਮੰਤ੍ਰਹਿ ਅਨੁਸਰੁ ਰੇ॥੩੧॥
ਉਲਟੋ ਡੰਡ ਤਿਸੀ ਤੇ ਲੇਹੀ॥ ਪੁਨਿ ਤਿਹ ਮੰਤ੍ਰ ਰੁਦ੍ਰ ਕੋ ਦੇਹੀ॥
ਭਾਂਤਿ ਭਾਂਤਿ ਤਾਕੌ ਭਟਕਾਵੈਂ॥ ਅੰਤ ਬਾਰ ਇਮਿ ਭਾਖ ਸੁਨਾਵੈਂ ॥੩੨॥
ਤੋ ਤੇ ਕਛੁ ਅੱਛਰ ਰਹਿ ਗਯੋ॥
ਤੈ ਕਛੁ ਭੰਗ ਕ੍ਰਿਯਾ ਤੇ ਭਯੋ॥ ਤਾਤੇ ਤੁਹਿ ਬਰੁ ਰੁੱਦ੍ਰ ਨ ਦੀਨਾ॥
ਪੁੰਨ੍ਯ ਦਾਨ ਚਹਿਯਤ ਪੁਨਿ ਕੀਨਾ॥੩੩॥
ਇਹ ਬਿਧਿ ਮੰਤ੍ਰ ਸਿਖਾਵਤ ਤਾਕੋ॥
ਲੂਟਾ ਚਹਤ ਬਿਪ੍ਰ ਘਰ ਜਾਕੋ॥
ਜਬ ਵਹੁ ਦਰਬ ਰਹਤ ਹੈ ਜਾਈ॥
ਔਰ ਧਾਮ ਤਬ ਚਲਤ ਤਕਾਈ॥੩੪॥ ਦੋਹਰਾ॥
ਮੰਤ੍ਰ ਜੰਤ੍ਰ ਅਰੁ ਤੰਤ੍ਰ ਸਿਧਿ ਜੌ ਇਨ ਮਹਿ ਕਛੁ ਹੋਇ॥ ਹਜਰਤਿ ਹੈ ਆਪਹਿ ਰਹਹਿ ਮਾਗਤ ਫਿਰਤ ਨ ਕੋਇ॥੩੫॥
ਇਸ ਵਿਚ ਹੁਣ ਦੇਵਤਾ ਸਿੱਧ ਕਰਨ ਦੇ ਦਾਅਵੇ ਦਾਰਾਂ ਦੀਆਂ ਚਲਾਕੀਆਂ ਦੱਸੀਆਂ ਗਈਆਂ ਤੇ ਅੰਤ ਵਿਚ ਗੱਜ ਵੱਜ ਕੇ ਕਹਿ ਦਿੱਤਾ ਹੈ ਕਿ ਜੰਤ੍ਰਾਂ ਮੰਤ੍ਰਾਂ ਵਿਚ ਐਸੀਆਂ ਸਿੱਧੀਆਂ ਏਹ ਲੋਕ ਰੱਖਦੇ ਹਨ ਤਾਂ ਦਰ ਦਰ ਮੰਗਦੇ ਕਿਉਂ ਫਿਰਦੇ ਹਨ। ਹਜ਼ਰਤ ਬਣ ਕੇ ਕਿਉਂ ਨਹੀਂ ਬੈਠ ਜਾਂਦੇ। ਫਿਰ ਇਸੇ ਚਰਿੱਤ੍ਰ ਵਿਚ ਪ੍ਰਯੋਗ ਆਦਿ ਦਾ ਆਪ ਖੰਡਨ ਕੀਤਾ ਹੈ :
“ਧਨੀ ਪੁਰਖ ਕਹੁਖਿ ਦਿਜ ਦੋਖ ਲਗਾਵਹੀਂ॥
ਹੋਮ ਜਗ੍ਯ ਤਾਂਤੇ ਬਹੁ ਭਾਂਤ ਕਰਾਵਹੀਂ॥
ਧਨਿਯਹਿ ਕਰਿ ਨਿਰਧਨੀ ਜਾਤ ਧਨ ਖਾਇਕੈ॥
ਹੋ ਬਹੁਰ ਨ ਤਾਂਕੋ ਬਦਨ ਦਿਖਾਵਤ ਆਇਕੈ॥੭੬॥ ਚੌਪਈ॥
ਕਾਂਹੂ ਲੈ ਤੀਰਥਨ ਸਿਧਾਵੈਂ ॥ ਕਾਹੂ ਅਫਲ ਪ੍ਰਯੋਗ ਬਤਾਵੈਂ॥ ਕਾਕਨ ਦੋਂ ਮਿੰਡਰਾਤ ਧਨੂ ਪਰ॥
ਕ੍ਯੋਂ ਕਿਲਕਿਲਾ ਮਛਰੀਐ ਦੂ ਪਰ ॥੭੭॥
ਫਿਰ ਇਨ੍ਹਾਂ ਚਰਿੱਤ੍ਰਾਂ ਦੇ ਅੰਤ ਵਿਚ ਇਕ ਰੋਮਾਂਚਕ (Romantic) ਕਹਾਣੀ ਬੀਰ ਰਸੀ ਜੋਸ਼ ਪੈਦਾ ਕਰਨ ਵਾਲੀ ਲਿਖੀ ਗਈ ਮਿਲਦੀ ਹੈ। ਇਸ ਵਿਚ ਦੋ ਵੈਰੀ ਦਲਾਂ ਦੀ ਕ੍ਰੋਧ ਅਗਨੀ ਤੋਂ ਇਕ ਤ੍ਰੀਮਤ ਉਪਜ ਪੈਂਦੀ ਹੈ ਤੇ ਉਹ ‘ਸਾਈਂ’ ਜੀ ਨਾਲ ਵਿਆਹ ਕਰਨ ਲਈ ਤਪ ਕਰਦੀ ਹੈ। ‘ਸਾਈਂ’ ਜੀ ਉਸ ਨੂੰ ਵਰ ਦੇਂਦੇ ਹਨ ਕਿ ਜਦ ਤੂੰ ਸਾਸਬੀਰਜ ਰਾਖਸ਼ ਨੂੰ ਮਾਰ ਲਵੇਂਗੀ ਤਾਂ ਤੇਰੀ ਮੁਰਾਦ ਪੁੱਗੇਗੀ। ਇਹ ਅਲੰਕਾਰਿਕ ਤ੍ਰੀਮਤ ਫੇਰ ਦੇਵੀ ਨੂੰ ਅਰਾਧਦੀ ਹੈ। ਇਹ ਤ੍ਰੀਮਤ ਰਾਖਸ਼ ਨਾਲ ਜੁੱਧ ਕਰਕੇ ਕਾਮਯਾਬ ਨਹੀਂ ਹੁੰਦੀ। ਜੰਗ ਦੇ ਹਾਲਾਤ ਬੜੇ ਜੋਸ਼ਦਾਰ ਬੀਰ ਤੇ ਰੌਦ੍ਰ ਰਸ ਦੇ ਪ੍ਰਭਾਵਸ਼ਾਲੀ ਹਨ। ਅੰਤ ਵਿਚ ‘ਸਾਈਂ’ ਜੀ ਸ੍ਰੀ ਅਸਿਕਤੇ ਜੀ-ਆਪ ਰਾਖਸ਼ ਨੂੰ ਮਾਰਨ ਵਿਚ ਕਾਮਯਾਬ ਹੁੰਦੇ ਹਨ ਪਰ ਫਿਰ ਉਸ ਅਲੰਕਾਰਕ ਤ੍ਰੀਮਤ ਦਾ ਜ਼ਿਕਰ ਨਹੀਂ ਆਉਂਦਾ। ਰੌਦ੍ਰ ਤੇ ਬੀਰ ਰਸੀ ਉਮਾਹ ਤੇ ਜੋਸ਼ ਵਰਣਨ ਵਿਚ ਕਹਾਣੀ ਦਾ ਸਿਲਸਿਲਾ ਹੀ ਲੋਪ ਹੋ ਜਾਂਦਾ ਹੈ। ਫਿਰ ਇਸ ਕਹਾਣੀ ਦਾ ਅੰਤ ਪਰ ਸ੍ਰੀ ਗੁਰੂ ਜੀ ਦੀ ਪ੍ਰਸਿੱਧ ਚੋਪਈ ਆਉਂਦੀ ਹੈ। ਇਹ ਚੌਪਈ ਉਸੇ ਤਰਾਂ ਦੀ ਹੈ ਜਿਸ ਤਰ੍ਹਾਂ ਦਾ ਕਿ ਸ੍ਵੈਯਾ “ਪਾਇ ਗਹੇ ਜਬ ਤੇ ਤੁਮਰੇ’ ਰਾਮਾਵਤਾਰ ਦੇ ਅੰਤਰ ਪਰ ਯਾ “ਮੈ ਨ ਗਨੇਸਹਿ” ਕ੍ਰਿਸ਼ਨਾਵਤਾਰਿ ਵਿਚ ਆਉਂਦੇ ਹਨ। ਇਸ ਚੌਪਈ ਵਿਚ ਵਾਕ ਆਉਂਦੇ ਹਨ :
“ਤੁਮਹਿ ਛਾਡਿ ਕੋਈ ਅਵਰ ਨ ਧ੍ਯਾਊਂ॥
ਜੋ ਬਰ ਚਹੋਂ ਸੁ ਤੁਮ ਤੇ ਪਾਊਂ।।”
ਇਸ ਚੌਪਈ ਵਿਚ ਬ੍ਰਹਮਾ, ਸ਼ਿਵ, ਵਿਸ਼ਨੂੰ ਆਦਿਕਾਂ ਨੂੰ ਕਾਲ ਦੇ ਕੀਤੇ ਹੋਏ (ਕ੍ਰਿਤ) ਦੱਸਿਆ ਹੈ ਤੇ ਇਨ੍ਹਾਂ ਦੇ ਕਰਨਹਾਰ ਨੂੰ ਆਪਣਾ ਪੂਯ ਦੱਸਿਆ ਹੈ। ਯਥਾ:-
ਜਵਨ ਕਾਲ ਸਭ ਲੋਕ ਸਵਾਰਾ।।
ਨਮਸਕਾਰ ਹੈ ਤਾਹਿ ਹਮਾਰਾ॥ ੩੮੪॥
ਜਵਨ ਕਾਲ ਸਭ ਜਗਤ ਬਨਾਯੋ॥
ਦੇਵ ਦੈਤ ਜੱਛਨ ਉਪਜਾਯੋ॥ ਆਦਿ ਅੰਤਿ ਏਕੈ ਅਵਤਾਰਾ॥ ਸੋਈ ਗੁਰੂ ਸਮਝਿਯਹੁ ਹਮਾਰਾ॥ ੩੮੫॥
ਇਸ ਵਿਚ ਉਸੇ ਸਿਰਜਣਹਾਰ ਕਰਤਾਰ ਨੂੰ ਨਿਰਲੇਪ ਨਿਰੰਕਾਰ ਕਹਿ ਕੇ ਨਿਰਗੁਣ ਸਰੂਪ ਵਾਲਾ ਦੱਸਦੇ ਹਨ। :-
ਤੁਮ ਸਭ ਹੀ ਤੇ ਰਹਤ ਨਿਰਾਲਮ॥
ਜਾਨਤ ਬੇਦ ਭੇਦ ਅਰੁ ਆਲਮ॥ ੩੯੦॥
ਨਿਰੰਕਾਰ ਨ੍ਰਿਬਿਕਾਰ ਨ੍ਰਿਲੰਭ॥
ਆਦਿ ਅਨੀਲ ਅਨਾਦਿ ਅਸੰਭ॥
ਇਸੇ “ਦੁਹੂੰ ਪਾਖ ਕਾ ਆਪਹਿ ਧਨੀ” ਦੇ ਅੱਗੇ ਫੇਰ ਬੀਰ ਰਸੀ ਸਹਾਯਤਾ ਲਈ ਅਰਦਾਸ ਕਰਦੇ ਹਨ :
ਅਬ ਰੱਛਾ ਮੇਰੀ ਤੁਮ ਕਰੋ॥ ਸਿੱਖ੍ਯ ਉਬਾਰਿ ਅਸਿੱਖ੍ਯ ਸੰਘਰੋ॥
ਦੁਸ਼ਟ ਜਿਤੇ ਉਠਵਤ ਉਤਪਾਤਾ॥
ਸਕਲ ਮਲੇਛ ਕਰੋ ਰਣ ਘਾਤਾ॥੩੯੬॥
ਫਿਰ ਆਪਣੇ ਅਸੂਲ ਮੂਜਬ ਕਿ ਵਾਹਿਗੁਰੂ ਨੂੰ ਹਰ ਲਿੰਗ ਵਿਚ ਵਰਣਨ ਕਰਨਾ ਅਲਿੰਗ ਵਰਣਨ ਕਰਨ ਤੁੱਲ ਹੈ, ਆਪ ਨੇ ਕਿਹਾ ਹੈ :
ਕ੍ਰਿਪਾ ਕਰੀ ਹਮ ਪਰ ਜਗਮਾਤਾ॥
ਗ੍ਰੰਥ ਕਰਾ ਪੂਰਨ ਸੁਭ ਰਾਤਾ॥
ਕਿਲਬਿਖ ਸਕਲ ਦੇਹ ਕੋ ਹਰਤਾ॥
ਦੁਸ਼ਟ ਦੋਖਿਯਨ ਕੋ ਛੈ ਕਰਤਾ॥ ੪੦੨॥
ਇਸੇ ਉਸ ਨੂੰ ਜਗਮਾਤਾ ਕਹਿ ਕੇ ਪੁਲਿੰਗ ਵਾਚੀ ਪਦਾਂ ‘ਕੋ ਹਰਤਾ’ ਤੇ ‘ਕੋ ਛੈ ਕਰਤਾ’ ਨਾਲ ਯਾਦ ਕੀਤਾ ਹੈ ਤੇ ਅੱਗੇ ਇਸੇ ਜਗਮਾਤਾ ਨੂੰ ਪੁਲਿੰਗ ਵਾਚਕ ਪਦਾਂ ਨਾਲ ਯਾਦ ਕਰੀ ਟੁਰੀ ਜਾਂਦੇ ਹਨ :
“ਸ੍ਰੀ ਅਸਿਧੁਜ ਜਬ ਭਏ ਦਯਾਲਾ॥ ਪੂਰਨ ਕਰਾ ਗ੍ਰੰਥ ਤਤਕਾਲਾ॥
ਇਹ ਬੇਨਤੀ ਵਾਲੀ ਚੌਪਈ ਅਸਿਕੇਤੁ ਸੰਗ੍ਰਾਮ ਚਰਿਤ੍ਰ ਦੇ ਅਖੀਰ ਪਰ ਰੱਖ ਕੇ ਜਣਾ ਦਿੱਤਾ ਹੈ ਕਿ ਗ੍ਰੰਥ ਵਿਚ ਆਏ ਕਿੱਸੇ ਕਹਾਣੀਆਂ ਤੋਂ ਮੇਰੇ ਇਸ਼ਟ, ਮੇਰੇ ਗੁਰੂ, ਮੇਰੇ ਜੁੱਧ ਦੇਵ (War God) ਦਾ ਭੁਲੇਖਾ ਨਾ ਖਾ ਜਾਣਾ। ਏਹ ਕਿੱਸੇ ਕਹਾਣੀਆਂ ਬੁੱਧੀ ਦੀ ਤੀਖਣਤਾ ਤੇ ਬੀਰ-ਰਸੀ ਉਮਾਹ ਲਈ ਹਨ।
ਇਹ ਚੌਪਈ ਲਿਖ ਦੇਣ ਨਾਲ ਚਰਿੱਤ੍ਰ ਵਿਚ ਕਿ ਸਾਰੇ ਸੰਚਯ ਵਿਚ ਕਿਤੇ ਵੀ ਆਏ ਦੇਵੀ ਦੇ ਜ਼ਿਕਰ ਨੂੰ ਗੁਰੂ ਜੀ ਦਾ ਇਸ਼ਟ ਲਖਾਯਕ ਸਮਝਣ ਦੀ ਮਨਾਹੀ ਆ ਗਈ। ਅਚਰਜ ਨਹੀਂ ਕਿ ਸਾਰੇ ਸੰਚਯ ਨੂੰ ਤਰਤੀਬ ਦੇਣ ਵਾਲਿਆਂ ਦਾ ਇਸ ਚਰਿੱਤ੍ਰ ਪਖਯਾਨ ਨੂੰ ਸਾਰੇ ਦੇ ਅਖੀਰ ਪਰ (ਕੇਵਲ ਜ਼ਫ਼ਰਨਾਮੇ ਤੋਂ ਪਹਿਲਾਂ) ਰੱਖ ਵਿਚ ਇਹੋ ਭਾਵ ਹੋਵੇ ਕਿ ਇਸ ਚੌਪਈ ਦੇ ਪਾਠ ਤੋਂ ਸਪੱਸ਼ਟ ਹੋ ਜਾਵੇ ਕਿ ਗੁਰੂ ਜੀ ਦਾ ਅਰਾਧਿਆ ਗਿਆ, ਪੂਜਿਆ ਗਿਆ ਤੇ ਜੰਗ ਲਈ ਆਵਾਹਨ ਕੀਤਾ ਗਿਆ ਦੇਵ ਇੱਕੋ ਅਕਾਲ ਪੁਰਖ ਹੈ, ਤਾਂਕਿ ਪਾਠਕਾਂ ਨੂੰ ਕਦੇ ਭੁਲੇਖਾ ਨਾ ਪਵੇ।
ਭਾਈ ਸਾਹਿਬ ਭਾਈ ਵੀਰ ਸਿੰਘ ਜੀ