ਹਿਮਾਚਲ ‘ਚ ਸਿੱਖੀ ਪ੍ਰਤੀ ਵਧ ਰਹੀ ਨਫ਼ਰਤ – ਨਿਸ਼ਾਨ ਸਾਹਿਬ ਤੇ ਸੰਤ ਭਿੰਡਰਾਂਵਾਲਿਆਂ ਦੀ ਤਸਵੀਰ ‘ਤੇ ਹਮਲੇ, ਮੁੱਖ ਮੰਤਰੀ ਸੁੱਖੂ ਨੇ ਦਿੱਤਾ ਬਿਆਨ

ਹਿਮਾਚਲ ਪ੍ਰਦੇਸ਼ ਵਿੱਚ ਪੰਜਾਬੀਆਂ, ਖਾਸ ਕਰਕੇ ਸਿੱਖ ਯਾਤਰੀਆਂ ਅਤੇ ਸੈਲਾਨੀਆਂ ਪ੍ਰਤੀ ਵਧ ਰਹੀ ਨਫ਼ਰਤ ਨੇ ਗੰਭੀਰ ਰੂਪ ਧਾਰਨ ਕਰ ਲਿਆ ਹੈ। ਪਿਛਲੇ ਕੁਝ ਸਮਿਆਂ ਦੌਰਾਨ, ਹਿਮਾਚਲ ਦੇ ਲੋਕ ਮੋਟਰਸਾਇਕਲਾਂ, ਕਾਰਾਂ ‘ਤੇ ਲਗਾਏ ਗਏ ਨਿਸ਼ਾਨ ਸਾਹਿਬ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ਦੇ ਖਿਲਾਫ਼ ਅਪਮਾਨਜਨਕ ਬੋਲ ਰਹੇ ਹਨ ਅਤੇ ਜ਼ਬਰਦਸਤੀ ਉਤਾਰ ਕੇ ਉਹਨਾਂ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਇਸ ਨਫ਼ਰਤ ਦਾ ਤਾਜ਼ਾ ਨਜ਼ਾਰਾ ਉਦੋਂ ਦੇਖਣ ਨੂੰ ਮਿਲਿਆ, ਜਦੋਂ ਹਿਮਾਚਲ ਦੇ ਲੋਕਾਂ ਨੇ ਪੁਲਿਸ ਦੀ ਮੌਜੂਦਗੀ ਵਿੱਚ ਹੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਤਸਵੀਰ ਵਾਲੇ ਝੰਡੇ ਨੂੰ ਫਾੜ ਦਿੱਤਾ। ਇਹ ਮਾਮਲਾ ਸਿਰਫ਼ ਇੱਕ ਝੰਡੇ ਦਾ ਨਹੀਂ, ਸਗੋਂ ਸਿੱਖ ਭਾਵਨਾਵਾਂ ‘ਤੇ ਸਿੱਧਾ ਹਮਲਾ ਹੈ। ਇਸ ਘਟਨਾ ਨੇ ਹਿਮਾਚਲ ਵਿੱਚ ਕਾਨੂੰਨ ਅਤੇ ਵਿਵਸਥਾ ਦੀ ਨਾਕਾਮੀ ਨੂੰ ਉਜਾਗਰ ਕੀਤਾ ਹੈ।

ਇਸ ਦੌਰਾਨ, ਕੁਝ ਵਾਹਨਾਂ ‘ਤੇ ਹਮਲਿਆਂ ਦੀ ਵੀ ਜਾਣਕਾਰੀ ਮਿਲੀ ਹੈ, ਪਰ ਸਿੱਖ ਸੰਸਥਾਵਾਂ ਨੇ ਕਿਸੇ ਵੀ ਤਰ੍ਹਾਂ ਦੀ ਤੋੜ-ਫੋੜ ਜਾਂ ਹਿੰਸਾ ਦੀ ਸਖ਼ਤ ਨਿੰਦਾ ਕੀਤੀ ਹੈ। ਹਾਲਾਂਕਿ, ਇਹ ਵੀ ਜ਼ਰੂਰੀ ਹੈ ਕਿ ਲੋਕ ਸਮਝਣ ਕਿ ਇਹ ਸਭ ਕਿਸ ਨੇ ਸ਼ੁਰੂ ਕੀਤਾ? ਹਿਮਾਚਲ ਦੇ ਲੋਕਾਂ ਨੇ ਪਹਿਲਾਂ ਨਿਸ਼ਾਨ ਸਾਹਿਬ ਅਤੇ ਸੰਤ ਭਿੰਡਰਾਂਵਾਲੇ ਦੀ ਤਸਵੀਰ ‘ਤੇ ਨਫ਼ਰਤ ਉਗਲੀ ਅਤੇ ਮੁੜ ਸੋਸ਼ਲ ਮੀਡੀਆ ‘ਤੇ ਸ਼ਰੇਆਮ ਕਤਲੇਆਮ ਦੀਆਂ ਧਮਕੀਆਂ ਦਿੱਤੀਆਂ। ਹੁਣ ਇਹਨਾਂ ਪਹਿਲੂਆਂ ਨੂੰ ਨਜ਼ਰਅੰਦਾਜ਼ ਕਰ ਹਿਮਾਚਲੀ ਲੋਕ ਆਪਣੇ ਕੁਝ ਵਾਹਨਾਂ ‘ਤੇ ਲਗਾਏ ਗਏ ਸੰਤ ਜੀ ਦੇ ਪੋਸਟਰਾਂ ਅਤੇ ਇੱਕ ਬੱਸ ਦੀ ਰੋਸ ਵਜੋਂ ਕੀਤੀ ਗਈ ਮਾਮੂਲੀ ਭੰਨ ਤੋੜ ਦੀ ਗੱਲ ਵਧਾ ਚੜਾਅ ਕੇ ਕਰ ਰਹੇ ਹਨ।

ਹਿਮਾਚਲ-ਪੰਜਾਬ ਤਣਾਅ ‘ਤੇ ਹਿਮਾਚਲ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਵਿਧਾਨ ਸਭਾ ‘ਚ ਕਿਹਾ ਕਿ ਉਨ੍ਹਾਂ ਦੀ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਨਾਲ ਗੱਲਬਾਤ ਹੋਈ। ਮੁੱਖ ਮੰਤਰੀ ਮਾਨ ਨੇ ਵਿਵਾਦ ਖਤਮ ਕਰਨ ਲਈ ਜ਼ਰੂਰੀ ਕਾਰਵਾਈ ਦਾ ਭਰੋਸਾ ਦਿੱਤਾ। ਮੁੱਖ ਮੰਤਰੀ ਸੁੱਖੂ ਨੇ ਇਹ ਵੀ ਕਿਹਾ ਕਿ ਹਿਮਾਚਲ-ਪੰਜਾਬ ਇਕੱਠੇ ਰਹੇ ਹਨ ਅਤੇ ਪੰਜਾਬ ਹਮੇਸ਼ਾ ਵੱਡੇ ਭਰਾ ਦੀ ਤਰ੍ਹਾਂ ਹਿਮਾਚਲ ਪ੍ਰਦੇਸ਼ ਦਾ ਸਾਥ ਦਿੱਤਾ ਹੈ।

ਹੁਣ ਦੇਖਣਾ ਇਹ ਰਹੇਗਾ ਕਿ ਕੀ ਹਿਮਾਚਲ ਸਰਕਾਰ ਆਪਣੇ ਲੋਕਾਂ ਵੱਲੋਂ ਸਿੱਖ ਧਰਮ ਨੂੰ ਨਿਸ਼ਾਨਾ ਬਣਾਉਣ ਦੀਆਂ ਘਟਨਾਵਾਂ ‘ਤੇ ਵੀ ਕੋਈ ਕਾਰਵਾਈ ਕਰੇਗੀ ਜਾਂ ਨਹੀਂ?