6 views 1 sec 0 comments

੦੬ ਅਕਤੂਬਰ ਨੂੰ ਅਕਾਲ ਚਲਾਣੇ ‘ਤੇ ਵਿਸ਼ੇਸ਼: ਬਾਬਾ ਖੜਕ ਸਿੰਘ ਜੀ

ਲੇਖ
October 06, 2025

ਬਾਬਾ ਖੜਕ ਸਿੰਘ ਜੀ ਦਾ ਜਨਮ ਸਿਆਲਕੋਟ (ਹੁਣ ਪਾਕਿਸਤਾਨ) ਵਿਖੇ ਸਰਦਾਰ ਹਰੀ ਸਿੰਘ ਦੇ ਘਰ ਹੋਇਆ।” ਇਨ੍ਹਾਂ ਨੇ ਦਸਵੀਂ ਜਮਾਤ ਸਿਆਲਕੋਟ ਦੇ ਮਿਸ਼ਨ ਹਾਈ ਸਕੂਲ, ਐਫ.ਏ. ਸਥਾਨਕ ਮਰੇ ਸਕੂਲ ਅਤੇ ਬੀ.ਏ. ਗੌਰਮਿੰਟ ਕਾਲਜ ਲਾਹੌਰ ਤੋਂ ਕੀਤੀ। ਬਾਬਾ ਖੜਕ ਸਿੰਘ ਜੀ ਨੇ ਆਪਣਾ ਜਨਤਕ ਜੀਵਨ ਸਿੱਖ ਵਿੱਦਿਅਕ ਕਾਨਫਰੰਸ ਦੌਰਾਨ ਹੀ ਸ਼ੁਰੂ ਕੀਤਾ, ਜਦੋਂ ੧੯੧੨ ਈ. ਵਿਚ ਉਹ ਸਿਆਲਕੋਟ ਵਿਚ ਹੋਣ ਵਾਲੀ ਕੁੱਲ ਹਿੰਦ ਸਿੱਖ ਵਿੱਦਿਅਕ ਕਾਨਫਰੰਸ ਦੇ ਪੰਜਵੇਂ ਸਮਾਰੋਹ ਦੀ ਸੁਆਗਤੀ ਕਮੇਟੀ ਦੇ ਚੇਅਰਮੈਨ ਚੁਣੇ ਗਏ। ਜਲ੍ਹਿਆਂ ਵਾਲੇ ਬਾਗ ਦੇ ਕਤਲ-ਏ-ਆਮ ਤੋਂ ਬਾਅਦ ਇਹ ਸਿੱਖ ਰਾਜਨੀਤੀ ਵਿਚ ਸਰਗਰਮ ਹੋ ਗਏ। ੧੯੨੦ ਈ. ਵਿਚ ਸਥਾਪਿਤ ਸੈਂਟਰਲ ਸਿੱਖ ਲੀਗ ਦੇ ਪ੍ਰਧਾਨ ਬਣੇ। ੧੯੨੧ ਈ. ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣੇ, ਦਰਬਾਰ ਸਾਹਿਬ ਦੇ ਤੋਸ਼ੇਖਾਨੇ ਦੀਆਂ ਚਾਬੀਆਂ ਡਿਪਟੀ ਕਮਿਸ਼ਨਰ ਸ੍ਰੀ ਅੰਮ੍ਰਿਤਸਰ ਤੋਂ ਲੈਣ ਲਈ ਚਾਬੀਆਂ ਦਾ ਮੋਰਚਾ ਲਾਉਣਾ ਪਿਆ। ੪ ਅਪ੍ਰੈਲ, ੧੯੨੨ ਈ. ਨੂੰ ਬਾਬਾ ਖੜਕ ਸਿੰਘ ਨੂੰ ਕਿਰਪਾਨਾਂ ਬਣਾਉਣ ਦੀ ਫੈਕਟਰੀ ਚਲਾਉਣ ਦੇ ਜ਼ੁਰਮ ਵਿਚ ਫੜ੍ਹ ਲਿਆ ਗਿਆ। ਇਕ ਸਾਲ ਦੀ ਕੈਦ ਹੋਈ। ਡੇਰਾ ਗਾਜ਼ੀ ਖਾਂ ਦੀ ਜੇਲ੍ਹ ਵਿਚ ਜ਼ਬਰਦਸਤੀ ਕਾਲੀ ਪਗੜੀ ਉਤਾਰਨ ਦੇ ਵਿਰੋਧ ਵਿਚ ਸਿਵਾਏ ਕਛਹਿਰੇ ਦੇ ਸਾਰੇ ਬਸਤਰਾਂ ਦਾ ਤਿਆਗ ਕਰ ਦਿੱਤਾ ਅਤੇ ਸਾਰੀ ਕੈਦ ਨੰਗੇ ਧੜ ਹੀ ਕੱਟੀ। ੪ ਜੂਨ, ੧੯੨੭ ਈ. ਨੂੰ ਰਿਹਾਅ ਹੋਏ। ੧੯੩੦ ਈ. ਵਿਚ ਬਾਬਾ ਖੜਕ ਸਿੰਘ ਜੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦੁਬਾਰਾ ਪ੍ਰਧਾਨ ਚੁਣਿਆ ਗਿਆ। ਪਰ ਦੇਸ਼ ਵੰਡ ਤੋਂ ਬਾਅਦ ਇਕਲੌਤੇ ਪੁੱਤਰ ਦੀ ਮੌਤ ਹੋ ਗਈ ਤਾਂ ਬਾਬਾ ਖੜਕ ਸਿੰਘ ਜੀ ਨੇ ਰਾਜਨੀਤੀ ਤੋਂ ਇਕ ਪ੍ਰਕਾਰ ਦਾ ਸਥਾਈ ਸੰਨਿਆਸ ਹੀ ਲੈ ਲਿਆ ।੬ ੬ ਅਕਤੂਬਰ, ੧੯੬੩ ਈ. ਨੂੰ ਦਿੱਲੀ ਵਿਖੇ ੯੫ ਵਰ੍ਹਿਆਂ ਦੀ ਉਮਰ ਵਿਚ ਇਨ੍ਹਾਂ ਦਾ ਦੇਹਾਂਤ ਹੋ ਗਿਆ। ਚਾਬੀਆਂ ਦੇ ਮੋਰਚੇ ਕਾਰਨ ਬਾਬਾ ਖੜਕ ਸਿੰਘ ਜੀ ਨੂੰ ਸਿੱਖ ਕੌਮ ਵਿਚ ਯਾਦ ਕੀਤਾ ਜਾਂਦਾ ਹੈ।

-ਡਾ. ਗੁਰਪ੍ਰੀਤ ਸਿੰਘ