ਡਾ. ਗੁਰਪ੍ਰੀਤ ਸਿੰਘ
ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਦੇ ਇਸ ਬਹਾਦਰ ਜਰਨੈਲ ਦਾ ਪਿਛੋਕੜ ਜੈਸਲਮੇਰ ਦੇ ਭੱਟੀ ਰਾਜਪੂਤਾਂ ਨਾਲ ਜਾ ਜੁੜਦਾ ਹੈ। ਜਗਮਲ ਦਾ ਪੁੱਤਰ ਧੀਰਾ ਇਸ ਖ਼ਾਨਦਾਨ ਦਾ ਪਹਿਲਾ ਬੰਦਾ ਸੀ ਜੋ ਰਾਜਪੂਤਾਨੀਉ ਉਠ ਕੇ ਪੰਜਾਬ ਆਇਆ ਅਤੇ ਫੂਲ ਮਹਿਰਾਜ ਮਾਲਵੇ ਵਿਚ ਆਬਾਦ ਹੋਇਆ ਸੀ। ੧੭੩੫ ਈ. ਵਿਚ ਇਹ ਖ਼ਾਨਦਾਨ ਇਥੋਂ ਕਉਂਕੇ (ਜਗਰਾਉਂ) ਵੱਸਿਆ। ਇਥੋਂ ਹੀ ਇਹਨਾਂ ਅਟਾਰੀ ਵਿਖੇ ਮੋਹੜੀ ਗੱਡ ਕੇ ਨਵਾਂ ਪਿੰਡ ਵਸਾਇਆ। ਚੌਧਰੀ ਕਾਨ੍ਹ ਚੰਦ ਦੇ ਦੋ ਪੁੱਤਰ ਗੋਹਰ ਤੇ ਕੋਰ ਨੇ ਸ੍ਰੀ ਅੰਮ੍ਰਿਤਸਰ ਪਹੁੰਚ ਕੇ ਅੰਮ੍ਰਿਤ ਛਕਿਆ ਤੇ ਸਿੰਘ ਸਜ ਗਏ। ਗੋਹਰ ਸਿੰਘ ਦੇ ਘਰ ਨਿਹਾਲ ਸਿੰਘ ਪੈਦਾ ਹੋਇਆ। ਗੋਹਰ ਸਿੰਘ ਮਜੀਠੇ ਨੇੜੇ ਦੁਰਾਨੀਆਂ ਦੀ ਫ਼ੌਜ ਨਾਲ ਲੜਦਾ ਸ਼ਹੀਦ ਹੋ ਗਿਆ। ਨਿਹਾਲ ਸਿੰਘ ਦੀ ਬਹਾਦਰੀ ਵੇਖ ਕੇ ਮਹਾਰਾਜਾ ਰਣਜੀਤ ਸਿੰਘ ਨੇ ਇਸ ਨੂੰ ਆਪਣੀ ਫ਼ੌਜ ਵਿਚ ਰੱਖ ਲਿਆ। ਨਿਹਾਲ ਸਿੰਘ ਦੇ ਘਰ ਹੀ ੧੭੮੮ ਈ. ਵਿਚ ਸ. ਸ਼ਾਮ ਸਿੰਘ ਅਟਾਰੀ ਦਾ ਜਨਮ ਹੋਇਆ। ਨਿਹਾਲ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਦੀ ਬਿਮਾਰੀ ਗੁਰੂ ਮਹਾਰਾਜ ਅੱਗੇ ਅਰਦਾਸ ਕਰ ਕੇ ਆਪਣੇ ਆਪ ’ਤੇ ਆਰੋਪਿਤ ਕਰ ਲਈ ਸੀ । ਮਹਾਰਾਜਾ ਠੀਕ ਹੋ ਗਿਆ ਪਰ ਨਿਹਾਲ ਸਿੰਘ ਅਕਾਲ ਚਲਾਣਾ ਕਰ ਗਿਆ। ਸ਼ਾਮ ਸਿੰਘ ਦੀ ਉਸ ਵੇਲੇ ਉਮਰ ੧੮ ਸਾਲ ਦੀ ਸੀ।
ਸ਼ਾਮ ਸਿੰਘ ਨੇ ੧੮੧੮ ਈ. ਦੀ ਮੁਲਤਾਨ ਦੀ ਜੰਗ, ੧੮੧੯ ਈ. ਦੀ ਕਸ਼ਮੀਰ ਦੀ ਜੰਗ ਵਿਚ ਬਹੁਤ ਬਹਾਦਰੀ ਵਿਖਾਈ ਸੀ। ੧੮੩੭ ਈ. ਵਿਚ ਮਹਾਰਾਜਾ ਸਾਹਿਬ ਦੇ ਪੋਤੇ ਕੰਵਰ ਨੌਨਿਹਾਲ ਸਿੰਘ ਦਾ ਵਿਆਹ ਸ਼ਾਮ ਸਿੰਘ ਦੀ ਲੜਕੀ ਨਾਨਕੀ ਨਾਲ ਹੋਇਆ ਸੀ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਸ਼ਾਮ ਸਿੰਘ ਅਟਾਰੀ ਪਿੰਡ ਵਾਪਸ ਚਲਾ ਗਿਆ ਸੀ। ਅੰਗਰੇਜ਼ਾਂ ਤੇ ਸਿੱਖਾਂ ਦੀ ਸਭਰਾਉਂ ਦੀ ਜੰਗ ਵਿਚ ਸ਼ਾਮ ਸਿੰਘ ਅਟਾਰੀ ਵਾਲਾ ਮਹਾਰਾਣੀ ਜਿੰਦਾਂ ਦੇ ਕਹਿਣ ‘ਤੇ ਮੈਦਾਨੇ ਜੰਗ ਵਿਚ ਆਇਆ। ਜਰਨੈਲ ਤੇਜ ਸਿਹੁੰ ਦੀ ਗ਼ੱਦਾਰੀ ਨੇ ਸ਼ਾਮ ਸਿੰਘ ਨੂੰ ਰੋਹ ਵਿਚ ਲੈ ਆਂਦਾ। ਇਸਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰ ਕੇ ਮਰਨ-ਮਾਰਨ ਦੀ ਪ੍ਰਤਿਗਿਆ ਨਾਲ ਮੈਦਾਨੇ ਜੰਗ ਵਿਚ ਚਾਲੇ ਪਾ ਦਿੱਤੇ। ਇਸ ਲਹੂ ਡੋਲਵੀਂ ਲੜਾਈ ‘ ਵਿਚ ਸਰਦਾਰ ਸ਼ਾਮ ਸਿੰਘ ੧੦ ਫਰਵਰੀ ੧੮੪੬ ਈ. ਨੂੰ ਸ਼ਹੀਦ ਹੋ ਗਿਆ। ਆਪਣੀ ਬਹਾਦਰੀ ਤੇ ਦੇਸ਼ ਭਗਤੀ ਸਿਦਕ ਕਰਕੇ ਸਰਦਾਰ ਸ਼ਾਮ ਸਿੰਘ ਸਿੱਖ ਇਤਿਹਾਸ ਵਿਚ ਵੀਰ ਨਾਇਕ ਦੇ ਰੂਪ ਵਿਚ ਪ੍ਰਸਿੱਧ ਹੋਇਆ।