
ਡਾ. ਜਸਵੰਤ ਸਿੰਘ ਨੇਕੀ
ਭਾਈ ਸਾਹਿਬ ਭਾਈ ਸਮੁੰਦ ਸਿੰਘ ਜੀ ਬੜੇ ਉੱਚੇ ਜੀਵਨ ਵਾਲੇ ਰਾਗੀ ਸਨ। ਮੈਨੂੰ ਉਹ ਬੜਾ ਪਿਆਰ ਕਰਦੇ ਸਨ। ਇਕ ਦਿਨ ਮੈਂ ਉਨ੍ਹਾਂ ਨੂੰ ਪੁੱਛ ਬੈਠਾ, “ਭਾਈ ਸਾਹਿਬ ਜੀ ! ਜੋ ਸ਼ਬਦ ਭੇਟਾ ਆਪ ਨੂੰ ਪ੍ਰਾਪਤ ਹੁੰਦੀ ਹੈ, ਉਸ ਵਿੱਚ ਆਪ ਦਾ ਤੇ ਆਪ ਦੇ ਪਰਿਵਾਰ ਦਾ ਨਿਰਬਾਹ ਠੀਕ ਹੋ ਜਾਂਦੈ?”
ਕਹਿਣ ਲੱਗੇ, “ਸਾਨੂੰ ਸਾਡੇ ਬਜ਼ੁਰਗਾਂ ਨੇ ਤਿੰਨ ਗੱਲਾਂ ਦਾ ਉਪਦੇਸ਼ ਦਿੱਤਾ ਸੀ। ਪਹਿਲੀ ਇਹ ਕਿ ਕੀਰਤਨ ਗੁਰੂ ਨੂੰ ਸੁਣਾਉਣ ਲਈ ਕਰੀਏ ਉਸਨੂੰ ਹਾਜ਼ਰ ਨਾਜ਼ਰ ਜਾਣ ਕੇ। ਲੋਕਾਂ ਦੀ ਪ੍ਰਸ਼ੰਸਾ ਲਈ ਨਾ ਕਰੀਏ ।
ਦੂਜੀ ਇਹ ਕਿ ਜ਼ਰੂਰਤਾਂ ਘਟਾ ਲਈਏ ਤਾਂ ਥੋੜ੍ਹੇ ਵਿੱਚ ਹੀ ਨਿਰਬਾਹ ਹੋ ਜਾਂਦੈ, ਜੇ ਵਧਾ ਲਈਏ ਤਾਂ ਬਹੁਤੇ ਵਿੱਚ ਵੀ ਨਹੀਂ ਹੁੰਦਾ ।
ਤੀਜੇ ਇਹ ਕਿ ਸ਼ਬਦ-ਭੇਟ ਨੂੰ ਮਨੁੱਖਾਂ ਵੱਲੋਂ ਦਿੱਤਾ ਦਾਨ ਨਾ ਜਾਣਨਾ, ਪ੍ਰਮਾਤਮਾ ਵੱਲੋਂ ਦਿੱਤੀ ਦਾਤ ਜਾਣਨਾ । ਇਸ ਦੀ ਝਾਕ ਨਾ ਰੱਖਣਾ। ਜੋ ਪ੍ਰਾਪਤ ਹੋ ਜਾਵੇ ਉਸ ਦਾਤੇ ਦੀ ਬਖਸ਼ਿਸ਼ ਜਾਣਨਾ, ਜੇ ਕੁਝ ਵੀ ਪ੍ਰਾਪਤ ਨਾ ਹੋਵੇ ਤਾਂ ਵੀ ਉਸ ਦੀ ਮਿਹਰ ਸਮਝਣਾ ਕਿ ਉਸ ਨੇ ਕੀਰਤਨ ਕਰਨ ਦਾ ਅਉਸਰ ਤਾਂ ਬਖ਼ਸ਼ਿਆ ਹੈ।
ਬਾਕੀ ਸ਼ਬਦ-ਭੇਟਾ ਸਾਨੂੰ ਏਨੀ ਕੁ ਪ੍ਰਾਪਤ ਹੋ ਜਾਂਦੀ ਹੈ ਕਿ ਦਸਵੰਧ ਕੱਢਣ ਲੱਗਿਆਂ ਔਖ ਨਹੀਂ ਹੁੰਦੀ ।”
ਮੈਂ ਆਪਣੇ ਮਨ ਵਿੱਚ “ਬਲਿਹਾਰ ਜਾਵਾਂ” ਆਖਿਆ ਤੇ ਭਾਈ ਸਾਹਿਬ ਦੇ ਚਰਨਾਂ ‘ਤੇ ਮੱਥਾ ਟੇਕ ਦਿੱਤਾ । (1952)