152 views 12 secs 0 comments

ਹੋਲੇ ਮਹੱਲੇ ਦਾ ਇਤਿਹਾਸਿਕ ਮਹੱਤਵ

ਲੇਖ
March 10, 2025

-ਡਾ. ਜਸਪਾਲ ਸਿੰਘ

ਹੋਲੀ ਦੇ ਪਰੰਪਰਕ ਤਿਉਹਾਰ ਦੇ ਮੁਕਾਬਲੇ ‘ਹੋਲਾ ਮਹੱਲਾ’ ਮਨਾਉਣ ਦੀ ਰਵਾਇਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਾਇਮ ਕੀਤੀ ਸੀ। ਮਕਸਦ ਸੀ, ਹਿੰਦੁਸਤਾਨੀ ਜਨਤਾ ਨੂੰ ਨਵਾਂ ਇਨਕਲਾਬੀ ਸੁਨੇਹਾ ਦੇਣਾ। ਲੋਕਾਂ ਵਿਚ ਵੀਰ ਰਸ ਭਰਨਾ, ਉਨ੍ਹਾਂ ਨੂੰ ਯੁੱਧ ਕਲਾ ਵਿਚ ਪ੍ਰਬੀਣ ਕਰਨਾ ਅਤੇ ਅਜ਼ਾਦੀ ਦੇ ਸੰਘਰਸ਼ ਦੀ ਰਾਹ ‘ਤੇ ਤੋਰਨਾ।

ਭਾਈ ਕਾਨ੍ਹ ‘ ਸਿੰਘ ਨਾਭਾ ਦੇ ਮਹਾਨ ਕੋਸ਼ ਮੁਤਾਬਕ “ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖਾਲਸੇ ਨੂੰ ਸ਼ਸਤ੍ਰ ਅਤੇ ਯੁੱਧ ਵਿੱਦਿਆ ਵਿਚ ਨਿਪੁਣ ਕਰਨ ਲਈ ਇਹ ਰੀਤ ਚਲਾਈ ਸੀ ਕਿ ਦੋ ਦਲ ਬਣਾ ਕੇ ਪ੍ਰਧਾਨ ਸਿੰਘਾਂ ਦੀ ਅਗਵਾਈ ਹੇਠ ਇਕ ਖਾਸ ਥਾਂ ‘ਤੇ ਕਬਜ਼ਾ ਕਰਨ ਲਈ ਹਮਲਾ ਕਰਨਾ। ਕਲਗੀਧਰ ਪਾਤਸ਼ਾਹ ਆਪ ਇਸ ਮਸਨੂਈ ਜੰਗ ਦਾ ਕਰਤਬ ਦੇਖਦੇ ਅਤੇ ਦੋਹਾਂ ਦਲਾਂ ਨੂੰ ਸ਼ੁਭ ਸਿਖਯਾ ਦਿੰਦੇ ਸੀ ਅਰ ਜੋ ਦਲ ਕਾਮਯਾਬ ਹੁੰਦਾ ਉਸ ਨੂੰ ਦੀਵਾਨ ਵਿਚ ਸਿਰੋਪਾ ਬਖ਼ਸ਼ਦੇ ਸਨ।

ਪਿਛੋਕੜ ਵੱਲ ਝਾਤ ਮਾਰੀਏ ਤਾਂ ਇਹ ਤੱਥ ਉੱਭਰ ਕੇ ਸਾਹਮਣੇ ਆਉਂਦਾ ਹੈ ਕਿ ਸ੍ਰੀ ਗੁਰੂ ਨਾਨਕ ਸਾਹਿਬ ਨੇ ਆਪਣੇ ਸਮਕਾਲੀ ਦੌਰ ਵਿਚ ਵੇਲੇ ਦੀ ਹਾਕਮ ਜਮਾਤ ਨੂੰ ਚਿਤਾਵਨੀ ਦਿੰਦਿਆਂ ਕਿਹਾ ਸੀ ਕਿ ਜੇ ਰੰਗ-ਤਮਾਸ਼ਿਆਂ ਵਿਚ ਖਚਤ ਰਹਿਣ ਦੀ ਥਾਂ ‘ਤੇ ਉਨ੍ਹਾਂ ਨੇ ਮੁਲਕ ਨੂੰ ਮਜ਼ਬੂਤ ਕਰਨ ਲਈ ਕਦਮ ਚੁੱਕੇ ਹੁੰਦੇ ਤਾਂ ਮੁਲਕ ਦੂਜਿਆਂ ਦਾ ਗ਼ੁਲਾਮ ਨਾ ਹੁੰਦਾ। ਹਿੰਦੁਸਤਾਨੀ ਜਨਤਾ ਬੇਪਤੀ ਦਾ ਜੀਵਨ ਜਿਊਣ ਲਈ ਮਜਬੂਰ ਨਾ ਹੁੰਦੀ। ਸੂਰਜ ਪ੍ਰਕਾਸ਼ ਗ੍ਰੰਥ ਵਿਚ ਗੁਰੂ ਨਾਨਕ ਸਾਹਿਬ ਦੇ ਤਾੜਨਾ ਭਰੇ ਸ਼ਬਦ ਇਸ ਤਰ੍ਹਾਂ ਕਲਮਬੰਦ ਹਨ :
ਹੈ ਅਮੀਰ ਓਮਰੇ ਜਿ ਵਜੀਰੰ। ਬਿਸਰ ਗਏ ਪ੍ਰਭ ਗੁਨੀ ਗਹੀਰੰ॥
ਚਿਤ ਮਹਿ ਚਾਹਤ ਰੰਗ ਤਮਾਸੇ। ਬਿਬਿਧ ਬਿਧਨ ਕੇ ਬਿਲਸ ਬਿਲਾਸੇ॥
ਅਬ ਤਿਨ ਕੀ ਗਤਿ ਹੋਈ ਐਸੀ। ਜਾਇ ਬਿਲੋਕੀ ਨਾਹਿ ਨ ਜੈਸੀ॥

ਤਕਰੀਬਨ ਇਹੋ ਸੰਦੇਸ਼ ਨਵੇਂ ਅੰਦਾਜ਼ ਵਿਚ ਦਸਮ ਪਿਤਾ ਦੇਣਾ ਚਾਹੁੰਦੇ ਸਨ। ਇਕ ਨਵੀਂ ਰੂਹ ਫੂਕਣਾ ਚਾਹੁੰਦੇ ਸਨ। ਸੁਰਤ ਗੁਆ ਚੁੱਕੇ ਲੋਕਾਂ ਨੂੰ ਮੁੜ ਯਾਦ ਕਰਾਉਣਾ ਚਾਹੁੰਦੇ ਸਨ ਕਿ ਮੁਲਕ ਗ਼ੁਲਾਮ ਹੈ, ਲੋਕੀਂ ਅਧੀਨਗੀ ਦੀ ਜ਼ਿੰਦਗੀ ਜੀਅ ਰਹੇ ਹਨ ਅਤੇ ਐਸੀ ਸਥਿਤੀ ਵਿਚ ਇਕ-ਦੂਜੇ ਉੱਪਰ ਰੰਗ ਸੁੱਟ ਕੇ ਖੁਸ਼ੀਆਂ ਮਨਾਉਣਾ ਕਦਾਚਿਤ ਵਾਜਬ ਨਹੀਂ ਹੈ। ਸਵੈਮਾਣ ਖੁਹਾ ਚੁੱਕੇ ਲੋਕਾਂ ਨੂੰ ਰੰਗਾਂ ਦੀ ਹੋਲੀ ਖੇਡਣਾ ਬਿਲਕੁਲ ਨਹੀਂ ਸ਼ੋਭਦਾ। ਪਰਾਧੀਨਤਾ ਵਿਚ ਖੁਸ਼ੀਆਂ ਮਨਾਉਣ ਦੀ ਥਾਂ ‘ਤੇ ਅਜ਼ਾਦੀ ਦੇ ਸੰਘਰਸ਼ ਲਈ ਤਿਆਰੀ ਕਰਨੀ ਬਣਦੀ ਹੈ।

ਅਸਲ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜ਼ਿਹਨ ਵਿਚ ਇਕ ਸੰਕਲਪ ਸਾਕਾਰ ਰੂਪ ਗ੍ਰਹਿਣ ਕਰ ਰਿਹਾ ਸੀ। ਉਹ ਚਾਹੁੰਦੇ ਸਨ ਕਿ ਸਦੀਆਂ ਤੋਂ ਗ਼ੁਲਾਮ, ਰਾਜਸੀ ਬਣਤਰ ਤੋਂ ਬੇਦਖ਼ਲ ਹੋ ਚੁੱਕੇ ਹਿੰਦੁਸਤਾਨੀ ਸਮਾਜ ਦੀ ਪਾਤਸ਼ਾਹੀ ਕਾਇਮ ਹੋਵੇ। ਆਮ ਲੋਕਾਂ ਦੀ ਹਕੂਮਤ ਸਥਾਪਿਤ ਹੋ ਜਾਵੇ। ਪਰਜਾ ਹਾਕਮ ਬਣ ਜਾਵੇ। ਪਰ ਇਹ ਤਾਹੀਓਂ ਹੋ ਸਕਦਾ ਸੀ ਜੇ ਇਕ ਨਵੀਂ ਲਹਿਰ ਪੈਦਾ ਹੋਵੇ। ਲੋਕੀਂ ਉੱਠ ਖੜ੍ਹੇ ਹੋਣ, ਸੁਚੇਤ ਹੋ ਕੇ ਆਪਣੇ ਫ਼ਰਜ਼ ਦੀ ਪਛਾਣ ਕਰਨ। ਮੌਤ ਦਾ ਭੈਅ ਦਿਲੋਂ ਕੱਢ ਦੇਣ। ਹਥਿਆਰਬੰਦ ਘੋਲ ਲਈ ਤਿਆਰੀ ਕਰ ਲੈਣ। ਪਰ ਇਹ ਹਕੀਕਤ ਕਿਸੇ ਤੋਂ ਭੁੱਲੀ ਨਹੀਂ ਕਿ ਹਾਲਾਤ ਪੂਰੀ ਤਰ੍ਹਾਂ ਮੁਖਤਲਿਫ ਸਨ। ਜਿਸ ਸਮਾਜ ਵਿਚ ਗ਼ੁਲਾਮੀ ਦਾ ਅਹਿਸਾਸ ਹੀ ਖਤਮ ਹੋ ਗਿਆ ਹੋਵੇ ਉਸ ਤੋਂ ਕੀ ਤਵੱਕੋਂ ਕੀਤੀ ਜਾ ਸਕਦੀ ਹੈ

ਸੱਚਮੁਚ ਕੰਮ ਬਹੁਤ ਔਖਾ ਸੀ। ਬਿਲਕੁਲ ਉਲਟੀ ਗੰਗਾ ਵਹਾਉਣ ਵਾਲੀ ਗੱਲ ਸੀ। ਇਤਿਹਾਸਿਕ ਸਾਖੀ ਹੈ ਕਿ ਇਸ ਤਰ੍ਹਾਂ ਦੀ ਬਿਖੜੀ ਪ੍ਰਸਥਿਤੀ ਵਿਚ ਗੁਰੂ ਸਾਹਿਬ ਨੇ ‘ਹੋਲਾ ਮਹੱਲਾ’ ਮਨਾਉਣ ਦੀ ਨਵੀਂ ਰਵਾਇਤ ਰਾਹੀਂ ਆਪਣੇ ਪੈਰੋਕਾਰਾਂ ਵਿਚ ਸ਼ਸਤਰਾਂ ਨਾਲ ਸਾਂਝ ਪੱਕਿਆਂ ਕਰਨ ਦੀ ਪਿਰਤ ਪਾਉਣ ਦਾ ਫੈਸਲਾ ਕੀਤਾ ਸੀ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਦਾ ਜੇ ਅਧਿਐਨ ਕਰੀਏ ਤਾਂ ਵੀ ਇਹ ਗੱਲ ਬੜੀ ਸ਼ਿੱਦਤ ਨਾਲ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਉਹ ਸ਼ਸਤਰਾਂ ਨੂੰ ਬਹੁਤ ਮਹੱਤਵ ਦਿੰਦੇ ਹਨ। ਆਪਣੀ ਬਾਣੀ ਵਿਚ ਗੁਰੂ ਸਾਹਿਬ ਨੇ ਅਕਾਲ ਪੁਰਖ ਨੂੰ ਸ਼ਸਤਰਧਾਰੀ ਰੂਪ ਵਿਚ ਮੂਰਤੀਮਾਨ ਕਰਦਿਆਂ, ‘ਸਸਤ੍ਰ ਪਾਣੇ’, ‘ਅਸਤ੍ਰ ਮਾਣੇ’, ‘ਸਾਹਿਬ ਸ੍ਰੀ’, ‘ਖੜਗ ਪਾਣੇ’, ‘ਸ੍ਰੀ ਅਸਪਾਨ’ ਆਦਿ ਨਾਂਵਾਂ ਨਾਲ ਪੁਕਾਰਿਆ ਹੈ। ‘ਕਬਯੋ ਬਾਚ ਬੇਨਤੀ ਚੌਪਈ ਵਿਚ ਗੁਰੂ ਸਾਹਿਬ ਨੇ ਅਕਾਲ ਪੁਰਖ ਨੂੰ ‘ਸ੍ਰੀ ਅਸਿਧੁਜ ਅਤੇ ‘ਖੜਗ ਕੇਤ’ ਕਹਿ ਕੇ ਸੰਬੋਧਤ ਕੀਤਾ ਹੈ।

ਭਾਈ ਸੰਤੋਖ ਸਿੰਘ ਦੇ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਅਨੁਸਾਰ ਖਾਲਸਾ ਪੰਥ ਨੂੰ ਉਪਦੇਸ਼ ਦਿੰਦਿਆਂ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਕਿ ਰਾਜ, ਸ਼ਸਤਰਾਂ ਦੇ ਅਧੀਨ ਹੁੰਦਾ ਹੈ। ਸ਼ਸਤਰਹੀਣ ਲੋਕੀਂ ਆਪਣੀ ਖੁਦਮੁਖਤਿਆਰੀ ਦਾ ਇਜ਼ਹਾਰ ਨਹੀਂ ਕਰ ਸਕਦੇ। ਇਸ ਲਈ ਖਾਲਸੇ ਨੂੰ ਸ਼ਸਤ੍ਰਧਾਰੀ ਹੋਣਾ ਚਾਹੀਦਾ ਹੈ। ਗੁਰੂ ਸਾਹਿਬ ਨੇ ਤਾਕੀਦ ਕੀਤੀ ਸੀ ਕਿ ਉਨ੍ਹਾਂ ਦੀ ਖੁਸ਼ੀ ਖਾਲਸੇ ਨੂੰ ਤਾਂ ਪ੍ਰਾਪਤ ਹੋ ਸਕਦੀ ਹੈ। ਜੇ ਖਾਲਸਾ ਸੁਚੇਤ ਹੋ ਕੇ ਸ਼ਸਤਰਧਾਰੀ ਰੂਪ ਵਿਚ ਉਨ੍ਹਾਂ ਦੇ ਸਨਮੁਖ ਆਵੇ :
ਸ਼ਸਤ੍ਰਨਿ ਕੇ ਅਧੀਨ ਹੈ ਰਾਜ। ਜੋ ਨ ਸਰਹਿ ਤਿਸ ਬਿਗਰਤਿ ਕਾਜ।
ਯਾਂ ਤੇ ਸਰਬ ਖਾਲਸਾ ਸੁਨੀਅਹਿ। ਅਯੁੱਧ ਧਰਿਬੇ ਉਤਮ ਗਨੀਅਹਿ।
ਜਬਿ ਹਮਰੇ ਦਰਸ਼ਨ ਕੋ ਆਵਹੁ। ਬਨਿ ਸੁਚੇਤ ਤਨ ਸ਼ਸਤ੍ਰ ਸਜਾਵਹੁ।
ਕਮਰਕੱਸਾ ਕਰਿ ਦੇਹੁ ਦਿਖਾਈ। ਹਮਰੀ ਖੁਸ਼ੀ ਹੋਇ ਅਧਿਕਾਈ।

ਇਤਿਹਾਸਿਕ ਦ੍ਰਿਸ਼ਟੀ ਤੋਂ ਵੇਖੀਏ ਤਾਂ ਸ੍ਰੀ ਅਨੰਦਪੁਰ ਸਾਹਿਬ ਵਿਚ ਹੋਲ-ਗੜ੍ਹ ਕਿਲ੍ਹੇ ਵਾਲੀ ਥਾਂ ‘ਤੇ ਸੰਨ ੧੭੦੦ ਈ: ਵਿਚ ਪਹਿਲੀ ਵਾਰ ਹੋਲਾ ਮਹੱਲਾ ਮਨਾਇਆ ਗਿਆ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਇਸ ਪਰੰਪਰਾ ਦਾ ਅਰੰਭ ਕੀਤਾ ਸੀ ਅਤੇ ਆਪਣੇ ਸਿੱਖਾਂ ਨੂੰ ਜੰਗੀ ਕਰਤਬ ਦਿਖਾਉਣ ਦਾ ਹੁਕਮ ਦਿੱਤਾ ਸੀ। ਹੋਲਾ ਮਹੱਲਾ ਮਨਾਉਣ ਲਈ ਸਿੱਖ ਸਿਪਾਹੀ ਆਪਣੇ-ਆਪ ਨੂੰ ਦੋ ਹਿੱਸਿਆਂ ਵਿਚ ਵੰਡ ਲੈਂਦੇ ਸਨ ਅਤੇ ਇਕ ਕਿਸਮ ਦਾ ਬਨਾਉਟੀ-ਯੁੱਧ ਰਚ ਕੇ ਜੰਗੀ ਕਰਤਬਾਂ ਦਾ ਪ੍ਰਦਰਸ਼ਨ ਕਰਦੇ ਸਨ। ਇਕ ਤਰ੍ਹਾਂ ਨਾਲ ਪੂਰੇ ਜੰਗੀ ਅਭਿਆਸ ਦਾ ਨਜ਼ਾਰਾ ਉੱਭਰ ਆਉਂਦਾ ਸੀ। ਜਿੱਤ ਹਾਸਲ ਕਰਨ ਵਾਲਿਆਂ ਨੂੰ ਇਨਾਮ ਦਿੱਤੇ ਜਾਂਦੇ ਸਨ ਅਤੇ ਇਹ ਨਿਵੇਕਲੇ ਕਿਸਮ ਦਾ ਸਮਾਰੋਹ ਲੋਕਾਂ ਵਿਚ ਇਕ ਨਵੀਂ ਰੂਹ ਫੂਕ ਦਿੰਦਾ ਸੀ, ਨਾਲ ਹੀ ਹੋਲਾ ਮਹੱਲਾ ਦੇ ਮੌਕੇ ‘ਤੇ ਸ਼ਸਤਰਾਂ-ਬਸਤਰਾਂ ਅਤੇ ਜੰਗੀ ਸਾਜ-ਸੱਜਾ ਨਾਲ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ‘ਤੇ ਜਲੂਸ ਦੀ ਸ਼ਕਲ ਵਿਚ ਇਕ ਗੁਰਦੁਆਰਾ ਸਾਹਿਬ ਤੋਂ ਦੂਜੇ ਗੁਰਦੁਆਰਾ ਸਾਹਿਬ ਤਕ ਫੌਜੀ ਮਾਰਚ ਵੀ ਕੱਢਿਆ ਜਾਂਦਾ ਸੀ ਅਤੇ ਬੜੇ ਉਤਸ਼ਾਹ ਨਾਲ ਲੋਕੀ ਇਸ ਕਵਾਇਦ ਵਿਚ ਹਿੱਸਾ ਲੈਂਦੇ ਸਨ। ਇਤਿਹਾਸ ਵਿੱਚੋਂ ਪ੍ਰਮਾਣ ਮਿਲਦੇ ਹਨ ਕਿ ਸਾਹਿਬ ਖ਼ੁਦ ਇਨ੍ਹਾਂ ਸਰਗਰਮੀਆਂ ਦੀ ਸਰਪ੍ਰਸਤੀ ਕਰਦੇ ਸਨ ਅਤੇ ਹਿੱਸਾ ਲੈਣ ਵਾਲੇ ਦਲਾਂ ਨੂੰ ਸਨਮਾਨ ਤੇ ਸਿਰੋਪੇ ਬਖ਼ਸ਼ਦੇ ਸਨ। ਹੋਲੀ ਦੀ ਥਾਂ ’ਤੇ ਹੋਲਾ ਦੀ ਰਵਾਇਤ ਕਾਇਮ ਕਰਨ ਬਾਰੇ ਕਵੀ ਸੁਮੇਰ ਸਿੰਘ ਨੇ ਗੁਰੂ ਸਾਹਿਬ ਦੇ ਹੁਕਮਾਂ ਨੂੰ ਇਸ ਤਰ੍ਹਾਂ ਕਲਮਬੰਦ ਕੀਤਾ ਹੈ:
ਔਰਨ ਕੀ ਹੋਲੀ, ਮਮ ਹੋਲਾ। ਕਹਿਯੋ ਕ੍ਰਿਪਾਨਿਧ ਬਚਨ ਅਮੋਲਾ।
ਹੋਲਾ ਮਹੱਲਾ ਦੀ ਇਹ ਸਾਰੀ ਰਵਾਇਤ ਹਾਲਾਂ ਵੀ ਉਸੇ ਤਰ੍ਹਾਂ ਕਾਇਮ ਹੈ। ਲੱਖਾਂ ਦੀ ਗਿਣਤੀ ਵਿਚ ਦੇਸ਼-ਵਿਦੇਸ਼ ਤੋਂ ਸੰਗਤ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ‘ਤੇ ਪਹੁੰਚਦੀ ਹੈ। ਬੜੇ ਉਤਸ਼ਾਹ ਤੇ ਉਮਾਹ ਨਾਲ ਦੀਵਾਨ ਸਜਾਏ ਜਾਂਦੇ ਹਨ। ਕਥਾ-ਕੀਰਤਨ ਦੇ ਪ੍ਰਵਾਹ ਚਲਦੇ ਹਨ। ਵਾਰਾਂ ਦਾ ਗਾਇਨ ਲੋਕਾਂ ਵਿਚ ਜੋਸ਼ ਭਰ ਦਿੰਦਾ ਹੈ। ਨਿਹੰਗ ਸਿੰਘਾਂ ਦੇ ਦਲਾਂ ਦੇ ਕਰਤਬ ਲੋਕਾਂ ਦਾ ਮਨ ਮੋਹ ਲੈਂਦੇ ਹਨ।

ਕਵੀ ਨਿਹਾਲ ਸਿੰਘ ਨੇ ਹੋਲਾ ਮਹੱਲਾ ਦੇ ਦ੍ਰਿਸ਼ ਨੂੰ ਬਾਖ਼ੂਬੀ ਚਿਤ੍ਰਤ ਕੀਤਾ ਹੈ। ਉਸ ਦੀ ਇਕ ਰਚਨਾ ਦੀਆਂ ਕੁਝ ਪੰਕਤੀਆਂ ਇਸ ਤਰ੍ਹਾਂ ਹਨ:
ਬਰਛਾ ਢਾਲ ਕਟਾਰਾ ਤੇਗਾ, ਕੜਛਾ ਦੇਗਾ ਗੋਲਾ ਹੈ।
ਛਕਾ ਪ੍ਰਸਾਦ ਸਜਾ ਦਸਤਾਰਾ, ਅਰ ਕਰਦੋਨਾ ਟੋਲਾ ਹੈ।
ਸੁਭਟ ਸੁਚਾਲਾ ਅਰ ਲਖ ਬਾਹਾ, ਕਲਗਾ ਸਿੰਘ ਸੁਚੋਲਾ ਹੈ।
ਅਪਰ ਮੁਛਹਿਰਾ ਦਾੜਾ ਜੈਸੇ, ਤੈਸੇ ਬੋਲਾ ਹੋਲਾ ਹੈ।
ਕੋਈ ਸ਼ੱਕ ਨਹੀਂ ਕਿ ਇਸ ਇਨਕਲਾਬੀ ਪਿਰਤ ਦੀ ਇਕ ਆਪਣੀ ਇਤਿਹਾਸਿਕ ਮਹੱਤਤਾ ਹੈ।
ਖਾਲਸੇ ਦੀ ਸਿਰਜਣਾ ਤੋਂ ਬਾਅਦ ਆਪਣੇ ਪੈਰੋਕਾਰਾਂ ਨੂੰ ਸ਼ਸਤਰ- ਰ-ਵਿੱਦਿਆ ਵਿਚ ਪ੍ਰਬੀਨ ਅਤੇ ਯੁੱਧ-ਕਲਾ ਵਿਚ ਨਿਪੁੰਨ ਹੋਣ ਦਾ ਆਦੇਸ਼ ਦੇ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਤਿਹਾਸ ਦਾ ਰੁਖ਼ ਮੋੜ ਦਿੱਤਾ ਸੀ।