-ਡਾ. ਰਾਜਿੰਦਰ ਸਿੰਘ ਕੁਰਾਲੀ
ਸਤਲੁਜ ਦਾ ਪਾਣੀ ਸ਼ਾਂਤ ਵਗ਼ ਰਿਹਾ ਸੀ। ਇਹ ਵੱਡੇ ਤੂਫਾਨ ਤੋਂ ਪਹਿਲਾਂ ਦੀ ਸ਼ਾਂਤੀ ਸੀ। ਕੁਝ ਸਮੇਂ ਬਾਅਦ ਇੱਥੇ ਘਮਸਾਨ ਮੱਚਣਾ ਸੀ। ਖਾਲਸੇ ਦੀ ਬੇਮਿਸਾਲ ਸੂਰਬੀਰਤਾ ਤੇ ਸ਼ਹਾਦਤਾਂ ਦਾ ਇਸ ਨੇ ਮੰਜ਼ਰ ਤੱਕਣਾ ਸੀ। ਇਤਿਹਾਸ ਇਨ੍ਹਾਂ ਪਲਾਂ ਨੂੰ ਨਿਵਾਜਣ ਲਈ ਤਿਆਰ ਹੋ ਰਿਹਾ ਸੀ। ਅੰਮ੍ਰਿਤ ਵੇਲੇ ਬਜ਼ੁਰਗ ਚਿਹਰਾ ਇਸ ਦੇ ਪਾਣੀ ਵਿਚ ਇਸ਼ਨਾਨ ਕਰਨ ਲਈ ਉਤਰਿਆ ਤੇ ਜਪੁਜੀ ਸਾਹਿਬ ਦੀਆਂ ਪਾਵਨ ਧੁਨਾਂ ਨਾਲ ਇਕਸੁਰ ਹੋ ਗਿਆ। ਪਾਠ ਦੀ ਸੰਪੂਰਨਤਾ ਪਿੱਛੋਂ ਉਸ ਦੇ ਹੱਥ ਅਰਦਾਸ ਲਈ ਜੁੜ ਗਏ। ਉਸ ਨੇ ਖਾਲਸਾ ਫੌਜ ਦੀ ਫਤਿਹ ਦੀ ਜਾਚਨਾ ਕਰਦਿਆਂ ਹਾਰ ਦੇਖਣ ਨਾਲੋਂ ਮਾਤ-ਭੂਮੀ ਲਈ ਮਰ ਮਿਟਣ ਦਾ ਪ੍ਰਣ ਕੀਤਾ। ਇਹ ਬਜ਼ੁਰਗ ਸਿੱਖ ਪੰਥ ਦਾ ਮਹਾਨ ਯੋਧਾ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਸੀ। ਉਸ ਦੇ ਰੋਮ-ਰੋਮ ਵਿਚ ਪੰਥ-ਪ੍ਰਸਤੀ ਗਰਦਿਸ਼ ਕਰ ਰਹੀ ਸੀ। ਸੋਚਾਂ ਵਿਚ ਸਿੱਖ ਇਤਿਹਾਸ ਦੇ ਮਾਨਵਤਾ ਲਈ ਸਵਾ ਲਾਖ ਸੇ ਏਕ ਲੜਾਊਂਦੇ ਲਾਸਾਨੀ ਕਾਰਨਾਮੇ ਘੁੰਮ ਰਹੇ ਸਨ। ਮਨ ਦੇਸ਼ ਤੇ ਕੌਮ ਲਈ ਪੁਰਜਾ ਪੁਰਜਾ ਕਟਿ ਮਰੈ ਦੀ ਭਾਵਨਾ ਨਾਲ ਭਰਿਆ ਹੋਇਆ ਸੀ। ਅਸਲ ਵਿਚ ਉਸ ਦਾ ਬਜ਼ੁਰਗ ਤਨ ਨਹੀਂ ਬਲਵਾਨ ਮਨ ਜਬ ਆਵ ਕੀ ਅਉਧ ਨਿਦਾਨ ਬਨੈ ਅਤ ਹੀ ਰਨ ਮੈ ਤਬ ਜੂਝ ਮਰੋਂ॥ ਦੇ ਜਾਪ ਨਾਲ ਪ੍ਰਚੰਡ ਹੋ ਰਿਹਾ ਸੀ।
ਸਭਰਾਉਂ ਦੇ ਮੈਦਾਨ ਵਿਚ ੧੦ ਫਰਵਰੀ, ੧੭੪੬ ਈ. ਨੂੰ ਸਿੱਖਾਂ ਦੀਆਂ ੬੭ ਤੋਪਾਂ ਵੈਰੀ ਦਾ ਕਹਿਰ ਰੋਕਣ ਲਈ ਖੜੀਆਂ ਸਨ। ਦੂਜੇ ਪਾਸੇ ਅੰਗਰੇਜ਼ਾਂ ਦੀਆਂ ਧਰਤੀ ਹਿਲਾ ਦੇਣ ਵਾਲੀਆਂ ੬੦ ਤੋਪਾਂ ਤੇ ੧੮੦੦੦ ਬੰਦੂਕਾਂ ਖੂਨ ਪੀਣੀਆਂ ਅੱਖਾਂ ਨਾਲ ਸਿੱਖਾਂ ਨੂੰ ਦੇਖ ਰਹੀਆਂ ਸਨ। ਨੈਪੋਲੀਅਨ ਨਾਲ ਜੰਗਾਂ ਲੜ ਚੁੱਕੇ ਯੋਧੇ ਉਨ੍ਹਾਂ ਦੇ ਕਮਾਂਡਰ ਸਨ। ਉਨ੍ਹਾਂ ਕੋਲ ਮਾਰੂ ਹਥਿਆਰ ਹੀ ਨਹੀਂ ਸਾਜ਼ਿਸ਼ਾਂ ਤੇ ਸਿੱਖ ਫੌਜ ਦੇ ਕਮਾਂਡਰ ਇਨ ਚੀਫ਼ ਤੇਜ ਸਿਹੁੰ ਤੇ ਪ੍ਰਧਾਨ ਮੰਤਰੀ ਲਾਲ ਸਿਹੁੰ ਵਰਗੇ ਗ਼ੈਰ- ਪੰਜਾਬੀ ਗੱਦਾਰਾਂ ਦਾ ਸਾਥ ਸੀ। ਪੰਜਾਬ ਦੀ ਮਿੱਟੀ ਨਾਲ ਇਨ੍ਹਾਂ ਨੂੰ ਕੋਈ ਮੋਹ ਨਹੀਂ ਸੀ। ਕੇਵਲ ਨੌਕਰੀ ਦੀ ਗਰਜ ਨਾਲ ਮਹਾਰਾਜਾ ਰਣਜੀਤ ਸਿੰਘ ਕੋਲ ਭਰਤੀ ਹੋਏ ਸਨ। ਇਨ੍ਹਾਂ ਨੇ ਸਿੱਖ ਫੌਜ ਦੇ ਭੇਤ ਅੰਗਰੇਜ਼ਾਂ ਨੂੰ ਦੱਸੇ ਅਤੇ ਸਿੱਖ ਫੌਜ ਲਈ ਅਸਲੇ ਤੇ ਰਸਦ ਵੀ ਪੂਰੀ ਤਰ੍ਹਾਂ ਨਾ ਭੇਜੀ। ਭਖਵੇਂ ਯੁੱਧ ਦੌਰਾਨ ਸਿੱਖਾਂ ਦਾ ਮਨੋਬਲ ਤੋੜਨ ਲਈ ਹਜ਼ਾਰਾਂ ਸਾਥੀਆਂ ਸਮੇਤ ਯੁੱਧ ਦੇ ਮੈਦਾਨ ਵਿੱਚੋਂ ਭੱਜ ਜਾਣ ਦੀ ਵਿਉਂਤ ਬਣਾਈ। ਤੇਜ ਸਿਹੁੰ ਨੇ ੯ ਫਰਵਰੀ ਨੂੰ ਸ਼ਾਮ ਸਮੇਂ ਸਰਦਾਰ ਸ਼ਾਮ ਸਿੰਘ ਅਟਾਰੀ ਨੂੰ ਅੰਗਰੇਜ਼ ਸੈਨਾ ਦੀ ਅਥਾਹ ਸ਼ਕਤੀ ਦਾ ਡਰਾਵਾ ਦੇ ਕੇ ਯੁੱਧ ਵਿੱਚੋਂ ਭੱਜ ਜਾਣ ਲਈ ਉਕਸਾਇਆ ਪਰ ਸ਼ਾਮ ਸਿੰਘ ਅਟਾਰੀ ਗੱਦਾਰੀ ਦੀ ਨਹੀਂ ਵਫਾਦਾਰੀ ਦੀ ਅਮਰ ਤਵਾਰੀਖ ਆਪਣੇ ਖ਼ੂਨ ਨਾਲ ਲਿਖਣ ਜਾ ਰਿਹਾ ਸੀ।
ਸਫੈਦ ਪੋਸ਼ਾਕ ਵਿਚ ਸੋਭ ਰਹੇ ਸਰਦਾਰ ਸ਼ਾਮ ਸਿੰਘ ਅਟਾਰੀ ਨੇ ਖਾਲਸਾ ਫੌਜ ਨੂੰ ਸੰਬੋਧਨ ਕਰਨਾ ਸ਼ੁਰੂ ਕੀਤਾ, “ਪਿਆਰੇ ਖਾਲਸਾ ਜੀ ! ਸਾਡੇ ਗੁਰੂ ਸਹਿਬਾਨ ਦਾ ਜੀਵਨ ਦੁਖੀ ਮਨੁੱਖਤਾ ਦੀ ਬਾਂਹ ਫੜਨ ਤੇ ਇਨਸਾਫ ਦੀ ਸਥਾਪਨਾ ਲਈ ਆਪਣੇ ਲਹੂ ਦਾ ਇਕ-ਇਕ ਕਤਰਾ ਕੁਰਬਾਨ ਕਰਨ ਦਾ ਇਕਰਾਰ ਹੈ। ਚਮਕੌਰ ਸਾਹਿਬ ਵਿਖੇ ੪੦ ਸਿੰਘਾਂ ਤੇ ਵੱਡੇ ਸਾਹਿਬਜ਼ਾਦਿਆਂ ਨੇ ਵੈਰੀ ਦੀ ਫੌਜ ਵਿਚ ਭੜਥੂ ਪਾਉਣ ਦਾ ਮਹਾਨ ਕਾਰਨਾਮਾ ਕੀਤਾ। ਸਿੰਘਾਂ ਨੇ ਲੁੱਟ ਮਚਾਉਣ ਤੇ ਭਾਰਤ ਦੀਆਂ ਬਹੂ- -ਬੇਟੀਆਂ ਦੀ ਇੱਜ਼ਤ ਰੋਲਣ ਵਾਲੇ ਨਾਦਰ ਤੇ ਅਬਦਾਲੀ ਜਿਹੇ ਖੂੰਖਾਰ ਦਰਿੰਦਿਆਂ ਦਾ ਮੂੰਹ ਭੰਨ ਕੇ ਲੋਕਾਂ ਦੀ ਜਾਨ ਤੇ ਇਸਤਰੀਆਂ ਦੇ ਸਨਮਾਨ ਨੂੰ ਬਚਾਇਆ। ਦੇਸ਼ ਦੀ ਆਨ ਸ਼ਾਨ ਲਈ ਅੱਜ ਫਿਰ ਮਰ ਮਿਟਣ ਦਾ ਸਮਾਂ ਆ ਗਿਆ ਹੈ। ਆਓ, ਖਾਲਸਾ ਰਾਜ ਨੂੰ ਹੜੱਪਣ ਲਈ ਉਤਾਵਲੀ ਅੰਗਰੇਜ਼ ਲਾਲਸਾ ਦਾ ਮੂੰਹ ਖੰਡੇ ਨਾਲ ਮੋੜ ਸੁੱਟੀਏ!” ਸਰਦਾਰ ਸ਼ਾਮ ਸਿੰਘ ਦੀ ਤਕਰੀਰ ਨਾਲ ਸਿੱਖ ਫੌਜ ਦਾ ਖੂਨ ਖੌਲਣ ਲੱਗਾ। “ਸਤਿ ਸ੍ਰੀ ਅਕਾਲ’ ਦੇ ਜੈਕਾਰੇ ਗੂੰਜਣ ਲੱਗੇ।
ਅਚਾਨਕ ਅੰਗਰੇਜ਼ ਦੀਆਂ ਤੋਪਾਂ ਨਾਲ ਅਕਾਸ਼ ਦਹਿਲ ਗਿਆ। ਧਰਤੀ ਕੰਬਣ ਲੱਗੀ ਤੇ ਰੇਤ ਉਛਲਣੀ ਸ਼ੁਰੂ ਹੋ ਗਈ। ਖਾਲਸਾ ਫੌਜ ਪਹਿਲਾਂ ਹੀ ਰਣਤੱਤੇ ਵਿਚ ਭਿੜਨ ਲਈ ਉਤਾਵਲੀ ਹੋ ਰਹੀ ਸੀ। ਇੱਥੇ ਮੌਤ ਦਾ ਡਰ ਨਹੀਂ; ਸ਼ਹਾਦਤ ਦਾ ਚਾਅ ਤੇ ਫਤਿਹ ਦਾ ਨਿਸ਼ਾਨਾ ਸੀ। ਖਾਲਸਾ ਫੌਜ ਦੇ ਨਗਾਰੇ ਤੇ ਸਤਿ ਸ੍ਰੀ ਅਕਾਲ ਦੇ ਜੈਕਾਰੇ ਜੋਸ਼ ਦੇ ਹੜ੍ਹ ਨੂੰ ਬੁਲੰਦੀਆਂ ‘ਤੇ ਲੈ ਗਏ। ਸਿੱਖਾਂ ਦੀਆਂ ਤੋਪਾਂ ਗਰਜਣ ਲੱਗੀਆਂ। ਅੱਲ੍ਹਾ ਹੂ ਅਕਬਰ ਦੇ ਨਾਹਰੇ ਨਾਲ ਇਲਾਹੀ ਬਖਸ਼ ਨੇ ਭਾਰੀ ਤੋਪ ਦਾ ਗੋਲਾ ਵੱਡੇ ਧਮਾਕੇ ਨਾਲ ਫਿਰੰਗੀਆਂ `ਤੇ ਦਾਗ ਦਿੱਤਾ। ਰਣ ਪੂਰੀ ਤਰ੍ਹਾਂ ਭਖ ਚੁੱਕਿਆ ਸੀ। ਤੋਪਾਂ ਦੇ ਧਮਾਕੇ ੨੦ ਮੀਲ ਦੂਰ ਫਿਰੋਜ਼ਪੁਰ ਤਕ ਲੋਕਾਂ ਦੇ ਕੰਨਾਂ ਦੇ ਪੜਦੇ ਹਿਲਾਉਣ ਲੱਗੇ। ਸਿੱਖਾਂ ਦੀਆਂ ਊਠਾਂ ’ਤੇ ਲੱਦੀਆਂ ੨੦੦ ਜੰਬੂਰਕ (ਛੋਟੀਆਂ ਤੋਪਾਂ) ਫਿਰੰਗੀਆਂ ਦਾ ਫੂਸ ਉਡਾਉਣ ਲੱਗੀਆਂ।
ਲਾਲ ਸਿਹੁੰ ਦੀ ਗੱਦਾਰੀ ਆਪਣੀ ਜ਼ਹਿਰ ਖਿੰਡਾਉਣ ਲੱਗੀ। ਉਸ ਦੀ ਦਿੱਤੀ ਸੂਹ ਅਨੁਸਾਰ ਸਿੱਖਾਂ ਦੇ ਕਮਜ਼ੋਰ ਹਿੱਸੇ ‘ਤੇ ਫਿਰੰਗੀਆਂ ਨੇ ਡਿੱਕ ਦੀ ਕਮਾਨ ਹੇਠ ਹੱਲਾ ਬੋਲ ਦਿੱਤਾ। ਅੰਗਰੇਜ਼ ਸੈਨਾ ਸੱਪ ਵਾਂਗ ਵੱਧਣ ਲੱਗੀ। ਸਿੱਖ ਇਸ ’ਤੇ ਸ਼ੇਰਾਂ ਵਾਂਗ ਟੁੱਟ ਪਏ। ਡਿੱਕ ਜ਼ਖ਼ਮੀ ਹੋ ਗਿਆ ਤੇ ਮੌਤ ਦੇ ਮੂੰਹ ਵਿਚ ਜਾਂਦਾ ਮਸਾਂ ਬਚਿਆ। ਗਿਲਬਰਟ ਦੀ ਡਵੀਜ਼ਨ ਉਸ ਦੇ ਬਚਾਅ ਲਈ ਬਹੁੜੀ। ਇਸ ਭਿਅੰਕਰ ਘਮਸਾਨ ਵਿਚ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਵੱਖ-ਵੱਖ ਮੋਰਚਿਆਂ ‘ਤੇ ਜਾ ਕੇ ਸਿੱਖਾਂ ਅੰਦਰ ਜੋਸ਼ ਭਰ ਰਿਹਾ ਸੀ। ਉਸ ਦੇ ਬੋਲ ਫੌਜ ਲਈ ਬਰੂਦ ਬਣ ਰਹੇ ਸਨ। ਹੁਣ ਹੈਰੀ ਸਮਿੱਥ ਦੀ ਡਵੀਜ਼ਨ ਵੀ ਇਸ ਵਿਚ ਝੋਕੀ ਗਈ। ਹਿੰਦ ਪੰਜਾਬ ਦਾ ਜੰਗ ਪੂਰੇ ਊਫਾਨ ‘ਤੇ ਆ ਗਿਆ :
ਆਈਆਂ ਪਲਟਨਾਂ ਬੀੜ ਕੇ ਤੋਪਖਾਨੇ, ਅੱਗੋਂ ਸਿੰਘਾਂ ਨੇ ਪਾਸੇ ਤੋੜ ਸੁੱਟੇ।
ਮੇਵਾ ਸਿੰਘ ਤੇ ਮਾਘੇ ਖਾਂ ਹੋਏ ਸਿੱਧੇ, ਹੱਲੇ ਤਿੰਨ ਫਰੰਗੀ ਦੇ ਮੋੜ ਸੁੱਟੇ।
ਸ਼ਾਮ ਸਿੰਘ ਸਰਦਾਰ ਅਟਾਰੀ ਵਾਲੇ, ਬੰਨ੍ਹ ਸ਼ਸਤ੍ਰੀ ਜੋੜ ਵਿਛੋੜ ਸੁੱਟੇ।
ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ, ਵਾਂਗ ਨਿੰਬੂਆਂ ਲਹੂ ਨਿਚੋੜ ਸੁੱਟੇ।
ਇਹ ਗਹਿਗੱਚ ਯੁੱਧ ਦਾ ਸਮਾਂ ਸੀ। ਮੌਤ ਤਾਂਡਵ ਮਚਾ ਰਹੀ ਸੀ। ਕਦੇ ਸਿੱਖ ਅੰਗਰੇਜ਼ਾਂ ਦੇ ਛੱਕੇ ਛਡਾਉਣ ਲੱਗਦੇ ਤੇ ਕਦੇ ਅੰਗਰੇਜ਼ਾਂ ਦਾ ਪੱਲੜਾ ਭਾਰੀ ਹੋ ਜਾਂਦਾ। ਇਸ ਸਮੇਂ ਤੇਜਾ ਸਿਹੁੰ ਦੀ ਗੱਦਾਰੀ ਤਬਾਹੀ ਬਣ ਕੇ ਭੜਕੀ। ਉਸ ਨੇ ਸਿੱਖਾਂ ਨੂੰ ਤਾਜ਼ਾ ਦਮ ਫੌਜ ਭੇਜਣ ਦੀ ਥਾਂ ਉਲਟਾ ੫੦੦੦ ਫੌਜੀਆਂ ਨਾਲ ਮੈਦਾਨ ਛੱਡ ਕੇ ਦੌੜਨ ਦੀ ਚਾਲ ਚੱਲੀ ਤੇ ਦਰਿਆ ਪਾਰ ਕਰ ਕੇ ਕਿਸ਼ਤੀਆਂ ਦਾ ਬਣਾਇਆ ਪੁਲ ਤੋੜ ਦਿੱਤਾ। ਇਸ ਸਾਜ਼ਿਸ਼ ਦਾ ਸਿੱਖਾਂ ’ਤੇ ਬਹੁਤ ਭੈੜਾ ਅਸਰ ਪਿਆ। ਲੜਾਈ ਦਾ ਪਾਸਾ ਪਲਟ ਗਿਆ। ਅੰਗਰੇਜ਼ ਸਿੱਖਾਂ ‘ਤੇ ਭਾਰੂ ਹੋ ਗਏ।
ਇਸ ਮੌਕੇ ’ਤੇ ਸਰਦਾਰ ਸ਼ਾਮ ਸਿੰਘ ਅਟਾਰੀ ਨੇ ਕੌਮ ਦੀ ਤਕਦੀਰ ਬਦਲਣ ਲਈ ਸਭ ਕੁਝ ਜੰਗ ਵਿਚ ਝੋਕ ਦਿੱਤਾ। ਉਹ ਘੋੜੀ ‘ਤੇ ਸਵਾਰ ਹੋ ਕੇ ਤੇਗ਼ ਨਾਲ ਅੰਗਰੇਜ਼ ਸੈਨਾ ਵਿਚ ਭੜਥੂ ਮਚਾਉਣ ਲੱਗਾ। ਅੰਗਰੇਜ਼ਾਂ ’ਤੇ ਅਸਮਾਨੀ ਬਿਜਲੀ ਵਾਂਗ ਗਜ਼ਬ ਬਣ ਕੇ ਟੁੱਟੇ ਸਰਦਾਰ ਨਾਲ ਭਿੜਨ ਦਾ ਹੀਆ ਨਹੀਂ ਸੀ। ਉਸ ਪਿੱਛੇ ਸਿੱਖ ਵੀ ਬਹਾਦਰੀ ਦੇ ਜ਼ੋਹਰ ਦਿਖਾਉਣ ਲੱਗੇ। ਮੌਤ ਦੇ ਇਸ ਤੂਫਾਨ ਨੂੰ ਠੱਲਣ ਲਈ ਅੰਗਰੇਜ਼ਾਂ ਦੀਆਂ ਬੰਦੂਕਾਂ ਨੇ ਅੱਗ ਉਗਲੀ। ਸੱਤ ਗੋਲੀਆਂ ਸਰਦਾਰ ਦੇ ਕੌਮ-ਪ੍ਰਸਤੀ ਨਾਲ ਭਰੇ ਸੀਨੇ ਵਿਚ ਉਤਰ ਗਈਆਂ। ਉਹ ਸਰਦਾਰ ਤੋਂ ਅਮਰ ਸ਼ਹੀਦ ਤਕ ਦਾ ਸਫਰ ਤੈਅ ਕਰ ਗਿਆ। ਸਰਦਾਰ ਦੀ ਸ਼ਹਾਦਤ ਪਿੱਛੋਂ ਸਰਦਾਰ ਮੇਵਾ ਸਿੰਘ ਮਜੀਠੀਆ ਤੇ ਸਰਦਾਰ ਹੁਕਮ ਸਿੰਘ ਨੇ ਸੈਨਾ ਦੀ ਕਮਾਨ ਸੰਭਾਲੀ ਤੇ ਸ਼ਹੀਦ ਹੋਣ ਤਕ ਜ਼ਬਰਦਸਤ ਸੰਗਰਾਮ ਮਚਾਇਆ। ਅੰਗਰੇਜ਼ ਤੋਪਾਂ ਨੇ ਬੇਰਹਿਮੀ ਨਾਲ ਸਿੱਖਾਂ ਦਾ ਕਤਲ-ਏ-ਆਮ ਕੀਤਾ। ਕਾਫੀ ਸਿੰਘ ਦਰਿਆ ਵਿਚ ਵੀ ਰੁੜ੍ਹ ਗਏ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕਿਸੇ ਵੀ ਸਿੱਖ ਨੇ ਹਥਿਆਰ ਨਾ ਸੁੱਟੇ” No Sikh offered to submit and no disciple of Gobind (Sri Guru Gobind Singh Ji) asked for quarter. (J.D. Cunningham, page 284) ੧੦੦੦੦ ਦੇ ਕਰੀਬ ਸਿੱਖ ਸ਼ਹੀਦ ਹੋਏ। ਪੰਜਾਬ ਦੇ ਸਿਰ ਦੁੱਖਾਂ ਦਾ ਪਹਾੜ ਟੁੱਟ ਪਿਆ। ਸੁਹਾਗਣਾਂ ਦੇ ਸੁਪਨੇ ਗ਼ਮਾਂ ਦੀ ਲੰਮੀ ਰਾਤ ਵਿਚ ਸੌਂ ਗਏ। ਮਾਵਾਂ ਦੀਆਂ ਗੋਦੀਆਂ ਸੁੰਨੀਆਂ ਹੋ ਗਈਆਂ। ਭੈਣਾਂ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ। ਬੱਚੇ ਪਿਤਾ ਦੀ ਛਾਂ ਤੋਂ ਵਿਰਵੇ ਹੋ ਕੇ ਚੁਣੌਤੀਆਂ ਦੀ ਸਿਖਰ ਦੁਪਹਿਰ ਵਿਚ ਖੜ੍ਹੇ ਹੋ ਗਏ। ਹਰ ਪਾਸੇ “ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ ” ਦਾ ਸਦਮਾ ਸੀ। ਸਹੀ ਅਰਥਾਂ ਵਿਚ ਅੱਜ ਸ਼ੇਰ-ਏ-ਪੰਜਾਬ ਮਰਿਆ ਸੀ।
ਇੰਗਲੈਂਡ ਦੀ ‘ਹਾਊਸ ਆਫ ਕਾਮਨਜ਼’ ਵਿਚ ਅੰਗਰੇਜ਼ ਮੈਂਬਰ ਸਿਰ ਝੁਕਾਈ ਬੈਠੇ ਸਨ। ਪ੍ਰਧਾਨ ‘ ਮੰਤਰੀ ਰਾਬਰਟ ਪੀਲ ਖੜ੍ਹਾ ਹੋ ਕੇ ਸਿੱਖਾਂ ਖ਼ਿਲਾਫ ਲੜੀ ਅੰਗਰੇਜ਼ ਸੈਨਾ ਦੇ ਪੱਤਰ ਦਾ ਹਵਾਲਾ ਦੇ ਰਿਹਾ ਸੀ, “ਨੀਤੀ ਮੈਨੂੰ ਰੋਕਦੀ ਹੈ ਕਿ ਮੈਂ ਹਾਰੇ ਹੋਏ ਖਤਰਨਾਕ ਦੁਸ਼ਮਣ (ਸਿੱਖ ਫੌਜ) ਦੀ ਬਹਾਦਰੀ ਦੀ ਚਰਚਾ ਕਰਾਂ। ਇਹ ਬੇਮਿਸਾਲ ਬਹਾਦਰੀ ਕੇਵਲ ਕਿਸੇ ਇਕ ਸਿੱਖ ਨੇ ਨਹੀਂ ਸਗੋਂ ਪੂਰੀ ਫੌਜ ਨੇ ਵੀ ਦਿਖਾਈ। ਮੇਰੇ ਦੇਸ਼ ਦੇ ਹਿੱਤਾਂ ਲਈ ਜੇ ਇਹ ਜ਼ਰੂਰੀ ਨਾ ਹੁੰਦਾ ਤਾਂ ਆਪਣੇ ਦੇਸ਼ ਲਈ ਮਰ-ਮਿਟਣ ਦੇ ਜਜ਼ਬੇ ਨਾਲ ਭਰੇ ਇਨ੍ਹਾਂ ਸੂਰਮਿਆਂ ਦਾ ਭਿਅੰਕਰ ਕਤਲ-ਏ-ਆਮ ਦੇਖ ਕੇ ਮੈਂ ਫੁੱਟ-ਫੁੱਟ ਕੇ ਰੋ ਪੈਂਦਾ।” ਇਹ ਅੰਗਰੇਜ਼ਾਂ ਦੀ ਸਿੱਖ ਕੌਮ ਦੇ ਚਰਿੱਤਰ, ਬਹਾਦਰੀ ਤੇ ਵਤਨ-ਪ੍ਰਸਤੀ ਦੀ ਭਾਵਨਾ ਨੂੰ ਸ਼ਰਧਾਂਜਲੀ ਸੀ। Policy precluded me from publicly recording my sentiments on the splendid gallantry of our fallen foe, or to record the acts of heroism displayed not only individually but almost collectively by the Sikh Sardars and army; and I declare, were it not from a deep conviction that my country’s good demanded the sacrifice, I could have wept to witness the fearful slaughter of so devoted a body of men.( Sir John J.H. Gordon, The Sikhs, page 157-158)
“ਟੀਚਰ ਕਾਲੋਨੀ, ਵਾਰਡ ਨੰ. ੧੧, ਕੁਰਾਲੀ, ੧੪੦੧੦੩, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ। ਪ੍ਰੋ. +੯੧੭੦੦੯੩੫੬੬੦੭
