ਹਰਿ ਮੰਦਰੁ ਹਰਿ ਸਾਜਿਆ ਹਰਿ ਵਸੈ ਜਿਸੁ ਨਾਲਿ ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ ੭੫੪)
ਸ੍ਰੀ ਗੁਰੂ ਅਮਰਦਾਸ ਜੀ ਗੁਰਸਿੱਖਾਂ ਨੂੰ ਸਮਝਾਉਣ ਲੱਗੇ ਕਿ ਇਹ ਜੋ ਮਨੁੱਖ ਦਾ ਇਹ ਸਰੀਰ ਹੈ। ਇਹ ਹਰਿ-ਮੰਦਰ ਹੈ ਪ੍ਰਮਾਤਮਾ ਦਾ ਘਰ ਹੈ। ਪ੍ਰਮਾਤਮਾ ਨੇ ਇਸਨੂੰ ਆਪ ਬਣਾਇਆ ਹੈ। ਇਸ ਸਰੀਰ-ਹਰਿਮੰਦਰ ਵਿੱਚ ਪ੍ਰਮਾਤਮਾ ਆਪ ਵੱਸਦਾ ਹੈ। ਇਸ ਲਈ ਇਸ ਸਰੀਰ-ਹਰਿਮੰਦਰ ਵਿੱਚ ਅਨੇਕਾਂ ਹੀ ਉੱਤਮ ਕੀਮਤੀ ਗੁਣ ਲੱਭ ਪੈਂਦੇ ਹਨ। ਜੋ ਇਨਸਾਨ ਗੁਰੂ ਦੀ ਸ਼ਰਨ ਪੈ ਕੇ ਇਸ ਸਰੀਰ-ਹਰਿਮੰਦਰ ਵਿੱਚ ਵੱਸਦਾ ਪ੍ਰਮਾਤਮਾ ਖੋਜ ਕੇ ਲੱਭ ਲੈਂਦੇ ਹਨ ਉਹ ਉਸ ਵਿੱਚ ਹੀ ਲੀਨ ਹੋ ਜਾਂਦੇ ਹਨ।
ਹਰਿ ਕਾ ਮੰਦਰੁ ਸੋਹਣਾ ਕੀਆ ਕਰਣੈਹਾਰਿ ॥
ਰਵਿ ਸਸਿ ਦੀਪ ਅਨੂਪ ਜੋਤਿ ਤ੍ਰਿਭਵਣਿ ਜੋਤਿ ਅਪਾਰ ॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੫੭)
ਉਸ ਪ੍ਰਭੂ ਪ੍ਰਮਾਤਮਾ ਜੀ ਨੇ ਆਪਣੇ ਰਹਿਣ ਲਈ ਸੋਹਣਾ ਮਹੱਲ ਬਣਾਇਆ ਹੈ। ਉਹ ਮਹੱਲ ਹੈ ਇਨਸਾਨ ਦੀ ਦੇਹੀ ਜਿਸ ਵਿੱਚ ਆਪ ਆ ਕੇ ਵੱਸਦਾ ਹੈ। ਤਿੰਨਾਂ ਭਵਨਾਂ ਵਿੱਚ ਵਿਆਪਕ ਬੇਅੰਤ ਪ੍ਰਭੂ ਦੀ ਅਨੂਪ ਜੋਤਿ ਉਸ ਦੇ ਅੰਦਰ ਜਗ ਜਾਂਦੀ ਹੈ। ਉਸ ਦੇ ਅੰਦਰ ਸੂਰਜ ਤੇ ਚੰਦ (ਮਾਨੋਂ) ਦੀਵੇ ਜਗ ਪੈਂਦੇ ਹਨ। ਉਸ ਦੇ ਅੰਦਰ ਅਗਿਆਨਤਾ ਦਾ ਹਨੇਰਾ ਦੂਰ ਕਰਨ ਵਾਲਾ ਗਿਆਨ ਸੂਰਜ ਤੇ ਕਾਮ ਕ੍ਰੋਧ ਆਦਿਕ ਦੀ ਤਪਸ਼ ਨੂੰ ਬੁਝਾਣ ਵਾਲੀ ਸ਼ਾਂਤ ਅਵਸਥਾ ਦਾ ਚੰਦ ਚੜ੍ਹ ਪੈਂਦਾ ਹੈ।
ਗੁਰ ਪਰਸਾਦੀ ਵੇਖੁ ਤੂ ਹਰਿ ਮੰਦਰੁ ਤੇਰੈ ਨਾਲਿ ॥
ਹਰਿ ਮੰਦਰੁ ਸਬਦੇ ਖੋਜੀਐ ਹਰਿ ਨਾਮੋ ਲੇਹੁ ਸਮ੍ਹਾਲਿ ॥੧॥
ਮਨ ਮੇਰੇ ਸਬਦਿ ਰਪੈ ਰੰਗੁ ਹੋਇ ॥
ਸਚੀ ਭਗਤਿ ਸਚਾ ਹਰਿ ਮੰਦਰੁ ਪ੍ਰਗਟੀ ਸਾਚੀ ਸੋਇ ॥੧॥ ਰਹਾਉ ॥
ਹਰਿ ਮੰਦਰੁ ਏਹੁ ਸਰੀਰੁ ਹੈ ਗਿਆਨਿ ਰਤਨਿ ਪਰਗਟੁ ਹੋਇ ॥
ਮਨਮੁਖ ਮੂਲੁ ਨ ਜਾਣਨੀ ਮਾਣਸਿ ਹਰਿ ਮੰਦਰੁ ਨ ਹੋਇ॥੨॥
ਹਰਿ ਮੰਦਰੁ ਹਰਿ ਜੀਉ ਸਾਜਿਆ ਰਖਿਆ ਹੁਕਮਿ ਸਵਾਰਿ ॥
ਧੁਰਿ ਲੇਖੁ ਲਿਖਿਆ ਸੁ ਕਮਾਵਣਾ ਕੋਇ ਨ ਮੇਟਣਹਾਰੁ ॥੩॥
ਸਬਦੁ ਚੀਨਿ ਸੁਖੁ ਪਾਇਆ ਸਚੈ ਨਾਇ ਪਿਆਰ ॥ ਹਰਿ ਮੰਦਰੁ ਸਬਦੇ ਸੋਹਣਾ ਕੰਚਨੁ ਕੋਟੁ ਅਪਾਰ ॥੪॥ ਹਰਿ ਮੰਦਰੁ ਏਹੁ ਜਗਤੁ ਹੈ ਗੁਰ ਬਿਨੁ ਘੋਰੰਧਾਰ ॥ ਦੂਜਾ ਭਾਉ ਕਰਿ ਪੂਜਦੇ ਮਨਮੁਖ ਅੰਧ ਗਵਾਰ ॥ ੫॥ ਜਿਥੈ ਲੇਖਾ ਮੰਗੀਐ ਤਿਥੈ ਦੇਹ ਜਾਤਿ ਨ ਜਾਇ ॥ ਸਾਚਿ ਰਤੇ ਸੇ ਉਬਰੇ ਦੁਖੀਏ ਦੂਜੈ ਭਾਇ ॥ ੬॥ ਹਰਿ ਮੰਦਰ ਮਹਿ ਨਾਮੁ ਨਿਧਾਨੁ ਹੈ ਨਾ ਬੂਝਹਿ ਮੁਗਧ ਗਵਾਰ ॥ ਗੁਰ ਪਰਸਾਦੀ ਚੀਨਿਆ ਹਰਿ ਰਾਖਿਆ ਉਰਿ ਧਾਰਿ ॥੭॥ ਗੁਰ ਕੀ ਬਾਣੀ ਗੁਰ ਤੇ ਜਾਤੀ ਜਿ ਸਬਦਿ ਰਤੇ ਰੰਗੁ ਲਾਇ॥ ਪਵਿਤੁ ਪਾਵਨ ਸੇ ਜਨ ਨਿਰਮਲ ਹਰਿ ਕੈ ਨਾਮਿ ਸਮਾਇ ॥ ੮ ॥ ਹਰਿ ਮੰਦਰੁ ਹਰਿ ਕਾ ਹਾਟੁ ਹੈ ਰਖਿਆ ਸਬਦਿ ਸਵਾਰਿ ॥ ਤਿਸੁ ਵਿਚਿ ਸਉਦਾ ਏਕੁ ਨਾਮੁ ਗੁਰਮੁਖਿ ਲੈਨਿ ਸਵਾਰਿ ॥ ੯ ॥ ਹਰਿ ਮੰਦਰ ਮਹਿ ਮਨੁ ਲੋਹਟੁ ਹੈ ਮੋਹਿਆ ਦੂਜੈ ਭਾਇ ॥ ਪਾਰਸਿ ਭੇਟਿਐ ਕੰਚਨੁ ਭਇਆ ਕੀਮਤਿ ਕਹੀ ਨ ਜਾਇ ॥੧੦ ॥ ਹਰਿ ਮੰਦਰ ਮਹਿ ਹਰਿ ਵਸੈ ਸਰਬ ਨਿਰੰਤਰਿ ਸੋਇ ॥ ਨਾਨਕ ਗੁਰਮੁਖਿ ਵਣਜੀਐ ਸਚਾ ਸਉਦਾ ਹੋਇ ॥੧੧॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ ੧੩੪੬)
ਪ੍ਰਮਾਤਮਾ ਨੇ ਇਹ ਸਰੀਰ ਜਿਹੜਾ ਦਿੱਤਾ ਹੈ ਆਪਣੀ ਜੋਤ ਟਿਕਾਉਣ ਲਈ ਹਰਿ ਮੰਦਰ ਬਣਾਇਆ ਹੈ। ਮਨੁੱਖ ਗੁਰੂ ਦੇ ਸ਼ਬਦ ਵਿੱਚ ਰੰਗਿਆ ਜਾਂਦਾ ਹੈ। ਉਸ ਦੇ ਮਨ ਨੂੰ ਪ੍ਰਮਾਤਮਾ ਦੀ ਭਗਤੀ ਦਾ ਰੰਗ ਚੜ੍ਹ ਜਾਂਦਾ ਹੈ। ਉਸ ਨੂੰ ਸਦਾ-ਥਿਰ ਪ੍ਰਭੂ ਦੀ ਭਗਤੀ ਪ੍ਰਾਪਤ ਹੋ ਜਾਂਦੀ ਹੈ। ਉਸ ਦੀ ਸੋਭਾ ਸਦਾ ਲਈ ਲੋਕ ਪ੍ਰਲੋਕ ਵਿੱਚ ਖਿਲਰ ਜਾਂਦੀ ਹੈ। ਉਸ ਮਨੁੱਖ ਦਾ ਸਰੀਰ ਪ੍ਰਮਾਤਮਾ ਦਾ ਕਦੇ ਨਾ ਡੋਲਣ ਵਾਲਾ ਘਰ ਬਣ ਜਾਂਦਾ ਹੈ। ਉਸ ਦਾ ਸਰੀਰ ਅਜਿਹਾ ‘ਹਰਿ ਮੰਦਰ’ ਬਣ ਜਾਂਦਾ ਹੈ ਜਿਸ ਨੂੰ ਵਿਕਾਰਾਂ ਦਾ ਝੱਖੜ (ਹਨੇਰ) ਹਿੱਲਾ ਨਹੀਂ ਸਕਦਾ। ਐ ਇਨਸਾਨ! ਤੂੰ ਇਸ ਗੱਲ ਉਪਰ ਯਕੀਨ ਰੱਖ ਕਿ ਪ੍ਰਮਾਤਮਾ ਦਾ ਘਰ ਤੇਰੇ ਨਾਲ ਹੈ। ਤੇਰੇ ਅੰਦਰ ਹੀ ਉਹ ਹਮੇਸ਼ਾ ਨਿਵਾਸ ਕਰ ਰਿਹਾ ਹੈ। ਇਸ ‘ਹਰਿ ਮੰਦਰ’ ਨੂੰ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਲੱਭਿਆ ਜਾ ਸਕਦਾ ਹੈ। ਗੁਰੂ ਜੀ ਦੇ ਸ਼ਬਦ ਰਾਹੀਂ ਵਿੱਚ ਜੁੜਕੇ ਅਤੇ ਪ੍ਰਮਾਤਮਾ ਦਾ ਨਾਮ ਆਪਣੇ ਅੰਦਰ ਸੰਭਾਲ ਕੇ ਰੱਖ। ਮਨੁੱਖ ਦਾ ਇਹ ਸਰੀਰ ‘ਹਰਿ-ਮੰਦਰ’ ਹੈ। ਪਰ ਇਹ ਭੇਤ ਸਤਿਗੁਰੂ ਦੀ ਬਖ਼ਸ਼ੀ ਆਤਮਿਕ ਜੀਵਨ ਦੀ ਕੀਮਤੀ ਸੂਝ ਦੀ ਰਾਹੀਂ ਖੁੱਲ੍ਹਦਾ ਹੈ । ਪ੍ਰੰਤੂ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਜਗਤ ਦੇ ਮੂਲ ਪ੍ਰਮਾਤਮਾ ਨਾਲ ਸਾਂਝ ਨਹੀਂ ਪਾਉਂਦੇ। ਇਸ ਲਈ ਉਹ ਮਨੁੱਖ ਸਮਝਦੇ ਹਨ ਕਿ ਮਨੁੱਖ ਦੇ ਅੰਦਰ ‘ਹਰਿ-ਮੰਦਰ’ ਨਹੀਂ ਹੋ ਸਕਦਾ।
ਇਹ ਮਨੁੱਖਾ ਸਰੀਰ ‘ਹਰਿ-ਮੰਦਰ’ ਪ੍ਰਭੂ ਜੀ ਨੇ ਆਪ ਬਣਾਇਆ ਹੈ ਅਤੇ ਆਪਣੇ ਹੁਕਮ ਨਾਲ ਸਜਾ ਬਣਾ ਰੱਖਿਆ ਹੈ। ਧੁਰ ਦਰਗਾਹ ਤੋਂ ਹਰੇਕ ਮਨੁੱਖ ਦੇ ਕੀਤੇ ਕਰਮਾਂ ਅਨੁਸਾਰ ਜਿਹੜਾ ਲੇਖ ਹਰੇਕ ਸਰੀਰ ਹਰਿ-ਮੰਦਰ ਵਿੱਚ ਲਿਖਿਆ ਜਾਂਦਾ ਹੈ ਉਸ ਲੇਖ ਅਨੁਸਾਰ ਹਰੇਕ ਪ੍ਰਾਣੀ ਨੂੰ ਤੁਰਨਾ ਪੈਂਦਾ ਹੈ। ਕੋਈ ਮਨੁੱਖ ਆਪਣੇ ਕਿਸੇ ਉੱਦਮ ਨਾਲ ਉਸ ਲੇਖ ਨੂੰ ਮਿਟਾਣ ਜੋਗਾ ਨਹੀਂ ਹੈ। ਗੁਰੂ ਦੇ ਸ਼ਬਦ ਦੀ ਰਾਹੀਂ ਸਦਾ-ਥਿਰ ਹਰਿ-ਨਾਮ ਵਿੱਚ ਜਿਸ ਮਨੁੱਖ ਨੇ ਪਿਆਰ ਪਾਇਆ, ਉਸ ਨੇ ਗੁਰੂ ਦੇ ਸ਼ਬਦ ਨਾਲ ਸਾਂਝ ਪਾ ਕੇ ਆਤਮਿਕ ਆਨੰਦ ਪ੍ਰਾਪਤ ਕੀਤਾ। ਉਸ ਮਨੁੱਖ ਦਾ ਸਰੀਰ ਹਰਿ-ਮੰਦਰ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਸੋਹਣਾ ਬਣ ਗਿਆ, ਉਹ ਹਰਿ-ਮੰਦਰ ਬੇਅੰਤ ਪ੍ਰਭੂ ਦੇ ਨਿਵਾਸ ਵਾਸਤੇ ਮਾਨੋ ਸੋਨੇ ਦਾ ਕਿਲ੍ਹਾ ਬਣ ਗਿਆ। ਇਹ ਸਾਰਾ ਸੰਸਾਰ ਵੀ ‘ਹਰਿ-ਮੰਦਰ ਹੀ ਹੈ। ਪ੍ਰਮਾਤਮਾ ਦੇ ਰਹਿਣ ਦਾ ਘਰ ਹੈ ਪਰ ਗੁਰੂ ਦੀ ਸ਼ਰਣ ਤੋਂ ਬਿਨਾਂ ਆਤਮਿਕ ਜੀਵਨ ਵੱਲੋਂ ਘੁੱਪ ਹਨੇਰਾ ਬਣਿਆ ਰਹਿੰਦਾ ਹੈ ਅਤੇ ਜੀਵਾਂ ਨੂੰ ਇਸ ਭੇਤ ਦੀ ਸਮਝ ਨਹੀਂ ਪੈਂਦੀ।
ਆਪਣੇ ਮਨ ਦੇ ਪਿਛੇ ਤੁਰਨ ਵਾਲੇ ਮਨੁੱਖ, ਆਤਮਿਕ ਜੀਵਨ ਵੱਲੋਂ ਅੰਨ੍ਹੇ ਹੋਏ ਹੋਏ ਮੂਰਖ ਮਨੁੱਖ ਪ੍ਰਮਾਤਮਾ ਤੋਂ ਬਿਨਾਂ ਹੋਰ ਨਾਲ ਪਿਆਰ ਪਾ ਕੇ ਉਸ ਨੂੰ ਪੂਜਦੇ-ਸਤਿਕਾਰਦੇ ਰਹਿੰਦੇ ਹਨ। ਜਿੱਥੇ ਪ੍ਰਮਾਤਮਾ ਦੀ ਦਰਗਾਹ ਵਿੱਚ ਮਨੁੱਖ ਪਾਸੋਂ ਉਸ ਦੇ ਕੀਤੇ ਕਰਮਾਂ ਦਾ ਹਿਸਾਬ ਮੰਗਿਆ ਜਾਂਦਾ ਹੈ ਉਥੇ ਮਨੁੱਖ ਦੇ ਨਾਲ ਨਾ ਹੀ ਇਹ ਸਰੀਰ ਜਾਂਦਾ ਹੈ ਨਾ ਹੀ ਉੱਚੀ ਨੀਵੀਂ ਜਾਤਿ ਜਾਂਦੀ ਹੈ। ਜਿਹੜੇ ਮਨੁੱਖ ਸਦਾ-ਥਿਰ ਹਰਿ-ਨਾਮ ਵਿੱਚ ਰੰਗੇ ਰਹਿੰਦੇ ਹਨ। ਉਹ ਉਥੇ ਲੇਖਾ ਹੋਣ ਸਮੇਂ ਸੁਰਖ਼ਰੂ ਹੋ ਜਾਂਦੇ ਹਨ। ਜਿਹੜੇ ਮਾਇਆ ਦੇ ਪਿਆਰ ਵਿੱਚ ਹੀ ਜ਼ਿੰਦਗੀ ਦੇ ਦਿਨ ਗੁਜ਼ਾਰ ਜਾਂਦੇ ਹਨ। ਉਹ ਉਥੇ ਦੁਖੀ ਹੁੰਦੇ ਹਨ। ਇਸ ਸਰੀਰ’ਹਰਿ-ਮੰਦਰ’ ਵਿੱਚ ਪ੍ਰਮਾਤਮਾ ਦਾ ਨਾਮ ਮਨੁੱਖ ਵਾਸਤੇ ਖ਼ਜ਼ਾਨਾ ਹੈ, ਪਰ ਮੂਰਖ ਬੰਦੇ ਇਹ ਗੱਲ ਨਹੀਂ ਸਮਝਦੇ। ਜਿਨ੍ਹਾਂ ਨੇ ਗੁਰੂ ਦੀ ਕਿਰਪਾ ਨਾਲ ਇਹ ਭੇਤ ਸਮਝ ਲਿਆ, ਉਹਨਾਂ ਨੇ ਪ੍ਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਸਾਂਭ ਕੇ ਰੱਖ ਲਿਆ। ਜਿਹੜੇ ਮਨੁੱਖ ਗੁਰੂ ਦੀ ਰਾਹੀਂ ਪ੍ਰਮਾਤਮਾ ਨਾਲ ਪਿਆਰ ਬਣਾ ਕੇ ਗੁਰੂ ਦੇ ਸ਼ਬਦ ਵਿੱਚ ਰੰਗੇ ਰਹਿੰਦੇ ਹਨ, ਉਹ ਮਨੁੱਖ ਗੁਰੂ ਪਾਸੋਂ ਗੁਰੂ ਦੀ ਬਾਣੀ ਦੀ ਕਦਰ ਸਮਝ ਲੈਂਦੇ ਹਨ। ਉਹ ਮਨੁੱਖ ਪ੍ਰਮਾਤਮਾ ਦੇ ਨਾਮ ਵਿੱਚ ਲੀਨ ਰਹਿ ਕੇ ਸੁੱਚੇ ਪਵਿੱਤਰ ਜੀਵਨ ਵਾਲੇ ਬਣ ਜਾਂਦੇ ਹਨ।
ਇਹ ਮਨੁੱਖਾ ਸਰੀਰ ‘ਹਰਿ-ਮੰਦਰ’ ਪ੍ਰਮਾਤਮਾ ਦੇ ਨਾਮ-ਵੱਖਰ ਦਾ ਹੱਟ ਹੈ, ਇਸ ਹੱਟ ਨੂੰ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਸਜਾ ਕੇ ਰੱਖਿਆ ਜਾ ਸਕਦਾ ਹੈ। ਇਸ ਸਰੀਰ ਹੱਟ ਵਿੱਚ ਪ੍ਰਮਾਤਮਾ ਦਾ ਨਾਮ-ਸੌਦਾ ਮਿਲ ਸਕਦਾ ਹੈ ਪਰ ਸਿਰਫ਼ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਹੀ ਆਪਣੇ ਜੀਵਨ ਨੂੰ ਸੋਹਣਾ ਬਣਾ ਕੇ ਇਹ ਸੌਦਾ ਲੈਂਦੇ ਹਨ। ਜਿਹੜਾ ਮਨੁੱਖ ਮਾਇਆ ਦੇ ਮੋਹ ਵਿੱਚ ਫਸ ਕੇ ਆਤਮਿਕ ਜੀਵਨ ਦੀ ਰਾਸਿ- ਪੂੰਜੀ ਲੁੱਟਾ ਬੈਠਦਾ ਹੈ, ਉਸਦਾ ਮਨ ਇਸ ਸਰੀਰ ਹਰਿ-ਮੰਦਰ ਵਿੱਚ ਲੋਹਾ ਹੀ ਬਣਿਆ ਰਹਿੰਦਾ ਹੈ। ਪਰ, ਹਾਂ ਜੇ ਗੁਰੂ-ਪਾਰਸ ਮਿਲ ਜਾਵੇ ਤਾਂ ਲੋਹੇ ਵਰਗਾ ਨਿਕੰਮਾ ਬਣਿਆ ਉਸ ਦਾ ਮਨ ਸੋਨਾ ਹੋ ਜਾਂਦਾ ਹੈ ਫਿਰ ਉਹ ਇਤਨੇ ਉੱਚੇ ਜੀਵਨ ਵਾਲਾ ਹੋ ਜਾਂਦਾ ਹੈ ਕਿ ਉਸਦਾ ਮੁੱਲ ਨਹੀਂ ਦੱਸਿਆ ਜਾ ਸਕਦਾ। ਇਸ ਸਰੀਰ ‘ਹਰਿ-ਮੰਦਰ’ ਵਿੱਚ ਪ੍ਰਮਾਤਮਾ ਆਪ ਵੱਸਦਾ ਹੈ, ਉਹ ਪ੍ਰਮਾਤਮਾ ਸਭ ਜੀਵਾਂ ਵਿੱਚ ਹੀ ਇੱਕ-ਰਸ ਵੱਸ ਰਿਹਾ ਹੈ। ਗੁਰੂ ਜੀ ਨਾਨਕ ਨਾਮ ਦੀ ਮੋਹਰ ਲਾਉਂਦਿਆਂ ਕਹਿਣ ਲੱਗੇ ਕਿ ਸਰਬ-ਨਿਵਾਸੀ ਪ੍ਰਭੂ ਦੇ ਨਾਮ ਦਾ ਸੌਦਾ ਗੁਰੂ ਦੀ ਰਾਹੀਂ ਵਣਜਿਆ ਜਾ ਸਕਦਾ ਹੈ। ਇਹ ਸੌਦਾ ਸਦਾ ਕਾਇਮ ਰਹਿਣ ਵਾਲਾ ਸੌਦਾ ਹੈ।
ਗਿ. ਗੁਰਮੁੱਖ ਸਿੰਘ ਖਾਲਸਾ ਐਮ. ਏ.
