261 views 8 secs 0 comments

ਸੰਗਤ ਦਾ ਸੰਕਲਪ

ਲੇਖ
May 14, 2025
ਸੰਗਤ ਦਾ ਸੰਕਲਪ

-ਡਾ. ਸ਼ਮਸ਼ੇਰ ਸਿੰਘ

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਵਿਅਕਤੀਗਤ ਆਚਰਨ ਦੀ ਉਸਾਰੀ ਲਈ ਪੂਜਾ-ਪਾਠ ’ਤੇ ਜ਼ੋਰ ਦਿੱਤਾ ਜਾਂਦਾ ਸੀ। ਰਿਸ਼ੀ-ਮੁਨੀ ਜੰਗਲਾਂ ਵਿਚ ਜਾਂਦੇ, ਤਪ ਕਰਦੇ, ਬੋਧੀ ਮੱਠਾਂ ਵਿਚ ਇਕਾਂਤ ਵਾਸ ਕਰਦੇ ਅਤੇ ਜੋਗੀ ਸਮਾਧੀਆਂ ਲਾਉਂਦੇ। ਮੰਦਰਾਂ ਦਾ ਆਕਾਰ ਇਤਨਾ ਛੋਟਾ ਹੁੰਦਾ ਸੀ ਕਿ ਕੇਵਲ ਪੁਜਾਰੀ ਦੇ ਬੈਠਣ ਦੀ ਹੀ ਥਾਂ ਹੁੰਦੀ ਸੀ। ਇਕਾਂਤ-ਵਾਸ ਵਿਚ ਮਨ ਵਿਕਾਰਾਂ ਤੋਂ ਮੁਕਤ ਨਹੀਂ ਹੁੰਦਾ। ਗੁਰੂ ਜੀ ਫੁਰਮਾਉਂਦੇ ਹਨ:

ਇਕਿ ਵਣ ਖੰਡਿ ਬੈਸਹਿ ਜਾਇ ਸਦੁ ਨ ਦੇਵਹੀ॥
ਇਕਿ ਪਾਲਾ ਕਕਰੁ ਭੰਨਿ ਸੀਤਲੁ ਜਲੁ ਹੇਂਵਹੀ॥
ਇਕਿ ਭਸਮ ਚੜ੍ਵਾਵਹਿ ਅੰਗਿ ਮੈਲੁ ਨ ਧੋਵਹੀ॥
ਇਕਿ ਜਟਾ ਬਿਕਟ ਬਿਕਰਾਲ ਕੁਲੁ ਘਰੁ ਖੋਵਹੀ॥
ਇਕਿ ਨਗਨ ਫਿਰਹਿ ਦਿਨੁ ਰਾਤਿ ਨੀਂਦ ਨ ਸੋਵਹੀ॥
ਇਕਿ ਅਗਨਿ ਜਲਾਵਹਿ ਅੰਗੁ ਆਪੁ ਵਿਗੋਵਹੀ॥ (ਪੰਨਾ 1284)

ਸਿੱਖ ਦਾ ਸਰੂਪ ਤੇ ਕਰਮ ਕੈਸੇ ਹੋਣ, ਗੁਰੂ ਜੀ ਸਾਹਮਣੇ ਇਹ ਇਕ ਕਰਨਯੋਗ ਕੰਮ ਸੀ। ਸੰਗਤ ਵਿਚ ਜੁੜਨ ਵਾਲੇ ਮਨੁੱਖ ਦਾ ਮਨ ਭਟਕਦਾ ਨਹੀਂ, ਵਿਕਾਰਾਂ ਵੱਲ ਨਹੀਂ ਜਾਂਦਾ। ਸੰਗਤ ਆਤਮਿਕ ਵਿਕਾਸ ਲਈ ਸਹਾਈ ਹੁੰਦੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਯਾਤਰਾਵਾਂ ਦੇ ਦੌਰਾਨ ਜਿੱਥੇ ਲੋੜ ਪਈ ਸੰਗਤਾਂ ਕਾਇਮ ਕੀਤੀਆਂ ਤੇ ਪੰਗਤ ਲਗਾਉਣ ਦਾ ਆਦੇਸ਼ ਵੀ ਦਿੱਤਾ। ਸੰਗਤ ਨੂੰ “ਧਰਮਸਾਲ” ਕਿਹਾ ਗਿਆ ਹੈ। ਭਾਈ ਗੁਰਦਾਸ ਜੀ ਲਿਖਦੇ ਹਨ:

ਘਰਿ ਘਰਿ ਅੰਦਰਿ ਧਰਮਸਾਲ ਹੋਵੈ ਕੀਰਤੁਨ ਸਦਾ ਵਿਸੋਆ। (ਵਾਰ 1:27)

ਪਰਿਭਾਸ਼ਾ : ਇੱਕ, ਸਰਬ ਸ਼ਕਤੀਮਾਨ ਪ੍ਰਭੂ ਵਿਚ ਵਿਸ਼ਵਾਸ ਰੱਖਣ ਵਾਲੇ ਤੇ ਗੁਰੂ ਦੁਆਰਾ ਉਚਾਰੀ ਹੋਈ ਬਾਣੀ ਨੂੰ ਵਿਚਾਰਨ ਤੇ ਅਮਲ ਵਿਚ ਲਿਆਉਣ ਵਾਲੇ ਗੁਰਮੁਖਾਂ ਦੇ ਇਕੱਠ ਦੇ ਨਾਮ ਨੂੰ ਸੰਗਤ ਮੰਨਿਆ ਗਿਆ ਹੈ। ਇਸ ਸੰਗਤ ਵਿਚ ਪ੍ਰਭੂ ਦਾ ਹੀ ਜਸ ਕੀਤਾ ਜਾਂਦਾ ਹੈ। ਇਸ ਤਰ੍ਹਾਂ ਦਾ ਜਸ ਕਰਨ ਵਾਲੇ ਗੁਰਮੁਖਾਂ ਦਾ ਮੇਲ ਹੀ ਸਿੱਖ ਪ੍ਰਭੂ ਤੋਂ ਰੋਜ਼ ਅਰਦਾਸ ਵਿਚ ਮੰਗਦਾ ਹੈ। ਗੁਰਬਾਣੀ ਅਨੁਸਾਰ ਸੰਗਤ ਦੀ ਪਰਿਭਾਸ਼ਾ ਇਸ ਪ੍ਰਕਾਰ ਦਿੱਤੀ ਗਈ ਹੈ:

-ਸਤਸੰਗਤਿ ਕੈਸੀ ਜਾਣੀਐ॥ ਜਿਥੈ ਏਕੋ ਨਾਮੁ ਵਖਾਣੀਐ॥ (ਪੰਨਾ 72)

-ਸੇਈ ਪਿਆਰੇ ਮੇਲ,
ਜਿਨ੍ਹਾਂ ਮਿਿਲਆਂ ਤੇਰਾ ਨਾਮ ਚਿਤ ਆਵੇ। (ਅਰਦਾਸ)
ਭਾਈ ਗੁਰਦਾਸ ਜੀ ਲਿਖਦੇ ਹਨ ਕਿ ਜਿੱਥੇ ਦੋ ਸਿੱਖ ਵੀ ਮਿਲ ਕੇ ਗੁਰਮਤਿ ਦੀ ਵਿਚਾਰ ਕਰਦੇ ਹਨ, ਉਹ ਵੀ ਸਤਸੰਗਤਿ ਹੈ।

ਇਕੁ ਸਿਖੁ ਦੁਇ ਸਾਧ ਸੰਗੁ ਪੰਜੀਂ ਪਰਮੇਸਰੁ। (ਵਾਰ 13:19)

ਗੁਰਦੁਆਰੇ ਦਾ ਕਰਮ ਹੀ ਗੁਰੂ ਜਸ ਦੱਸਿਆ ਹੈ, ਜਿਸ ਜਸ ਦੁਆਰਾ ਦਰਗਾਹ ਵਿਚ ਮਾਣ ਪ੍ਰਾਪਤ ਹੁੰਦਾ ਹੈ:

ਗੁਰ ਦੁਆਰੈ ਹਰਿ ਕੀਰਤਨੁ ਸੁਣੀਐ॥
ਸਤਿਗੁਰੁ ਭੇਟਿ ਹਰਿ ਜਸੁ ਮੁਖਿ ਭਣੀਐ॥
ਕਲਿ ਕਲੇਸ ਮਿਟਾਏ ਸਤਿਗੁਰੁ ਹਰਿ ਦਰਗਹ ਦੇਵੈ ਮਾਨਾਂ ਹੇ॥ (ਪੰਨਾ 1075)

ਸੰਗਤ ਦੇ ਲਾਭ: ਸੰਗਤ ਵਿਚ ਜਗਿਆਸੂ ਦੈਵੀ ਗੁਣ ਗ੍ਰਹਿਣ ਕਰਦੇ ਹਨ। ਦੈਵੀ ਗੁਣਾਂ ਦਾ ਸਿੱਖਣਾ ਹੀ ਜੀਵਨ ਦਾ ਮਨੋਰਥ ਹੈ:

ਸਤਸੰਗਤਿ ਸਤਿਗੁਰ ਚਟਸਾਲ ਹੈ ਜਿਤੁ ਹਰਿ ਗੁਣ ਸਿਖਾ॥ (ਪੰਨਾ 1316)

ਸੰਗਤ ਵਿਚ ਜਾਣ ਨਾਲ ਮਨੁੱਖ ਅਵਗੁਣਾਂ ਤੋਂ ਛੁਟਕਾਰਾ ਪਾ ਕੇ ਸਭ ਗੁਣਾਂ ਨੂੰ ਗ੍ਰਹਿਣ ਕਰ ਲੈਂਦਾ ਹੈ। ਗੁਰਮਤਿ ਅਨੁਸਾਰ ਸੰਗਤ ਦੀ ਇਹੀ ਮਹੱਤਤਾ ਹੈ ਕਿ ਪਤਿਤ ਤੇ ਪਾਪੀ ਦੋਨੋਂ ਪਵਿੱਤਰ ਹੋ ਜਾਂਦੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਫੁਰਮਾਨ ਕਰਦੇ ਹਨ:

ਊਤਮ ਸੰਗਤਿ ਊਤਮੁ ਹੋਵੈ॥ਗੁਣ ਕਉ ਧਾਵੈ ਅਵਗਣ ਧੋਵੈ॥ (ਪੰਨਾ 414)

ਗੁਰੂ ਦੀ ਸੰਗਤ ਵਿਚ ਜਾਣ ਨਾਲ ਅਬਿਨਾਸੀ (ਨਾਮ) ਧਨ ਦੀ ਪ੍ਰਾਪਤੀ ਹੁੰਦੀ ਹੈ। ਨਾਮ ਦਾ ਧਨ ਭਗਤਾਂ ਦੀ ਰਾਸ ਹੁੰਦਾ ਹੈ, ਜੋ ਖਰਚਣ ਨਾਲ ਘਟਦਾ ਨਹੀਂ ਸਗੋਂ ਵਧਦਾ ਹੈ। ਹਲਤ ਵਿਚ ਸੋਭਾ ਦੁਆਉਂਦਾ ਹੈ ਅਤੇ ਪਲਤ ਵਿਚ ਮਾਣ ਪ੍ਰਾਪਤ ਹੁੰਦਾ ਹੈ, ਮੁਖ ਉੱਜਲਾ ਹੰੁਦਾ ਹੈ। ਸੰਗਤ ਦੇ ਪ੍ਰਭਾਵ ਕਾਰਨ ਇਕ ਮਿੱਟੀ ਦੇ ਕਿਣਕੇ ਤੋਂ ਜਹਾਨ ਦੇ ਸੂਰਜ ਵਾਂਗ ਇਕ ਨਾਚੀਜ਼ ਮਨੱੁਖ ਕਾਮਲ ਪੁਰਖ ਬਣ ਜਾਂਦਾ ਹੈ। ਇਸ ਖਿਆਲ ਦੀ ਪੁਸ਼ਟੀ ਭਾਈ ਨੰਦ ਲਾਲ ਜੀ ਦੀ ਰਚਨਾ ਵਿੱਚੋਂ ਇੰਝ ਹੁੰਦੀ ਹੈ:

ਜ਼ੱਰਾ ਰਾ ਦੀਦਮ ਕਿ ਖ਼ੁਰਸ਼ੀਦਿ-ਜਹਾਂ।
ਸ਼ੁਦ ਜ਼ਿ ਫ਼ੈਜਿ ਸੁਹਬਤਿ ਸਾਹਿਬ-ਦਿਲਾਂ॥127॥

ਇਸੇ ਤਰ੍ਹਾਂ ਭਾਈ ਸਾਹਿਬ ਲਿਖਦੇ ਹਨ ਕਿ ਉਹ ਇਕੱਠ (ਸੰਗਤ) ਜੋ ਜੀਵਨ ਤੇ ਬੰਦਗੀ ਲਈ ਹੈ। ਉਹ ਸੰਗਤ ਚੰਗੀ ਹੈ ਜੋ ਪ੍ਰਭੂ ਦੀ ਯਾਦ ਲਈ ਹੈ। ਉਹੀ ਮਿਲਾਪ ਸ਼ੁਭ ਹੈ ਜਿਸ ਦਾ ਮੂਲ ਸ੍ਰੋਤ ਤੇ ਕਾਰਨ ਵਾਹਿਗੁਰੂ ਹੈ:

ਆਂ ਹਜੂਮਿ ਖੁਸ਼ ਕਿ ਅਜ ਬਹਿਿਰ ਖੁਦਾ-ਸਤ।. . .
ਆਂ ਹਜੂਮਿ ਖੁਸ਼ ਕਿ ਬਹਿਿਰ ਯਾਦਿ ਊ-ਸਤ।
ਆਂ ਹਜੂਮੇ ਖੁਸ਼ ਕਿ ਹੱਕ ਬੁਨਿਆਦਿ ਊ-ਸਤ।

ਭਾਈ ਮਨੀ ਸਿੰਘ ਜੀ ਪ੍ਰਭੂ ਨੂੰ ਮਿਲਣ ਦੇ ਚਾਰ ਰਸਤੇ ਸਤਸੰਗਤਿ, ਸਤ, ਸੰਤੋਖ, ਤੇ ਸਮਦਮ ਦੱਸੇ ਹਨ, ਜਿਸ ਵਿਚ ਸਤਸੰਗਤ ਸਭ ਤੋਂ ਪਹਿਲਾ ਰੱਖਿਆ ਹੈ। ਕਵਿ ਸੈਨਾਪਤੀ ਲਿਖਦਾ ਹੈ:

ਧਰਮਸਾਲ ਸੰਗਤ ਜਬ ਆਵੈ। ਦਰਸ਼ਨ ਪਾਰਬ੍ਰਹਮ ਕੋ ਪਾਵੈ।

ਗੁਰ ਸੰਗਤ ਕਛੁ ਭੇਦ ਨ ਹੋਈ। ਪੁਨ ਜਨ ਕਥਾ ਬਖਾਨਤ ਸੋਈ (ਗੁਰ ਸੋਭਾ)
ਗੁਰਮਤਿ ਨੇ ਇਕਾਂਤ ਦੀ ਥਾਂ ਸੰਗਤ ਅਤੇ ਸੰਨਿਆਸ ਦੀ ਥਾਂ ਗ੍ਰਿਹਸਤ ਦੀ ਪ੍ਰਧਾਨਤਾ ਦਰਸਾਈ ਹੈ। ਸੰਗਤ ਵਿਚ ਜਾਣ ਨਾਲ ਮਨ ਵੱਸ ਵਿਚ ਆਉਂਦਾ ਹੈ, ਹਉਮੈਂ ਦਾ ਅਭਾਵ ਹੁੰਦਾ ਹੈ, ਮਨ ਵਿਚ ਨਿਮਰਤਾ ਆਉਂਦੀ ਹੈ, ਆਤਮਿਕ ਵਿਕਾਸ ਹੁੰਦਾ ਹੈ। ਸੰਗਤ ਬਿਨ੍ਹਾਂ ਕੋਈ ਵੀ ਤਰਿਆ ਨਹੀਂ ਦੇਖਿਆ, ਭਾਵ ਸੰਗਤ ਬਿਨਾਂ ਜੀਵਨ ਦਾ ਪਾਰ ਉਤਾਰਾ ਨਹੀਂ ਹੁੰਦਾ:

ਖੋਜਤ ਖੋਜਤ ਸੁਨੀ ਇਹ ਸੋਇ॥
ਸਾਧਸੰਗਤਿ ਬਿਨੁ ਤਰਿਓ ਨ ਕੋਇ॥ (ਪੰਨਾ 373)

ਸੰਗਤ ਵਿਚ ਜਾਣ ਨਾਲ ਅਵਗੁਣਾਂ ਤੋਂ ਛੁਟਕਾਰਾ ਹੁੰਦਾ ਹੈ ਅਤੇ ਸ਼ੁਭ ਗੁਣ ਪੈਦਾ ਹੁੰਦੇ ਹਨ। ਸੰਗਤ ਪਤਿਤ ਤੋਂ ਪਵਿੱਤਰ ਬਣਾ ਦਿੰਦੀ ਹੈ, ਨੀਵਿਆਂ ਤੋਂ ਉੱਚਾ ਕਰ ਦਿੰਦੀ ਹੈ, ਜਿਸ ਤਰ੍ਹਾਂ ਚੰਦਨ ਆਪਣੀ ਖੁਸ਼ਬੋ ਸਾਰੇ ਫੈਲਾ ਦਿੰਦਾ ਹੈ:

ਜਿਉ ਚੰਦਨ ਨਿਕਟਿ ਵਸੈ ਹਿਰਡੁ ਬਪੁੜਾ ਤਿਉ ਸਤਸੰਗਤਿ ਮਿਿਲ ਪਤਿਤ ਪਰਵਾਣੁ॥
(ਪੰਨਾ 861)

ਭਾਈ ਗੁਰਦਾਸ ਜੀ ਇਸੇ ਸਿਧਾਂਤ ਨੂੰ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਉਲੀਕਦੇ ਹੋਏ ਦੱਸਦੇ ਹਨ ਕਿ ਪਿੱਪਲ ਛਿਛਰੇ (ਪਲਾਸ) ਦੇ ਬ੍ਰਿਛ ਨੂੰ ਆਪਣੀ ਲਪੇੇਟ ਵਿਚ ਲੈ ਕੇ ਖਾ ਜਾਂਦਾ ਹੈ, ਅਭੇਦ ਕਰ ਲੈਂਦਾ ਹੈ। ਇਸੇ ਤਰ੍ਹਾਂ ਸੰਗਤ ਪਾਪੀ ਨੂੰ ਆਪਣੀ ਸੋਭਤ ਵਿਚ ਲੈ ਕੇ ਸੁਧਾਰ ਦਿੰਦੀ ਹੈ:

ਚੰਦਨ ਵਾਸ ਵਣਾਸਪਤਿ ਸਭ ਚੰਦਨ ਹੋਵੈ।
ਅਸਟ ਧਾਤੁ ਇਕ ਧਾਤੁ ਹੋਇ ਸੰਗ ਪਾਰਸਿ ਢੋਵੈ।
ਨਦੀਆ ਨਾਲੇ ਵਾਹੜੇ ਮਿਿਲ ਗੰਗ ਗੰਗੋਵੈ।
ਪਤਿਤ ਉਧਾਰਣੁ ਸਾਧੁਸੰਗ ਪਾਪਾਂ ਮਲੁ ਧੋਵੈ।
ਨਰਕ ਨਿਵਾਰ ਅਸੰਖ ਹੋਇ ਲਖ ਪਤਿਤ ਸੰਗੋਵੈ। (ਵਾਰ 2:16)

ਸੰਗਤ ਦੀ ਵਿਲੱਖਣਤਾ: ਗੁਰਮਤਿ ਅਨੁਸਾਰ ਗੁਰੂ ਦੀ ਹਜ਼ੂਰੀ ਉੱਥੇ ਸ਼ਬਦ ਰੂਪ ਵਿਚ ਮੰਨੀ ਗਈ ਹੈ। ਸਤਿਗੁਰਾਂ ਨੇ ਜਿੱਥੇ ਵੀ ਚਰਨ ਪਾਏ ਉੱਥੇ ਸੰਗਤਾਂ ਕਾਇਮ ਕੀਤੀਆਂ। ਸਤਿਗੁਰੂ ਦੀ ਹਜ਼ੂਰੀ ਹੀ ਸੰਗਤ ਹੈ:

ਜਹ ਸਤਿਗੁਰੁ ਤਹ ਸਤਸੰਗਤਿ ਬਣਾਈ॥ (ਪੰਨਾ 160)

ਗੁਰਬਾਣੀ ਨੂੰ ਪਰਮੇਸ਼ਰ ਦੀ ਸ਼ਕਤੀ ਮੰਨ ਕੇ ਸਤਿਕਾਰ ਦਿੱਤਾ ਗਿਆ ਹੈ। ਗੁਰਬਾਣੀ ਸਰਬ ਕਲਿਆਣੀ ਸ਼ਕਤੀ ਹੈ। ਜਿਸ ਨੇ ਵੀ ਇਸ ਨੂੰ ਜਪਿਆ ਉਸ ਦਾ ਪਾਰ ਨਿਸਤਾਰਾ ਹੋਇਆ ਹੈ। ਗੁਰਮਤਿ ਅਨੁਸਾਰ ਸੰਗਤ ਵਿਚ ਪਰਮੇਸ਼ਰ ਸ਼ਬਦ-ਰੂਪ ਦੁਆਰਾ ਵਿਦਮਾਨ ਮੰਨਿਆ ਜਾਂਦਾ ਹੈ:

ਮਿਲਿ ਸਤਸੰਗਤਿ ਖੋਜੁ ਦਸਾਈ ਵਿਿਚ ਸੰਗਤਿ ਹਰਿ ਪ੍ਰਭੁ ਵਸੈ ਜੀਉ॥
(ਪੰਨਾ 94)

ਸਤਸੰਗਤ ਤੋਂ ਨਾਮ ਦੀ ਪ੍ਰਾਪਤੀ ਹੁੰਦੀ ਹੈ। ਵੱਡੇ ਭਾਗਾਂ ਨਾਲ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ। ਨਾਮ ਦੀ ਦਾਤ ਮਨੁੱਖੀ ਜੀਵਨ ਦਾ ਮਨੋਰਥ ਹੈ। ਇਸ ਮਨੋਰਥ ਦੀ ਸਤਸੰਗਤ ਵਿੱਚੋਂ ਪ੍ਰਾਪਤੀ ਹੋਣੀ ਬੜੀ ਮਹੱਤਤਾ ਦੀ ਗੱਲ ਹੈ। ਸ੍ਰੀ ਗੁਰੂ ਅਮਰਦਾਸ ਜੀ ਫੁਰਮਾਉਂਦੇ ਹਨ:

ਸਤਸੰਗਤਿ ਮਹਿ ਨਾਮੁ ਨਿਰਮੋਲਕੁ ਵਡੈ ਭਾਗਿ ਪਾਇਆ ਜਾਈ॥ (ਪੰਨਾ 909)

ਸਤਸੰਗਤ ਨੂੰ ਮਹਾਂ ਪਵਿੱਤਰ ਕਿਹਾ ਗਿਆ ਹੈ। ਇਸ ਵਿੱਚੋਂ ਪ੍ਰਭੂ ਪ੍ਰੇਮ ਦੀ ਦਾਤ ਪ੍ਰਾਪਤ ਹੁੰਦੀ ਹੈ। ਪ੍ਰਭੂ ਹੈ ਹੀ ਪ੍ਰੇਮ। ਪ੍ਰੇਮ ਤੋਂ ਬਿਨਾ ਪ੍ਰਭੂ ਪ੍ਰਾਪਤੀ ਅਸੰਭਵ ਹੈ। ਸਤਸੰਗਤ ਵਿਚ ਗੁਰਮੁਖਿ ਜਨ ਪ੍ਰਭੂ ਪੇ੍ਰਮ ਨਾਲ ਰਤੇ ਹੁੰਦੇ ਹਨ। ਇਹੀ ਦਾਤ ਉਹ ਹੋਰਨਾਂ ਜਗਿਆਸੂਆਂ ਨੂੰ ਵੰਡਦੇ ਹਨ:

ਮਹਾ ਪਵਿਤ੍ਰ ਸਾਧ ਕਾ ਸੰਗੁ॥
ਜਿਸੁ ਭੇਟਤ ਲਾਗੈ ਪ੍ਰਭ ਰੰਗੁ॥ (ਪੰਨਾ 392)

ਸਤਸੰਗਤ ਨੂੰ ਸੱਚ ਖੰੰਡ, ਬੈਕੁੰਠ ਆਦਿ ਨਾਂਵਾਂ ਨਾਲ ਸਲਾਹਿਆ ਗਿਆ ਹੈ। ਸਤਸੰਗਤ ਦੀ ਪ੍ਰਾਪਤੀ ਉਪਰੰਤ ਜੀਵ ਨੂੰ, ਜਗਿਆਸੂ ਨੂੰ ਹੋਰ ਪ੍ਰਾਪਤੀਆਂ ਦੀ ਲੋੜ ਨਹੀਂ ਰਹਿੰਦੀ। ਸਤਸੰਗਤ ਵਿੱਚੋਂ ਆਉਣ ਵਾਲਾ ਅਨੰਦ ਬਾਕੀ ਸਾਰੇ ਸੁਖਾਂ ਨਾਲੋਂ ਸ੍ਰੇਸ਼ਟ ਮੰਨਿਆ ਗਿਆ ਹੈ।
ਸਤਸੰਗਤ ਵਿਚ ਜਾਣ ਨਾਲ ਮਨੁੱਖ ਦਾ ਜੀਵਨ ਅੰਦਰੋਂ ਅਤੇ ਬਾਹਰੋਂ ਨਿਰਮਲ ਹੋ ਜਾਂਦਾ ਹੈ। ਮਨੁੱਖ ਦੇ ਅੰਦਰ ਪੰਜ ਚੋਰ- ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਹਨ। ਇਹ ਉਸ ਦੇ ਆਤਮਿਕ ਗੁਣਾਂ ਦੀ ਪੂੰਜੀ ਲੱੁਟਦੇ ਰਹਿੰਦੇ ਹਨ। ਹਉਮੈਂ ਦੀ ਮੈਲ ਸੰਗਤ ਵਿਚ ਜਾਣ ਨਾਲ ਹੀ ਉਤਰਦੀ ਹੈ। ਸ੍ਰੀ ਗੁਰੂ ਰਾਮਦਾਸ ਜੀ ਫੁਰਮਾਉਂਦੇ ਹਨ:

ਜਨਮ ਜਨਮ ਕੀ ਹਉਮੈ ਮਲੁ ਲਾਗੀ ਮਿਿਲ ਸੰਗਤਿ ਮਲੁ ਲਹਿ ਜਾਵੈਗੋ॥
(ਪੰਨਾ 1309)

ਸਤਸੰਗਤ ਦਾ ਫਲ ਅਠਾਹਠ ਤੀਰਥਾਂ ਦੇ ਇਸ਼ਨਾਨ ਬਰਾਬਰ ਮੰਨਿਆ ਗਿਆ ਹੈ। ਸੰਸਾਰ ਨੂੰ ਭਵਨਿਧ ਮੰਨ ਕੇ ਇਸ ਤੋਂ ਪਾਰ ਉਤਰਨ ਦਾ ਇੱਕੋ ਇਕ ਸਾਧਨ ਸਤਸੰਗਤ ਹੈ। ਜਦੋਂ ਤਕ ਮਨੁੱਖ ਤਿੰਨਾਂ ਗੁਣਾਂ– ਰਜੋ, ਤਮੋ, ਸਤੋ ਵਿਚ ਵਿਚਰਦਾ ਹੈ ਉਦੋਂ ਤਕ ਜੀਵਨ ਦਾ ਮਨੋਰਥ ਪ੍ਰਾਪਤ ਕਰਨਾ ਮੁਸ਼ਕਲ ਹੈ। ਸੰਗਤ ਦੇ ਮਿਲਾਪ ਨਾਲ ਤੁਰੀਆ ਅਵਸਥਾ ਦੀ ਪ੍ਰਾਪਤੀ ਹੁੰਦੀ ਦੱਸੀ ਗਈ ਹੈ। ਤੁਰੀਆ ਅਵਸਥਾ ਜਾਂ ਸਹਜ ਪਦ ਇਕ ਸੰਤੁਲਿਤ ਅਵਸਥਾ ਹੈ। ਸੰਤੁਲਨ ਪ੍ਰਾਪਤੀ ਹੀ ਜੀਵਨ ਮਨੋਰਥ ਹੈ:

ਤੁਰੀਆ ਗੁਣੁ ਸਤਸੰਗਤਿ ਪਾਈਐ ਨਦਰੀ ਪਾਰਿ ਉਤਾਰੀ॥ (ਪੰਨਾ 1260)

ਸਿੱਖ ਨੂੰ ਰੋਜ਼ਾਨਾ ਸਤਸੰਗਤ ਵਿਚ ਜਾਣ ਦਾ ਆਦੇਸ਼ ਹੈ, ਨਹੀਂ ਤਾਂ ਤਨਖਾਹੀਆ ਕਰਾਰ ਦਿੱਤਾ ਗਿਆ ਹੈ। ਸਤਸੰਗਤ ਦਾ ਮਿਲਾਪ ਸਿੱਖ ਦੀ ਨਿੱਤ ਦੀ ਰਹਿਣੀ ਦਾ ਅੰਗ ਹੈ।
ਨੰਦ ਲਾਲ ਤੁਮ ਬਚਨ ਸੁਣਹੁ ਸਿਖ ਕਰਮ ਹੈ ਏਹ। . . .

ਪ੍ਰਾਤਾਕਾਲ ਸਤਿਸੰਗ ਨਾ ਜਾਵੈ ਤਨਖ਼ਾਹਦਾਰ ਬਹੁ ਵੱਡਾ ਕਹਾਵੈ॥3॥

ਜਿੱਥੇ ਸਿੱਖ ਨੂੰ ਗੁਰਮੁਖਾਂ ਦੀ ਸੰਗਤ ਵਿਚ ਜਾਣ ਦਾ ਆਦੇਸ਼ ਹੈ, ਉੱਥੇ ਮਨਮੁਖਾਂ ਦੀ ਸੰਗਤ ਤੋਂ ਦੂਰ ਰਹਿਣ ਦਾ ਵੀ ਆਦੇਸ਼ ਹੈ। ਭਗਤ ਕਬੀਰ ਜੀ ਸਾਕਤ ਦੀ ਸੰਗਤ ਤੋਂ ਦੂਰ ਰਹਿਣ ਲਈ ਪ੍ਰੇਰਨਾ ਦਿੰਦੇ ਹਨ। ਦੂਸਰਾ ਪੱਖ ਉਨ੍ਹਾਂ ਹੰਕਾਰੀਆਂ ਦਾ ਦੱਸਦੇ ਹਨ ਜਿਹੜੇ ਸੰਗਤ ਵਿਚ ਹਉਮੈਂ ਦੀ ਭਾਵਨਾ ਨਾਲ ਆਉਂਦੇ ਹਨ। ਉਹ ਆਪਣੀ ਤੇ ਦੂਸਰਿਆਂ ਦੀ ਤਬਾਹੀ ਦਾ ਕਾਰਨ ਬਣਦੇ ਹਨ। ਇੱਥੇ ਬੇਰੀ ਤੇ ਕੇਲੇ ਦਾ ਦ੍ਰਿਸ਼ਟਾਂਤ ਦਿੱਤਾ ਹੈ। ਬੇਰੀ ਦੀ ਕੰਡਿਆਂ ਭਰੀ ਡਾਲੀ ਜਿਉਂ-ਜਿਉਂ ਝੂਲਦੀ ਹੈ ਤਿਉਂ-ਤਿਉਂ ਕੇਲੇ ਦੇ ਪੱਤੇ ਚੀਰੇ ਜਾਂਦੇ ਹਨ। ਬੇਰੀ ਦਾ ਕੰਡਿਆਲਾ ਜੀਵਨ ਦੂਸਰਿਆਂ ਪ੍ਰਤੀ ਦੁਖਦਾਈ ਹੈ:

ਕਬੀਰ ਮਾਰੀ ਮਰਉ ਕੁਸੰਗ ਕੀ ਕੇਲੇ ਨਿਕਟਿ ਜੁ ਬੇਰਿ॥
ਉਹ ਝੂਲੈ ਉਹ ਚੀਰੀਐ ਸਾਕਤ ਸੰਗੁ ਨ ਹੇਰਿ॥ (ਪੰਨਾ 1369)

ਸ੍ਰੀ ਗੁੁਰੂ ਨਾਨਕ ਦੇਵ ਜੀ ਨੇ ਆਪਣੀਆਂ ਉਦਾਸੀਆਂ ਦੌਰਾਨ ਕਈ ਚੋਰਾਂ, ਠੱਗਾਂ ਨੂੰ ਸਿੱਧੇ ਰਸਤੇ ਪਾਇਆ ਤੇ ਪਤਿਤਾਂ ਨੂੰ ਪਵਿੱਤਰ ਬਣਾਇਆ। ਮੁਲਤਾਨ ਦੇ ਤੁਲੰਬੇ ਨਗਰ ਦਾ ਸ਼ੇਖ ਸੱਜਣ ਠੱਗ ਸੀ ਜੋ ਲੋਕਾਂ ਨੂੰ ਆਪਣੇ ਸੱਜਣ ਹੋਣ ਦਾ ਭੁਲੇਖਾ ਪਾ ਕੇ ਠੱਗ ਲੈਂਦਾ ਸੀ। ਗੁਰੂ ਜੀ ਦੀ ਸੰਗਤ ਕਰ ਕੇ ਮਨ ਬਦਲ ਗਿਆ। ਗੁਰੂ ਜੀ ਨੇ ਇਕ ਸ਼ਬਦ ਉਚਾਰਨ ਕੀਤਾ, ਜਿਸ ਨੇ ਸੱਜਣ ਠੱਗ ਨੂੰ ਜੀਵਨ ਦੀ ਅਸਲੀਅਤ ਸਮਝਾ ਦਿੱਤੀ, ਜਿਸ ਦਾ ਸਾਰ-ਤੱਤ ਅੰਤਮ ਪੰਕਤੀ ਵਿਚ ਮਿਲਦਾ ਹੈ:

ਉਜਲੁ ਕੈਹਾ ਚਿਲਕਣਾ ਘੋਟਿਮ ਕਾਲੜੀ ਮਸੁ॥
ਧੋਤਿਆ ਜੂਠਿ ਨ ਉਤਰੈ ਜੇ ਸਉ ਧੋਵਾ ਤਿਸੁ॥1॥
ਸਜਣ ਸੇਈ ਨਾਲਿ ਮੈ ਚਲਦਿਆ ਨਾਲਿ ਚਲੰਨਿ੍॥ (ਪੰਨਾ 729)

ਸ੍ਰੀ ਗੁਰੂ ਅਰਜਨ ਦੇਵ ਜੀ ਇਕ ਵਾਰ ਸੰਗਤ ਵਿਚ ਬੈਠੇ ਸਨ। ਇਕ ਮੱਝਾਂ ਚੋਰੀ ਕਰਨ ਵਾਲਾ ਚੋਰ (ਭਾਈ ਬਿਧੀ ਚੰਦ) ਆ ਕੇ ਸੰਗਤ ਵਿਚ ਬੈਠ ਗਿਆ ਤਾਂ ਖੋਜੀ ਵੀ ਪਿੱਛੇ ਪਹੁੰਚ ਗਏ ਪਰੰਤੂ ਸੰਗਤ ਦੇ ਪ੍ਰਭਾਵ ਕਾਰਨ ਚੋਰ ਨਜ਼ਰ ਨਾ ਆਇਆ ਤਾਂ ਅਖੀਰ ਗੁਰੂ ਜੀ ਨੂੰ ਦੱਸਿਆ। ਗੁਰੂ ਸਾਹਿਬ ਨੇ ਸੰਗਤ ਵਿੱਚੋਂ ਚੋਰ ਬਾਰੇ ਪੁੱਛਿਆ ਤਾਂ ਭਾਈ ਬਿਧੀ ਚੰਦ ਉੱਠ ਕੇ ਖੜਾ ਹੋ ਗਿਆ ਤੇ ਆਪਣੀ ਚੋਰੀ ਸਵੀਕਾਰ ਕੀਤੀ ਅਤੇ ਨਾਲ ਹੀ ਅੱਗੇ ਤੋਂ ਚੋਰੀ ਨਾ ਕਰਨ ਦਾ ਪ੍ਰਣ ਕੀਤਾ। ਭਾਈ ਬਿਧੀ ਚੰਦ ਸਿੱਖੀ ਦਾ ਪ੍ਰਚਾਰਕ ਤੇ ਸੈਨਾਪਤੀ ਬਣਿਆ। ਪਾਰਸ ਲੋਹੇ ਨੂੰ ਸੋਨਾ ਬਣਾ ਸਕਦਾ ਹੈ ਪਰ ਪਾਰਸ ਨਹੀਂ ਬਣਾ ਸਕਦਾ ਪਰੰਤੂ ਗੁਰੂ ਤਾਂ ਸਿੰਘ ਨੂੰ ਪਾਰਸ ਬਣਾ ਦਿੰਦਾ ਹੈ। ਭਾਈ ਗੁਰਦਾਸ ਜੀ ਫੁਰਮਾਉਂਦੇ ਹਨ:

ਸਤਿਗੁਰ ਦੇਵ ਸੇਵ ਅਲਖ ਅਭੇਵ ਗਤਿ,ਸਾਵਧਾਨ ਸਾਧ ਸੰਗਿ ਸਿਮਰਨ ਮਾਤ੍ਰ ਕੈ॥
ਪਤਿਤ ਪੁਨੀਤ ਰੀਤਿ ਪਾਰਸ ਕਰੇ ਮਨੂਰ,ਬਾਂਸ ਮੈ ਸੁਬਾਸੁ ਦੈ ਕੁਪਾਤ੍ਰਹਿ ਸੁਪਾਤ੍ਰ ਕੈ॥
ਪਤਿਤ ਪੁਨੀਤ ਕਰਿ ਪਾਵਨ ਪਵਿਤ੍ਰ ਕੀਨੇ . . .॥ (ਕਬਿੱਤ ਸਵੱਯੇ)

*ਪਿੰਡ ਤੇ ਡਾਕ: ਸ਼ੇਖੂਪੁਰਾ, ਨੇੜੇ ਪੰਜਾਬੀ ਯੂਨੀਵਰਸਿਟੀ, ਪਟਿਆਲਾ- 147001