ਸਿੱਖ ਕੌਮ ਦੇ ਕੇਂਦਰੀ ਤੇ ਸਰਬ ਉੱਚ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅੰਦਰ ਪੁਰਾਤਨ ਸਮੇਂ ਤੋਂ ਚਲੀ ਆ ਰਹੀ ਮਰਯਾਦਾ ਅਨੁਸਾਰ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਆਸਾ ਜੀ ਦੀ ਵਾਰ ਦਾ ਕੀਰਤਨ ਸੰਪੂਰਨ ਹੋਣ ਤੋਂ ਮਗਰੋਂ ਦੂਸਰੀ ਵਾਰ ਅਰਦਾਸ ਹੁੰਦੀ ਹੈ। ਇਸ ਉਪਰੰਤ ਸਿੰਘ ਸਾਹਿਬ ਜੀ ਦੂਸਰਾ ਹੁਕਮਨਾਮਾ ਲੈਂਦੇ ਹਨ, ਭਾਵ ਪਹਿਲਾ ਹੁਕਮਨਾਮਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਸਮੇਂ ਲਿਆ ਜਾਂਦਾ ਹੈ। ਅਤੇ ਦੂਸਰਾ ਹੁਕਮਨਾਮਾ ਆਸਾ ਜੀ ਦੀ ਵਾਰ ਦੇ ਕੀਰਤਨ ਸੰਪੂਰਨ ਹੋਣ ਤੋਂ ਬਾਅਦ ਲਿਆ ਜਾਂਦਾ ਹੈ। ਇਸ ਸਮੇਂ ਸਿੰਘ ਸਾਹਿਬ ਜੀ ਸ਼ੁਰੂ ਵਿਚ ਮੰਗਲ ਕਰਦੇ ਹਨ, ਪਹਿਲਾਂ ਮੂਲ ਮੰਤਰ ਪੜ੍ਹਦੇ ਹਨ। ਫਿਰ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਪਹਿਲੀ ਬਾਣੀ ਸ੍ਰੀ ਜਾਪੁ ਸਾਹਿਬ ਜੀ ਦਾ ਪਹਿਲਾ ਸ਼ਬਦ-
ਚੱਕ੍ਰ ਚਿਹਨ ਅਰੁ ਬਰਨ ਜਾਤਿ ਅਰੁ ਪਾਤਿ ਨਹਿਨ ਜਿਹ॥
ਰੂਪ ਰੰਗ ਅਰੁ ਰੇਖ ਭੇਖ ਕੋਊ ਕਹਿ ਨ ਸਕਤਿ ਕਿਹ॥ ਅਚਲ ਮੂਰਤਿ ਅਨਭਉ ਪ੍ਰਕਾਸ ਅਮਿਤੋਜ ਕਹਿੱਜੈ॥ ਕੋਟਿ ਇੰਦ੍ਰ ਇੰਦ੍ਰਾਣਿ ਸਾਹਿ ਸਾਹਾਣਿ ਗਣਿਜੈ॥
ਤ੍ਰਿਭਵਣ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਤ॥
ਤ੍ਵ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਤਨ ਸੁਮਤਿ ॥੧॥ (ਸ੍ਰੀ ਦਸਮ ਗ੍ਰੰਥ, ਜਾਪੁ ਸਾਹਿਬ)
ਇਸ ਮਗਰੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਵਿਚੋਂ ਹੁਕਮਨਾਮੇ ਨਾਲ ਸੰਬੰਧਤ ਇਕ ਸਵੱਈਆ ਪੜ੍ਹਦੇ ਹਨ ਅਤੇ ਫੇਰ ਸੰਬੰਧਤ ਦਿਨ ਦਿਹਾੜੇ ਨਾਲ ਗੁਰਬਾਣੀ ਦਾ ਸ਼ਬਦ ਜਾਂ ਸ੍ਰੀ ਦਸਮ ਗ੍ਰੰਥ ਦੀ ਬਾਣੀ, ਜਾਂ ਫੇਰ ਭਾਈ ਗੁਰਦਾਸ ਸਾਹਿਬ ਜੀ ਦੀ ਰਚਨਾ ਵਾਰਾਂ ਤੇ ਕਬਿੱਤ ਸਵੱਈਏ ਅਤੇ ਭਾਈ ਨੰਦ ਲਾਲ ਜੀ ਦੀ ਰਚਨਾ ਵਿਚੋਂ ਮੰਗਲ ਰੂਪ ਵਿਚ ਪੜਿਆ ਜਾਂਦਾ ਹੈ। ਇਕ ਪੁਰਾਤਨ ਚੱਲੀ ਆ ਰਹੀ ਰਵਾਇਤ ਅਨੁਸਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅੰਦਰ ਸ਼ਹੀਦ ਭਾਈ ਮਨੀ ਸਿੰਘ ਜੀ ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਚਲਾਈ ਮਰਯਾਦਾ ਅਨੁਸਾਰ ਇਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ, ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਬਾਣੀ, ਭਾਈ ਗੁਰਦਾਸ ਦੀ ਦੀਆਂ ਵਾਰਾਂ ਤੇ ਕਬਿੱਤ ਸ੍ਵਯੇ ਅਤੇ ਭਾਈ ਨੰਦ ਲਾਲ ਜੀ ਦੀ ਰਚਨਾ ਵਿਚੋਂ ਹੀ ਹੁਕਮਨਾਮਾ ਲੈਣ ਸਮੇਂ ਮੰਗਲ ਰੂਪ ਵਿਚ ਅਤੇ ਕੀਰਤਨ ਕਰਨ ਸਮੇਂ ਪੜ੍ਹੀ ਜਾਂਦੀ ਹੈ। ਇਸ ਤੋਂ ਬਿਨਾਂ ਹੋਰ ਕੋਈ ਇਤਿਹਾਸਕ ਰਚਨਾ ਕੀਰਤਨ ਸਮੇਂ ਨਹੀਂ ਪੜ੍ਹੀ ਜਾ ਸਕਦੀ। ਸ੍ਰੀ ਹਰਿਮੰਦਰ ਸਾਹਿਬ ਅੰਦਰ ਇਹ ਚਾਰ ਹੀ ਪਵਿੱਤਰ ਰਚਨਾਵਾਂ ਪ੍ਰਵਾਨਿਤ ਮੰਨੀਆਂ ਗਈਆਂ ਹਨ।
ਚੋਜੀ ਪ੍ਰੀਤਮ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਸੰਮਤ ੧੭੨੩, ਸੰਨ ੧੬੬੬ ਨੂੰ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਪ੍ਰਕਾਸ਼ ਹੋਇਆ। ਭਾਵ ਅਵਤਾਰ ਧਾਰਿਆ। ਇਸ ਪਵਿੱਤਰ ਗੁਰਪੁਰਬ ਸਮੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅੰਮ੍ਰਿਤਸਰ ਅੰਦਰ ਅੰਮ੍ਰਿਤ ਵੇਲੇ ਦਾ ਦੂਸਰਾ ਹੁਕਮਨਾਮਾ ਲੈਣ ਸਮੇਂ ਸਿੰਘ ਸਾਹਿਬ ਜੀ ਇਹ ਪਾਵਨ ਬਾਣੀ ਮੰਗਲ ਰੂਪ ਵਿਚ ਪੜ੍ਹਦੇ ਹਨ:-
ਤਹੀ ਪ੍ਰਕਾਸ ਹਮਾਰਾ ਭਯੋ॥
ਪਟਨਾ ਸਾਹਿਬ ਬਿਖੈ ਭਵ ਲਯੋ॥ (ਸ੍ਰੀ ਦਸਮ ਗ੍ਰੰਥ ਸਾਹਿਬ, ਬਚਿਤ੍ਰ ਨਾਟਕ)
ਅਥਵਾ :-ਹਮ ਇਹ ਕਾਜ ਜਗਤ ਮੋ ਆਏ॥
ਧਰਮ ਹੇਤ ਗੁਰਦੇਵ ਪਠਾਏ॥
ਜਹਾਂ ਤਹਾਂ ਤੁਮ ਧਰਮ ਬਿਥਾਰੋ॥
ਦੁਸਟ ਦੋਖਿਅਨਿ ਪਕਰਿ ਪਛਾਰੋ॥੪੨॥
ਯਾਹੀ ਕਾਰਜ ਧਰਾ ਹਮ ਜਨਮੰ॥
ਸਮਝ ਲੇਹੁ ਸਾਧੂ ਸਭ ਮਨਮੰ॥
ਧਰਮ ਚਲਾਵਨ ਸੰਤ ਉਬਾਰਨ॥
ਦੁਸਟ ਸਭਨ ਕੋ ਮੂਲ ਉਪਾਰਨ॥ ੪੩ ॥
(ਸ੍ਰੀ ਦਸਮ ਗ੍ਰੰਥ ਸਾਹਿਬ, ਬਚਿਤ੍ਰ ਨਾਟਕ)
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅੰਦਰ ਗੁਰੂ ਕੇ ਕੀਰਤਨੀਏ ਵੀ ਪ੍ਰਕਾਸ਼ ਗੁਰਪੁਰਬ ਵਾਲੇ ਦਿਨ ਵਧੀਕ ਰੂਪ ਵਿਚ ਦਸਮ ਪਾਤਸ਼ਾਹ ਜੀ ਦੀ ਇਸ ਪਵਿੱਤਰ ਬਾਣੀ ਦਾ ਕੀਰਤਨ ਕਰਦੇ ਹਨ। ਇਕੱਲੇ ਇਥੇ ਹੀ ਨਹੀਂ, ਬਾਕੀ ਹੋਰ ਵੀ ਗੁਰੂ ਕੇ ਇਤਿਹਾਸਕ ਅਸਥਾਨ :
੧. ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਜੀ।
੨. ਤਖ਼ਤ ਸ੍ਰੀ ਹਰਿਮੰਦਰ ਜੀ, ਪਟਨਾ ਸਾਹਿਬ।
੩ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਅਨੰਦਪੁਰ ਸਾਹਿਬ।
੪. ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਕੀ (ਬਠਿੰਡਾ)।
੫. ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਬਿਚਲ ਨਗਰ ਸਾਹਿਬ ਨਾਂਦੇੜ ਆਦਿ ਇਤਿਹਾਸਕ ਅਸਥਾਨਾਂ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਨਾਲ ਸ੍ਰੀ ਦਸਮ ਗ੍ਰੰਥ ਜੀ ਦੀ ਬਾਣੀ ਦਾ ਇਸ ਪ੍ਰਕਾਸ਼ ਗੁਰਪੁਰਬ ਵਾਲੇ ਦਿਨ ਕਥਾ ਕੀਰਤਨ ਪੁਰਾਤਨ ਸਮੇਂ ਤੋਂ ਹੁੰਦਾ ਆ ਰਿਹਾ ਹੈ।
ਗੁਰੂ ਨਾਨਕ ਦੀ ਰੱਬੀ ਜੋਤ ਜੋ ਦਸ ਸਰੂਪਾਂ ਵਿਚ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਰੂਪ ਹੋ ਕੇ ਵਰਤਮਾਨ ਅੰਦਰ ਜਗਤ ਜੀਆਂ ਨੂੰ ਸੱਚੀ ਅਤੇ ਰੂਹਾਨੀਅਤ ਦੀ ਸਿੱਖਿਆ ਅਤੇ ਉਪਦੇਸ਼ ਰੂਪ ਵਿਚ ਰੌਸ਼ਨੀ ਬਖ਼ਸ਼ ਰਹੀ ਹੈ। ਪਾਵਨ ਗੁਰਬਾਣੀ ਦੇ ਇਸ ਸਿਧਾਂਤ ਅਨੁਸਾਰ- ਜੋਤ ਓਹਾ ਜੁਗਤ ਸਾਇ ਸਹਿ ਕਾਇਆ ਫੇਰ ਪਲਟੀਐ॥ ਦੇ ਕਥਨ ਮੁਤਾਬਕ ਗੁਰੂ ਨਾਨਕ ਦੀ ਜੋਤ ਪਹਿਲੇ ਸਰੂਪ ਤੋਂ ਨੌਂਵੇਂ ਸਰੂਪ ਧਾਰਨ ਤੱਕ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸ੍ਰੀ ਦਸਮ ਗ੍ਰੰਥ ਸਾਹਿਬ ਅੰਦਰ ਇਸ ਤਰ੍ਹਾਂ ਪ੍ਰਗਟ ਕੀਤਾ ਹੈ :
ਸ੍ਰੀ ਨਾਨਕ ਅੰਗਦਿ ਕਰਿ ਮਾਨਾ॥
ਅਮਰ ਦਾਸ ਅੰਗਦ ਪਹਿਚਾਨਾ ॥
ਅਮਰ ਦਾਸ ਰਾਮ ਦਾਸ ਕਹਾਯੋ॥
ਸਾਧਨਿ ਲਖਾ ਮੂੜ ਨਹਿ ਪਾਯੋ॥੯॥
ਭਿੰਨ ਭਿੰਨ ਸਬਹੂੰ ਕਰਿ ਜਾਨਾ ॥
ਏਕ ਰੂਪ ਕਿਨਹੂੰ ਪਹਿਚਾਨਾ॥
ਜਿਨ ਜਾਨਾਂ ਤਿਨ ਹੀ ਸਿਧ ਪਾਈ॥
ਬਿਨ ਸਮਝੇ ਸਿਧ ਹਾਥ ਨ ਆਈ॥੧੦॥
ਰਾਮਦਾਸ ਹਰਿ ਸੋ ਮਿਲ ਗਏ।।
ਗੁਰਤਾ ਦੇਤ ਅਰਜੁਨਹਿ ਭਏ॥
ਜਬ ਅਰਜਨ ਪ੍ਰਭ ਲੋਕ ਸਿਧਾਏ॥
ਹਰਿਗੋਬਿੰਦ ਤਿਹ ਠਾਂ ਠਹਰਾਏ॥੧੧॥
ਹਰਿਗੋਬਿੰਦ ਪ੍ਰਭ ਲੋਕ ਸਿਧਾਰੇ॥
ਹਰੀ ਰਾਇ ਤਿਹ ਠਾਂ ਬੈਠਾਰੇ॥
ਹਰੀ ਕ੍ਰਿਸ਼ਨਿ ਤਿਨ ਕੇ ਸੁਤ ਵਏ॥
ਤਿਨ ਤੇ ਤੇਗ ਬਹਾਦਰ ਭਏ॥੧੨॥
(ਸ੍ਰੀ ਦਸਮ ਗ੍ਰੰਥ ਸਾਹਿਬ, ਪੰਨਾ ੫੫)
ਇਹ ਉਪਰੋਕਤ ਸ੍ਰੀ ਦਸਮ ਗ੍ਰੰਥ ਸਾਹਿਬ ਦੀ ਬਾਣੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਦਰ ਗੁਰੂ ਸਾਹਿਬਾਨਾਂ ਦੇ ਗੁਰਪੁਰਬਾਂ ਸਮੇਂ ਸਿੰਘ ਸਾਹਿਬ ਹੁਕਮਨਾਮਾ ਲੈਣ ਸਮੇਂ ਮੰਗਲ ਰੂਪ ਵਿਚ ਪੜ੍ਹਦੇ ਹਨ ਅਤੇ ਰਾਗੀ ਸਿੰਘ ਇਸ ਦਾ ਕੀਰਤਨ ਵੀ ਕਰਦੇ ਹਨ। ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਗੁਰਪੁਰਬ ਸਮੇਂ ਇਹ ਪਾਵਨ ਬਾਣੀ ਕੀਰਤਨ ਰੂਪ ਵਿਚ ਗਾਇਨ ਕੀਤੀ ਜਾਂਦੀ ਹੈ:
ਤਿਲਕ ਜੰਝੂ ਰਾਖਾ ਪ੍ਰਭ ਤਾਕਾ॥
ਕੀਨੋ ਬਡੋ ਕਲੂ ਮਹਿ ਸਾਕਾ॥ ਸਾਧਨ ਹੇਤਿ ਇਤੀ ਜਿਨਿ ਕਰੀ॥
ਸੀਸੁ ਦੀਆ ਪਰ ਸੀ ਨ ਉਚਰੀ॥੧੩॥
ਧਰਮ ਹੇਤ ਸਾਕਾ ਜਿਨਿ ਕੀਆ॥
ਸੀਸ ਦੀਆ ਪਰ ਸਿਰਰੁ ਨ ਦੀਆ॥
ਨਾਟਕ ਚੇਟਕ ਕੀਏ ਕੁਕਾਜਾ॥
ਪ੍ਰਭ ਲੋਗਨ ਕਹ ਆਵਤ ਲਾਜਾ॥੧੪॥
ਦੋਹਰਾ॥
ਠੀਕਰਿ ਫੋਰਿ ਦਿਲੀਸ ਸਿਰਿ ਪ੍ਰਭ ਪੁਰ ਕੀਯਾ ਪਯਾਨ॥ ਤੇਗ ਬਹਾਦਰ ਸੀ ਕ੍ਰਿਆ ਕਰੀ ਨ ਕਿਨਹੂੰ ਆਨ॥੧੫॥
ਤੇਗ ਬਹਾਦਰ ਕੇ ਚਲਤ ਭਯੋ ਜਗਤ ਕੋ ਸੋਕ॥
ਹੈ ਹੈ ਹੈ ਸਭ ਜਗ ਭਯੋ ਜੈ ਜੈ ਜੈ ਸੁਰ ਲੋਕ॥੧੬॥
(ਸ੍ਰੀ ਦਸਮ ਗ੍ਰੰਥ ਸਾਹਿਬ, ਪੰਨਾ ੫੪)
ਸ਼ਹੀਦੀ ਗੁਰਪੁਰਬਾਂ ਅਤੇ ਸ਼ਹੀਦੀ ਦਿਹਾੜਿਆਂ ਸਮੇਂ ਇਹ ਬੀਰ ਰਸ ਭਰਪੂਰ ਸ਼ਬਦਾਂ ਦਾ ਕੀਰਤਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਹੋਰ ਗੁਰ-ਅਸਥਾਨਾਂ ‘ਤੇ ਕੀਤਾ ਜਾਂਦਾ ਹੈ।
ਦੋਹਰਾ (ਸ਼ਸਤ੍ਰ ਨਾਮ ਮਾਲਾ ਪਾ: ੧੦)
ਅਸ ਕ੍ਰਿਪਾਨ ਖੰਡੋ ਖੜਗ, ਤੁਪਕ ਤਬਰ ਅਰੁ ਤੀਰ॥ ਸੈਫ ਸਰੋਹੀ ਸੈਹਥੀ ਯਹੈ ਹਮਾਰੈ ਪੀਰ॥੩॥
ਤੀਰ ਤੁਹੀ, ਸੈਹਥੀ ਤੁਹੀ ਤੁਹੀ ਤਬਰ ਤਲਵਾਰ॥
ਨਾਮ ਤਿਹਾਰੋ ਜੋ ਜਪੈ, ਭਏ ਸਿੰਧ ਭਵ ਪਾਰ॥੪॥
ਕਾਲ ਤੁਹੀ ਕਾਲੀ ਤੁਹੀ ਤੁਹੀ ਤੇਗ ਅਰੁ ਤੀਰ॥
ਤੁਹੀ ਨਿਸ਼ਾਨੀ ਜੀਤ ਕੀ, ਆਜੁ ਤੁਹੀ ਜਗ ਬੀਰ॥੫॥
(ਸ੍ਰੀ ਦਸਮ ਗ੍ਰੰਥ ਸਾਹਿਬ, ਪੰਨਾ ੭੪੭)
ਸ੍ਵੈਯਾ (ਚੰਡੀ ਚਰਿਤ੍ਰ)
ਦੇਹਿ ਸਿਵਾ ਬਰ ਮੋਹਿ ਇਹੈ, ਸ਼ੁਭ ਕਰਮਨ ਤੇ ਕਬਹੂੰ ਨ ਟਰੋਂ॥
ਨ ਡਰੋਂ ਅਰਿ ਸੋ ਜਬ ਜਾਇ ਲਰੋਂ
ਨਿਸਚੈ ਕਰ ਆਪਨੀ ਜੀਤ ਕਰੋਂ॥
ਅਰੁ ਸਿੱਖ ਹੋਂ ਆਪਨੇ ਹੀ ਮਨ ਕੋ
ਇਹ ਲਾਲਚ ਹਉ ਗੁਨ ਤਉ ਉਚਰੋਂ॥
ਅਤਿ ਹੀ ਰਨ ਮੈ ਤਬ ਜੂਝ ਮਰੋਂ॥ ੨੩੧॥
ਜਬ ਆਵ ਕੀ ਅਉਧ ਨਿਦਾਨ ਬਨੈ
ਅਤਿ ਹੀ ਰਨ ਮੈ ਤਬ ਜੂਝ ਮਰੋਂ।।
(ਸ੍ਰੀ ਦਸਮ ਗ੍ਰੰਥ ਸਾਹਿਬ, ਪੰਨਾ ੯੯)
ਸਵੈਯਾ॥
ਧੰਨ ਜੀਓ ਤਿਹ ਕੋ ਜਗ ਮੈਂ ਮੁਖ ਤੇ ਹਰਿ ਚਿਤ ਮੈ ਜੁਧੁ ਬਿਚਾਰੈ॥
ਦੇਹ ਅਨਿੱਤ ਨ ਨਿਤ ਰਹੈ ਜਸੁ ਨਾਵ ਚੜੈ ਭਵ ਸਾਗਰ ਤਾਰੈ॥
ਧੀਰਜ ਧਾਮ ਬਨਾਇ ਇਹੈ ਤਨ, ਬੁੱਧਿ ਸੁ ਦੀਪਕ ਜਿਉ ਉਜੀਆਰੈ॥
ਗਿਆਨਹਿ ਕੀ ਬਢਨੀ ਮਨਹੁ ਹਾਥ ਲੈ,
ਕਾਤਰਤਾ ਕੁਤਵਾਰ ਬੁਹਾਰੈ॥
(ਸ੍ਰੀ ਦਸਮ ਗ੍ਰੰਥ ਸਾਹਿਬ, ਪੰਨਾ ੫੭੦)
ਸ੍ਰੀ ਦਸਮ ਗ੍ਰੰਥ ਸਾਹਿਬ ਅੰਦਰ ਬੀਰ ਰਸ ਭਰਪੂਰ ਬਾਣੀ ਦੇ ਬੇਅੰਤ ਸ਼ਬਦ ਹਨ, ਜਿਨ੍ਹਾਂ ਦਾ ਰਾਗੀ ਸਿੰਘ ਕੀਰਤਨ ਕਰਦੇ ਹਨ, ਪਰ ਇਥੇ ਵਿਸਥਾਰ ਦੇ ਡਰ ਕਾਰਨ ਸੰਖੇਪ ਰੂਪ ਵਿਚ ਜ਼ਿਕਰ ਕੀਤਾ ਗਿਆ ਹੈ।
ਸਿੰਘ ਸਾਹਿਬ ਗਿ: ਮੱਲ ਸਿੰਘ (ਗੁਰਪੁਰਵਾਸੀ)
