1 views 7 secs 0 comments

ਸ੍ਰ: ਸੁਬੇਗ ਸਿੰਘ-ਸ਼ਾਹਬਾਜ਼ ਸਿੰਘ ਜੀ

ਲੇਖ
March 25, 2026

ਸਰਦਾਰ ਸੁਬੇਗ ਸਿੰਘ ਜੀ ਪਿੰਡ ਜੰਬਰ ਜ਼ਿਲ੍ਹਾ ਲਾਹੌਰ ਦੇ ਵਸਨੀਕ ਸਨ। ਉਹ ਚੰਗੇ ਰਸੂਖ ਵਾਲੇ ਜਿਮੀਂਦਾਰ ਤੇ ਸਰਕਾਰੀ ਅਜਾਰੇਦਾਰ ਸਨ । ਉਹ ਫਾਰਸੀ ਦੇ ਚੰਗੇ ਵਿਦਵਾਨ ਸਨ। ਲਾਹੌਰ ਦਾ ਸੂਬਾ ਜ਼ਕਰੀਆ ਖਾਂ ਉਹਨਾਂ ਦੀ ਇੱਜ਼ਤ ਕਰਦਾ ਸੀ। ਉਹਨਾਂ ਨੇ ਕਈ ਕੰਮ ਸਵਾਰੇ ਸਨ ਅਤੇ ਕਈ ਮੌਕਿਆਂ ‘ਤੇ ਉਸ ਦੀ ਕਦਰ ਯੋਗ ਸੇਵਾ ਸਹਾਇਤਾ ਕੀਤੀ ਸੀ।

ਉਹਨਾਂ ਵਿਚੋਂ ਇਕ ਖਾਸ ਕਥਨ-ਯੋਗ ਹੈ, ਜੋ ਇਸ ਪ੍ਰਕਾਰ ਹੈ:

ਸੰਨ ੧੭੩੩ ਵਿਚ ਜ਼ਕਰੀਆ ਖਾਂ ਨੇ ਦਿੱਲੀ ਦੇ ਬਾਦਸ਼ਾਹ ਨੂੰ ਲਿਖਿਆ ਕਿ ਸਿੱਖਾਂ ਉਪਰ ਵੱਧ ਤੋਂ ਵੱਧ ਸਖਤੀ ਕਰਕੇ ਵੇਖ ਲਈ ਹੈ, ਪਰ ਵਸ ਵਿਚ ਨਹੀਂ ਆਉਂਦੇ। ਇਹ ਮੁਕਦੇ ਵੀ ਨਹੀਂ ਅਤੇ ਆਪਣੇ ਕਾਰਿਆਂ ਤੋਂ ਰੁਕਦੇ ਤੇ ਹਟਦੇ ਵੀ ਨਹੀਂ। ਮੇਰੀ ਤਜਵੀਜ਼ ਹੈ ਕਿ ਇਹਨਾਂ ਨਾਲ ਨਰਮੀ (ਰਿਆਇਤ) ਵਾਲਾ ਸਲੂਕ ਕਰਕੇ ਵੇਖ ਲਈਏ। ਇਸ ਖਿਆਲ ਨਾਲ ਉਹਨਾਂ ਨੂੰ ਜਾਗੀਰ ਦਿੱਤੀ ਜਾਵੇ ਅਤੇ ਉਹਨਾਂ ਦੇ ਜਥੇਦਾਰ ਨੂੰ ਖਿਤਾਬ ਦਿੱਤਾ ਜਾਵੇ। ਬਾਦਸ਼ਾਹ ਨੇ ਇਹ ਸਲਾਹ ਮੰਨ ਲਈ। ਜ਼ਕਰੀਆ ਖਾਂ ਨੇ ਸਰਦਾਰ ਸੁਬੇਗ ਸਿੰਘ ਜੀ ਨੂੰ ਆਪਣਾ ਵਕੀਲ ਬਣਾ ਕੇ ਭੇਜਿਆ ਤਾਂ ਜੋ ਖਾਲਸੇ ਨਾਲ ਗੱਲਬਾਤ ਤੇ ਸਮਝੌਤਾ ਕੀਤਾ ਜਾਵੇ । ਉਹ ਖਾਲਸੇ ਪਾਸ ਪੁੱਜੇ ਜੋ ੨੯ ਮਾਰਚ ੧੭੩੩ ਵਿਸਾਖੀ ਸਮੇਂ ਅਕਾਲ ਤਖ਼ਤ ਸਾਹਿਬ ਜੁੜਿਆ ਹੋਇਆ ਸੀ। ਜਦ ਉਹਨਾਂ ਨੂੰ ਪਹਿਲਾਂ ਤਨਖਾਹ ਲਾਈ ਗਈ ਕਿਉਂਕਿ ਉਹ ਸਰਕਾਰ ਨੂੰ ਮਿਲਵਰਤਣ ਦੇ ਰਹੇ ਸਨ, ਫਿਰ ਉਹਨਾਂ ਨੇ ਸਰਕਾਰ ਵਲੋਂ ਨਵਾਬੀ ਦਿਆਲਪੁਰ, ਕੰਗਣਪੁਰ ਤੇ ਝਬਾਲ ਦੇ ਪਰਗਨਿਆਂ ਦੀ ਜਾਗੀਰ, ਜਿਸ ਦੀ ਆਮਦਨ ਇੱਕ ਲੱਖ ਰੁਪਿਆ ਸਾਲਾਨਾ ਸੀ ਅਤੇ ਕੀਮਤੀ ਖਿਲਤ (ਪੁਸ਼ਾਕ) ਖਾਲਸੇ ਅੱਗੇ ਪੇਸ਼ ਕੀਤੀ। ਖਾਲਸੇ ਵਲੋਂ ਜਥੇਦਾਰ ਦੀਵਾਨ ਦਰਬਾਰਾ ਸਿੰਘ ਨੇ ਕਿਹਾ, ‘ਸਾਨੂੰ ਸਤਿਗੁਰਾਂ ਦਾ ਵਰ ਹੈ ਕਿ ਖਾਲਸਾ ਰਾਜ ਕਰੇਗਾ। ਅਸੀਂ ਆਪ ਰਾਜ ਜਿੱਤਾਂਗੇ। ਕਿਸੇ ਦੀ ਦਿੱਤੀ ਹੋਈ ਨਵਾਬੀ ਕਿਉਂ ਲਈਏ? ਪਰ ਸਰਦਾਰ ਸੁਬੇਗ ਸਿੰਘ ਜੀ ਦੇ ਕਹਿਣ-ਕਹਾਉਣ ਅਤੇ ਜ਼ੋਰ ਦੇਣ ਉਤੇ ਪ੍ਰਵਾਨ ਕਰਨੀ ਮੰਨ ਲਈ। ਪਹਿਲਾਂ ਦੀਵਾਨ ਦਰਬਾਰਾ ਸਿੰਘ ਜੀ ਨੂੰ ਜੋ ਸਿਰ-ਕੱਢ ਜਥੇਦਾਰ ਸੀ ਨਵਾਬੀ ਲੈਣ ਲਈ ਕਿਹਾ ਗਿਆ। ਉਹਨਾਂ ਨੇ ਨਾਂਹ ਕਰ ਦਿੱਤੀ। ਕਈਆਂ ਹੋਰਨਾਂ ਨੂੰ ਕਿਹਾ ਗਿਆ, ਪਰ ਕੋਈ ਨਵਾਬੀ ਤੇ ਲੱਖ ਰੁਪਏ ਦੀ ਜਾਗੀਰ ਲੈਣੀ ਨਾ ਮੰਨੇ। ਅਖੀਰ ਵਿਚ ਸਰਦਾਰ ਸੁਬੇਗ ਸਿੰਘ ਜੀ ਨੇ ਕਿਹਾ “ਖਾਲਸਾ ਜੀ! ਇਹ ਕਿਸੇ ਸੇਵਦਾਰ ਨੂੰ ਬਖਸ਼ ਦਿਓ, ਮੋੜੇ ਨਾ।” ਉਸ ਵੇਲੇ ਸ੍ਰ: ਕਪੂਰ ਸਿੰਘ ਫੈਜ਼ਲਪੁਰੀਆ ਸੰਗਤਾਂ ਨੂੰ ਪੱਖਾ ਝਲ ਰਿਹਾ ਸੀ । ਉਹ ਖਾਲਸੇ ਦੇ ਤਬੇਲਿਆਂ ਦੀ ਲਿੱਦ ਹੂੰਝਣ ਅਤੇ ਘੋੜਿਆਂ ਦੇ ਦਾਣੇ-ਪਾਣੀ ਤੇ ਪਠੇ ਦਬੇ ਦੀ ਸੇਵਾ ਕਰਦਾ ਹੁੰਦਾ ਸੀ। ਨਵਾਬੀ ਤੇ ਜਾਗੀਰ ਉਸ ਨੂੰ ਦਿੱਤੀ ਗਈ। ਉਸ ਨੇ ਕਿਹਾ, ‘ਜੀਅ ਤਾਂ ਮੇਰਾ ਵੀ
ਨਹੀਂ ਕਰਦਾ, ਪਰ ਜੇ ਖਾਲਸਾ ਬਖਸ਼ਿਸ਼ ਕਰਦਾ ਹੈ, ਤਾਂ ਹਾਜ਼ਰ ਹਾਂ। ਪਰ ਪਹਿਲਾਂ ਇਸ ਸਨਦ ਤੇ ਖਿਲਤ ਨੂੰ ਪੰਜ ਸਿੰਘ ਚਰਨ ਲਾ ਦੇਣ।

ਸ੍ਰ: ਸੁਬੇਗ ਸਿੰਘ ਦਾ ਇੱਕ ਪੁੱਤਰ ਸੀ ਜਿਸ ਦਾ ਨਾਂ ਸ਼ਾਹਬਾਜ਼ ਸਿੰਘ ਸੀ । ਉਹ ਬੜਾ ਸੋਹਣਾ ਜਵਾਨ ਤੇ ਹੋਣਹਾਰ ਗੱਭਰੂ ਸੀ । ਉਹ ਇਕ ਮਦਰੱਸੇ ਵਿਚ ਕਾਜ਼ੀ ਪਾਸੋਂ ਫਾਰਸੀ ਪੜ੍ਹਿਆ ਕਰਦਾ ਸੀ। ਕਾਜ਼ੀ ਨੇ ਉਸ ਦੀ ਸਮਝ, ਲਿਆਕਤ ਤੇ ਡੀਲ ਵੇਖ ਕੇ ਉਸ ਨੂੰ ਮੁਸਲਮਾਨ ਬਣਾਉਣਾ ਚਾਹਿਆ। ਲੜਕੇ ਨੇ ਨਾਂਹ ਕਰ ਦਿੱਤੀ । ਕਾਜ਼ੀ ਨੇ ਲਾਹੌਰ ਦਰਬਾਰ ਸ਼ਿਕਾਇਤ ਕਰ ਭੇਜੀ ਕਿ ਸ਼ਾਹਬਾਜ਼ ਸਿੰਘ ਨੇ ਦੀਨ ਇਸਲਾਮ ਦੀ ਨਿਰਾਦਰੀ ਕੀਤੀ ਹੈ ਤੇ ਹਜ਼ਰਤ ਸਾਹਿਬ ਦੇ ਵਿਰੁੱਧ ਨਜਾਇਜ਼ ਲਫਜ਼ ਕਹੇ ਹਨ। ਇਸ ਝੂਠੇ ਦੋਸ਼ ਦੇ ਅਧਾਰ ‘ਤੇ ਸ਼ਾਹਬਾਜ਼ ਸਿੰਘ ਨੂੰ ਗ੍ਰਿਫਤਾਰ ਕਰਕੇ ਲਾਹੌਰ ਹਾਜ਼ਰ ਕੀਤਾ ਗਿਆ।

ਪੁੱਤ ਦੇ ਨਾਲ ਹੀ ਪਿਉ (ਸਰਦਾਰ ਸੁਬੇਗ ਸਿੰਘ ਜੀ) ਨੂੰ ਵੀ ਗ੍ਰਿਫਤਾਰ ਕੀਤਾ ਗਿਆ।

ਮਜ਼੍ਹਬੀ ਪਾਗਲਪੁਣੇ ਦੀ ਅੱਗ ਨੇ ਜ਼ਕਰੀਆ ਖਾਂ ਪਿਛੋਂ ਉਸਦਾ ਪੁੱਤਰ ਯਹੀਆ ਖਾਂ ਜੋ ਗਵਰਨਰ ਬਣਿਆ, ਨੇ ਉਹਨਾਂ ਦੀ ਪਿਛਲੀ ਸੇਵਾ ਸਹਾਇਤਾ ਸਭ ਭੁਲਾ ਦਿੱਤੀ । ਉਹਨਾਂ ਵਿਰੁੱਧ ਦੋਸ਼ ਇਹ ਘੜਿਆ ਗਿਆ ਕਿ ਇਹ ਸਰਕਾਰ ਦਾ ਵੈਰੀ ਹੈ।

ਸ੍ਰ: ਸੁਬੇਗ ਸਿੰਘ ਨੂੰ ਕਿਹਾ ਗਿਆ ਕਿ ਮੁਸਲਮਾਨ ਹੋ ਜਾਓ, ਨਹੀਂ ਤਾਂ ਮਾਰੇ ਜਾਓਗੇ।

ਉਹਨਾਂ ਨੇ ਧਰਮ ਛਡਣੋਂ ਨਾਂਹ ਕਰ ਦਿੱਤੀ। ਕੁਝ ਕੁ ਨਿਕਟਵਰਤੀਆਂ ਨੇ ਸ੍ਰ: ਸੁਬੇਗ ਸਿੰਘ ਜੀ ਨੂੰ ਕਿਹਾ, “ਹੋਰ ਨਹੀਂ ਤਾਂ ਆਪਣੇ ਬੱਚੇ ਨੂੰ ਬਚਾ ਕੇ ਕੁਲ ਦਾ ਨਿਸ਼ਾਨ ਤਾਂ ਕਾਇਮ ਰਖ ਲਓ”

ਤਾਂ ਭਾਈ ਸਾਹਿਬ ਨੇ ਡਟ ਕੇ ਜੁਆਬ ਦਿੱਤਾ:

ਸਿਖਨ ਕਾਜ ਸੁ ਗੁਰੂ ਸਵਾਰੇ, ਸੀਸ ਦੀਓ ਨਿਜ ਸਣ ਪ੍ਰਵਾਰੇ।

ਹਮ ਕਾਰਨ ਗੁਰ ਕੁਲਹਿ ਗਵਾਈ, ਹਮ ਕੁਲ ਰਾਖੋਂ ਕੌਣ ਬਡਾਈ।

ਭਾਵ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸਾ ਪੰਥ ਜਿਉਂਦਾ ਰਖਣ ਹਿਤ ਆਪਣਾ ਸਾਰਾ ਪਰਿਵਾਰ ਕੁਰਬਾਨ ਕਰ ਦਿੱਤਾ ਤੇ ਮੈਂ ਆਪਣੀ ਕੁਲ ਦਾ ਨਿਸ਼ਾਨ ਬਚਾਣ ਲਈ ਪੁੱਤਰ ਨੂੰ ਧਰਮ ਤਿਆਗਣ ਲਈ ਕਹਾਂ, ਇਸ ਵਿਚ ਕੀ ਵਡਿਆਈ ਹੈ? ਸ੍ਰ: ਸੁਬੇਗ ਸਿੰਘ ਜੀ ਦੇ ਮੂੰਹੋਂ ਕੋਰਾ ਉੱਤਰ ਸੁਣ ਕੇ ਉਹਨਾਂ ਨੂੰ ਚਰਖੜੀ ਤੇ ਚਾੜ੍ਹ ਕੇ ਸ਼ਹੀਦ ਕਰਨ ਦਾ ਹੁਕਮ ਸੁਣਾ ਦਿੱਤਾ ਗਿਆ। ਉਹਨਾਂ ਨੂੰ ਚਰਖੜੀ ਉਤੇ ਚਾੜ੍ਹਿਆ ਗਿਆ ਤੇ ਚਰਖੜੀ ਨੂੰ ਗੇੜਿਆ ਗਿਆ । ਅੱਤ ਦਾ ਦੁਖ ਹੋਇਆ, ਪਰ ਸ੍ਰ: ਸੁਬੇਗ ਸਿੰਘ ਨੇ ਸਿਦਕ ਨਾ ਹਾਰਿਆ। ‘ਚਰਖੜੀ ਚਾੜ੍ਹ ਫਿਰ ਬਹੁਤ ਘੁਮਾਇਆ। ਵਾਹਿਗੁਰੂ ਤਿਨ ਨਾਹਿ ਭੁਲਾਇਆ ।’ ਫਿਰ ਉਹਨਾਂ ਦੇ ਪੁੱਤਰ ਸ੍ਰ: ਸੁਬੇਗ ਸਿੰਘ ਨੂੰ ਉਹਨਾਂ ਦੇ ਰੂਬਰੂ ਚਰਖੜੀ ਉਤੇ ਚਾੜ੍ਹਿਆ ਗਿਆ ਤੇ ਚਰਖੜੀ ਨੂੰ ਗੇੜਿਆ ਗਿਆ। ਦੋਵੇਂ ਚਰਖੜੀਆਂ ਚਲਦਆਂ ਗਈਆਂ। ਗੁਰੂ ਦੇ ਸਿੱਖ ਕਸ਼ਟ ਝੱਲਦੇ ਤੇ ‘ਅਕਾਲ ਅਕਾਲ’ ਕਹਿੰਦੇ ਰਹੇ। ਕੁਝ ਚਿਰ ਮਗਰੋਂ ਚਰਖੜੀਆਂ ਖਲਿਹਾਰ ਕੇ ਉਹਨਾਂ ਪਾਸੋਂ ਪੁਛਿਆ ਜਾਂਦਾ ਸੀ ਕੀ ਤੁਸੀਂ ਇਸਲਾਮ ਕਬੂਲ ਕਰਨ ਨੂੰ ਤਿਆਰ ਹੋ?” ਚਰਖੜੀਆਂ ਉਦਾਲੇ ਤਿੱਖੀਆਂ ਛੁਰੀਆਂ ਲੱਗੀਆਂ ਹੋਈਆਂ ਸਨ। ਉਹ ਗਿੜਦੀਆਂ ਗਈਆਂ, ‘ਅਕਾਲ-ਅਕਾਲ’ ਦੀਆਂ ਆਵਾਜ਼ਾਂ ਸਹਿਜੇ ਸਹਿਜੇ ਬੰਦ ਹੋ ਗਈਆਂ। ਦੋਵੇਂ ਪਿਉ ਪੁੱਤ ਸਾਹਿਬ ਕਲਗੀਧਰ ਪਿਤਾ ਦੀ ਗੋਦ ਵਿਚ ਜਾ ਬਿਰਾਜੇ। ਇਹ ਸਾਕਾ ਸੰਨ ੧੭੪੫ ਦਾ ਹੈ।