ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ॥
ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ੧੪੧)
ਪਹਿਲੀ ਪਾਤਸ਼ਾਹੀ ਗੁਰੂ ਨਾਨਕ ਸਾਹਿਬ ਰਚਿਤ ‘ਮਾਝ ਕੀ ਵਾਰ’ ਵਿਚ ਦਰਜ ਇਕ ਸਲੋਕ ਦਾ ਅੰਗ ਇਹ ਪਾਵਨ-ਸਤਰਾਂ ਗੁਰੂ ਜੀ ਦੇ ਸਮੇਂ ਦੇ ਦੋ ਵੱਡੇ ਲੋਕ-ਸਮੂਹਾਂ ਮੁਸਲਮਾਨਾਂ ਅਤੇ ਹਿੰਦੂਆਂ ਨੂੰ ਸਮਾਨ ਰੂਪ ਵਿਚ ਬੇਈਮਾਨੀ ਵਾਲੇ ਭ੍ਰਿਸ਼ਟ-ਸਾਧਨਾਂ ਰਾਹੀਂ ਬਿਗਾਨਾ-ਧਨ ਹਥਿਆਉਣ ਦੀ ਕੁਬਿਰਤੀ ਦੇ ਮੱਦੇ ਨਜ਼ਰ ਸਖ਼ਤ ਤਾੜਨਾ ਕਰਦੀਆਂ ਹਨ। ਗੁਰਮਤਿ ਵਿਚਾਰਧਾਰਾ ਤੇ ਰਹਿਣੀ ਮਨੁੱਖ ਦੀ ਇਸ ਪਸ਼ੂਪੁਣੇ ਵਾਲੀ ਕੁਬਿਰਤੀ ਨੂੰ ਮੂਲੋਂ ਹੀ ਨਕਾਰਦੀ ਤੇ ਰੱਦ ਕਰਦੀ ਹੈ।
ਗੁਰੂ ਜੀ ਫ਼ਰਮਾਨ ਕਰਦੇ ਹਨ ਕਿ ਬਿਗਾਨਾ ਹੱਕ ਖਾਣਾ ਇਕ ਧਿਰ (ਮੁਸਲਮਾਨ-ਵਰਗ) ਲਈ ਸੂਅਰ ਖਾਣ ਦੇ ਬਰਾਬਰ ਹੈ (ਇਸਲਾਮ ਵਿਚ ਸੂਅਰ ਦਾ ਮਾਸ ਖਾਣਾ ਹਰਾਮ ਹੈ) ਅਤੇ ਦੂਜੀ ਧਿਰ (ਹਿੰਦੂ-ਵਰਗ) ਲਈ ਇਹ ਗਊ ਖਾਣ ਦੇ ਸਮਾਨ ਹੈ (ਹਿੰਦੂਆਂ ਵਿਚ ਤਾਂ ਗਊ ਨੂੰ ਮਾਤਾ ਤੁਲ ਦਰਜਾ ਦਿੱਤਾ ਜਾਂਦਾ ਹੈ ਤੇ ਇਸ ਦੀ ਪੂਜਾ ਤਕ ਵੀ ਹੁੰਦੀ ਹੈ) ਮੁਸਲਮਾਨਾਂ ਅਤੇ ਹਿੰਦੂਆਂ ਨੂੰ (ਕਹਿਣ ਤੋਂ ਭਾਵ ਸਾਰਿਆਂ ਨੂੰ ਹੀ) ਆਪਣੇ ਆਪ ਨੂੰ ਬਿਗਾਨਾ ਹੱਕ ਖਾਣ ਦੇ ਰੁਝਾਨ ਤੋਂ ਬਚਾ ਕੇ ਰੱਖਣਾ ਚਾਹੀਦਾ ਹੈ।
ਆਪਣੇ ਇਸ ਨੈਤਿਕ-ਸਦਾਚਾਰਕ ਉਪਦੇਸ਼ ਨੂੰ ਕਾਰਗਰ ਬਣਾਉਣ ਹਿਤ ਗੁਰੂ ਜੀ ਇਕ ਵਿਸ਼ੇਸ਼ ਪ੍ਰਮਾਣ ਵਿਚਾਰ ਗੋਚਰੇ ਕਰਦੇ ਹਨ। ਗੁਰੂ ਜੀ ਫ਼ਰਮਾਉਂਦੇ ਹਨ ਕਿ ਗੁਰੂ (ਹਿੰਦੂ-ਵਰਗ ਦਾ) ਅਤੇ ਪੀਰ (ਮੁਸਲਮਾਨ-ਵਰਗ ਦਾ) ਉਨ੍ਹਾਂ ਦੀ ਹਾਮੀ ਤਾਂ ਹੀ ਭਰੇਗਾ ਜੇ ਉਨ੍ਹਾਂ ਨੇ ਆਪਣੇ ਆਪ ਨੂੰ ਮੁਰਦਾਰ ਖਾਣ ਤੋਂ ਬਚਾ ਕੇ ਰੱਖਿਆ ਹੋਵੇਗਾ। ਵਰਨਾ ਉਨ੍ਹਾਂ ਨੂੰ ਸ਼ਰਮਿੰਦਗੀ ਉਠਾਉਣੀ ਪਵੇਗੀ, ਉਹ ਸਜ਼ਾ ਦੇ ਭਾਗੀਦਾਰ ਹੋਣਗੇ ! ਬਿਗਾਨਾ ਹੱਕ ਖਾਣ ਨੂੰ ਮੁਰਦਾਰ ਜਾਂ ਮੁਰਦਾ ਖਾਣ ਤੁਲ ਕਰਾਰ ਦੇਣਾ ਗੁਰੂ ਜੀ ਦੇ ਤਤਕਾਲੀ ਬੇਈਮਾਨ ਵਰਤਾਰਿਆਂ ਪ੍ਰਤੀ ਤਿੱਖੀ ਘਿਰਣਾ ਦਾ ਲਖਾਇਕ ਹੈ।
ਅੱਜ ਅਸੀਂ ਦੇਖਦੇ ਹਾਂ ਕਿ ਸਾਡੀ ਧਰਤੀ ਉਪਰ ਇਕ ਪਾਸੇ ਇਕ ਪਿਤਾ-ਪਰਮਾਤਮਾ ਦੀ ਸੰਤਾਨ ਮਹਿਲਾਂ ਜਿਹੀਆਂ ਆਲੀਸ਼ਾਨ ਕੋਠੀਆਂ ਤੇ ਦੂਜੇ ਪਾਸੇ ਸਿਰ-ਲੁਕਾਈ ਵੀ ਨਾ ਹੋ ਸਕਣ ਵਾਲੀਆਂ ਝੁੱਗੀਆਂ -ਝੌਂਪੜੀਆਂ ਅਤੇ ਤਿੱਖੀ ਅਸਮਾਨਤਾ ਦਰਸਾ ਰਹੀ ਹੈ। ਇਹ ਬੁਰੀ ਤੇ ਅਣਚਾਹੀ ਵੰਡ ਘਟਣ ਦੀ ਬਜਾਏ ਸਗੋਂ ਹੋਰ ਵਧ ਰਹੀ ਹੈ। ਬਿਗਾਨਾ ਹੱਕ ਖੋਹਣ ਵਾਲੇ ਰਾਜਨੀਤਕ, ਸਮਾਜਕ, ਆਰਥਕ, ਧਾਰਮਕ ਅਤੇ ਸਭਿਆਚਾਰਕ-ਸਭ ਖੇਤਰਾਂ ਵਿਚ ਸਰਗਰਮ ਹਨ। ਮਲਕ ਭਾਗੋ ਜਿਹੇ ਕਿਰਦਾਰਾਂ ਦੀ ਗਿਣਤੀ ਵਿਚ ਸਗੋਂ ਵਾਧਾ ਹੋਇਆ ਹੈ। ਮਾਇਆ ਦੇ ਅੰਬਾਰ ਲਾਉਣ ਅਤੇ ਪੂੰਜੀ-ਸੰਪਤੀ ਵਧਾਉਣ ਦੀ ਲਾਲਸਾ ਅੱਜ ਗੁਰੂ- ਨਾਨਕ ਯੁੱਗ ਦੀ ਇਸ ਲਾਲਸਾ ਤੋਂ ਕਿਤੇ ਜ਼ਿਆਦਾ ਵਧ ਗਈ ਹੈ। ਲੁੱਟਾਖੋਹੀ, ਚੋਰੀਆਂ, ਡਾਕੇ, ਉਧਾਲੇ, ਦੰਗੇ-ਫਸਾਦ ਤੇ ਸਮੂਹਕ ਹਮਲੇ, ਦੇਸ਼ਾ ਕੌਮਾਂ ਦੇ ਆਪਸੀ ਲੜਾਈਆਂ-ਝਗੜੇ ਤੇ ਯੁੱਧ, ਬਲਾਤਕਾਰ ਤੇ ਇਸਤਰੀ ਅਪਮਾਨ, ਦਾਜ ਦੀ ਝਾਕ, ਨੌਕਰੀਆਂ, ਟੈਸਟਾਂ ਆਦਿ ਵਿਚ ਘਾਲੇ ਮਾਲੇ, ਕੌਮੀ ਪੱਧਰ ਦੇ ਵੱਡੇ-ਵੱਡੇ ਘਪਲੇ ਤੇ ਘੁਟਾਲੇ ਆਦਿ ਕੀ ਹਨ? ਇਹ ਸਭ ਪਰਾਇਆ ਹੱਕ ਹੀ ਤਾਂ ਹੈ ! ਜੇਕਰ ਅਸੀਂ ਗੁਰੂ ਜੀ ਦੀ ਇਸ ਤਾੜਨਾ ਨੂੰ ਗੌਲਦੇ ਹੋਏ ਗੁਰਮਤਿ ਰਹਿਣੀ ਨੂੰ ਸਹੀ ਅਰਥਾਂ ਵਿਚ ਅਪਣਾਅ ਲਈਏ ਤੇ ਪਰ-ਤਨ, ਪਰ-ਧਨ ਦੀ ਝਾਕ ਤੋਂ ਬਚਦਿਆ ਹੋਇਆਂ ਆਪਣੀ ਦਸਾਂ ਨਹੁੰਆਂ ਦੀ ਸੱਚੀ ਸੁੱਚੀ ਕਿਰਤ- ਕਮਾਈ ਨਾਲ ਆਪਣੀ ਗੁਜ਼ਰਾਨ ਕਰਨ ਵਿਚ ਸਤੁੰਸ਼ਟੀ ਅੰਤੁਸਟੀ ਤੇ ਤ੍ਰਿਪਤੀ ਮਹਿਸੂਸ ਕਰਾਂਗੇ ਤਾਂ ਹੀ ਅਸੀਂ ਸਹੀ ਅਰਥਾਂ ਵਿਚ ਗੁਰੂ ਦੇ ਸਿੱਖ ਅਖਵਾਉਣ ਦੇ ਸਕਦੇ ਹਾਂ।