
ਦਿੱਲੀ ਦੀ ਇੱਕ ਅਦਾਲਤ ਵੱਲੋਂ ਸੱਜਣ ਕੁਮਾਰ ਨੂੰ ਸਿਰਫ਼ ਦੋ ਸਿੱਖਾਂ ਦੇ ਕਤਲ ਲਈ ਦੋਸ਼ੀ ਕਰਾਰ ਦਿੱਤਾ ਗਿਆ ਹੈ ਹਾਲਾਂਕਿ ਉਹ 1984 ਸਿੱਖ ਨਸਲਕੁਸ਼ੀ ਲਈ ਸਿੱਧਾ ਜ਼ਿੰਮੇਵਾਰ ਹੈ। ਕੇਵਲ ਦੋ ਹੱਤਿਆਵਾਂ ਦਾ ਦੋਸ਼ ਸਾਬਿਤ ਕਰਨ ਵਿਚ ਹੀ ਭਾਰਤੀ ਨਿਆਂਪਾਲਿਕਾ ਨੂੰ ਚਾਰ ਦਹਾਕੇ ਲੱਗ ਜਾਣਾ ਇੱਕ ਵੱਡਾ ਸਵਾਲ ਖੜ੍ਹਾ ਕਰਦਾ ਹੈ। ਇਹ ਗੱਲ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਖ਼ਾਲਸਾ ਨੇ ਪ੍ਰੈਸ ਬਿਆਨ ਰਾਹੀਂ ਕਹੀ।
ਸਾਂਸਦ ਭਾਈ ਖ਼ਾਲਸਾ ਨੇ ਕਿਹਾ ਕਿ 1984 ਦੀ ਸਿੱਖ ਨਸਲਕੁਸ਼ੀ ਭਾਰਤੀ ਲੋਕਤੰਤਰ ਉੱਤੇ ਹਮੇਸ਼ਾ ਲਈ ਇੱਕ ਕਾਲਾ ਧੱਬਾ ਰਹੇਗਾ ਤੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਨਾ ਮਿਲਣ ਕਾਰਨ ਨਿਆਂਪਾਲਿਕਾ ਉੱਤੇ ਸਵਾਲ ਉੱਠਦੇ ਰਹਿਣਗੇ। ਉਨ੍ਹਾਂ ਆਖਿਆ ਕਿ ਅਦਾਲਤਾਂ ਨੇ ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਲਈ ਫਾਸਟ-ਟ੍ਰੈਕ ਨਿਆਂ ਪ੍ਰਕਿਰਿਆ ਦੀ ਵਰਤੋਂ ਨਹੀਂ ਕੀਤੀ, ਜੋ ਇਨਸਾਫ ਤੋਂ ਇਨਕਾਰ ਦੇ ਬਰਾਬਰ ਹੈ। ਭਾਈ ਖ਼ਾਲਸਾ ਨੇ ਦੁਖ ਪ੍ਰਗਟ ਕਰਦਿਆਂ ਕਿਹਾ ਕਿ ਅਨੇਕਾਂ ਪੀੜਤ ਸਿੱਖ ਇਨਸਾਫ ਦੀ ਉਡੀਕ ਕਰਦੇ ਹੋਏ ਦੁਨੀਆ ਤੋਂ ਚਲਾਣਾ ਕਰ ਗਏ ਜਦਕਿ ਉਨ੍ਹਾਂ ਨੂੰ ਆਪਣੇ ਜੀਵਨ ਵਿੱਚ ਹੀ ਇਨਸਾਫ਼ ਮਿਲਣਾ ਚਾਹੀਦਾ ਸੀ।