ਹਿਕਮਤ ਤੇ ਕੇਸ

ਲੇਖ
February 28, 2026

……
ਸਿਆਣੇ ਹਕੀਮ ਤੇ ਵੈਦ ਰੇਸ਼ੇ, ਨਜ਼ਲੇ ਤੇ ਜ਼ੁਕਾਮ ਆਦਿ ਦੇ ਰੋਗਾਂ ਦਾ ਇਕ ਕਾਰਨ ਕੇਸ ਕਟਵਾਉਣਾ ਵੀ ਦੱਸਦੇ ਹਨ । ਇਹ ਗੱਲ ਪਿਛਲੇ ਸੌ ਸਾਲਾਂ ਤੋਂ ਲਿਖਤਾਂ ਵਿੱਚ ਚਲੀ ਆ ਰਹੀ ਹੈ ਕਿ ਕੇਸ ਰੇਸ਼ੇ ਵਾਲੇ ਮਰੀਜ਼ ਨੂੰ ਬਹੁਤ ਫਾਇਦਾ ਕਰਦੇ ਹਨ ਅਤੇ ਇਹ ਰੋਗ ਨਿਸਬਤਨ ਉਹਨਾਂ ਲੋਕਾਂ ਨੂੰ ਘੱਟ ਹੁੰਦਾ ਹੈ ਜਿਹਨਾਂ ਦੇ ਕੇਸ ਹਨ ।
ਅੱਜ ਦੀ ਵਿਗਿਆਨਕ ਖੋਜ ਇਸ ਖੇਤਰ ਵਿੱਚ ਭਲੀ ਪ੍ਰਕਾਰ ਰੌਸ਼ਨੀ ਪਾ ਸਕਦੀ ਹੈ। ਡਾਕਟਰੀ ਖੋਜ ਦੇ ਆਧਾਰ ‘ਤੇ ਇਤਨੀ ਗੱਲ ਜ਼ਰੂਰ ਸਾਹਮਣੇ ਆ ਚੁੱਕੀ ਹੈ ਕਿ ਕੇਸਾਂ ਦੀ ਸਿਹਤ ਤੇ ਨਰੋਏ ਰਹਿਣ ਦਾ ਦਾਰੋਮਦਾਰ ਮਨੁੱਖੀ ਗਲੇ ਦੀਆਂ ਗੰਠੀਆਂ ਨਾਲ ਬਹੁਤ ਤੀਬਰ ਪ੍ਰਕਾਰ ਦਾ ਹੈ ਅਤੇ ਜੇਕਰ ਗਲੇ ਨੂੰ ਖਰਾਬ ਹੋਣ ਤੋਂ ਬਚਾਇਆ ਜਾ ਸਕੇ ਤਾਂ ਨਤੀਜੇ ਵਜੋਂ ਕੇਸ ਬਹੁਤ ਅਰਸੇ ਤੱਕ ਵਧੇਰੇ ਕਾਲੇ, ਸ਼ਕਤੀਸ਼ਾਲੀ ਤੇ ਸਿਹਤਮੰਦ ਰਹਿ ਸਕਦੇ ਹਨ ਅਤੇ ਆਪਣੇ ਕਾਰਜ ਵਧੇਰੇ ਸੁਗਮਤਾ ਨਾਲ ਨਿਭਾ ਸਕਦੇ ਹਨ । ਯਜੁਰ ਤੇ ਅਥਰਵ ਵੇਦਾਂ ਵਿੱਚ ਇਸੇ ਨਜ਼ਰੀਏ ਦੇ ਕਈ ਥਾਈਂ ਹਵਾਲੇ ਮਿਲਦੇ ਹਨ, ਜਿਨ੍ਹਾਂ ਤੋਂ ਪਤਾ ਲਗਦਾ ਹੈ ਕਿ ਦੇਹ ਅਰੋਗਤਾ, ਤੇਜ਼ ਬਲ ਤੇ ਪ੍ਰਤਾਪ ਵਧਾਉਣ ਲਈ ਕੇਸਾਂ ਦਾ ਹੋਣਾ ਅਤਿਅੰਤ ਜ਼ਰੂਰੀ ਹੈ ।
ਕੇਸ ਬੀਜੇ ਨਹੀਂ ਜਾਂਦੇ ਇਸ ਲਈ ਇਨ੍ਹਾਂ ਦਾ ਪੁੱਟਣਾ ਜਾਂ ਕੱਟਣਾ ਉੱਚਿਤ ਨਹੀਂ । ਇਹ ਸਰੀਰ ਦਾ ਅਟੁੱਟ ਅੰਗ ਹਨ, ਸ਼ਕਤੀ ਤੇ ਸੂਰਮਗਤੀ ਦੀ ਪ੍ਰਦਰਸ਼ਨੀ ਹਨ, ਸਮਾਜਕ ਸ਼ਾਨ ਦੇ ਸੂਚਕ ਹਨ, ਮਾਨਸਿਕ ਸਹਿਜਤਾ ਦੇ ਅੰਗੀ-ਸੰਗੀ ਹਨ ਅਤੇ ਭਾਰਤ ਦੀ ਸੰਸਕ੍ਰਿਤਕ ਅਮੀਰੀ ਦੀ ਮਿਸਾਲ ਹਨ। ਜਿਸ ਧਰਮ ਦਾ ਮਨੋਰਥ ਸੰਤ ਸਿਪਾਹੀ ਪੈਦਾ ਕਰਨ ਦਾ ਹੋਵੇ ਉਸ ਲਈ ਕੇਸਾਂ ਦੀ ਸ਼ਾਨ ਦਾ ਅੰਦਾਜ਼ਾ ਲਗਾਉਣਾ ਵੀ ਮੁਸ਼ਕਲ ਹੈ । ਇਨ੍ਹਾਂ ਦੀ ਕੀਮਤ ਤਾਂ ਗੁਰੂ ਗੋਬਿੰਦ ਸਿੰਘ ਜੀ ਹੀ ਜਾਣਦੇ ਹਨ ਜਾਂ ਉਹਨਾਂ ਦੀ ਖਾਲਸਾ ਫੌਜ। ਅੰਮ੍ਰਿਤ ਤੇ ਕੇਸਾਂ ਦੀ ਦਾਤ ਪਾ ਕੇ ਖਾਲਸਾ ਦੇਸ਼ ਦੀ ਨਹੀਂ ਸਗੋਂ ਮਨੁੱਖਤਾ ਦੀ ਰਾਖੀ ਲਈ ਮੋਹਰਬੰਦ ਹੋ ਗਿਆ । ਇਹ ਕੇਸ ਉਸ ਦੀ ਪਹਿਚਾਣ ਬਣ ਗਏ । ਇਹ ਉਸ ਲਈ ਝੂਲਤੇ ਨਿਸ਼ਾਨ ਦਾ ਰੋਲ ਅਦਾ ਕਰਨ ਲੱਗ ਪਏ । ਖਾਲਸਾ ਲੱਖਾਂ ਵਿੱਚ ਖਲੋਤਾ ਵੀ ਪਹਿਚਾਣਿਆ ਜਾਣ ਲੱਗਾ । ਉਹ ਭਾਰਤ ਦਾ ਵਾਰਸ ਅਖਵਾਉਂਦਾ ਤੇ ਜਰਵਾਣਿਆਂ ਨਾਲ ਜੂਝਦਾ ਤੇ ਸਵਾ ਸਵਾ ਲੱਖ ਦੇ ਮੇਚ ਹੋ
ਖੜ੍ਹਦਾ । ਕੇਸਾਂ ਵਾਲੇ ਰੂਪ ਵਿੱਚ ਪ੍ਰਵੇਸ਼ ਕਰਕੇ ਉਸ ਨੇ ਆਪਣੀ ਭਗਤੀ ਤੇ ਸ਼ਕਤੀ ਦੀਆਂ ਦੂਰ-ਦੂਰ ਤੱਕ ਧਾਂਕਾਂ ਜਮਾ ਦਿੱਤੀਆਂ । ਦੁਨੀਆਂ ਉਸ ਦੇ ਕਾਰਨਾਮਿਆਂ ਤੋਂ ਚਕ੍ਰਿਤ ਹੋ ਗਈ ਤੇ ਹਰ ਇਤਿਹਾਸਕਾਰ ਨੇ ਚਾਹੁੰਦੇ ਜਾਂ ਨਾ ਚਾਹੁੰਦੇ ਹੋਏ ਵੀ ਖਾਲਸੇ ਦੇ ਸੋਹਲੇ ਗਾਏ । ਕੇਸ ਗੁਰੂ ਦੇ ਸਿੰਘਾਂ ਲਈ ਅਣਖ ਤੇ ਮਾਣ ਦਾ ਸਰੂਪ ਬਣ ਗਏ । ਹੁਣ ਤਾਂ ਹਰ ਕੋਈ ਜਾਣ ਗਿਆ ਹੈ ਕਿ ਸਿੱਖ ਕੌਮ ਦੀ ਸ਼ਕਤੀ ਕੇਸਾਂ ਵਿੱਚ ਸਮੋਈ ਪਈ ਹੈ । ਜਦ ਤੱਕ ਕੇਸ ਸੁਰੱਖਿਅਤ ਹਨ ਤਦ ਤੱਕ ਕੌਮ ਬਲਵਾਨ ਤੇ ਮਹਾਨ ਹੈ। ਕੇਸਾਂ ਦੀ ਦਾਤ ਬਖਸ਼ ਕੇ ਤਾਂ ਗੁਰੂ ਸਾਹਿਬਾਨ ਨੇ ਸਿੱਖ ਨੂੰ ਬਾਹਰੋਂ ਮਜ਼ਬੂਤ ਅਤੇ ਅੰਦਰੋਂ ਸੁਦ੍ਰਿੜ੍ਹ ਕਰ ਦਿੱਤਾ ਹੈ।

ਸਰੂਪ ਸਿੰਘ ਅਲੱਗ