ਮਾਲ ਟੇਕੜੀ ਬਾਰੇ ਸਾਖੀ ਹੈ ਕਿ ਫੌਜਾਂ ਨੇ ਗੁਰੂ ਮਹਾਰਾਜ ਨੂੰ ਤਨਖਾਹ ਨਾ ਮਿਲਣ ਦੀ ਸ਼ਿਕਾਇਤ ਕੀਤੀ ਸੀ। ਗੁਰੂ ਜੀ ਨੇ ਫੁਰਮਾਇਆ ਕਿ ਉਸ ਟਿੱਬੇ ’ਤੇ ਜਾ ਕੇ ਧਰਤੀ ਪੁੱਟੋ। ਸਿੰਘ ਉੱਥੇ ਪੁੱਜੇ ਤਾਂ ਹੈਰਾਨ ਹੋ ਗਏ ਕਿ ਉੱਥੇ ਹੀਰੇ ਆਦਿ ਦਾ ਭੰਡਾਰ ਪਿਆ ਸੀ।
ਜਦ ਵੀ ਹਜ਼ੂਰ ਸਾਹਿਬ ਦੀ ਯਾਤਰਾ ਲਈ ਜਾਂਦੇ ਹਾਂ ਤਾਂ ਤਖ਼ਤ ਸਾਹਿਬ (ਜਿੱਥੇ 1708 ਈ: ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਸਕਾਰ ਕੀਤਾ ਗਿਆ ਸੀ) ‘ਤੇ ਸਾਰੇ ਮੱਥਾ ਟੇਕਦੇ ਹਾਂ।
ਉੱਥੇ ਕਈ ਇਤਿਹਾਸਕ ਅਸਥਾਨ ਹਨ, ਜੋ ਗੁਰੂ ਮਹਾਰਾਜ ਦੇ 9 ਮਹੀਨੇ ਉੱਥੇ ਰਹਿਣ ਸਮੇਂ ਕੀਤੇ ਗਏ ਕੌਤਕਾਂ ਨਾਲ ਸਬੰਧਤ ਹਨ। ਗੋਦਾਵਰੀ ਦਰਿਆ ‘ਤੇ ਇਹ ਸ਼ਹਿਰ ਮੁਗਲਾਂ ਦੇ ਕਬਜ਼ੇ ਵਿੱਚ ਹੁੰਦਾ ਸੀ। 1720 ਵਿੱਚ ਇਹ ਹੈਦਰਾਬਾਦ ਦੀ ਰਿਆਸਤ ਵਿੱਚ ਆ ਗਿਆ। 1956 ਵਿੱਚ ਜਦ ਰਿਆਸਤਾਂ ਦੀ ਮੁੜ ਹੱਦਬੰਦੀ ਹੋਈ ਤਾਂ ਨੰਦੇੜ ਜ਼ਿਲਾ ਮਹਾਰਾਸ਼ਟਰਾ ਵਿੱਚ ਸ਼ਾਮਲ ਕੀਤਾ ਗਿਆ।
ਹੈਦਰਾਬਾਦ ਰਿਆਸਤ, ਜੋ ਕਿਸੇ ਵਕਤ ਭਾਰਤ ਦੀ ਸਭ ਤੋਂ ਵੱਡੀ ਤੇ ਅਮੀਰ ਰਿਆਸਤ ਸੀ, ਨੂੰ ਖਤਮ ਕਰਕੇ ਮਹਾਰਾਸ਼ਟਰ, ਕਰਨਾਟਕਾ ਤੇ ਆਂਧਰਾ ਪ੍ਰਦੇਸ਼ ਵਿੱਚ ਵੰਡ ਦਿੱਤਾ ਗਿਆ।
ਹਜ਼ੂਰ ਸਾਹਿਬ ਵਿੱਚ ਨਗੀਨਾ ਘਾਟ, ਬੰਦਾ ਘਾਟ, ਮਾਲ ਟੇਕੜੀ ਤੇ ਸ਼ਿਕਾਰ ਘਾਟ ਗੁਰਦੁਆਰੇ ਹਨ। ਮਾਤਾ ਸਾਹਿਬ ਕੌਰ ਦਾ ਸਥਾਨ ਵੀ ਨਿਹੰਗ ਸਿੰਘਾਂ ਨੇ ਕਾਇਮ ਰੱਖਿਆ ਹੈ। ਮਾਲ ਟੇਕੜੀ ਬਾਰੇ ਸਾਖੀ ਹੈ ਕਿ ਫੌਜਾਂ ਨੇ ਗੁਰੂ ਮਹਾਰਾਜ ਨੂੰ ਤਨਖਾਹ ਨਾ ਮਿਲਣ ਦੀ ਸ਼ਿਕਾਇਤ ਕੀਤੀ ਸੀ। ਗੁਰੂ ਜੀ ਨੇ ਫੁਰਮਾਇਆ ਕਿ ਉਸ ਟਿੱਬੇ ‘ਤੇ ਜਾ ਕੇ ਧਰਤੀ ਪੁੱਟੋ। ਸਿੰਘ ਉੱਥੇ ਪੁੱਜੇ ਤਾਂ ਹੈਰਾਨ ਹੋ ਗਏ ਕਿ ਉੱਥੇ ਹੀਰੇ ਆਦਿ ਦਾ ਭੰਡਾਰ ਪਿਆ ਸੀ। ਉੱਥੇ ਇਕ ਇਤਿਹਾਸਕ ਥੜ੍ਹਾ ਯਾਦ ਵਜੋਂ ਬਣਾ ਦਿੱਤਾ ਗਿਆ।
17 ਦਸੰਬਰ 1926 ਨੂੰ ਇਕ ਦੁਰਘਟਨਾ ਇਸ ਅਸਥਾਨ
‘ਤੇ ਵਾਪਰੀ। ਗੁਰਦੁਆਰਾ ਸਾਹਿਬ ਦੇ ਨਾਲ ਇਕ ਮੁਸਲਮਾਨ ਪੀਰ ਦੀ ਦਰਗਾਹ ਸੀ। ਇਹ ਫਕੀਰ ਸੀ ਸ਼ਾਹ ਹੁਸੈਨ ਲੱਕੜ, ਜੋ 1778 ਵਿੱਚ ਉੱਥੇ ਦਫ਼ਨ ਹੋਇਆ ਸੀ। ਇਸ ਮਸੀਤ ਦੇ ਨਾਲ ਕੁੱਝ ਹੋਰ ਕਬਰਾਂ ਵੀ ਸਨ। ਗੁਰਦੁਆਰੇ ਅਤੇ ਮਸੀਤ ਦੇ ਵਿਚਕਾਰ ਢਾਈ ਫੁੱਟ ਚੌੜਾ ਰਸਤਾ ਸੀ। ਉਸ ਦਿਨ ਕੁੱਝ ਸ਼ਰਾਰਤੀਆਂ ਨੇ ਗੁਰਦੁਆਰੇ ਦੀ ਬਿਲਡਿੰਗ ਢਾਹ ਕੇ ਉੱਥੇ ਕਈ ਕਬਰਾਂ ਬਣਾ ਦਿੱਤੀਆਂ। ਇਸ ਘਟਨਾ ਕਾਰਨ ਸਿੱਖਾਂ ਤੇ ਮੁਸਲਮਾਨਾਂ ਵਿੱਚ ਤਕਰਾਰ ਵੱਧ ਗਿਆ ਤੇ ਸਾਰੇ ਪਾਸੇ ਸਿੱਖ ਕੌਮ ਵਿੱਚ ਰੋਸ ਹੋਣ ਲੱਗਾ। ਹੈਦਰਾਬਾਦ ਦੀ ਰਿਆਸਤ ਦੇ ਮੁਖੀ ਨੂੰ ਮਹਾਰਾਜ ਜਾਂ ਨਵਾਬ ਨਹੀਂ ਨਿਜ਼ਾਮ ਆਖਿਆ ਜਾਂਦਾ ਸੀ। ਨਿਜ਼ਾਮ ਹੈਦਰਾਬਾਦ ਨੂੰ ਜਦ ਖਬਰ ਪੁੱਜੀ ਤਾਂ ਉਸੇ ਵਕਤ ਉਸਨੇ ਤਿੰਨ ਮੈਂਬਰੀ ਕਮੇਟੀ ਬਣਾ ਕੇ ਸਾਰੀ ਘਟਨਾ ਦੀ ਜਾਂਚ ਦੇ ਹੁਕਮ ਦੇ ਦਿੱਤੇ। ਇਹ ਸਨ-ਮਾਲ ਮਹਿਕਮੇ ਦੇ ਡਾਇਰੈਕਟਰ ਜਨਰਲ ਨਵਾਬ ਸਦਾਤ ਜੰਗ ਬਹਾਦਰ, ਹਾਈ ਕੋਰਟ ਜੱਜ ਗਿਰੀ ਰਾਓ ਤੇ ਪੁਲਿਸ ਮੁਖੀ ਮਿਸਟਰ-ਆਰਮਸਟੰਗ। ਇਹ ਤਿੰਨ ਮੈਂਬਰਾਂ ਨੇ ਕਈ ਗਵਾਹ ਬੁਲਾਏ। ਸਿੱਖ ਕੋਈ ਮਲਕੀਅਤ ਦੇ ਕਾਗਜ਼ ਨਾ ਪੇਸ਼ ਕਰ ਸਕੇ। ਇਸਤੇ ਸਰਬਸੰਮਤੀ ਨਾਲ ਫੈਸਲਾ ਨਾ ਹੋ ਸਕਿਆ। ਨਿਜ਼ਾਮ ਨੇ ਤੁਰੰਤ ਇਕ ਹਾਈਕੋਰਟ ਜੱਜ ਏ.ਐਮ.ਕੀਊਮਿੰਗ,
ਜੋ ਕਲਕੱਤਾ ਹਾਈਕੋਰਟ ਵਿੱਚ ਸੀ, ਅੰਗਰੇਜ਼ ਸਰਕਾਰ ਤੋਂ ਮੰਗ ਕੇ ਜਾਂਚ ਲਈ ਲਾ ਦਿੱਤਾ। ਹੈਦਰਾਬਾਦ ਹਾਈਕੋਰਟ ਦਾ ਰਜਿਸਟਰਾਰ ਮਿਰਜ਼ਾ ਫਾਹਤਉਲਾ ਬੇਗ ਨਾਲ ਲਗਾ ਦਿੱਤਾ। ਦਸੰਬਰ 7, 1929 ਨੂੰ ਜੱਜ ਸਾਹਿਬ ਨੇ ਸਿੱਖਾਂ ਦੇ ਹੱਕ ਵਿੱਚ ਫੈਸਲਾ ਦੇ ਦਿੱਤਾ।
ਜਿਹੜੀਆਂ ਕਬਰਾਂ ਉੱਥੇ ਬਣਾਈਆਂ ਸਨ, ਹਟਾ ਦਿੱਤੀਆਂ ਗਈਆਂ। ਸਿੱਖਾਂ ਨੂੰ 9 ਜਨਵਰੀ 1930 ਨੂੰ ਮੁੜ ਕਬਜ਼ਾ ਮਿਲ ਗਿਆ। ਨਿਜ਼ਾਮ ਦੀ ਸਿਆਣਪ ਦੀ ਦਾਦ ਦੇਵੋ, ਉਸ ਨੇ ਹੁਕਮ ਦਿੱਤਾ ਕਿ ਮਸੀਤ ਤੇ ਗੁਰਦੁਆਰੇ ਵਿਚਕਾਰ ਇਕ ਦੀਵਾਰ ਬਣਾਈ ਜਾਵੇ, ਜੋ ਹੁਣ ਤੱਕ ਕਾਇਮ ਹੈ। ਇਹ 35 ਫੁੱਟ ਉੱਚੀ ਤੇ 80 ਫੁੱਟ ਲੰਬੀ ਹੈ। ਇਸ ਅਮਨ ਦੀ ਦੀਵਾਰ ਕਾਰਨ ਮੁੜ ਮੁਸਲਮਾਨਾਂ ਤੇ ਸਿੱਖਾਂ ਦਾ ਕੋਈ ਝਗੜਾ ਨਹੀਂ ਹੋਇਆ। ਹੈਦਰਾਬਾਦ ਰਿਆਸਤ ਦੇ ਸਿੱਖਾਂ ਨਾਲ ਬੜੇ ਪੁਰਾਣੇ 1825 ਤੋਂ ਸਬੰਧ ਹਨ।
ਸ: ਤਰਲੋਚਨ ਸਿੰਘ (ਸਾਬਕਾ ਐਮ. ਪੀ.)
