219 views 3 secs 0 comments

ਸ. ਕਰਮ ਸਿੰਘ ਹਿਸਟੋਰੀਅਨ

ਲੇਖ
March 17, 2025

-ਡਾ. ਗੁਰਪ੍ਰੀਤ ਸਿੰਘ

ਸਿੱਖ ਇਤਿਹਾਸ ਦੇ ਅਦੁੱਤੀ ਵਿਦਵਾਨ ਸ. ਕਰਮ ਸਿੰਘ ਦਾ ਜਨਮ ਸ੍ਰੀ ਅੰਮ੍ਰਿਤਸਰ ਜ਼ਿਲ੍ਹੇ ਦੇ ਪ੍ਰਸਿੱਧ ਪਿੰਡ ਝਬਾਲ ਵਿਚ ਸ. ਝੰਡਾ ਸਿੰਘ ਦੇ ਘਰ ੧੮ ਮਾਰਚ ੧੮੮੪ ਈ. ਨੂੰ ਹੋਇਆ। ਸ. ਕਰਮ ਸਿੰਘ ਬਚਪਨ ਤੋਂ ਹੀ ਜਿਗਿਆਸੂ ਬਿਰਤੀ ਦਾ ਮਾਲਕ ਸੀ। ਉਸ ਨੇ ਸੰਤ ਅਤਰ ਸਿੰਘ ਦੇ ਜਥੇ ਤੋਂ ਅੰਮ੍ਰਿਤ ਛਕਿਆ ਤੇ ਉਨ੍ਹਾਂ ਇਸ ਬਾਲਕ ਦਾ ਨਾਮ ਮਹਿਰਾਜ ਸਿੰਘ ਤੋਂ ਕਰਮ ਸਿੰਘ ਰੱਖਿਆ। ਮੁੱਢਲੀ ਪੜ੍ਹਾਈ ਪ੍ਰਾਇਮਰੀ ਸਕੂਲ ਤੋਂ, ਮਿਡਲ ਖ਼ਾਲਸਾ ਕਾਲਜ ਸਕੂਲ, ਸ੍ਰੀ ਅੰਮ੍ਰਿਤਸਰ ਤੋਂ ਅਤੇ ਮੈਟਰਿਕ ਖ਼ਾਲਸਾ ਸਕੂਲ ਤਰਨ ਤਾਰਨ ਤੋਂ ਪਾਸ ਕੀਤੀ।੧ ੧੯੦੨ ਈ. ਵਿਚ ਸ. ਕਰਮ ਸਿੰਘ ਐਫ.ਐਸ.ਸੀ. ਦੀ ਪੜ੍ਹਾਈ ਲਈ ਖ਼ਾਲਸਾ ਕਾਲਜ ਅੰਮ੍ਰਿਤਸਰ ਦਾਖ਼ਲ ਹੋਏ।

ਇੱਥੇ ਉਨ੍ਹਾਂ ਮਜ਼ਮੂਨ ਤਾਂ ਸਾਇੰਸ ਚੁਣਿਆ ਪਰ ਇਤਿਹਾਸਿਕ ਪੁਸਤਕਾਂ ਪੜ੍ਹਨ ਦਾ ਸ਼ੌਂਕ ਇਤਿਹਾਸਿਕ ਖੋਜ ਵਿਚ ਬਦਲ ਗਿਆ। ਸ. ਅਮਰ ਸਿੰਘ ਵਾਸੂ, ਮਾ. ਈਸ਼ਰ ਸਿੰਘ ਢੋਟੀਆਂ ਅਤੇ ਗੁਰਮੁਖ ਸਿੰਘ ਢੋਟੀਆਂ ਆਪ ਦੇ ਖਾਸ ਜੋੜੀਦਾਰ ਸਨ। ਇਨ੍ਹਾਂ ਚਾਰਾਂ ਦੋਸਤਾਂ ਨੇ ਸਿੱਖ ਕੌਮ ਨੂੰ ਆਪਣਾ ਜੀਵਨ ਅਰਪਨ ਕਰਨ ਦੀ ਕਸਮ ਖਾਧੀ। ਸ. ਕਰਮ ਸਿੰਘ ਨੇ ਕਿਹਾ ਕਿ “ਮੈਂ ਸਿੱਖ ਇਤਿਹਾਸ ਦੀ ਵਿਗਿਆਨਕ ਢੰਗ ਨਾਲ ਖੋਜ ਕਰਾਂਗਾ ਤੇ ਸਿੱਖ ਇਤਿਹਾਸ ਲਿਖਾਂਗਾ। ਸਿੰਘ ਹਿਸਟੋਰੀਅਨ ਨੇ ਇਤਿਹਾਸਕਾਰ ਬਣਨ ਲਈ ੨੦-੨੦ ਘੰਟੇ ਪੜ੍ਹਨਾ ਸ਼ੁਰੂ ਕਰ ਦਿੱਤਾ। ੧੯੦੫ ਈ. ਦੇ ਵਰ੍ਹੇ ਬਹੁਤ ਸਾਰੇ ਬਿਰਧ ਜਦ ਪਲੇਗ ਨਾਲ ਮਰ ਰਹੇ ਸਨ ਤਾਂ ਕਰਮ ਸਿੰਘ ਉਨ੍ਹਾਂ ਕੋਲੋਂ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਹਾਲਾਤ ਜਾਣਨ ਲਈ ਆਪਣੀ ਪੜ੍ਹਾਈ ਵਿਚਾਲੇ ਛੱਡ ਕੇ ਖੋਜ ਲਈ ਨਿਕਲ ਪਏ। ਸ. ਕਰਮ ਸਿੰਘ ਰੋਜ਼ਾਨਾ ਤੀਹ-ਤੀਹ, ਚਾਲੀ-ਚਾਲੀ ਮੀਲ ਤੁਰ ਕੇ ਬਿਰਧਾਂ ਦੇ ਬਿਆਨ ਇਕੱਤਰ ਕਰਦੇ ਰਹੇ।

ਇਸ ਦੌਰਾਨ ਉਨ੍ਹਾਂ ਨੂੰ ਬਹੁਤ ਕਠਿਨਾਈਆਂ ਦਾ ਸਾਹਮਣਾ ਕਰਨਾ ਪਿਆ ਪਰ ਵੱਡਮੁੱਲੇ ਬਿਆਨ ਇਕੱਤਰ ਕਰਨ ਵਿਚ ਕਾਮਯਾਬ ਰਿਹਾ। ਸ. ਕਰਮ ਸਿੰਘ ਹਿਸਟੋਰੀਅਨ ਗੁਰੂ ਨਾਨਕ ਸਾਹਿਬ ਜੀ ਬਾਰੇ ਖੋਜ ਕਰਨ ਲਈ ਮੁਸਲਿਮ ਭੇਸ ਵਿਚ ਹਾਜ਼ੀਆਂ ਨਾਲ ਰਲ ਕੇ ਮੱਕੇ ਨੂੰ ਵੀ ਤੁਰ ਪਏ ਸੀ। ਪਰ ਬਗਦਾਦ ਵਿਚ ਫੜੇ ਗਏ ਤਾਂ ਬੜੀ ਮੁਸ਼ਕਲ ਜਾਨ ਬਚਾ ਕੇ ਨਿਕਲੇ। ਹਿੰਦੁਸਤਾਨ ਦੀ ਸ਼ਾਇਦ ਹੀ ਕੋਈ ਲਾਇਬਰੇਰੀ ਹੋਵੇਗੀ, ਜਿੱਥੇ ਆਪ ਪੁੱਜੇ ਨਾ ਹੋਣ। ਆਪ ਜੀ ਨੇ ਸਿੱਖ ਇਤਿਹਾਸ ਦੀਆਂ ਬਹੁਤ ਸਾਰੀਆਂ ਗੁੰਝਲਾਂ ਹੱਲ ਕਰ ਲਈਆਂ ਸਨ ਅਤੇ ੧੩-੧੪ ਕਾਪੀਆਂ ਇਤਿਹਾਸਿਕ ਨੋਟਾਂ ਨਾਲ ਭਰ ਲਈਆਂ ਸਨ। ਸ. ਕਰਮ ਸਿੰਘ ਲਿਖਦੇ ਹਨ ਕਿ “ਮੈਂ ਹੁਣ ਛੇ ਮਹੀਨੇ ਵਿਚ ਬੈਠ ਕੇ ਸਾਰਾ ਸਿੱਖ ਇਤਿਹਾਸ ਲਿਖ ਦੇਵਾਗਾਂ।

ਪਰ ਆਪ ਨੂੰ ਘਰ ਦੀਆਂ ਆਰਥਿਕ ਥੁੜ੍ਹਾਂ ਕਾਰਨ ਖੇਤੀਬਾੜੀ ਕਰਨੀ ਪਈ। ਪੜ੍ਹਨ-ਲਿਖਣ ਦੀ ਮਿਹਨਤ ਅਤੇ ਬੇਪਰਵਾਹੀ ਨਾਲ ਆਪ ਦੀ ਇਕ ਅੱਖ ਵੀ ਗਵਾਚ ਗਈ। ਅਗਸਤ ੧੯੩੦ ਈ. ਵਿਚ ਆਪ ਨੂੰ ਮਲੇਰੀਆ ਹੋ ਗਿਆ। ਇਹ ਬਿਮਾਰੀ ਵੱਧ ਗਈ ਤੇ ਨਮੂਨੀਆ ਵੀ ਹੋ ਗਿਆ। ਆਖ਼ਰ ੧੦ ਸਤੰਬਰ, ੧੯੩੦ ਈ. ਨੂੰ ਆਪ ਸਦਾ ਲਈ ਇਸ ਦੁਨੀਆ ਤੋਂ ਕੂਚ ਕਰ ਗਏ। ਸਿੱਖ ਇਤਿਹਾਸ ਦਾ ਇਹ ਹੀਰਾ ਸਿੱਖ ਕੌਮ ਤੋਂ ਸਦਾ ਲਈ ਗਵਾਚ ਗਿਆ।

ਹਵਾਲੇ:
੧. ਭੁਪਿੰਦਰ ਸਿੰਘ ਗਰੋਵਰ, ਕਰਮ ਸਿੰਘ ਹਿਸਟੋਰੀਅਨ: ਜੀਵਨ ਤੇ ਰਚਨਾ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ੧੯੮੬, ਪੰਨਾ ੨.
੨. ਹੀਰਾ ਸਿੰਘ ਦਰਦ, (ਸੰਪਾ.), ਕਰਮ ਸਿੰਘ ਹਿਸਟੋਰੀਅਨ ਦੀ ਇਤਿਹਾਸਕ ਖੋਜ, ਭਾਗ ਪਹਿਲਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ, ੨੦੧੪, ਪੰਨਾ ੨੧.
੩. ਉਹੀ, ਪੰਨੇ ੨੫-੨੬.
੪. ਉਹੀ, ਪੰਨਾ ੨੯.