ਹਿਮਾਚਲ ਸਰਕਾਰ ਪੰਜਾਬੀ ਨੌਜਵਾਨਾਂ ਨਾਲ ਧੱਕੇਸ਼ਾਹੀ ਕਰਨ ਵਾਲਿਆਂ ਨੂੰ ਨੱਥ ਪਾਵੇ : ਐਮ.ਪੀ. ਸਰਬਜੀਤ ਸਿੰਘ

ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਨੇ ਹਿਮਾਚਲ ਪ੍ਰਦੇਸ਼ ਵਿੱਚ ਪੰਜਾਬੀ ਨੌਜਵਾਨਾਂ ਨਾਲ ਹੋ ਰਹੀਆਂ ਧੱਕੇਸ਼ਾਹੀ ‘ਤੇ ਗੰਭੀਰ ਚਿੰਤਾ ਜਤਾਈ ਹੈ। ਉਨ੍ਹਾਂ ਨੇ ਆਖਿਆ ਕਿ ਪਿਛਲੇ ਸਾਲ ਗੁਰਧਾਮਾਂ ਦੀ ਯਾਤਰਾ ਜਾਂ ਮਨੋਰੰਜਨ ਲਈ ਹਿਮਾਚਲ ਗਏ ਪੰਜਾਬੀ ਨੌਜਵਾਨਾਂ ਨਾਲ ਹੋਈਆਂ ਘਟਨਾਵਾਂ ਤੋਂ ਵੀ ਹਿਮਾਚਲ ਸਰਕਾਰ ਨੇ ਕੋਈ ਸਬਕ ਨਹੀਂ ਲਿਆ। ਇਸ ਦੇ ਨਤੀਜੇ ਵਜੋਂ, ਇਸ ਸਾਲ ਫਿਰ ਹਿਮਾਚਲ ਵਿੱਚ ਕੁਝ ਤੱਤ ਪੰਜਾਬੀਆਂ ਨਾਲ ਵਿਤਕਰੇਬਾਜ਼ੀ ਅਤੇ ਧੱਕੇਸ਼ਾਹੀ ਕਰ ਰਹੇ ਹਨ, ਜਿਸ ਦੀਆਂ ਖਬਰਾਂ ਮਿਲ ਰਹੀਆਂ ਹਨ।

ਮੈਂਬਰ ਪਾਰਲੀਮੈਂਟ ਦੇ ਓਐਸਡੀ ਗੁਰਪ੍ਰੀਤ ਸਿੰਘ ਮੱਤਾ ਅਤੇ ਪੂਰੀ ਟੀਮ ਇਸ ਗੰਭੀਰ ਮਾਮਲੇ ‘ਤੇ ਚਿੰਤਤ ਹੈ। ਭਾਈ ਮਲੋਆ ਨੇ ਸਖ਼ਤ ਰਵੱਈਆ ਅਖਤਿਆਰ ਕਰਦਿਆਂ ਕਿਹਾ ਕਿ ਹਿਮਾਚਲ ਵਿੱਚ ਸਿੱਖਾਂ ਪ੍ਰਤੀ ਨਫ਼ਰਤ ਪੈਦਾ ਕਰ ਕੇ ਭਾਈਚਾਰਕ ਮਾਹੌਲ ਖਰਾਬ ਕਰਨ ਦੀ ਕੋਈ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਉਨ੍ਹਾਂ ਹਿਮਾਚਲ ਪ੍ਰਦੇਸ਼ ਦੇ ਪੁਲਿਸ ਪ੍ਰਸ਼ਾਸਨ ‘ਤੇ ਦੋਸ਼ ਲਗਾਇਆ ਕਿ ਉਹ ਆਪਣੀ ਜਿੰਮੇਵਾਰੀ ਨਿਭਾਉਣ ‘ਚ ਨਾਕਾਮ ਰਿਹਾ ਹੈ ਜਿਸ ਕਾਰਨ ਮਾਹੌਲ ਦਿਨੋ-ਦਿਨ ਤਣਾਅਪੂਰਨ ਬਣ ਰਿਹਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਕੇਂਦਰ ਅਤੇ ਹਰਿਆਣਾ ਦੀਆਂ ਭਾਜਪਾ ਸਰਕਾਰਾਂ ਪੰਜਾਬੀਆਂ ਨਾਲ ਹੋ ਰਹੀਆਂ ਜਿਆਦਤੀਆਂ ਨੂੰ ਨਜ਼ਰਅੰਦਾਜ਼ ਕਰਦੀਆਂ ਰਹੀਆਂ ਤਾਂ ਉਹਨਾਂ ਨੂੰ ਲੋਕ ਕਚਹਿਰੀ ‘ਚ ਇਸ ਦਾ ਖਮਿਆਜ਼ਾ ਭੁਗਤਣਾ ਪਵੇਗਾ।

ਸਰਬਜੀਤ ਸਿੰਘ ਮਲੋਆ ਨੇ ਕੇਂਦਰ ਅਤੇ ਹਰਿਆਣਾ ਸਰਕਾਰਾਂ ਨੂੰ ਸਿੱਖ ਭਾਈਚਾਰੇ ਵਲੋਂ ਦੇਸ਼-ਵਿਦੇਸ਼ ‘ਚ ਕੀਤੀਆਂ ਜਾ ਰਹੀਆਂ ਮਨੁੱਖਤਾ ਦੀ ਭਲਾਈ ਵਾਲੀਆਂ ਸੇਵਾਵਾਂ ਨੂੰ ਵਿਚਾਰ ‘ਚ ਰੱਖਣ ਦੀ ਅਪੀਲ ਕੀਤੀ ਅਤੇ ਉਨ੍ਹਾਂ ‘ਤੇ ਨਜ਼ਰਅੰਦਾਜ਼ੀ ਨਾ ਕਰਨ ਦੀ ਸਲਾਹ ਦਿੱਤੀ।