ਕਿਸੇ ਕਵੀ ਦੀ ਮਹਾਨਤਾ ਇਸੇ ਵਿਚ ਨਹੀਂ ਕਿ ਉਸ ਨੇ ਕੀ ਆਖਿਆ ਹੈ, ਇਸ ਮਹਾਨਤਾ ਦਾ ਅਨੁਮਾਨ ਇਸ ਤੋਂ ਵੀ ਲਾਇਆ ਜਾਂਦਾ ਹੈ ਕਿ ਉਸ ਨੇ ਕਿਵੇਂ ਆਖਿਆ ਹੈ। ਸਾਹਿਤ ਵਿਚ ਪਹਿਲੀ ਚੀਜ਼ ਨੂੰ ‘ਵਿਸ਼ਾ ਵਸਤੂ’ ਤੇ ਦੂਜੀ ਨੂੰ ‘ਰੂਪ’ ਕਿਹਾ ਜਾਂਦਾ ਹੈ।
ਰੂਪ ਹਮੇਸ਼ਾ ਵਿਸ਼ੇ-ਵਸਤੂ ਅਨੁਸਾਰ ਢੱਲਦਾ ਤੇ ਉਸਦੇ ਪਿੱਛੇ-ਪਿੱਛੇ ਚੱਲਦਾ ਹੈ। ਜੇ ਇਹ ਸੁਮੇਲ ਨਾ ਹੋਵੇ ਤਾਂ ਗੱਲ ਬਣਦੀ ਨਹੀਂ। ਇਸ ਲਈ ਚੰਗੀ ਕਲਾ-ਕਿਰਤ ਦਾ ਇਹੋ ਲੱਛਣ ਹੈ ਕਿ ਦੋਹਾਂ ਦਾ ਸੁੰਦਰ ਸੁਮੇਲ ਹੋਵੇ।
ਦਸਮ ਗ੍ਰੰਥ ਦੀ ਵਿਚਾਰਧਾਰਾ ਅਧਿਆਤਮਵਾਦੀ ਤੇ ਓਜਮਈ ਹੈ, ਜ਼ਿੰਦਗੀ ਨੂੰ ਸ਼ਕਤੀ ਪ੍ਰਦਾਨ ਕਰਨਾ ਉਸਦਾ ਮਨੋਰਥ ਹੈ, ਪਰ ਇਹ ਸ਼ਕਤੀ ਕੇਵਲ ਪਦਾਰਥਕ ਵਸਤਾਂ ‘ਤੇ ਕਬਜ਼ਾ ਕਰਨ ਮਾਤਰ ਨਾਲ ਹੀ ਹਾਸਲ ਨਹੀਂ ਹੁੰਦੀ, ਇਸ ਦਾ ਸੋਮਾ ਸ਼ਕਤੀ ਦਾ ਸਾਗਰ ਪ੍ਰਭੂ ਹੈ ਜਿਸ ਦੀ ਭਗਤੀ ਦੁਆਰਾ ਆਤਮਿਕ ਸ਼ਕਤੀ ਨੂੰ ਪ੍ਰਗਟਾਉਣਾ ਤੇ ਫਿਰ ਉਸ ਨਾਲ ਸੰਸਾਰ ਨੂੰ ਜਗਮਗਾਉਣਾ ਹੈ।
ਗੁਰੂ ਗੋਬਿੰਦ ਸਿੰਘ ਜੀ ਨੇ ਦਸਮ ਗ੍ਰੰਥ ਦੀ ਹਰ ਰਚਨਾ ਵਿਚ ਉਸ ਜਗਦੀ ਜੋਤਿ ਨੂੰ ਧਿਆਇਆ ਤੇ ਉਸ ਦੇ ਲੜ ਲਗਣ ਦਾ ਰਾਹ ਦਿਖਾਇਆ ਹੈ। ਗੁਰੂ ਹੋਣ ਦੇ ਨਾਤੇ ਉਨ੍ਹਾਂ ਦਾ ਇਕ ਬੁਨਿਆਦੀ ਨਿਸ਼ਚਾ ਸੀ :
“ਤੁਮਹਿ ਛਾਡਿ ਕੋਈ ਅਵਰ ਨ ਧਿਆਉਂ। ਜੋ ਬਰ ਚਹਹੁੰ ਸੋ ਤੁਮਤੇ ਪਾਊਂ।”
ਇਸੇ ਨੂੰ ਉਨ੍ਹਾਂ ਮਨੁੱਖੀ ਸੁਤੰਤਰਤਾ ਦਾ ਮੂਲ ਮੰਤਰ ਬਣਾਇਆ।
ਜਦੋਂ ਮੁਖ ਦ੍ਰਿਸ਼ਟੀਕੋਣ ਹੀ ਅਜੇਹਾ ਹੋਵੇ ਤਾਂ ਸਾਹਿਤ ਦੇ ਰੂਪ ਦੀ ਰੂਪ ਰੇਖਾ ਚੜ੍ਹਦੀ ਕਲਾ ਵਾਲੀ ਹੋਣੀ ਜ਼ਰੂਰੀ ਸੀ। ਜਲਾਲ, ਓਜ, ਸ਼ਕਤੀ, ਦਗ ਦਗ ਕਰਦੀ ਜੁਆਲਾ ਤੇ ਪ੍ਰਚੰਡ ਤੇਜ਼ ਵਾਲੀ ਚੰਡੀ ਦਾ ਬਚਿੱਤਰ ਚਰਿੱਤਰ ਹੀ ਉਪਯੋਗੀ ਹੋ ਸਕਦਾ ਸੀ।
ਇਹੋ ਕਾਰਣ ਹੈ, ਚਾਹੇ ਗੁਰੂ ਸਾਹਿਬ ਨੇ ਭਗਤੀ ਦੇ ਸਦਾਚਾਰ ਦਾ ਸਿਧਾਂਤ ਦ੍ਰਿੜਾਇਆ, ਚਾਹੇ ਪੁਰਾਣਿਕ ਇਤਿਹਾਸ ਸੁਣਾਇਆ ਅਤੇ ਚਾਹੇ ਸ਼ਸ਼ਤ੍ਰਾਂ ਦਾ ਕੋਸ਼ ਲਿਖਿਆ, ਇਹ ਸਭ ਕੁਝ ਉਸੇ ਰੂਪ ਤੇ ਸੁਰ ਵਿਚ ਹੈ ਜੋ ਸੁਰ ਨਗਾਰੇ ਵਾਂਗ ਗੂੰਜਦੀ, ਤੀਰ ਵਾਂਗ ਸ਼ੂਕਦੀ ਤੇ ਗੋਲੀ ਵਾਂਗ ਫੂਕਦੀ ਜਾਂਦੀ ਹੈ। ਪਰ ਉਸ ਰਾਜਸੀ ਤੇ ਸਮਾਜਕ ਅਧੋਗਤੀ ਦੀ ਅਵੱਸਥਾ ਵਿਚ ਇਹ ਬਲਵਾਨ ਸੁਰ ਕੱਢਣਾ ਸੌਖਾ ਕੰਮ ਨਹੀਂ ਸੀ ਜਦੋਂ ਕਿ
ਪੁਰਾਣੇ ਭਗਤ ਕਵੀ ਕਲਪਿਤ ਦੇਵਤਿਆਂ ਦੀਆਂ ਡੰਡੌਤਾਂ ਵਿਚ ਡਿੱਗੇ ਹੋਏ ਸਨ ਤੇ ਗੈਰ ਭਗਤ ਕਾਮਨੀ ਦੇ ਪੈਰਾਂ ਵਿਚ ਡਿੱਗੇ ਸਿਵਾਇ ਨਾਇਕਾ ਭੇਦ-ਵਰਣਨ ਤੇ ਸ਼ਬਦ-ਚਮਤਕਾਰ ਦਿਖਾਉਣ ਦੇ ਹੋਰ ਕੁਝ ਨਹੀਂ ਸੀ ਜਾਣਦੇ। ਬਾਕੀ ਆਮ ਲੋਕ ਮੁਗ਼ਲ ਜਬਰ ਦੇ ਸਾਹਮਣੇ ਉਂਜ ਚੁਫਾਲ ਢੱਠੇ ਪਏ ਸਨ। ਸਾਹਿਤ ਦਾ ਮਨੋਰਥ ਤਾਂ ਜ਼ਿੰਦਗੀ ਨੂੰ ਉਤਾਂਹ ਉਠਾਉਣਾ ਤੇ ਵਿਕਸਾਉਣਾ ਹੈ, ਗਿਰਾਉਣਾ ਨਹੀਂ। ਗੁਰੂ ਸਾਹਿਬ ਨੇ ਐਨ ਵੇਲੇ ਸਿਰ ਇਸ ਤੋਂ ਉਹੀ ਕੰਮ ਲਿਆ ਜੋ ਇਸਰਾਈਲ ਫਰਿਸ਼ਤੇ ਦਾ ਕਿਆਮਤ ਸਮੇਂ ਸਰਨਾਈ ਤੋਂ ਲੈਣਾ ਦੱਸਿਆ ਜਾਂਦਾ ਹੈ। ਪਰ ਅਜਿਹਾ ਕਰਨ ਲਈ ਕੇਵਲ ਵਿਚਾਰ-ਯੋਜਨਾ ਹੀ ਕਾਫੀ ਨਹੀਂ, ਇਹ ਤਾਂ ਸ਼ਾਇਦ ਹਰ ਚਿੰਤਕ ਯਾ ਫੌਜੀ ਜਰਨੈਲ ਕਰ ਸਕੇ। ਇਸ ਕ੍ਰਾਂਤੀਕਾਰੀ ਵਿਚਾਰਧਾਰਾ ਨੂੰ ਪੇਸ਼ ਕਰਨ ਲਈ ਢੁੱਕਵੀਂ ਤੇ ਯੋਗ ਬਿੰਬਾਵਲੀ, ਛੰਦਾਵਲੀ ਤੇ ਸ਼ਬਦਾਵਲੀ ਤਿੰਨੇ ਸਾਧਨਾਂ ਦੀ ਪ੍ਰਬੀਨਤਾ ਤੇ ਸਮਰੱਥਾ ਪ੍ਰਾਪਤ ਕਰਨਾ ਕਲਾਕਾਰ ਲਈ ਬਹੁਤ ਜ਼ਰੂਰੀ ਹੈ। ਇਹ ਠੀਕ ਹੈ ਕਿ ਕੋਈ ਵਿਚਾਰਧਾਰਾ ਵੀ ਕਾਵਿਧਾਰਾ ਨੂੰ ਸ਼ਕਤੀ ਬਖਸ਼ਦੀ ਹੈ ਪਰੰਤੂ ਉਸ ਦਾ ਓਜਮਈ ਅਭਿਵਿਅੰਜਨ ਉਸ ਨੂੰ ਹੋਰ ਵਧੇਰੇ ਸ਼ਕਤੀਸ਼ਾਲੀ ਬਣਾਉਂਦਾ ਹੈ ਅਤੇ ਇਸ ਅਭਿਵਿਅੰਜਨਾ ਲਈ ਉਪਰੋਕਤ ਹਥਿਆਰ ਵਰਤਕੇ ਹੀ ਕਲਾ ਨੂੰ ਸਾਣ ‘ਤੇ ਲਾਇਆ ਜਾ ਸਕਦਾ ਹੈ। ਸਾਡੇ ਦੇਸ਼ ਦੇ ਸਾਹਿਤਕਾਰਾਂ ਨੇ ਕਿਸੇ ਕਾਵਿ ਰਚਨਾ ਦੀ ਪਰਖ ਲਈ ਕਈ ਕਸਵੱਟੀਆਂ ਰੱਖੀਆਂ ਹਨ ਜਿਨ੍ਹਾਂ ਵਿਚੋਂ ਰਸ, ਧਨੀ, ਅਲੰਕਾਰ, ਗੁਣ, ਰੀਤੀ (ਸ਼ੈਲੀ), ਛੰਦ ਤੇ ਭਾਸ਼ਾ, ਆਦਿ ਮੁੱਖ ਹਨ। ਗੁਰੂ ਸਾਹਿਬ ਦੀ ਰਚਨਾ ਹਰ ਖੂਬੀ ਦਾ ਪਰਿਦਰਸ਼ਨ ਕਰਦੀ ਉਨ੍ਹਾਂ ਦੀ ਕਲਾ-ਪ੍ਰੋਢਤਾ ਨੂੰ ਪ੍ਰਗਟਾਉਂਦੀ ਹੈ। ਦਸਮ ਗ੍ਰੰਥ ਦੀ ਕਾਵਿ ਧਾਰਾ ਵਿਚ ਭਾਵੇਂ ਸ਼ਿੰਗਾਰ, ਹਾਸ, ਕਰੁਣ, ਅਦਭੁਤ, ਸ਼ਾਂਤ ਆਦਿ ਦਾ ਰੰਗ ਵੀ ਮਿਲਦਾ ਹੈ ਪਰ ਸਮੁੱਚੇ ਤੌਰ ‘ਤੇ ਇਸਦਾ ਪ੍ਰਵਾਹ ਬੀਰ-ਰਸ ਪ੍ਰਧਾਨ ਹੈ। ਸ਼ਿੰਗਾਰ ਰਸ ਲਈ ਕ੍ਰਿਸ਼ਨ-ਚਰਿਤਰ ਤੇ ਤ੍ਰਿਯਾ ਚਰਿਤਰ ਵੇਖਣੇ ਕਾਫੀ ਹਨ, ਇਸੇ ਤਰਾਂ ਹੋਰ ਰਸਾਂ ਦੇ ਉਦਾਹਰਣ ਵੀ ਥਾਂ-ਥਾਂ ਮਿਲ ਜਾਂਦੇ ਹਨ। ਚੰਡੀ ਚਰਿਤਰ ਉਕਤਿ ਬਿਲਾਸ ਵਿਚ ਸ਼ਿੰਗਾਰ ਤੇ ਬੀਰ ਰਸ ਦਾ ਅਨੂਪਮ ਮੇਲ ਹੈ ਜੋ ਕਿ ਕਿਸੇ ਪ੍ਰਬੀਨ ਕਵੀ ਦਾ ਹੀ ਕੰਮ ਹੈ ਕਿਉਂਕਿ ਆਮ ਤੌਰ ‘ਤੇ ਪੁਰਾਣੇ ਸਾਹਿਤਕਾਰ ਇਨ੍ਹਾਂ ਨੂੰ ਪਰਸਪਰ ਵਿਰੋਧੀ ਰਸ ਮੰਨਦੇ ਆਏ ਹਨ ਤੇ ਇਨ੍ਹਾਂ ਦਾ ਇਕ ਥਾਂ ਜੁੜਨਾ ਜਾਇਜ਼ ਨਹੀਂ ਸਮਝਿਆ ਜਾਂਦਾ।
ਗੁਰੂ ਸਾਹਿਬ ਨੇ ਸ਼ਿੰਗਾਰ ਕਾਵਿ ਵਿਚ ਬੀਰ ਰਸੀ ਰੰਗ ਲਿਆਉਣੋਂ ਸੰਕੋਚ ਨਹੀਂ ਕੀਤਾ ਕਿਉਂਕਿ ਇਹ ਸਮੇ ਦੀ ਮੰਗ ਸੀ, ਇਸੇ ਕਰਕੇ ਆਪ ਦੀ ਵਰਤੀ ਬਿੰਬਾਵਲੀ ਯਾ ਛੰਦਾਵਲੀ ਵੀ ਇਸੇ ਰੰਗ ਨੂੰ ਉਘਾੜਨ ਵਾਲੀ ਹੈ। ਇਹ ਤਾਂ ਮੰਨਣਾ ਹੀ ਪੈਂਦਾ ਹੈ ਕਿ ਇਕ ਸੁੰਦਰੀ ਦੀ ਪ੍ਰੇਮ-ਮਤੀ ਚਾਲ ਹੋਰ ਹੁੰਦੀ ਹੈ ਤੇ ਜੰਗ ਲਈ ਅੱਗੇ ਵੱਧ ਰਹੇ ਯੋਧੇ ਦੀ ਹੋਰ। ਇਹੋ ਭੇਦ ਸ਼ਿੰਗਾਰੀ ਤੇ ਬੀਰ ਰਸੀ ਰਚਨਾ ਦਾ ਹੈ। ਅਧਿਆਤਮਕਤਾ, ਗੁਰੂ ਸਾਹਿਬ ਦਾ ਸਭ ਤੋਂ ਪਿਆਰਾ ਮਜ਼ਮੂਨ ਸੀ ਪਰੰਤੂ ਉਸ ਨੂੰ ਨਿਰੋਲ ਵੈਰਾਗਮਈ ਯਾ ਸ਼ਾਂਤਿ ਰੂਪ ਵਿਚ ਪੇਸ਼ ਕਰਨ ਦੀ ਥਾਂ ਉਹ ਜਲਾਲ ਰੂਪ ਵਿਚ ਪ੍ਰਗਟਾ ਕੇ ਪ੍ਰਸੰਨ ਹੁੰਦੇ ਹਨ ਤੇ ਇਸੇ ਅਨੁਸਾਰ ਹੀ ਉਹ ਬਲਵਾਨ ਸ਼ਬਦਾਵਲੀ ਯਾ ਛੰਦਾਵਲੀ ਦਾ ਪ੍ਰਯੋਗ ਕਰਦੇ ਹਨ, ਜਿਸ ਤਰ੍ਹਾਂ ਕਿ ਜਾਪੁ ਸਾਹਿਬ ਵਿਚ।
ਦਸਮ ਗ੍ਰੰਥ ਵਿਚ ਡੇਢ ਸੌ ਤੋਂ ਉੱਤੇ ਮਾਤਰਿਕ, ਵਰਣਕ ਤੇ ਗਣ ਛੰਦਾਂ ਦੀ ਵੰਨਗੀ ਮਿਲਦੀ ਹੈ। ਇਤਨੀ ਵੰਨ ਸੁਵੰਨਤਾ ਹੋਰ ਕਿਸੇ ਕਵੀ ਵਿਚ ਮਿਲਣੀ ਦੁਰਲੱਭ ਜਿਹੀ ਗੱਲ ਹੈ। ਹਾਂ, ਇਸ ਤੋਂ ਪਿੱਛੋਂ ਭਾਈ ਸੰਤੋਖ ਸਿੰਘ ਜੀ ਨੇ ਦਸਮ ਗ੍ਰੰਥ ਦੇ ਪ੍ਰਭਾਵ ਹੇਠ ‘ਗੁਰ ਪ੍ਰਤਾਪ ਸੂਰਯ’ ਵਿਚ ਕੁਝ ਅਜਿਹਾ ਰੰਗ ਅਵੱਸ਼ ਦਿਖਾਇਆ ਹੈ। ਕਥਾ ਪ੍ਰਸੰਗ ਲਈ ਚੌਪਈ ਦਾ ਵਰਤਾਰਾ ਹੈ, ਜੁੱਧ ਵਾਰਤਾ ਲਈ ਭੁਯੰਗ, ਨਾਰਾਜ਼, ਤਿਰਗਤਾ, ਤ੍ਰਿਣਣਿਣ, ਭੜਥੂਆ, ਸੰਗੀਤ ਭੁਯੰਗ, ਪ੍ਰਯਾਤ, ਤ੍ਰਿਭੰਗੀ, ਪਉੜੀ ਆਦਿ ਵਰਤੇ ਹਨ। ਫਾਰਸੀ ਦੇ ਛੰਦ ਬਹਰ ਤਵੀਲ ਪਸ਼ਚਮੀ (ਜੋ ਦੋ ਯਗਣ ਤੇ ਇਕ ਗੁਰੂ ਅਤੇ ਦੋ ਯਗਣ ਤੇ ਇਕ ਗੁਰੂ ਮਿਲਕੇ ਬਣਦਾ ਹੈ) ਅਤੇ ਬਹਰ ਮੁਤਕਾਰਬ (ਜੋ ਅੱਠਾਂ ਯਗਣਾਂ ਵਾਲੇ ਭੁਯੰਗ ਪ੍ਰਯਾਤ ਦਾ ਹੀ ਇਕ ਰੂਪ ਹੈ) ਆਦਿ ਦਾ ਵੀ ਸਫ਼ਲ ਪ੍ਰਯੋਗ ਕੀਤਾ ਹੈ। ਇਸੇ ਤਰ੍ਹਾਂ ਦੇਸੀ ਛੰਦਾਂ ਸਵਈਆਂ ਆਦਿ ਵਿਚ ਫ਼ਾਰਸੀ ਜੇਹੀ ਯਾ ਰੇਖ਼ਤਾ ਜ਼ਬਾਨ ਵਰਤਕੇ ਨਵਾਂ ਰੰਗ ਉਘਾੜਿਆ ਹੈ। ਗੁਰੂ ਸਾਹਿਬ ਵਲੋਂ ਵਰਤੇ ਕੁਝ ਛੰਦ ਧਿਆਨ ਯੋਗ ਹਨ ਜਿਵੇਂ ਕਿ :-
1. ਮਾਤ੍ਰਿਕ ਛੰਦ-ਅਤਿ ਮਾਲਤੀ, ਅਭੀਰ, ਅੜਿੱਲ, ਏਲਾ, ਸਵਈਆ, ਸਿਰਖਿੰਡੀ, ਸੋਰਠਾ, ਹਰਿਗੀਤਾ, ਹੰਸਾ, ਕਲਸ, ਕੁੰਡਲੀਆ, ਗਾਹਾ, ਗੀਤਾ ਮਾਲਤੀ, ਘਤਾ, ਚਉਬੋਲਾ, ਛਪੈ, ਤਿਲਕ, ਤ੍ਰਿਭੰਗੀ, ਤੋਮਰ, ਪਦਮਾਵਤੀ, ਪਾਧੜੀ, ਬਹੋੜਾ, ਬਿਸ਼ਨਪਦ, ਮਕਰਾ, ਮਧੁਭਾਰ, ਮਾਧੋ, ਮੋਹਨ, ਵਿਜਯਾ ਆਦਿ।
2. ਵਰਣਕ-ਉਗਾਥਾ, ਉਛਲਾ, ਉਟੰਕਣ, ਉਤਭੁਜ, ਅਸਤਰ, ਅਕਰਾ, ਅਚਕੜਾ, ਅਜਬਾ, ਅਨਹਦ, ਅਨਕਾ, ਅਨਾਦ, ਅਨੰਤਕਾ, ਅਪੂਰਬ, ਅਰੂਪਾ, ਅਝਕਾ, ਏਕ ਅਖਰੀ, ਸਮਾਨਕ, ਸਰਸਵਤੀ, ਸੁੰਦਰੀ ਸੋਮਰਾਜੀ, ਸੰਖਨਾਰੀ, ਸੰਗੀਤਰਾਜ, ਸੰਗੀਤ ਭੁਯੰਗ, ਹਰਿ ਬੋਲਮਨਾ, ਕਬਿੱਤ, ਕਿਲਕਾ, ਕੁਸਮ ਬਚਿੱਤਰ, ਚਰਪਟ, ਚਾਚਰੀ, ਚਾਮਰ, ਚੰਚਲਾ, ਝੂਲਨਾ, ਝਲਾ, ਤਾਰਕਾ, ਤਿਲਕਾ, ਤੋਟਕ, ਤ੍ਰਿਗਤਾ, ਤ੍ਰਿਣਣਿਣ, ਦੋਧਕ, ਨਾਗ ਸਰੂਪਨੀ, ਨਾਰਾਜ਼ ਨਿਸਪਾਲ, ਪ੍ਰਿਯਾ, ਬਚਿੱਤਰ ਪਦ, ਬਬਾਨ ਤਰੰਗਮ, ਬੇਲੀ ਬਿਦਮ ਬਿਸ਼ੇਸ਼ਕ, ਭਗਉਤੀ, ਭੜਥੂਆ, ਭੁਯੰਗ ਪ੍ਰਯਾਤ, ਭਵਾਨੀ, ਮਧੁਰ ਧੁਨਿ, ਮੋਦਕ, ਮਨੋਹਰ, ਮਾਲਤੀ, ਰੁਣਝੁਣ, ਰੂਆਲ, ਰਸਾਵਲ ਆਦਿ।
ਇਸੇ ਤਰਾਂ ਲੋੜ ਅਨੁਸਾਰ ਕਈ ਥਾਈਂ ‘ਦਸਮ ਗ੍ਰੰਥ’ ਵਿਚ ਰਾਗ ਦੀ ਵਰਤੋਂ ਵੀ ਹੋਈ, ਜਿਵੇਂ ਕਿ- ਰਾਮਕਲੀ ਕਲਿਆਣ, ਬਿਲਾਵਲ, ਦੇਵਗੰਧਾਰੀ, ਪਰਜ, ਸਹੀ, ਸਾਰੰਗ, ਗਉੜੀ ਧਨਾਸਰੀ, ਤਿਲੰਗ, ਕੇਦਾਰਾ, ਭੈਰਉ, ਮਾਰੂ, ਬਸੰਤ, ਅਡਾਣ, ਕਾਫੀ ਖਿਆਲ। ਇਹ ਰਾਗ ਕੁਝ ਸ਼ਬਦਾਂ ਭਜਨਾਂ ਵਿਚ ਵਰਤੇ ਹਨ ਯਾ ਕੁਝ ਰੁਦ੍ਰਾਵਤਾਰ ਵਿਚ ਆਏ ਬਿਸ਼ਨਪਦਿਆਂ ਵਿਚ।
ਅਲੰਕਾਰਕ ਤੇ ਛੰਦਕ ਵਚਿੱਤਰਤਾ ਤੋਂ ਇਲਾਵਾ ਦਸਮ ਗ੍ਰੰਥ ਦੀ ਕਾਵਿਧਾਰਾ ਨੂੰ ਹੋਰ ਸੁਹਣੇਰਾ ਤੇ ਤਿਖੇਰਾ ਬਣਾਉਣ ਵਾਲੀ ਇਸਦੀ ਭਾਸ਼ਾ ਹੈ, ਜੋ ਬ੍ਰਿਜਭਾਸ਼ਾ, ਸੰਤ-ਭਾਸ਼ਾ, ਖੜੀ ਬੋਲੀ, ਰੇਖਤਾ, ਫਾਰਸੀ ਤੇ ਪੰਜਾਬੀ ਆਦਿ ਕਈ ਰੂਪਾਂ ਵਿਚ ਮਿਲਦੀ ਹੈ। ਇਤਨੀ ਭਾਸ਼ਾ-ਵਚਿੱਤਰਤਾ ਕਿਸੇ ਹੋਰ ਇਕੱਲੇ ਕਵੀ ਵਿਚ ਨਹੀਂ ਦਿੱਸਦੀ। ਗੁਰੂ ਸਾਹਿਬ ਨੇ ਜਿਸ ਭਾਸ਼ਾ ਦਾ ਵੀ ਪ੍ਰਯੋਗ ਕੀਤਾ ਹੈ, ਪੂਰੇ ਕਮਾਲ ਨਾਲ ਕੀਤਾ ਹੈ। ਜਾਪੁ ਦਾ ਉਦਾਹਰਣ ਪ੍ਰਤੱਖ ਹੈ, ਅਜਿਹਾ ਤਜਰਬਾ ਜੋ ਹਿੰਦੂ ਤੇ ਮੁਸਲਮ ਸੰਸਕ੍ਰਿਤੀ ਦਾ ਅਧਿਆਤਮਕ ਸੁਮੇਲ ਕਰਦਾ ਹੋਵੇ, ਸਾਹਿਤਕ ਖੇਤਰ ਵਿਚ ਹੋਰ ਨਹੀਂ ਦਿੱਸਦਾ। ‘ਜ਼ਫ਼ਰਨਾਮਾ’ ਫ਼ਾਰਸੀ ਦੀ ਉਤਮ ਮਿਸਾਲ ਹੈ ਜੋ ਕਵੀ ਦੀ ਚੜ੍ਹਦੀ ਕਲਾ ਨੂੰ ਉਜਾਗਰ ਕਰਦਾ ਹੈ ਤੇ ਜਿਸ ਦਾ ਪ੍ਰਭਾਵ ਔਰੰਗਜ਼ੇਬ ਵਰਗੇ ਅੱਖੜ ਉੱਤੇ ਵੀ ਡਾਢਾ ਪਿਆ। ਇਸੇ ਤਰ੍ਹਾਂ ‘ਚੰਡੀ ਦੀ ਵਾਰ’ ਦਾ ਪੰਜਾਬੀ ਰੰਗ ਪੰਜਾਬੀ ਸੂਰਮਗਤੀ ਨੂੰ ਸਦਾ ਹੱਲਾਸ਼ੇਰੀ ਦਿੰਦਾ ਰਹੇਗਾ। ਇਹ ਯੁਗਾਂਤਰਕਾਰੀ ਸਿੰਘ-ਨਾਦ ਹਰ ਭਾਸ਼ਾ ਵਿਚ ਬਰਾਬਰ ਗੁੰਜਾਇਮਾਨ ਕਰਨਾ ਗੁਰੂ ਕਾਵਿਧਾਰਾ ਦੀ ਵਿਸ਼ੇਸ਼ਤਾ ਹੈ।
ਪ੍ਰਾਚੀਨ ਸਾਹਿਤਕਾਰ ਕਾਵਿ ਦੇ ਮਾਧੁਰਯ, ਓਜ ਤੇ ਪ੍ਰਸਾਦ ਤਿੰਨ ਗੁਣ ਮੰਨਦੇ ਸਨ। ਗੁਰੂ ਸਾਹਿਬ ਦੀ ਰਚਨਾ ਜਿਥੇ ਪ੍ਰੇਮ-ਕਥਾ ਦਾ ਨਿਰੂਪਣ ਕਰਦੀ ਹੈ, ਉਥੇ ਮਾਧੁਰਯ ਗੁਣ ਦਾ ਸ਼ਾਂਤ ਝਰਨਾ ਵਹਿੰਦਾ ਦਿਸਦਾ ਹੈ ਤੇ ਜਿਥੇ ਉਨ੍ਹਾਂ ਕੇਵਲ ਕਥਾ ਪ੍ਰਸੰਗ ਦੀ ਗੱਲ ਤੋਰੀ ਹੈ, ਉਥੇ ਪ੍ਰਸਾਦ ਗੁਣ ਇਤਨਾ ਨਿਖਰਵਾਂ ਨਜ਼ਰੀਂ ਪੈਂਦਾ ਹੈ ਕਿ ਕਿਤੇ ਕੋਈ ਰੁਕਾਵਟ ਨਹੀਂ ਪੈਂਦੀ ਲੱਗਦੀ। ਜਿਸ ਤਰ੍ਹਾਂ ਕਿ ਅਸਾਂ ਪਹਿਲੇ ਕਿਹਾ ਹੈ ਕਿ ਦਸਮ ਗ੍ਰੰਥ ਦੀ ਕਾਵਿਧਾਰਾ ਦਾ ਪ੍ਰਮੁੱਖ ਗੁਣ ਓਜ ਹੈ, ਜਿਸ ਕਰਕੇ ਜਿਥੇ ਕਿਤੇ ਲੜਾਈ ਦੀ ਗੱਲ ਆਉਂਦੀ ਹੈ ਤਾਂ ਉਥੇ ਗੁਰੂ ਸਾਹਿਬ ਉਸ ਨੂੰ ਚਮਕਾ ਕੇ ਪੇਸ਼ ਕਰਦੇ ਹਨ ਤਾਂ ਕਿ ਉਨ੍ਹਾਂ ਦੇ ਪਾਠਕ ਸਮਕਾਲੀ ਅਵੱਸਥਾ ਨਾਲ ਟੱਕਰ ਲੈਣ ਲਈ ਸਾਵਧਾਨ ਹੋ ਸਕਣ ਤੇ ਇਸ ਮੌਕੇ ਨੂੰ ਉਨ੍ਹਾਂ ਕਿਤੇ ਹੱਥੋਂ ਜਾਣ ਨਹੀਂ ਦਿੱਤਾ। ਭਿਆਨਕ ਤੇ ਰੌਦਰ, ਰਸ ਵੀ ਮਿਲ ਜਾਵੇਗਾ ਪਰ ਬੀਰ ਰਸ ਦਾ ਰੰਗ ਵਧੇਰੇ ਹੈ। ਸ਼ਕਤੀ ਤੇ ਸ਼ਸਤਰ-ਪਰਿਦਰਸ਼ਨ ਦਾ ਵੀ ਭਾਵ ਇਹੋ ਹੈ ਕਿ ਜ਼ਿੰਦਗੀ ਉਤਸ਼ਾਹ ਨਾਲ ਜੂਝਣ ਯੋਗ ਹੋਵੇ, ਉਹ ਕਿਤੇ ਹਾਰ ਨਾ ਖਾਵੇ। ਸੋ ਦਸਮ ਗ੍ਰੰਥ ਦੀ ਕਾਵਿਧਾਰਾ ਦਾ ਅਲੰਕਾਰ-ਵਿਧਾਨ, ਛੰਦ-ਬੰਧਾਨ ਤੇ ਭਾਸ਼ਾ ਦਾ ਸਾਮਾਨ ਸਭਕੁਝ ਅਜੇਹਾ ਹੀ ਹੈ ਜੋ ਜ਼ਿੰਦਗੀ ਨੂੰ ਸ਼ਕਤੀ ਬਖਸ਼ਦਾ ਹੈ ਤੇ ਤਿਆਰ-ਬਰ-ਤਿਆਰ ਕਰਦਾ ਹੈ। ‘ਖਗ ਖੰਡ ਬਿਹੰਡੰ ਖਲ ਦਲ ਖੰਡੰ’ ਇਕੱਲੇ ਤ੍ਰਿਭੰਗੀ ਛੰਦ ਦੀ ਮਿਸਾਲ ਲੈ ਲਓ, ਇਸ ਦਾ ਪਾਠ ਸੰਤ ਯਾ ਜਗਿਆਸੂ ਜੀਉੜੇ ਨੂੰ ਜੀਅਦਾਨ ਬਖਸ਼ਦਾ, ਸਿਪਾਹੀ ਸੂਰਮੇ ਨੂੰ ਸਾਵਧਾਨ ਕਰਦਾ ਤੇ ਸਾਧਾਰਣ ਸਰੋਤੇ ਨੂੰ ਆਪਣੇ ਰੂਪਕ ਪ੍ਰਭਾਵ ਕਰਕੇ ਹੀ ਇਤਨਾ ਸ਼ਕਤੀਮਾਨ ਬਣਾਉਂਦਾ ਹੈ ਜਿਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਤੇ ਸਾਹਿਤਕ ਰਸੀਏ ਇਸਦਾ ਹੋਰ ਸੁਆਦ ਲੈਂਦੇ ਹਨ। ਇਹ ਮਹਾਂ ਸ਼ਕਤੀ ਦੇ ਤਾਂਡਵ ਨਾਚ ਦਾ ਜੀਊਂਦਾ-ਜਾਗਦਾ ਚਿੱਤਰ ਸਮਚੁੱਚ ਕਵੀ ਦੀ ਰੂਪਕ ਪ੍ਰਬੀਨਤਾ ਦਾ ਕ੍ਰਿਸ਼ਮਾ ਹੈ ਜੋ ਚਾਰ ਵੱਖੋ-ਵੱਖ ਸ਼ਰੇਣੀਆਂ ਨੂੰ ਵੱਖੋ-ਵੱਖ ਤਰ੍ਹਾਂ ਦੀ ਸੰਤੁਸ਼ਟਤਾ ਪ੍ਰਦਾਨ ਕਰਦਾ ਹੈ। ਮਹਾਨ ਕਵੀ ਉਹ ਹੈ ਜੋ ਵਧੀਆ ਅਨੁਭਵ ਕਰਕੇ ਫਿਰ ਵਧੀਆ ਵਿਧੀ ਨਾਲ ਕਹਿ ਵੀ ਸਕਦਾ ਹੈ। The Poet is he, who can best see and best say. ਇਸ ਲਈ ਪ੍ਰੋੜ੍ਹ ਵਿਦਵਤਾ ਵੀ ਚਾਹੀਦੀ ਹੈ ਤੇ ਕਲਪਨਾ ਸ਼ਕਤੀ ਵੀ। ਮੂਰਤੀਕਾਰ ਬਾਊਚਰਡਨ ਆਖਿਆ ਕਰਦਾ ਸੀ ਕਿ ਮੈਂ ਹੋਮਰ ਪੜ੍ਹ ਕੇ ਵੀਹ ਫੁਟ ਹੋਰ ਉੱਚਾ ਹੋ ਜਾਂਦਾ ਹਾਂ। ਦਸਮ ਗ੍ਰੰਥ ਦੀ ਬਾਣੀ ਨੇ ਹਰ ਸੰਤ ਸਿਪਾਹੀ ਦੇ ਕੱਦ ਬੁਤ ਅਤੇ ਸਾਹਸ ਨੂੰ ਵਧਾਇਆ ਹੈ। ਇਸਦਾ ਕਾਰਣ ਕੇਵਲ ਵਿਸ਼ਾ ਵਸਤੂ ਦਾ ਸਮਾਨ ਹੀ ਨਹੀਂ ਸਗੋਂ ਮਹਾਂਕਵੀ ਦਾ ਰੂਪਕ ਵਿਧਾਨ ਵੀ ਹੈ।
-ਪ੍ਰੋ. ਪਿਆਰਾ ਸਿੰਘ ਪਦਮ
