
ਸਿੱਖ ਮਾਰਗ ਦਾ ਪਰਮਾਰਥ ਦਾ ਰਾਹ ਰੂਹ ਦੀ ਕਲਿਆਣ ਵਾਸਤੇ ਹੈ ਕਿ ਉਹ ਇਸ ਸੰਸਾਰ ਵਿਚ ਗੋਤੇ ਖਾਂਦੇ ਰਹਿਣ ਦੀ ਥਾਂ ਪਾਰਗਰਾਮੀ ਹੋ ਜਾਵੇ ।
ਸੰਸਾਰਕ ਲੋੜਾਂ ਵੀ ਅਵੱਸ਼ ਹਨ, ਅਸੀ ਸੰਸਾਰਕ ਜੀਉੜੇ ਹਾਂ, ਉਹਨਾਂ ਲਈ ਵੀ ਅਰਦਾਸ ਦੇ ਮੌਕੇ ਆ ਜਾਂਦੇ ਹਨ। ਅਰਦਾਸ ਕਰੀਦੀ ਹੈ ਪਰ ਕਰਕੇ ਫੇਰ ਮਾਲਕ ਤੇ ਛੱਡੀਦਾ ਹੈ। ਜੇ ਉਹ ਸੁਣ ਲਵੇ, ਉਸ ਦੀ ਮੇਹਰ; ਜੇ ਨਾ ਸੁਣੇ, ਉਸ ਦਾ ਖ਼ੁਸ਼ਾ।
ਜੇ ਹਰ ਹਾਲ ਉਹ ਸਾਡੀ ਮੰਗੀ ਹੋਈ ਦੇਈ ਹੀ ਜਾਵੇ ਤੇ ਜਦੋਂ ਨਾ ਦੇਵੇ ਸਾਨੂੰ ਉਦਾਸੀ ਆਵੇ, ਤਾਂ ਫੇਰ ਅਸੀ ਮੰਗਤ ਪਦਵੀ ਵਿਚ ਨਹੀਂ ਤੇ ਉਹ ਦਾਤਾ ਪਦਵੀ ਵਿਚ ਨਹੀ, ਫੇਰ ਤਾਂ ਸਾਡੀ ਅਰਦਾਸ ਇਕ ਪ੍ਰਕਾਰ ਦਾ ਹੁਕਮ ਜਿਹਾ ਬਣ ਜਾਏਗੀ ।
ਦੂਸਰੇ-ਅਰਦਾਸ ਨਾ ਸੁਣੀ ਜਾਣ ਪਰ ਸਾਨੂੰ ਇਹ ਵੀ ਸਮਝ ਚਾਹੀਏ ਕਿ ਖ਼ਬਰੇ ਇਸ ਵਿਚ ਭਲਾ ਹੀ ਹੋਵੇ ਜਿਸ ਦੇ ਇਸ ਵੇਲੇ ਅਸੀਂ ਜਾਣੂੰ ਨਹੀ ।
‘ਜਸਟਿਸ (ਸਰ) ਸ਼ਾਦੀ ਲਾਲ’ ਕਿਹਾ ਕਰਦੇ ਸਨ ਕਿ ਮੈਂ ਜਦ ਵਲੈਤ I.C.S ਦੇ ਇਮਤਿਹਾਨ ਵਿਚ ਫੇਹਲ ਹੋ ਗਿਆ ਤਾਂ ਉਦਾਸ ਹੋਇਆ ਸਾਂ, ਪਰ ਜੇ ਮੈਂ ਪਾਸ ਹੁੰਦਾ ਤਾਂ ਬੜੀ ਹੱਦ ਡਿਪਟੀ ਕਮਿਸ਼ਨਰ ਬਣ ਜਾਂਦਾ। ਫੇਹਲ ਹੋ ਕੇ ਮੈਂ ਬੈਰਿਸਟਰੀ ਪਾਸ ਕੀਤੀ ਤੇ ਅੱਜ ਮੈਂ ਹਾਈਕੋਰਟ ਦਾ ਚੀਫ਼ ਜਸਟਿਸ ਹਾਂ।
ਤੀਸਰੇ-ਆਪਣੇ ਪਿਛਲੇ ਜਨਮਾਂ ਦੇ ਕੀਤੇ ਕਰਮਾਂ ਦੇ ਪਾਸੇ ਦਾ ਵੀ ਕੁਝ ਖ਼ਿਆਲ ਆਉਣਾ ਚਾਹੀਏ। ਪਤਾ ਨਹੀ ਉਹ ਕੀਹ ਕੀਹ ਹਨ, ਪਰ ਦਾਤੇ ਗੁਰੂ ਦੀ ਨਜ਼ਰ ਵਿਚ ਉਹ ਹੈਨ, ਤੇ ਸਾਡੀ ਨਜ਼ਰੋਂ ਉਹਲੇ ਹਨ, ਉਹਨਾਂ ਦੇ ਫਲ ਦੇਣ ਦੇ ਗੁਪਤ ਨਿਯਮਾਂ ਦੇ ਅਸੀ ਜਾਣੂੰ ਨਹੀ ।
ਇਸ ਪ੍ਰਕਾਰ ਮੰਗੀਏ, ਅਰਦਾਸ ਕਰੀਏ, ਜੇ ਸੁਣੀ ਜਾਵੇ ਤਾਂ ਸ਼ੁਕਰੀਆ ਕਰੀਏ, ਤੇ ਜੇ ਨਾ ਸੁਣੀ ਜਾਵੇ ਤਾਂ ਰਜ਼ਾ ਸਿਰ ਪਰ ਮੰਨੀਏ, ਤਾਂ ਨਾਮ ਦੀ ਖੇਪ ਸਵੱਲੀ ਸਿਰੇ ਚੜ੍ਹਦੀ ਤੇ ਉੱਚ ਜੀਵਨ ਪ੍ਰਾਪਤ ਹੋ ਜਾਂਦਾ ਹੈ ।
ਜੋ ਕਿਛੁ ਕਰੇ ਸੋ ਭਲਾ ਕਰਿ ਮਾਨੀਐ ਹਿਕਮਤਿ ਹੁਕਮ ਚੁਕਾਈਐ।। (ਅੰਗ ੭੨੨)
ਭਾਈ ਸਾਹਿਬ ਭਾਈ ਵੀਰ ਸਿੰਘ ਜੀ