ਇਹ ਗੱਲ ਬਾਰ-ਬਾਰ ਚੇਤੇ ਰੱਖਣ ਦੀ ਲੋੜ ਹੈ ਕਿ ਗੁਰਬਾਣੀ ਅਨੁਸਾਰ, ਅਕਾਲ-ਪੁਰਖ ਵਾਹਿਗੁਰੂ ਇਨਸਾਨੀ ਸੂਰਤ ਵਾਂਗ ਕੋਈ ਹਸਤੀ ਨਹੀਂ ਹੈ, ਸਗੋਂ ਉਹ ਤਾਂ ਇੱਕ ਜੋਤਿ ਹੈ ਜੋ ਹਰ ਥਾਂ ਵਿਆਪਕ ਹੈ। ਅਕਾਲ ਪੁਰਖ ਦਾ ਨਾ ਕੋਈ ਰੂਪ ਹੈ, ਨਾ ਰੰਗ, ਨਾ ਜਾਤ ਤੇ ਨਾ ਹੀ ਕੋਈ ਪਾਤ। ਉਹ ਕਿਸੇ ਤੋਂ ਡਰਦਾ ਨਹੀਂ ਤੇ ਨਾ ਕਿਸੇ ਨਾਲ ਵੈਰ ਕਰਦਾ ਹੈ। ਉਸ ਦਾ ਸਰੂਪ ਸਮੇਂ ਨਾਲ ਬਦਲਦਾ ਨਹੀਂ ਤੇ ਨਾ ਹੀ ਉਹ ਜੂਨਾਂ ਵਿੱਚ ਆਉਂਦਾ ਹੈ ਤੇ ਉਸਦਾ ਪ੍ਰਕਾਸ਼ ਆਪਣੇ-ਆਪ ਤੋਂ ਹੋਇਆ ਹੈ। ਮੂਲਮੰਤਰ ਵਿੱਚ ਅਕਾਲ ਪੁਰਖ ਵਾਹਿਗੁਰੂ ਦਾ ਵਰਣਨ ਕਰਨ ਉਪਰੰਤ ਗੁਰੂ ਸਾਹਿਬ ਨੇ ਪ੍ਰਾਪਤੀ ਦਾ ਢੰਗ ਵੀ ਦੱਸਿਆ ਹੈ-‘ਗੁਰਪ੍ਰਸਾਦਿ’-ਭਾਵ ਅਜਿਹਾ ਵਾਹਿਗੁਰੂ ਗੁਰੂ ਦੀ ਕਿਰਪਾ ਸਦਕਾ ਪ੍ਰਾਪਤ ਹੋ ਸਕਦਾ ਹੈ।
ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਸਾਡਾ ਗੁਰੂ ਕੌਣ ਹੈ ਤੇ ਗੁਰੂ ਦੀ ਕਿਰਪਾ ਕਿਵੇਂ ਪ੍ਰਾਪਤ ਹੋ ਸਕਦੀ ਹੈ?
ਸਿੱਖਾਂ ਨੂੰ ਗੁਰੂ ਦਸ਼ਮੇਸ਼ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਹੈ। ਇਹ ਗੱਲ ਸਪੱਸ਼ਟ ਹੈ ਕਿ ਸਿੱਖ ਜਗਤ ਦਾ ਗੁਰੂ-ਗੁਰੂ ਗ੍ਰੰਥ ਸਾਹਿਬ ਜੀ ਹੀ ਹਨ-ਕੋਈ ਦੇਹਧਾਰੀ, ਕੋਈ ਸੰਤ ਜਾਂ ਪੀਰ, ਭਾਵੇਂ ਉਹ ਕਿੱਡੀ ਵੀ ਉੱਚੀ ਅਵਸਥਾ ਵਾਲਾ ਹੋਵੇ-ਸਾਡੇ ਲਈ ਸਨਮਾਨਯੋਗ ਤਾਂ ਹੋ ਸਕਦਾ ਹੈ ਪਰ ਗੁਰੂ ਨਹੀਂ। ਗੁਰੂ ਪਦ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਲਈ ਹੀ ਹੈ ਅਤੇ ਸਾਡਾ ਗੁਰੂ ‘ਸ਼ਬਦ ਰੂਪ’ ਹੀ ਹੈ।
ਅਸਲੀ ਗੱਲ ਕਿ ਗੁਰੂ ਦੀ ਕਿਰਪਾ ਕਿਵੇਂ ਪ੍ਰਾਪਤ ਕੀਤੀ ਜਾਵੇ? ਗੁਰੂ ਤਾਂ ਸ਼ਬਦ ਹੈ ਤੇ ਸ਼ਬਦ ਦੀ ਕਿਰਪਾ ਕਿਵੇਂ ਮਿਲ ਸਕਦੀ ਹੈ। ਦੇਹਧਾਰੀ ਸੰਤ ਜਾਂ ਹੋਰ ਕੋਈ ਮੱਥਾ ਟਿਕਾਉਣ ਵਾਲਾ ਸੰਤ ਹੋਵੇ ਤੇ ਤਾਂ-ਕੁੱਝ ਪੈਸਾ ਧੇਲਾ ਚੜ੍ਹਾ ਕੇ, ਸੋਨੇ ਦੀਆਂ ਵਾਲੀਆਂ ਦੇ ਕੇ ਜਾਂ ਫਿਰ ਚਮਚਾਗਿਰੀ ਕਰਕੇ ਹੀ ਖੁਸ਼ ਕਰ ਲਈਏ ਪਰ ਸ਼ਬਦ ਗੁਰੂ ਮੂਹਰੇ ਨਾ ਤਾਂ ਪੈਸੇ-ਟਕੇ ਦੀ ਸੇਵਾ ਪ੍ਰਵਾਨ ਹੈ ਤੇ ਨਾ ਹੀ ਚਮਚਾਗਿਰੀ ਦੀ।
ਭਈ, ਫਿਰ ਗੁਰੂ ਨੂੰ ਕਿਵੇਂ ਰਿਝਾਈਏ। ਗੁਰੂ ਦੀ ਮਿਹਰ, ਗੁਰੂ ਦੀ ਕਿਰਪਾ, ਗੁਰੂ ਦਾ ਪ੍ਰਸਾਦਿ ਕਿਵੇਂ ਪ੍ਰਾਪਤ ਕਰੀਏ?
ਸਵਾਲ ਔਖਾ ਹੈ, ਚਲੋ ਗੁਰੂ ਗ੍ਰੰਥ ਸਾਹਿਬ ਜੀ ਨਾਲ ਗੱਲਾਂ ਕਰਦੇ ਹਾਂ ਤੇ ਸਵਾਲ ਵੀ ਪੁੱਛਦੇ ਹਾਂ।
ਗੱਲਾਂ ਕਿਵੇਂ?
ਬਸ ਨਿਮਰਤਾ ਸਹਿਤ ਗੁਰੂ ਸਾਹਿਬ ਜੀ ਦਾ ਪਾਠ ਕਰਨਾ, ਨਿਤਨੇਮ ਕਰਨਾ, ਕੀਰਤਨ ਕਰਨਾ।
ਇੱਕ ਦਿਨ ਜਪੁਜੀ ਸਾਹਿਬ ਜੀ ਦਾ ਪਾਠ ਕਰਦੇ ਹੋਏ ਪਹਿਲੀ ਹੀ ਪਉੜੀ ਤੇ ਮਨ ਰੁਕ ਗਿਆ-
ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ॥
ਭਾਵ ਕਿਵੇਂ ਸਚਿਆਰਾ ਬਣੀਏ ਤੇ ਫਿਰ ਕਿਵੇਂ ਸਾਡੇ ਤੇ ਗੁਰੂ ਵਿਚਕਾਰ ਬਣ ਗਈ ਕੂੜ ਦੀ ਕੰਧ ਟੁੱਟੇ?
ਵਾਹ ਜੀ ਵਾਹ, ਇਹੀ ਸਵਾਲ ਤਾਂ ਅਸੀਂ ਵੀ ਕਰ ਰਹੇ ਸੀ। ਪਰ ਹੁਣ ਜਵਾਬ ਕੀ ਹੈ?
ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥੧॥
ਉਸ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਵਿਚ ਚੱਲੋ।
ਧੁਰ ਤੋਂ ਹੀ ਇਹ ਅਸੂਲ ਚਲਿਆ ਆ ਰਿਹਾ ਹੈ ਕਿ ਹੁਕਮ ਵਿੱਚ ਰਹਿਆਂ-ਕੂੜ ਦੀ ਪਾਲ (ਕੰਧ) ਟੁੱਟ ਸਕਦੀ ਹੈ ਤੇ ਫਿਰ ਗੁਰੂ ਦਾ ਪ੍ਰਸਾਦਿ ਮਿਲ ਸਕਦਾ ਹੈ।
ਹੁਣ ਹੁਕਮ ਵਿੱਚ ਰਹਿਣ ਦਾ ਕੀ ਢੰਗ ਹੈ?
ਇਸ ਸੰਸਾਰ ਵਿੱਚ ਤਾਂ ਨਿਤ ਨਵੇਂ ਕਾਰਨਾਮੇ ਵਾਪਰਦੇ ਹਨ। ਕੈਸੀਆਂ ਕੈਸੀਆਂ ਘਟਨਾਵਾਂ ਹੁੰਦੀਆਂ ਹਨ, ਮਨ ਕਿੱਥੋਂ ਸ਼ਾਂਤ ਰਹਿੰਦਾ ਹੈ! ਮਨ ਤਾਂ ਬਾਰ ਬਾਰ ਡੋਲ ਜਾਂਦਾ ਹੈ। ਫਿਰ ਹੁਕਮ ਦੀ ਪਾਲਨਾ ਕਿਵੇਂ ਹੋਵੇਗੀ?
ਚਲੋ, ਫਿਰ ਗੁਰੂ ਗ੍ਰੰਥ ਸਾਹਿਬ ਜੀ ਪਾਸ ਚਲਦੇ ਹਾਂ ਤੇ ਗੱਲਾਂ ਕਰਦੇ ਹਾਂ ਤੇ ਨਾਲੇ ਸਵਾਲ ਵੀ ਕਰਦੇ ਹਾਂ। ਲਉ ਜੀ, ਜਵਾਬ ਮਿਲਦਾ-
ਜਿਉ ਮੰਦਰ ਕਉ ਥਾਮੈ ਥੰਮਨੁ॥
ਤਿਉ ਗੁਰ ਕਾ ਸਬਦੁ ਮਨਹਿ ਅਸਥੰਮਨੁ॥
ਭਾਵ ਜਿਵੇਂ ਕੋਈ ਖੰਭਾ ਇਮਾਰਤ ਨੂੰ ਆਸਰਾ ਦਿੰਦਾ ਹੈ, ਉਸ ਨੂੰ ਖੜਿਆ ਰੱਖਦਾ ਹੈ, ਤਿਵੇਂ ਹੀ ਗੁਰੂ ਦਾ ਸ਼ਬਦ ਮਨ ਨੂੰ ਆਸਰਾ ਦਿੰਦਾ ਹੈ ਤੇ ਔਕੜ ਵੇਲੇ ਠੀਕ ਅਗਵਾਈ ਦਿੰਦਾ ਹੈ। ਬਸ਼ਰਤੇ ਅਸੀਂ ਮਨ ਲਗਾ ਕੇ, ਪੂਰਨ ਸ਼ਰਧਾ ਰੱਖ ਕੇ ਗੁਰੂ ਦਾ ਓਟ ਆਸਰਾ ਲਈਏ।
ਜਵਾਨੀ ਵਿੱਚ ਸਿੱਖੀ ਪ੍ਰਚਾਰ ਦਾ ਜ਼ਜ਼ਬਾ ਪੈਦਾ ਹੋਣ ਤੇ ਇੱਕ ਵੇਰਾਂ ਛੋਟੀ ਜਿਹੀ ਸਭਾ ਬਣਾਈ। ਨਿੱਕੇ-ਨਿੱਕੇ ਸਿੰਘਾਂ ਦੀ ਨੌਜਵਾਨ ਫੁਲਵਾੜੀ ਖੜੀ ਕੀਤੀ। ਪ੍ਰੇਰਨਾ ਗੁਰੂ ਸਾਹਿਬ ਜੀ ਦੀ, ਉਦਮ ਗੁਰੂ ਸਾਹਿਬ ਜੀ ਦਾ ਬਖਸ਼ਿਆ, ਬਸ ਸੇਵਾ ਹੀ ਲੱਗੀ ਸੀ ਆਪਣੀ। ‘ਕੰਮ
ਗੁਰੂ ਦਾ’ ਚੜ੍ਹਦੀਆਂ ਕਲਾਂ ਵਿੱਚ ਚੱਲ ਰਿਹਾ ਸੀ। ਨੌਜਵਾਨ ਨਸ਼ੇ ਛੱਡ ਕੇ ਸਿੱਖੀ ਪ੍ਰਚਾਰ ਵੱਲ ਪ੍ਰੇਰਿਤ ਹੋ ਰਹੇ ਸਨ ਤਾਂ ਇਹ ਨੌਜਵਾਨ ਵੀਰ ਰਲ ਕੇ ਕਿਸੇ ਨਾ ਕਿਸੇ ਗੁਰਦੁਆਰਾ ਸਾਹਿਬ ਵਿੱਚ ਕਲਾਸ ਲਗਾਉਂਦੇ ਸਨ। ਗੁਰੂ ਸ਼ਬਦ ਦੀਆਂ ਵਿਚਾਰਾਂ, ਇਤਿਹਾਸ, ਕਵਿਤਾ ਤੇ ਫਿਰ ਨਵੇਂ ਸਿੰਘਾਂ ਨੂੰ ਕਿਸ ਤਰ੍ਹਾਂ ਸਿੱਖੀ ਵੱਲ ਪ੍ਰੇਰਿਤ ਕਰੀਏ-ਆਦਿ ਵਿਸ਼ਿਆਂ ਤੇ ਖੁੱਲ੍ਹੀਆਂ ਵਿਚਾਰਾਂ ਹੁੰਦੀਆਂ ਸਨ। ਗਿਣਤੀ ਦਿਨ ਦੂਣੀ ਰਾਤ ਚੌਣੀ ਹੁੰਦੀ ਗਈ ਅਤੇ ਇੱਕ-ਦੋ-ਸਾਲਾਂ ਵਿੱਚ ਨੌ ਥਾਵਾਂ ‘ਤੇ ਕਲਾਸਾਂ ਲੱਗਣੀਆਂ ਸ਼ੁਰੂ ਹੋ ਗਈਆਂ, ਇੱਕ ਲਾਇਬ੍ਰੇਰੀ (ਧਾਰਮਿਕ, ਇੱਕ ਬੁੱਕ ਸੈਂਟਰ ਸਕੂਲ ਦੀ ਪੜ੍ਹਾਈ ਸੰਬੰਧੀ ਕਿਤਾਬਾਂ ਦਾ) ਆਦਿ ਕਈ ਗਤੀਵਿਧਿਆਂ ਚਾਲੂ ਹੋ ਗਈਆਂ। ਪਰ ਗੁਰੂ ਸਾਹਿਬ ਜੀ ਦਾ ਭਾਣਾ ਅਜਿਹਾ ਵਾਪਰਿਆ ਕਿ ਦੋ ਨੌਜਵਾਨ ਆਗੂ ਵੀਰਾਂ ਵਿੱਚ ਮਤਭੇਦ ਹੋ ਗਏ। ਇੱਕ ਦੂਜੇ ‘ਤੇ ਤੋਹਮਤਾਂ ਲੱਗਣੀਆਂ ਸ਼ੁਰੂ ਹੋ ਗਈਆਂ। ਦੂਜੇ ਵੀਰਾਂ ਵਿੱਚ ਵੀ ਸੁਭਾਵਿਕ ਹੀ ਲੜਾਈ ਜਾਂ ਵੰਡ ਦੀਆਂ ਕਿਆਸ-ਅਰਾਈਆਂ ਲੱਗਣ ਲੱਗ ਪਈਆਂ।
ਇਹ ਕੀ ਵਾਹਿਗੁਰੂ ਜੀ। ਅਸਾਂ ਤਾਂ ਪੰਥਕ ਸੇਵਾ ਦਾ ਬੀੜਾ ਚੁੱਕਿਆ ਸੀ। ਜੇ ਧਾਰਮਿਕ ਬੰਦੇ ਵੀ ਇਸ ਤਰ੍ਹਾਂ ਲੜਨ ਲੱਗ ਪੈਣ ਤਾਂ ਫਿਰ ਧਰਮ ਦਾ ਕੀ ਲਾਭ? ਐਵੇਂ ਪਾਖੰਡਾਂ ਵਿੱਚ ਕਿਉਂ ਪਾਈਏ? ਮਨ ਬੜਾ ਉਦਾਸ ਤੇ ਚਿੰਤਤ ਹੋ ਗਿਆ। ਹਾਂ, ਗੱਲ ਚੇਤੇ ਆਈ, ਉਸ ਦਿਨ ਗਿਆਨੀ ਜੀ ਨੇ ਕਥਾ ਕਰਦਿਆਂ ਕਿਹਾ ਸੀ ਜਦ ਵੀ ਕੋਈ ਮੁਸ਼ਕਲ ਆਵੇ, ਕੋਈ ਸ਼ੰਕਾ ਪੈਦਾ ਹੋਵੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਸ ਆ ਕੇ ਪ੍ਰੇਮ ਸਹਿਤ ਨਿਰਵਿਰਤ ਕਰਵਾ ਲਵੋ। ਕੁੱਝ ਦੇਰ ਸ਼ਰਧਾ ਸਹਿਤ ਪਾਠ ਕੀਤਾ ਤੇ ਸੱਚਮੁੱਚ ਜਵਾਬ ਮਿਲ ਗਿਆ :
ਹੋਇ ਇਕਤ੍ਰ ਮਿਲਹੁ ਮੇਰੇ ਭਾਈ
ਦੁਬਿਧਾ ਦੂਰਿ ਕਰਹੁ ਲਿਵ ਲਾਇ॥
ਵਾਹ ਜੀ ਵਾਹ! ਗੁਰੂ ਸਾਹਿਬ ਜੀ ਤਾਂ ਜਿਵੇਂ ਸਭ ਕੁੱਝ ਜਾਣਦੇ ਹੀ ਸਨ। ਐਨ ਜਿਹੋ ਜਿਹੀ ਸਾਡੀ ਅਵੱਸਥਾ ਸੀ ਬਿਲਕੁਲ ਉਹੋ ਜਿਹਾ ਹੀ ਜਵਾਬ ਦਿੱਤਾ। ‘ਜਦ ਵੀ ਦੁਬਿਧਾ ਪੈਦਾ ਹੋ ਜਾਵੇ ‘ਐ ਭਾਈ ਜਨੋ’ ਇਕੱਠੇ ਹੋ ਕੇ ਬੈਠੋ ਤੇ ਫਿਰ ਅਕਾਲ ਪੁਰਖ ਨਾਲ ਲਿਵ ਜੋੜ ਕੇ ਦੁਬਿਧਾ ਦੂਰ ਕਰੋ।
ਬਸ ਜੀ ਫਿਰ ਕੀ ਸੀ, ਨੌਜਵਾਨ ਵੀਰ ਰਲ ਕੇ ਬੈਠ ਗਏ। ਗੁਰੂ ਸਾਹਿਬ ਜੀ ਅੱਗੇ ਅਰਦਾਸ ਕੀਤੀ ਤੇ ਫਿਰ ਉਪਰੋਕਤ ਸ਼ਬਦ ਦੇ ਅਰਥ-ਭਾਵ ਗ੍ਰਹਿਣ ਕਰਦੇ ਹੋਇਆਂ ਅਕਾਲ ਪੁਰਖ ਨਾਲ ਲਿਵ ਜੋੜੀ ਤੇ ਦੋਹਾਂ ਨੇ ਆਪਣੀ-ਆਪਣੀ ਥਾਂ ਇਹ ਸੋਚਿਆ- ‘ਮੈਂ ਦੂਜੇ ਵੀਰ ਜੀ ਦੀ ਗੱਲ ਸਹਿਜ ਨਾਲ ਸੁਣਨੀ ਹੈ ਤੇ ਫਿਰ ਜੋ ਠੀਕ ਹੋਵੇ, ਉਸ ਨੂੰ ਮੰਨਣ ਵਿੱਚ ਸ਼ਰਮਾਣਾ ਨਹੀਂ, ਹਿਚਕਾਣਾ ਨਹੀਂ ਤੇ ਸਗੋਂ ਆਪਣੀ ਗਲਤੀ ਸੁਧਾਰਨੀ ਹੈ।’
ਦੋਵੇਂ ਆਪਣੀ-ਆਪਣੀ ਜਗ੍ਹਾ ਤੇ ਇਹੀ ਸੋਚਦੇ ਹਨ ਤੇ ਫਿਰ
ਜਦ ਮਨ ਦੀ ਅਜਿਹੀ ਅਵਸਥਾ ਹੋਵੇ ਨਾਲੋ-‘ਇੱਕੋ ਹੁਕਮ ਹੋਵੇ ਤਾਂ ਫਿਰ ਵਿਚਾਰ ਕਿਵੇਂ ਨਾ ਮਿਲਦੇ। ਘੁੱਟ ਜੱਫੀ ਪਾਈਓ ਨੇ ਤੇ ਫਿਰ ਹਰ ਤਰ੍ਹਾਂ ਦੇ ਮਨਮੁਟਾਵ ਮਿਟਾ ਕੇ ਗੋਲੀਂ-ਬਾਤੀਂ ਹੱਲ ਕੱਢ ਲਿਆ।
ਇੰਨਾਂ ਹੀ ਨਹੀਂ, ਸਗੋਂ ਅੱਗੋਂ ਲਈ ਵੀ ਇਹ ਗੱਲ ਆਪਣੀ ਸਭਾ ਲਈ ਪੱਕਿਆਂ ਕਰ ਦਿੱਤੀ ਕਿ ਜਦ ਵੀ ਕਿਸੇ ਵੀਰ ਦੇ ਮਨ ਵਿੱਚ ਕੋਈ ਸ਼ੰਕਾ ਪੈਦਾ ਹੋਵੇ ਜਾਂ ਆਪਸੀ ਮਤ-ਭੇਦ ਹੋ ਜਾਵੇ ਤਾਂ ਬਜਾਏ ਕਿ ਕਿਸੇ ਹੋਰ ਪਾਸੇ ਜਾ ਕੇ ਨਿੰਦਾ, ਚੁਗਲੀ ਕਰਨੀ ਤੇ ਆਪਣੇ ਮਨ ਦੀ ਭੜਾਸ ਕੱਢਣੀ-ਦੋਵੇਂ ਵੀਰ ਮਿਲ ਕੇ ਬੈਠੋ-ਅਰਦਾਸ ਕਰੋ ਤੇ ਫਿਰ ਸਹਿਜ ਨਾਲ ਇੱਕ ਦੂਜੇ ਦੀਆਂ ਗੱਲਾਂ ਸੁਣ ਕੇ ਸੁਲਾਹ ਕਰੋ। ਜੇ ਧਾਰਮਿਕ ਮਾਰਗ ਤੇ ਚੱਲੇ ਹਾਂ, ਫਿਰ ਮਨਮੁੱਖਾਂ ਵਾਂਗ ਲੜਨਾ ਠੀਕ ਨਹੀਂ। ਹੋਰ ਤਾਂ ਹੋਰ ਗੁਰਸਿੱਖੀ ਅਸੂਲਾਂ ਤੇ ਇਤਨੀ ਦ੍ਰਿੜ੍ਹਤਾ ਹੋਵੇ ਕਿ ਦੁਬਿਧਾ ਪੈਣ ਦੀ ਸੂਰਤ ਵਿੱਚ ਵੱਡਾ ਵੀਰ ਸੋਚੇ ਕਿ ‘ਚਲ ਉਹ ਛੋਟਾ ਸੀ, ਉਸ ਪਾਸੋਂ ਗਲਤੀ ਹੋ ਗਈ ਹੋਣੀ ਹੈ ਪਰ ਮੈਨੂੰ ਉਸ ਦੀ ਗੱਲ ਸੁਣਨੀ ਚਾਹੀਦੀ ਹੈ, ਵਿਚਾਰਨਾ ਚਾਹੀਦਾ ਹੈ ਤੇ ਫਿਰ ਜੇ ਹੋ ਸਕੇ ਤਾਂ ਉਸ ਨੂੰ ਸਮਝਾਣਾ ਚਾਹੀਦਾ ਹੈ’ ਤੇ ਇਉਂ ਉਹ ਛੋਟੇ ਵੀਰ ਨੂੰ ਸਮਝਾਉਣ ਤੁਰ ਪਵੇ।
ਦੂਜੇ ਪਾਸੇ, ਛੋਟਾ ਵੀਰ ਵੀ ਗੁਰਸਿੱਖੀ ਅਸੂਲਾਂ ਤੇ ਇਤਨਾ ਦ੍ਰਿੜ੍ਹ ਹੋਵੇ ਕਿ ਉਹ ਆਪਣੀ ਥਾਂ ਸੋਚੇ-ਭਾਈ ਉਹ ਮੇਰਾ ਵੱਡਾ ਵੀਰ ਹੈ, ਫਿਰ ਕੀ ਹੋਇਆ ਜੇ ਉਸ ਕੋਈ ਐਸੀ ਗੱਲ ਕਹਿ ਦਿੱਤੀ ਹੈ, ਹੋ ਸਕਦਾ ਹੈ ਮੈਨੂੰ ਭੁਲੇਖਾ ਲੱਗਾ ਹੋਵੇ, ਐਵੇਂ ਬੈਠੇ ਚਿੰਤਾ ਨਾ ਲਾਵਾਂ ਤੇ ਚੱਲ ਕੇ ਵੀਰ ਕੋਲੋਂ ਮਾਫੀ ਮੰਗ ਲਵਾਂ, ਨਿਵਿਆਂ ਕੋਈ ਹੱਤਕ ਨਹੀਂ ਹੁੰਦੀ-ਤੇ ਉਹ ਵੱਡੇ ਵੀਰ ਪਾਸੋਂ ਮਾਫੀ ਮੰਗਣ ਲਈ ਤੁਰ ਪਵੇ।
ਇਉਂ, ਦੋਵੇਂ ਵੀਰ ਆਪਣੇ-ਆਪਣੇ ਘਰੋਂ ਇੱਕ ਦੂਜੇ ਨੂੰ ਮਿਲਣ ਲਈ ਤੁਰ ਪੈਣ ਤੇ ਰਾਹ ਵਿੱਚ ਹੀ ਆ ਮਿਲਣ। ਸੱਚਮੁੱਚ ਜੇ ਅਜਿਹੇ ਹਾਲਾਤ ਪੈਦਾ ਹੋ ਜਾਣ ਅਤੇ ਹਰ ਗੁਰਸਿੱਖ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣ ਦੇ ਨਾਲ-ਨਾਲ ਗੁਰੂ ਦੀ ਇੱਕ-ਇੱਕ ਗੱਲ ਵੀ ਮੰਨਣੀ ਸ਼ੁਰੂ ਕਰ ਦੇਵੇ ਤਾਂ ਚੜ੍ਹਦੀਆਂ ਕਲਾਂ ਹੀ ਚਾਰੇ ਪਾਸੇ ਸੁਭਾਏਮਾਨ ਹੋਣਗੀਆਂ।
ਇਹ ਗੱਲਾਂ ਸਿਰਫ ਲਿਖਣ ਜਾਂ ਪੜ੍ਹਨ ਤੱਕ ਹੀ ਨਹੀਂ, ਸਗੋਂ ਇਸ ਰਾਹੀਂ ਕਈ ਥਾਵਾਂ ਤੇ ਸਫਲਤਾ ਵੀ ਪ੍ਰਾਪਤ ਕੀਤੀ ਗਈ ਹੈ।
ਸਿੱਟਾ ਇਹੀ ਨਿਕਲਿਆ ਕਿ ਆਪਸੀ ਮਤਭੇਦ, ਗਲਤ ਫ਼ਹਿਮੀਆਂ ਤਾਂ ਪੈਦਾ ਹੁੰਦੀਆਂ ਹੀ ਰਹਿੰਦੀਆਂ ਹਨ। ਜੇ ਦੋਵੇਂ ਧਿਰਾਂ ਆਪਣੇ ਆਪ ਨੂੰ ਠੀਕ ਸਿੱਧ ਕਰਨ ਲਈ ਅੜੀਆਂ ਰਹਿਣ ਤਾਂ ਫਿਰ ਸੁਲਾਹ ਕਿਥੇ? ਮਨਮੁੱਖਾਂ ਦੀ ਗੱਲ ਹੋਵੇ ਤੇ ਕਹੀਏ-‘ਸੋਝੀ ਨਹੀਂ ਨੇਂ’-ਪਰ ਗੁਰਸਿੱਖਾਂ ਲਈ ਪਉੜੀ ਹੀ ‘ਹੋਹੁ ਸਭਨਾ ਕੀ ਰੇਣੁਕਾ ਦੀ ਹੈ, ਫਿਰ ਕਿਉਂ ਨਾ ਨਿਵ ਕੇ ਗੱਲਬਾਤ ਰਾਹੀਂ ਅਸੂਲਾਂ ਦੀ ਕਸਵੱਟੀ ਤੇ ਸੁਲਾਹ ਕੀਤੀ ਜਾਵੇ ਅਤੇ ਨਿੱਕੀ-ਨਿੱਕੀ ਗੱਲ ਨੂੰ ਪਹਾੜ ਬਣਨ ਤੋਂ ਰੋਕੀਏ-ਤਾਂ ਹੀ ਅਸੀਂ ‘ਸਰਬੱਤ ਦੇ ਭਲੇ ਦੀ ਮੰਜ਼ਿਲ ਤੱਕ ਅੱਪੜ ਸਕਾਂਗੇ।
ਰੇਣੁਕਾ ਸਰਬਜੀਤ ਸਿੰਘ, ਲੁਧਿਆਣਾ
