ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ 25 ਮਈ ਤੋਂ ਹੋਵੇਗੀ ਸ਼ੁਰੂ

ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ 25 ਮਈ, 2025 ਤੋਂ ਸ਼ੁਰੂ ਹੋਣ ਜਾ ਰਹੀ ਹੈ।

ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਪ੍ਰਧਾਨ ਨਰਿੰਦਰ ਸਿੰਘ ਬਿੰਦਰਾ ਨੇ ਉੱਤਰਾਖੰਡ ਦੇ ਮੁੱਖ ਸਕੱਤਰ ਸ੍ਰੀ ਰਾਧਾ ਰਤੂਰੀ ਨਾਲ ਮੁਲਾਕਾਤ ਕਰ ਕੇ ਇਹ ਜਾਣਕਾਰੀ ਸਾਂਝੀ ਕੀਤੀ।

ਇਹ ਯਾਤਰਾ 25 ਮਈ ਤੋਂ ਸ਼ੁਰੂ ਹੋਵੇਗੀ ਅਤੇ 10 ਅਕਤੂਬਰ ਤਕ ਜਾਰੀ ਰਹੇਗੀ, ਜਿਸ ਦੌਰਾਨ ਸ਼ਰਧਾਲੂਆਂ ਨੂੰ ਲਗਭਗ ਪੰਜ ਮਹੀਨੇ ਤਕ ਪਵਿੱਤਰ ਸਥਾਨ ਦੇ ਦਰਸ਼ਨ ਕਰਨ ਦਾ ਮੌਕਾ ਮਿਲੇਗਾ।

2024 ਵਿੱਚ 1,83,722 ਸ਼ਰਧਾਲੂ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਨ ਪਹੁੰਚੇ ਜਦਕਿ 2023 ਵਿੱਚ 1,77,463 ਯਾਤਰੀਆਂ ਨੇ ਯਾਤਰਾ ਕੀਤੀ ਸੀ। ਹਰ ਸਾਲ ਯਾਤਰੀਆਂ ਦੀ ਗਿਣਤੀ ਵਧ ਰਹੀ ਹੈ ਜੋ ਸਿੱਖ ਸੰਗਤ ਦੀ ਸ਼ਰਧਾ ਅਤੇ ਸ੍ਰੀ ਹੇਮਕੁੰਟ ਸਾਹਿਬ ਦੀ ਮਹਿਮਾ ਨੂੰ ਦਰਸਾਉਂਦੀ ਹੈ।

ਸ੍ਰੀ ਹੇਮਕੁੰਟ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਜੁੜਿਆ ਹੋਇਆ ਹੈ, ਜਿਨ੍ਹਾਂ ਨੇ ਆਪਣੀ ਆਤਮਕ ਅਵਸਥਾ ਬਾਰੇ “ਬਚਿੱਤਰ ਨਾਟਕ” ਵਿੱਚ ਉਲੇਖ ਕੀਤਾ ਹੈ ਕਿ ਉਨ੍ਹਾਂ ਨੇ ਇੱਥੇ ਕਈ ਜਨਮਾਂ ਵਿੱਚ ਭਗਤੀ ਕੀਤੀ ਸੀ। ਇਹ 15,200 ਫੁੱਟ ਦੀ ਉਚਾਈ ‘ਤੇ ਸਥਿਤ ਹੈ ਅਤੇ ਸ਼ਰਧਾਲੂਆਂ ਨੂੰ ਇੱਥੇ ਪਹੁੰਚਣ ਲਈ ਕਈ ਕਿਲੋਮੀਟਰ ਦੀ ਚੜ੍ਹਾਈ ਤੈਅ ਕਰਨੀ ਪੈਂਦੀ ਹੈ।

1970 ਵਿੱਚ ਗੁਰਦੁਆਰਾ ਕਮੇਟੀ ਨੇ ਇਸ ਸਥਾਨ ਦੀ ਯਾਤਰਾ ਸ਼ੁਰੂ ਕਰਵਾਈ ਜਿਸ ਤੋਂ ਬਾਅਦ ਹਰ ਸਾਲ ਲੱਖਾਂ ਦੀ ਗਿਣਤੀ ਵਿੱਚ ਸੰਗਤ ਇੱਥੇ ਆਉਂਦੀ ਹੈ। ਇਹ ਸਥਾਨ ਸਿੱਖ ਇਤਿਹਾਸ ਅਤੇ ਆਤਮਕਤਾ ਦੀ ਅਨੋਖੀ ਨਿਸ਼ਾਨੀ ਹੈ।