53 views 3 secs 0 comments

ਹੋਂਦ ਚਿੱਲੜ

ਲੇਖ
November 03, 2025

2 ਨਵੰਬਰ 1984 ਵਾਲੇ ਦਿਨ ਹਰਿਆਣਾ ਦੇ ਜਿਲ੍ਹਾ ਰੇਵਾੜੀ ਦੇ ਇਕ ਪਿੰਡ ‘ਹੋਂਦ ਚਿੱਲੜ’ ਵਿੱਖੇ ਸਿੱਖਾਂ ਦੇ ਸਾਰੇ ਘਰ ਉਜਾੜ ਦਿੱਤੇ ਗਏ ਅਤੇ ਪਿੰਡ ਵਿੱਚ ਰਹਿੰਦੇ ਸਾਰੇ ਸਿੱਖਾਂ ਨੂੰ ਸਣੇ ਪਰਿਵਾਰਾਂ ਦੇ ਬੜੀ ਬੇਦਰਦੀ ਦੇ ਨਾਲ ਸ਼ਹੀਦ ਕਰ ਦਿੱਤਾ ਗਿਆ।
ਇਹ ਸਾਰਾ ਕਾਂਡ ਤਤਕਾਲੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਖੂਨ ਕਾ ਬਦਲਾ ਖੂਨ ਅਤੇ ਉਸਦੀ ਮਾਂ ਦੀ ਮੌਤ ਦਾ ਬਦਲਾ ਲੈਣ ਵਾਲੇ ਕਰਮ ਵਿੱਚ ਹੋਇਆ। ਸੋ 1984 ਦੀ ਸਿੱਖ-ਵਿਰੋਧੀ ਇਸ ਕਤਲੋ ਗਾਰਦ ਵਿੱਚ ਪਿੰਡ ‘ਹੋਂਦ ਚਿੱਲੜ ਵਿੱਚ 32 ਸਿੱਖਾਂ ਨੂੰ ਬੜੀ ਬੇਦਰਦੀ ਦੇ ਨਾਲ ਹਰਿਆਣਵੀ ਲੋਕਾਂ ਵਲੋਂ ਕਤਲ ਕਰ ਕੇ ਸ਼ਹੀਦ ਕਰ ਦਿਤਾ ਗਿਆ। ਪਰ ਅਫਸੋਸ ਦੀ ਗਲ ਤਾਂ ਇਹ ਹੋਈ ਕੇ ਇਸ ਇਤਨੇ ਵੱਡੇ ਕਤਲੋ ਗਾਰਦ ਦੇ ਹੋਣ ਦੀ ਕਿਸੇ ਨੂੰ ਕੰਨੋਂ ਕਨੀ ਖਬਰ ਨਾ ਹੋਈ, ਮਗਰੋਂ ਲੁਧਿਆਣਾ ਜ਼ਿਲ੍ਹੇ ਦੇ ਇਕ ਇੰਜਨੀਅਰ ਸਰਦਾਰ ਮਨਵਿੰਦਰ ਸਿੰਘ ਗਿਆਸਪੁਰਾ ਜੋ ਗੁੜਗਾਓਂ ਵਿਚ ਨੌਕਰੀ ਕਰਦੇ ਸਨ ਅਤੇ ਆਪਣੇ ਕੰਮ ਦੇ ਸਿਲਸਿਲੇ ਵਿੱਚ ਸਾਲ 2011 ਵਿੱਚ ਉਥੇ ਪੁੱਜੇ ਤਾਂ ਪਤਾ ਲਗਾ ਕੇ ਇਥੇ ਅਜਿਹਾ ਇਕ ਪਿੰਡ ਹੈ ਜਿੱਥੇ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਇਸ ਪਿੰਡ ਦੇ ਸਾਰੇ ਘੁਗ ਵਸਦੇ ਸਿੱਖਾਂ ਨੂੰ ਕਤਲ ਦਿੱਤਾ ਗਿਆ ਸੀ ।
ਇਸ ਪਿੰਡ’ ਤੇ ਹਮਲਾ 2 ਨਵੰਬਰ 1984 ਵਾਲੇ ਦਿਨ ਹੋਇਆ ਜਦੋਂ ” ਦੋ ਢਾਈ ਸੋ” ਦੇ ਕਰੀਬ ਹਰਿਆਣਵੀ ਦੰਗਾਕਾਰੀ,ਪੈਟਰੋਲ ਲਾਠੀਆਂ, ਰਾਡਾਂ, ਡੀਜਲ, ਮਿੱਟੀ ਦਾ ਤੇਲ ਅਤੇ ਹੋਰ ਮਾਰੂ ਹਥਿਆਰ ਦੇ ਨਾਲ ਲੈਸ ਹੋਕੇ ਇਸ ਪਿੰਡ ਵਿਚ ਪੁੱਜੇ ਅਤੇ 31 ਸਿੱਖਾਂ ਨੂੰ ਜਿੰਉਂਦਿਆਂ ਸਾੜ ਕੇ ਸ਼ਹੀਦ ਕਰ ਦਿਤਾ। ਉਹ ਸਾਰੇ ਪਿੰਡ ਦੇ ਸਿੱਖਾਂ ਦੇ ਘਰਾਂ ਨੂੰ ਸਾੜਦੇ ਰਹੇ ਜਦ ਤੱਕ ਸਾਰਾ ਪਿੰਡ ਨਹੀਂ ਸਾੜ ਦਿਤਾ ਗਿਆ। ਕੁਝ ਸਿੱਖਾਂ ਨੇ ਜਦੋਂ ਆਪਣੇ ਆਪ ਨੂੰ ਤਿੰਨ ਘਰਾਂ ਵਿਚ ਸੁਰੱਖਿਅਤ ਵਾੜ ਕੇ ਘਰਾਂ ਨੂੰ ਅੰਦਰੋਂ ਬੰਦ ਕਰ ਲਿਆ ਤਾਂ ਦੰਗਾਕਾਰੀਆਂ ਨੇ ਦੋ ਘਰਾਂ ਨੂੰ ਪੈਟਰੋਲ ਛਿੜਕ ਕੇ ਸਾੜ ਦਿਤਾ। 2 ਨਵੰਬਰ ਦੀ ਰਾਤ ਨੂੰ 32 ਸਿੱਖ ਜੋ ਬਚ ਗਏ ਉਹਨਾਂ ਨੂੰ ਇਕ ਹਿੰਦੂ ਧਨੋਰਾ ਪਰਿਵਾਰ ਨੇ ਆਪਣੇ ਘਰ ਆਸਰਾ ਦਿੱਤਾ ਅਤੇ ਰਾਤ ਨੂੰ ਸਾਰੇ ਟਰੈਕਟਰ ਟਰਾਲੀ ਦੀ ਮੱਦਦ ਨਾਲ ਰੇਵਾੜੀ ਪਹੁੰਚੇ।
ਹੋਂਦ ਚਿੱਲੜ ਦੇ ਸਰਪੰਚ ਧਨਪਤ ਸਿੰਘ ਨੇ ਜਤੂਸਾਨਾ ਮਹਿੰਦਰਗੜ੍ਹ ਜ਼ਿਲਾ ਦੇ ਪੁਲਿਸ ਸਟੇਸ਼ਨ ਵਿੱਚ ਇਸ ਕਤਲੋ ਗਾਰਦ ਦੀ ਐੱਫ ਆਰ ਆਈ ਦਰਜ ਕਰਵਾਈ। ਜਿਸ ‘ਚ ਇਹ ਦਰਜ ਕੀਤਾ ਗਿਆ ਕਿ ਦੰਗਾਕਾਰੀ 2 ਨਵੰਬਰ ਵਾਲੇ ਦਿਨ 11 ਵਜੇ ਸਵੇਰੇ ਹਾਲੀ ਮੰਡੀ ਵੱਲੋਂ ਇਸ ਪਿੰਡ ਵਿੱਚ ਦਾਖਲ ਹੋਏ। ਪਿੰਡ ਵਾਲਿਆ ਨੇ ਇਨ੍ਹਾਂ ਨੂੰ ਵਾਪਸ ਮੌੜ ਦਿਤਾ ਅਤੇ ਇਹ ਫਿਰ ਰਾਤ ਵਕਤ ਵੱਡੀ ਗਿਣਤੀ ਵਿੱਚ ਆਏ। ਇਨ੍ਹਾਂ ਦੰਗਾਈਆਂ ਨੂੰ ਪਿੰਡ ਦੇ ਤਿੰਨ ਹਿੰਦੂ ਪਰਿਵਾਰ ਨੇ ਬਹੁਤ ਸਮਝਾਇਆ ਪਰ ਉਹ ਨਾ ਮੰਨੇ।ਜਦੋਂ 23 ਫਰਵਰੀ, 2011, ਨੂੰ ਇਹ ਰਿਪੋਰਟ ਦਰਜ ਹੋਈ ਤਾਂ ਪੁਲਿਸ ਨੇ ਇਹ ਕਹਿ ਦਿੱਤਾ ਕਿ ਉਨ੍ਹਾਂ ਪਾਸੋਂ ਮੁਢਲੀ ਜਾਣਕਾਰੀ ਦੀ ਰੀਪੋਰਟ ਗੁਮ ਹੋ ਗਈ ਹੈ ਉਸੇ ਹੀ ਦਿਨ ਟਾਈਮਜ਼ ਆਫ ਇੰਡੀਆ ਨੇ, ਉਸੇ ਹੀ ਪੁਲਿਸ ਸਟੇਸ਼ਨ ਤੋਂ ਦਸਤਖਤ ਕੀਤੀ ਹੋਈ ਕਾਪੀ ਪ੍ਰਾਪਤ ਕੀਤੀ ਸੀ।
ਸੋ ਇੰਜ 23 ਜਨਵਰੀ 2011 ਵਾਲੇ ਦਿਨ ਗੁੜਗਾਓਂ ਦੇ ਇੰਜਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਜੇ ਹਰਿਆਣਾ ਦੇ ਪਿੰਡ ਚਿਲੜ ਹੋਂਦ ਵਿਚ ਇਸ ਖ਼ੂਨੀ, 2 ਨਵੰਬਰ ਵਾਲੇ ਦਿਨ 32 ਸਿੱਖਾਂ ਦੇ ਕਤਲੇਆਮ ਦਾ ਮਾਮਲਾ ਉਜਾਗਰ ਨਾ ਕਰਦੇ ਤਾਂ ਸ਼ਾਇਦ ਇਹ ਰਾਜ਼ ਵੀ ਦਫ਼ਨ ਹੋ ਕੇ ਰਹਿ ਜਾਂਦਾ। ਇਹ ਪਤਾ ਹੀ ਨਾਂ ਲਗਦਾ ਕੇ ਇਸ ਦਿਨ ਹਿੰਦੂ ਦਹਿਸ਼ਤਗਰਦ ਕਾਂਗਰਸੀਆਂ ਨੇ ਸਰਕਾਰੀ ਬੱਸਾਂ ਵਿਚ ਆ ਕੇ ਸਿੱਖਾਂ ਨੂੰ ਤੇਲ ਪਾ ਕੇ ਜਿਊਂਦਿਆਂ ਸਾੜ ਕੇ ਸ਼ਹੀਦ ਕਰ ਦਿੱਤਾ ਅਤੇ ਉਨ੍ਹਾਂ ਸਿਖਾਂ ਦੇ ਘਰ ਲੁੱਟ ਲਏ। ਇਨ੍ਹਾਂ ਦਹਿਸ਼ਤਗਰਦਾਂ ਨੂੰ ਉਸ ਵੇਲੇ ਦੇ ਹਰਿਆਣਾ ਦੇ ਕਟੜਵਾਦੀ ਮੁੱਖ ਮੰਤਰੀ ਭਜਨ ਲਾਲ ਦੀ ਹਿਮਾਇਤ ਅਤੇ ਪੂਰੀ ਸ਼ਹਿ ਹਾਸਿਲ ਸੀ। ਮਗਰੋਂ ਸਰਦਾਰ ਮਨਵਿੰਦਰ ਸਿੰਘ ਗਿਆਸਪੁਰਾ ਨੇ ਹਰਿਆਣਾ ਦੇ ਪਟੌਦੀ ਅਤੇ ਕੁਝ ਹੋਰ ਪਿੰਡਾਂ ਵਿਚ ਹੋਏ ਸਿੱਖਾਂ ਦੇ ਕਤਲੇਆਮ ਵੀ ਜ਼ਾਹਰ ਕੀਤੇ।

ਗੁਰਦੀਪ ਸਿੰਘ ਜਗਬੀਰ ( ਡਾ.)