140 views 1 sec 0 comments

ਸੰਤੋਖ

ਲੇਖ
February 13, 2025

– ਡਾ. ਜਸਵੰਤ ਸਿੰਘ

ਨੇਕੀ ਇਹ ਮੇਰੇ ਬਚਪਨ ਦੀ ਗੱਲ ਹੈ। ਅਸਾਂ ਓਦੋਂ ਇਕ ਮੋਟਰਕਾਰ ਖ਼ਰੀਦੀ ਸੀ, ਪਰ ਸਾਡੀ ਫਰਮ ਦੇ ਭਾਗੀਦਾਰਾਂ ਦੀ ਆਪਸ ਵਿੱਚ ਠਨ ਗਈ। ਉਸ ਕਾਰ ਦੀ ਮਾਲਕੀ ਝਗੜੇ ਵਿਚ ਪੈ ਗਈ। ਉਹ ਇੱਕ ਖੋਲੇ ਵਿਚ ਖੜ੍ਹੀ ਕਰ ਦਿੱਤੀ ਗਈ। ਕਈ ਮਹੀਨੇ ਉੱਥੇ ਖੜ੍ਹੀ ਰਹੀ। ਲੋਕ ਆਪਣਾ ਕੂੜਾ-ਕਰਕਟ ਤੇ ਗੋਹਾ ਆਦਿ ਉਸ ਖੋਲੇ ਵਿਚ ਸੁੱਟਣ ਲੱਗ ਗਏ। ਉਹ ਕਾਰ ਕੂੜੇ ਵਿਚ ਹੀ ਦੱਬੀ ਗਈ, ਪਰ ਕਚਹਿਰੀ ਵਿਚ ਉਸ ਦੀ ਮਾਲਕੀ ਦਾ ਕੋਈ ਫ਼ੈਸਲਾ ਨਾ ਹੋਇਆ।

ਤਦ ਇਕ ਦਿਨ ਉਸ ਦਾ ਫ਼ੈਸਲਾ ਸਾਡੇ ਹੱਕ ਵਿੱਚ ਹੋ ਗਿਆ। ਹੁਣ ਕਾਰ ਨੂੰ ਮਲਬੇ ਹੇਠੋਂ ਕਢਾਉਣ ਦਾ ਤੇ ਉਸ ਨੂੰ ਸਾਫ਼ ਕਰਵਾਉਣ ਦਾ ਕੰਮ ਦਰਪੇਸ਼ ਸੀ। ਪਿਤਾ ਜੀ ਨੇ ਗੁਆਂਢ ਰਹਿੰਦੇ ਬਲੋਚ ਨੂੰ ਉਸ ਦੀ ਝੁੱਗੀ ਵਿੱਚੋਂ ਬੁਲਾਇਆ ਤੇ ਕਿਹਾ, “ਇਸ ਕਾਰ ਨੂੰ ਕੂੜੇ ਹੇਠੋਂ ਕੱਢ ਕੇ ਇਸ ਨੂੰ ਸਾਫ਼ ਕਰਨਾ ਹੈ, ਕਿਤਨੇ ਪੈਸੇ ਲਏਗਾ?” ਉਸ ਨੇ ਕਿਹਾ, “ਜਿਤਨੇ ਮੁਨਾਸਬ ਸਮਝੋ,ਦੇ ਦੇਣਾ।

ਉਹ ਸਵੇਰੇ ਦਸ ਵਜੇ ਲੱਗਾ ਤੇ ਸ਼ਾਮ ਦੇ ਚਾਰ ਵਜੇ ਕਾਰ ਨੂੰ ਕੂੜੇ ਹੇਠੋਂ ਕੱਢ ਕੇ ਧੋ ਕੇ ਤਿਆਰ ਕੀਤਾ। ਪਿਤਾ ਜੀ ਨੇ ਆ ਕੇ ਵੇਖਿਆ ਤੇ ਉਸ ਦੇ ਕੰਮ ਤੇ ਖੁਸ਼ ਹੋ ਕੇ ਉਸ ਨੂੰ ਤਿੰਨ ਰੁਪਏ ਦੇ ਦਿੱਤੇ। ਉਹ ਪ੍ਰਸੰਨ ਹੋ ਕੇ ਚਲਾ ਗਿਆ। ਫਿਰ ਉਹਨਾਂ ਸੋਚਿਆ, “ਅੰਦਰੋਂ ਵੀ ਸਾਫ਼ ਕਰਵਾ ਲਈਏ।” ਉਸ ਨੂੰ ਬੁਲਾ ਕੇ ਕਾਰ ਨੂੰ ਅੰਦਰੋਂ ਸਾਫ਼ ਕਰਵਾ ਲਿਆ। ਪੁੱਛਿਆ, “ਅੰਦਰੋਂ ਸਾਫ਼ ਕਰਨ ਦਾ ਕੀ ਦਿਆਂ?” ਕਹਿਣ ਲੱਗਾ, “ਤੁਸਾਂ ਅੱਗੇ ਹੀ ਤਿੰਨ ਰੁਪਏ ਦੇ ਦਿੱਤੇ ਹਨ। ਇਹ ਮੇਰੀਆਂ ਅੱਜ ਦੀਆਂ ਲੋੜਾਂ ਲਈ ਬਹੁਤ ਹਨ। ਮੈਨੂੰ ਹੋਰ ਪੈਸੇ ਨਹੀਂ ਚਾਹੀਦੇ।” ਪਿਤਾ ਜੀ ਦੇ ਦਿਲ ‘ਤੇ ਉਸ ਦੇ ਏਡੇ ਸੰਤੋਖੀ ਹੋਣ ਦਾ ਬੜਾ ਅਸਰ ਹੋਇਆ।

ਉਸੇ ਦਿਨ ਵਿਰੋਧੀ ਧੜੇ ਨੇ ਹਾਈਕੋਰਟ ਵਿਚ ਅਪੀਲ ਕਰ ਦਿੱਤੀ। ਪਿਤਾ ਜੀ ਨੇ ਸੋਚਿਆ, ਜੇ ਇਹ ਕੌਮੀ ਤਿੰਨ ਰੁਪਏ ਵਿਚ ਸੰਤੋਖ ਕਰ ਸਕਦਾ ਹੈ ਤਾਂ ਮੈਂ ਹਜ਼ਾਰਾਂ ਤੇ ਕਿਉਂ ਨਹੀਂ।ਇਸ ਕਾਰ ਖੁਣੋਂ ਮੇਰਾ ਕੀ ਘਟ ਚਲਿਐ? ਸੋ ਉਹਨਾਂ ਅਗਲੀ ਪੇਸ਼ੀ ’ਤੇ ਕਚਹਿਰੀ ਜਾ ਕੇ ਕਹਿ ਦਿੱਤਾ, “ਮੈਂ ਇਸ ਕਾਰ ਦੀ ਮਾਲਕੀ ਦਾ ਦਾਅਵਾ ਛੱਡਦਾ ਹਾਂ।”